ਅਫਗਾਨਿਸਤਾਨ : ਤਾਲਿਬਾਨ ਕੋਲ ਆਖ਼ਰ ਐਨਾ ਪੈਸਾ ਆਉਂਦਾ ਕਿੱਥੋਂ ਹੈ?

ਕਾਬੁਲ Image copyright EPA

ਅਮਰੀਕੀ ਫੌਜ ਪਿਛਲੇ ਕਈ ਸਾਲਾਂ ਤੋਂ ਅਫ਼ਗ਼ਾਨਿਸਤਾਨ ਵਿੱਚ ਤਾਲਿਬਾਨ ਦੇ ਵਿਰੁੱਧ ਸੰਘਰਸ਼ ਕਰ ਰਹੀ ਹੈ।

ਪਰ ਹੁਣ ਕੁਝ ਇਸ ਤਰ੍ਹਾਂ ਦੇ ਸੰਕੇਤ ਮਿਲ ਰਹੇ ਹਨ ਕਿ ਅਮਰੀਕਾ ਦੀ ਸਰਕਾਰ ਅਫ਼ਗ਼ਾਨਿਸਤਾਨ ਤੋਂ ਆਪਣੇ ਫ਼ੌਜੀਆਂ ਨੂੰ ਵਾਪਿਸ ਬੁਲਾਉਣ ਦੀ ਯੋਜਨਾ ਬਣਾ ਰਹੀ ਹੈ।

ਅਫ਼ਗ਼ਾਨਿਸਤਾਨ ਵਿੱਚ ਅਮਰੀਕਾ ਦੇ ਫੌਜੀ ਦਸਤੇ, ਤਾਲਿਬਾਨ ਸਮੇਤ ਦੂਜੇ ਕਈ ਕੱਟੜਪੰਥੀ ਸੰਗਠਨਾਂ ਦੇ ਵਿਰੁੱਧ ਲੜਾਈ ਵਿੱਚ ਅਫ਼ਗਾਨ ਸਰਕਾਰ ਦਾ ਸਾਥ ਦੇ ਰਹੇ ਹਨ।

ਅਮਰੀਕਾ ਦੀ ਅਗਵਾਈ ਹੇਠ ਗਠਜੋੜ ਫੌਜਾਂ ਨੇ ਤਾਲਿਬਾਨ ਨੂੰ ਸਾਲ 2001 ਵਿੱਚ ਹੀ ਅਫ਼ਗ਼ਾਨਿਸਤਾਨ ਦੀ ਸੱਤਾ ਤੋਂ ਬਾਹਰ ਕਰ ਦਿੱਤਾ ਸੀ।

ਇਹ ਵੀ ਪੜ੍ਹੋ:

ਇਸ ਦੇ ਬਾਵਜੂਦ ਤਾਲਿਬਾਨ ਕੋਲ ਅਜੇ ਤੱਕ ਲਗਭਗ ਸੱਠ ਹਜ਼ਾਰ ਲੜਾਕੂ ਹਨ। ਸਿਰਫ਼ ਐਨਾ ਹੀ ਨਹੀਂ, ਪਿਛਲੇ 17 ਸਾਲਾਂ ਦੌਰਾਨ ਅਫ਼ਗ਼ਾਨਿਸਤਾਨ ਵਿੱਚ ਤਾਲਿਬਾਨ ਦੇ ਖੇਤਰੀ ਕੰਟਰੋਲ ਵਿੱਚ ਵੀ ਵਾਧਾ ਹੋਇਆ ਹੈ। ਅਫ਼ਗ਼ਾਨਿਸਤਾਨ ਦੀ ਸਰਕਾਰ ਅਤੇ ਤਾਲਿਬਾਨ ਵਿਚਕਾਰ ਸੰਘਰਸ਼ ਵਧਦਾ ਜਾ ਰਿਹਾ ਹੈ।

ਇਸ ਤਰ੍ਹਾਂ ਦੀਆਂ ਕੱਟੜਪੰਥੀ ਮੁਹਿੰਮਾਂ ਨੂੰ ਚਲਾਉਣ ਲਈ ਵੱਡੀ ਮਾਲੀ ਸਹਾਇਤਾ ਦੀ ਲੋੜ ਹੈ। ਅਜਿਹੇ ਵਿੱਚ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਤਾਲਿਬਾਨ ਨੂੰ ਇਹ ਮਾਲੀ ਸਹਾਇਤਾ ਕਿੱਥੋਂ ਮਿਲਦੀ ਹੈ?

ਆਖ਼ਿਰ ਕਿੰਨਾ ਅਮੀਰ ਹੈ ਤਾਲਿਬਾਨ?

ਸਾਲ 1996 ਤੋਂ 2001 ਤੱਕ ਅਫ਼ਗ਼ਾਨਿਸਤਾਨ 'ਤੇ ਤਾਲੀਬਾਨ ਦਾ ਸ਼ਾਸਨ ਸੀ। ਇਸ ਦੌਰਾਨ ਅਫ਼ਗ਼ਾਨਿਸਤਾਨ ਵਿੱਚ ਸ਼ਰੀਆ ਕਾਨੂੰਨ ਲਾਗੂ ਸੀ।

Image copyright Getty Images

ਇਸ ਸੰਗਠਨ ਨਾਲ ਜੁੜੀ ਪੈਸਿਆਂ ਦੀ ਆਵਾਜਾਈ ਨੂੰ ਸਮਝਣਾ, ਇੱਕ ਤਰ੍ਹਾਂ ਨਾਲ ਕਿਆਸ ਲਗਾਉਣ ਦੇ ਬਰਾਬਰ ਹੈ, ਕਿਉਂਕਿ ਇਹ ਖੁਫ਼ੀਆ ਕੱਟੜਪੰਥੀ ਸੰਗਠਨ ਆਪਣੇ ਖਾਤਿਆਂ ਦੇ ਨਾਲ ਜੁੜੀ ਜਾਣਕਾਰੀ ਨੂੰ ਪ੍ਰਕਾਸ਼ਿਤ ਨਹੀਂ ਕਰਦੇ ਹਨ।

ਪਰ ਬੀਬੀਸੀ ਨੇ ਅਫ਼ਗ਼ਾਨਿਸਤਾਨ ਦੇ ਅੰਦਰ ਅਤੇ ਬਾਹਰ ਅਜਿਹੇ ਕਈ ਲੋਕਾਂ ਦਾ ਇੰਟਰਵਿਊ ਕੀਤਾ ਹੈ, ਜਿਸ ਦੇ ਆਧਾਰ 'ਤੇ ਇਹ ਪਤਾ ਲੱਗਿਆ ਹੈ ਕਿ ਤਾਲਿਬਾਨ ਇੱਕ ਬਹੁਤ ਹੀ ਗੁੰਝਲਦਾਰ ਆਰਥਿਕ ਪ੍ਰਣਾਲੀ ਚਲਾਉਂਦਾ ਹੈ। ਇਸ ਤੋਂ ਇਲਾਵਾ ਕੱਟੜਪੰਥੀ ਮੁਹਿੰਮਾਂ ਨੂੰ ਚਲਾਉਣ ਲਈ ਟੈਕਸ ਪ੍ਰਣਾਲੀ ਦੀ ਵੀ ਵਰਤੋਂ ਕੀਤੀ ਜਾਂਦੀ ਹੈ।

ਸਾਲ 2011 ਵਿੱਚ ਇਸ ਸੰਗਠਨ ਦੀ ਸਾਲਾਨਾ ਆਮਦਨ ਤਕਰੀਬਨ 28 ਅਰਬ ਰੁਪਏ ਦੀ ਸੀ। ਪਰ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਹੁਣ ਇਹ ਅੰਕੜਾ ਵੱਧ ਕੇ 105.079 ਅਰਬ ਰੁਪਏ ਹੋ ਸਕਦਾ ਹੈ।

ਅਫ਼ਗ਼ਾਨਿਸਤਾਨ ਅਤੇ ਅਮਰੀਕੀ ਸਰਕਾਰ ਉਨ੍ਹਾਂ ਦੇ ਨੈਟਵਰਕਾਂ 'ਤੇ ਨਕੇਲ ਕੱਸਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਹੁਣ ਤੋਂ ਕੁਝ ਸਮਾਂ ਪਹਿਲਾਂ ਅਮਰੀਕੀ ਸਰਕਾਰ ਨੇ ਡਰੱਗ ਉਤਪਾਦਨ ਕਰਨ ਵਾਲੀ ਪ੍ਰਯੋਗਸ਼ਾਲਾਵਾਂ 'ਤੇ ਬੰਬਾਰੀ ਕਰਨ ਦੀ ਰਣਨੀਤੀ ਤਿਆਰ ਕੀਤੀ ਸੀ।

ਪਰ ਤਾਲਿਬਾਨ ਦੀ ਕਮਾਈ ਸਿਰਫ਼ ਨਸ਼ੇ ਦੇ ਕਾਰੋਬਾਰ ਵਿਚੋਂ ਹੀ ਨਹੀਂ ਹੁੰਦੀ।

ਸੰਯੁਕਤ ਰਾਸ਼ਟਰ ਨੇ 2012 ਵਿੱਚ ਉਸ ਧਾਰਨਾ ਦੇ ਖਿਲਾਫ਼ ਚਿਤਾਵਨੀ ਦਿੱਤੀ ਸੀ ਜਿਸਦੇ ਤਹਿਤ ਇਹ ਮੰਨਿਆ ਜਾਂਦਾ ਸੀ ਕਿ ਅਫ਼ਗ਼ਾਨਿਸਤਾਨ ਵਿੱਚ ਤਾਲਿਬਾਨ ਲਈ ਆਮਦਨ ਦਾ ਮੁੱਖ ਸਰੋਤ ਅਫੀਮ ਦੀ ਕਾਸ਼ਤ ਹੈ।

ਅਫ਼ੀਮ, ਕਰਾਧਾਨ ਅਤੇ ਫੰਡ ਇਕੱਤਰ ਕਰਨਾ

ਅਫ਼ਗ਼ਾਨਿਸਤਾਨ ਦੁਨੀਆ ਵਿੱਚ ਅਫ਼ੀਮ ਦਾ ਸਭ ਤੋਂ ਵੱਡਾ ਉਤਪਾਦਕ ਹੈ। ਜੇਕਰ ਹਰ ਸਾਲ ਇੱਥੇ ਪੈਦਾ ਹੋਣ ਵਾਲੀ ਅਫ਼ੀਮ ਨੂੰ ਬਰਾਮਦ ਕੀਤਾ ਜਾਵੇ ਤਾਂ ਇਸਦੇ ਕਰੀਬ 105 ਤੋਂ 210 ਅਰਬ ਰੁਪਏ ਬਣਦੇ ਹਨ।

ਅਫੀਮ ਦੀ ਕਾਸ਼ਤ ਇੱਕ ਵੱਡਾ ਕਾਰੋਬਾਰ ਹੈ। ਦੁਨੀਆਂ ਭਰ ਵਿੱਚ ਹੈਰੋਇਨ ਦੀ ਜ਼ਿਆਦਾਤਰ ਸਪਲਾਈ ਵੀ ਇਸੇ ਖੇਤਰ ਤੋਂ ਹੁੰਦੀ ਹੈ।

ਅਫ਼ਗ਼ਾਨਿਸਤਾਨ ਵਿੱਚ ਅਫ਼ੀਮ ਦੀ ਕਾਸ਼ਤ ਵਾਲੇ ਖੇਤਰ ਦਾ ਇੱਕ ਹਿੱਸਾ ਸਰਕਾਰ ਦੇ ਕਾਬੂ ਹੇਠ ਹੈ। ਪਰ ਅਫ਼ੀਮ ਦੀ ਖੇਤੀ ਵਾਲੇ ਜ਼ਿਆਦਾਤਰ ਹਿੱਸੇ 'ਤੇ ਤਾਲਿਬਾਨ ਦਾ ਕਾਬੂ ਹੈ।

ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਤਾਲਿਬਾਨ ਦੀ ਆਮਦਨ ਦਾ ਵੱਡਾ ਸਰੋਤ ਹੈ। ਪਰ ਤਾਲਿਬਾਨ ਇਸ ਕਾਰੋਬਾਰ ਦੇ ਵੱਖ-ਵੱਖ ਪੱਧਰਾਂ 'ਤੇ ਟੈਕਸ ਲੈਂਦਾ ਹੈ।

ਇਹ ਵੀ ਪੜ੍ਹੋ:

ਅਫ਼ੀਮ ਦੀ ਖੇਤੀ ਕਰਨ ਵਾਲੇ ਕਿਸਾਨਾਂ ਤੋਂ 10 ਫ਼ੀਸਦ ਉਤਪਾਦਨ ਟੈਕਸ ਲਿਆ ਜਾਂਦਾ ਹੈ।

ਇਸ ਤੋਂ ਬਾਅਦ ਅਫ਼ੀਮ ਨੂੰ ਹੈਰੋਇਨ ਵਿੱਚ ਤਬਦੀਲ ਕਰਨ ਵਾਲੀ ਪ੍ਰਯੋਗਸ਼ਾਲਾਵਾਂ ਤੋਂ ਵੀ ਟੈਕਸ ਲਿਆ ਜਾਂਦਾ ਹੈ। ਸਿਰਫ਼ ਇਹ ਨਹੀਂ, ਇਸ ਗੈਰ-ਕਾਨੂੰਨੀ ਵਪਾਰ ਨੂੰ ਕਰਨ ਵਾਲੇ ਵਪਾਰੀਆਂ ਤੋਂ ਵੀ ਟੈਕਸ ਲਿਆ ਜਾਂਦਾ ਹੈ।

ਇਸ ਤਰ੍ਹਾਂ ਇਸ ਵਪਾਰ ਵਿੱਚ ਤਾਲਿਬਾਨ ਦਾ ਹਿੱਸਾ ਹਰ ਸਾਲ 7 ਅਰਬ ਰੁਪਏ ਤੋਂ ਲੈ ਕੇ 28 ਅਰਬ ਰੁਪਏ ਵਿਚਕਾਰ ਰਹਿੰਦਾ ਹੈ।

ਪ੍ਰਯੋਗਸ਼ਾਲਾਵਾਂ 'ਤੇ ਬੰਬਾਰੀ

ਟਰੰਪ ਪ੍ਰਸ਼ਾਸਨ ਦੇ ਹਮਲਾਵਰ ਰਵੱਈਏ ਦੇ ਚਲਦੇ, ਅਮਰੀਕੀ ਫੌਜ ਨੇ ਨਵੀਂ ਰਣਨੀਤੀ ਤਿਆਰ ਕੀਤੀ ਹੈ। ਜਿਸਦੇ ਤਹਿਤ ਤਾਲਿਬਾਨ ਦੀ ਕਮਾਈ ਦੇ ਸਰੋਤਾਂ ਨੂੰ ਤਬਾਹ ਕਰਨ ਲਈ ਉਨ੍ਹਾਂ ਥਾਵਾਂ 'ਤੇ ਬੰਬਾਰੀ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਜਿੱਥੇ ਅਫ਼ੀਮ ਨੂੰ ਹੈਰੋਇਨ ਵਿੱਚ ਤਬਦੀਲ ਕੀਤਾ ਜਾਂਦਾ ਹੈ।

Image copyright Reuters

ਅਮਰੀਕੀ ਫੌਜ ਦਾ ਕਹਿਣਾ ਹੈ ਕਿ ਤਾਲਿਬਾਨ ਦੀ ਆਮਦਨ ਦਾ 60 ਫ਼ੀਸਦੀ ਹਿੱਸਾ ਨਸ਼ੇ ਦੇ ਕਾਰੋਬਾਰ ਤੋਂ ਆਉਂਦਾ ਹੈ।

ਸਾਲ 2018 ਦੇ ਅਗਸਤ ਮਹੀਨੇ ਵਿੱਚ ਅਮਰੀਕਾ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਅਫ਼ਗ਼ਾਨਿਸਤਾਨ ਵਿੱਚ ਮੌਜੂਦ ਸੰਭਾਵੀ 400 ਤੋਂ 500 ਦੇ ਕਰੀਬ ਪ੍ਰਯੋਗਸ਼ਾਲਾਵਾਂ ਨੂੰ ਤਬਾਹ ਕਰ ਦਿੱਤਾ ਹੈ। ਜਿਨ੍ਹਾਂ ਵਿੱਚੋਂ ਅੱਧੀ ਤੋਂ ਵੱਧ ਦੱਖਣੀ ਹੇਲਮੰਡ ਸੂਬੇ ਵਿੱਚ ਸਥਿਤ ਸਨ।

ਇਸਦੇ ਨਾਲ ਹੀ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਹਵਾਈ ਹਮਲੇ ਨੇ ਤਾਲਿਬਾਨ ਦੀ ਅਫ਼ੀਮ ਦੇ ਵਪਾਰ ਤੋਂ ਹੋਣ ਵਾਲੀ ਕੁੱਲ ਕਮਾਈ ਦੇ ਇੱਕ ਚੌਥਾਈ ਹਿੱਸੇ ਨੂੰ ਖ਼ਤਮ ਕਰ ਦਿੱਤਾ ਹੈ।

ਪਰ ਲੰਬੇ ਸਮੇਂ ਵਿੱਚ ਇਸ ਹਵਾਈ ਹਮਲੇ ਦੇ ਕੀ ਪ੍ਰਭਾਵ ਹੁੰਦੇ ਹਨ, ਇਹ ਦੇਖਣਾ ਅਜੇ ਬਾਕੀ ਹੈ।

ਭਾਵੇਂ ਪ੍ਰਯੋਗਸ਼ਾਲਾਵਾਂ ਨੂੰ ਤਬਾਹ ਕਰ ਦਿੱਤਾ ਗਿਆ ਹੈ, ਪਰ ਉਨ੍ਹਾਂ ਨੂੰ ਮੁੜ ਖੜ੍ਹਾ ਕਰਨ ਵਿੱਚ ਜ਼ਿਆਦਾ ਸਮਾਂ ਅਤੇ ਪੈਸੇ ਨਹੀਂ ਲਗਦੇ ਹਨ।

ਆਮ ਤੌਰ 'ਤੇ ਤਾਲਿਬਾਨ ਨਸ਼ੇ ਦੇ ਕਰੋਬਾਰ ਵਿੱਚ ਸ਼ਾਮਲ ਹੋਣ ਦੀ ਗੱਲ ਨੂੰ ਨਕਾਰਦਾ ਹੈ। ਸਿਰਫ਼ ਇਹ ਹੀ ਨਹੀਂ, ਆਪਣੇ ਸ਼ਾਸਨ ਦੌਰਾਨ ਅਫੀਮ ਦੀ ਕਾਸ਼ਤ 'ਤੇ ਬੈਨ ਲਗਾਉਣ ਦੇ ਫ਼ੈਸਲੇ 'ਤੇ ਸ਼ੇਖ਼ੀ ਵੀ ਤਾਲਿਬਾਨ ਹੀ ਮਾਰਦਾ ਹੈ।

ਆਮਦਨ ਦੇ ਹੋਰ ਕਿਹੜੇ ਸਰੋਤ ਹਨ?

ਅਫ਼ੀਮ ਦੀ ਖੇਤੀ ਤੋਂ ਇਲਾਵਾ ਤਾਲਿਬਾਨ ਕਈ ਹੋਰ ਸਰੋਤਾਂ ਤੋਂ ਵੀ ਪੈਸੇ ਕਮਾਉਂਦਾ ਹੈ।

Image copyright Getty Images

ਸਾਲ 2018 ਦੀ ਸ਼ੁਰੂਆਤ ਵਿੱਚ ਬੀਬੀਸੀ ਦੀ ਇੱਕ ਇਨਵੈਸਟੀਗੇਟਿਵ ਸਟੋਰੀ ਵਿੱਚ ਪਤਾ ਲੱਗਿਆ ਸੀ ਕਿ ਅਫ਼ਗ਼ਾਨਿਸਤਾਨ ਦੇ 70 ਫ਼ੀਸਦ ਖੇਤਰ ਵਿੱਚ ਤਾਲਿਬਨ ਸਰਗਰਮ ਹੈ।

ਇਨ੍ਹਾਂ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਤੋਂ ਹੀ ਤਾਲਿਬਾਨ ਟੈਕਸ ਦੀ ਵਸੂਲੀ ਕਰਦਾ ਹੈ।

ਤਾਲਿਬਾਨ ਦੇ ਆਰਥਿਕ ਕਮਿਸ਼ਨ ਨੇ ਇਸੇ ਸਾਲ ਇੱਕ ਖੁੱਲ੍ਹੀ ਚਿੱਠੀ ਲਿਖ ਕੇ ਅਫ਼ਗ਼ਾਨੀ ਵਪਾਰੀਆਂ ਨੂੰ ਚੇਤਾਵਨੀ ਦਿੱਤੀ ਸੀ ਕਿ ਉਨ੍ਹਾਂ ਨੂੰ ਤਾਲਿਬਾਨ ਦੇ ਕੰਟਰੋਲ ਵਾਲੇ ਖੇਤਰਾਂ ਵਿੱਚ ਆਪਣਾ ਸਾਮਾਨ ਲੈ ਕੇ ਜਾਉਣ ਲਈ ਟੈਕਸ ਦੇਣਾ ਹੋਵੇਗਾ।

ਇਹ ਵੀ ਪੜ੍ਹੋ:

ਇਸ ਤੋਂ ਇਲਾਵਾ ਉਹ ਟੈਲੀਕਾਮ ਅਤੇ ਮੋਬਾਈਲ ਫ਼ੋਨ ਆਪਰੇਟਰਾਂ ਤੋਂ ਵੀ ਕਮਾਈ ਕਰਦਾ ਹੈ।

ਅਫ਼ਗ਼ਾਨਿਸਤਾਨ ਦੀ ਇੱਕ ਬਿਜਲੀ ਕੰਪਨੀ ਦੇ ਮੁਖੀ ਨੇ ਬੀਬੀਸੀ ਨੂੰ ਦੱਸਿਆ ਕਿ ਤਾਲਿਬਾਨ ਹਰ ਸਾਲ ਬਿਜਲੀ ਵੇਚ ਕੇ 14 ਕਰੋੜ ਰੁਪਏ ਕਮਾਉਂਦਾ ਹੈ।

ਇਸ ਤੋਂ ਇਲਾਵਾ ਲਗਾਤਾਰ ਹੁੰਦੀਆਂ ਲੜਾਈਆਂ ਤੋਂ ਵੀ ਕਮਾਈ ਹੁੰਦੀ ਹੈ। ਤਾਲਿਬਾਨ ਜਦੋਂ ਵੀ ਕਿਸੇ ਫੌਜ ਦੀ ਚੌਕੀ ਜਾਂ ਫਿਰ ਸ਼ਹਿਰੀ ਇਲਾਕੇ 'ਤੇ ਹਮਲਾ ਕਰਦਾ ਹੈ ਤਾਂ ਉਸ ਨੂੰ ਇਸਦਾ ਸਿੱਧਾ ਲਾਭ ਹੁੰਦਾ ਹੈ।

ਅਜਿਹੀਆਂ ਕਾਰਵਾਈਆਂ ਵਿੱਚ ਉਹ ਸਰਕਾਰੀ ਤਿਜੋਰੀਆਂ ਖਾਲੀ ਕਰਨ ਦੇ ਨਾਲ ਨਾਲ, ਹਥਿਆਰ, ਗੱਡੀਆਂ ਅਤੇ ਫੌਜੀ ਵਾਹਨ ਵੀ ਹਾਸਿਲ ਕਰ ਲੈਂਦਾ ਹੈ।

ਅਫ਼ਗ਼ਾਨਿਸਤਾਨ ਦੇ ਖਣਿਜ ਪਦਾਰਥ

ਖਣਿਜ ਪਦਾਰਥਾਂ ਦੇ ਮਾਮਲੇ ਵਿਚ ਅਫ਼ਗ਼ਾਨਿਸਤਾਨ ਬਹੁਤ ਅਮੀਰ ਹੈ। ਪਰ ਖੇਤਰ ਵਿਚ ਲਗਾਤਾਰ ਚੱਲ ਰਹੇ ਸੰਘਰਸ਼ ਕਾਰਨ ਇਨ੍ਹਾਂ ਖਣਿਜ ਪਦਾਰਥਾਂ ਦਾ ਜ਼ਿਆਦਾ ਲਾਭ ਨਹੀਂ ਚੁੱਕਿਆ ਗਿਆ ਹੈ।

ਅਫ਼ਗ਼ਾਨਿਸਤਾਨ ਵਿੱਚ ਖਣਿਜ ਉਦਯੋਗ ਘੱਟੋ-ਘੱਟ 70 ਅਰਬ ਰੁਪਏ ਦਾ ਹੈ। ਪਰ ਜ਼ਿਆਦਾਤਰ ਮਾਈਨਿੰਗ ਛੋਟੇ ਪੱਧਰ ਉੱਤੇ ਅਤੇ ਗੈਰ-ਕਾਨੂੰਨੀ ਢੰਗ ਨਾਲ ਹੋ ਰਿਹਾ ਹੈ।

ਤਾਲਿਬਾਨ ਨੇ ਇਨ੍ਹਾਂ ਮਾਈਨਿੰਗ ਖੇਤਰਾਂ 'ਤੇ ਕਾਬੂ ਕਰਕੇ ਗੈਰ-ਕਾਨੂੰਨੀ ਅਤੇ ਕਾਨੂੰਨੀ ਮਾਈਨਿੰਗ ਕਰਨ ਵਾਲੀ ਪਾਰਟੀਆਂ ਤੋਂ ਪੈਸੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਹਨ।

ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਤਾਲਿਬਾਨ ਦੱਖਣੀ ਹੇਲਮੰਡ ਸੂਬੇ 'ਚ ਕੰਮ ਕਰਨ ਵਾਲੀ 25-30 ਮਾਈਨਿੰਗ ਕੰਪਨੀਆਂ ਤੋਂ ਹਰ ਸਾਲ 70 ਕਰੋੜ ਰੁਪਏ ਹਾਸਿਲ ਕਰਦਾ ਹੈ।

ਪੂਰਬੀ ਨੰਗਰਹਾਰ ਸੂਬੇ ਦੇ ਗਵਰਨਰ ਨੇ ਬੀਬੀਸੀ ਨੂੰ ਦੱਸਿਆ ਕਿ ਇਸ ਖੇਤਰ ਵਿਚ ਮਾਈਨਿੰਗ ਤੋਂ ਹੋਣ ਵਾਲੀ ਕਮਾਈ ਦਾ ਅੱਧਾ ਹਿੱਸਾ ਜਾਂ ਤਾਂ ਤਾਲਿਬਾਨ ਨੂੰ ਜਾਂਦਾ ਹੈ ਜਾਂ ਫਿਰ ਇਸਲਾਮਿਕ ਸਟੇਟ ਨੂੰ।

Image copyright AFP

ਉਨ੍ਹਾਂ ਨੇ ਅੰਦਾਜ਼ਾ ਲਗਾਇਆ ਕਿ ਇਹ ਸੰਗਠਨ ਇੱਥੋਂ ਲੰਘਣ ਵਾਲੇ ਹਰ ਟਰੱਕ ਤੋਂ 35 ਹਜ਼ਾਰ ਰੁਪਏ ਲੈਂਦੇ ਹਨ ਅਤੇ ਇਸ ਇਲਾਕੇ ਤੋਂ ਲੰਘਣ ਵਾਲੇ ਟਰੱਕਾਂ ਦੀ ਗਿਣਤੀ ਸੈਂਕੜਿਆਂ ਵਿਚ ਹੁੰਦੀ ਹੈ।

ਤਾਲਿਬਾਨ, ਸਥਾਨਕ ਵਪਾਰੀ ਅਤੇ ਅਫ਼ਗ਼ਾਨੀ ਸਰਕਾਰ ਦੇ ਅਧਿਕਾਰੀਆਂ ਮੁਤਾਬਕ ਤਾਲਿਬਾਨ ਹੁਣ ਹਰ ਸਾਲ ਮਾਈਨਿੰਗ ਖੇਤਰਾਂ ਤੋਂ 350 ਕਰੋੜ ਰੁਪਏ ਵਸੂਲਦਾ ਹੈ।

ਵਿਦੇਸ਼ੀ ਸਰੋਤਾਂ ਤੋਂ ਆਮਦਨ

ਕਈ ਅਫ਼ਗ਼ਾਨੀ ਅਤੇ ਅਮਰੀਕੀ ਅਧਿਕਾਰੀ ਦੱਸਦੇ ਹਨ ਕਿ ਕਈ ਸਰਕਾਰਾਂ, ਜਿਨ੍ਹਾਂ ਵਿੱਚ ਪਾਕਿਸਤਾਨ, ਇਰਾਨ ਅਤੇ ਰੂਸ ਸ਼ਾਮਲ ਹਨ, ਅਫ਼ਗ਼ਾਨੀ ਤਾਲਿਬਾਨ ਨੂੰ ਵਿੱਤੀ ਸਹਾਇਤਾ ਦਿੰਦੀਆਂ ਹਨ। ਪਰ ਇਹ ਦੇਸ ਇਸ ਤੋਂ ਇਨਕਾਰ ਕਰਦੇ ਹਨ।

ਕਈ ਖਾੜੀ ਦੇਸ, ਜਿਵੇਂ ਕਿ ਸਾਊਦੀ ਅਰਬ, ਯੂਏਈ, ਪਾਕਿਸਤਾਨ ਅਤੇ ਕ਼ਤਰ ਵਿੱਚ ਰਹਿਣ ਵਾਲੇ ਕਈ ਲੋਕ ਨਿੱਜੀ ਪੱਧਰ 'ਤੇ ਤਾਲਿਬਾਨ ਨੂੰ ਵੱਡੀ ਵਿੱਤੀ ਸਹਾਇਤਾ ਦਿੰਦੇ ਹਨ।

ਹਾਲਾਂਕਿ ਤਾਲਿਬਾਨ ਦੀ ਕਮਾਈ ਦਾ ਸਹੀ ਅੰਦਾਜ਼ਾ ਲਗਾਉਣਾ ਤਾਂ ਸੰਭਵ ਨਹੀਂ ਹੈ, ਪਰ ਮਾਹਿਰਾਂ ਦਾ ਮੰਨਣਾ ਹੈ ਕਿ ਤਾਲਿਬਾਨ ਦੀ ਸਾਲਾਨਾ ਕਮਾਈ 35 ਅਰਬ ਰੁਪਏ ਤੱਕ ਹੋ ਸਕਦੀ ਹੈ।

ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)