ਅਮਰੀਕਾ: ਸਾਈਬਰ ਅਟੈਕ ਕਾਰਨ ਸਵੇਰ ਦੀ ਚਾਹ ਨਾਲ ਲੋਕਾਂ ਨੂੰ ਅਖ਼ਬਾਰ ਨਹੀਂ ਮਿਲੀ

ਲਾਸ ਏਂਜਲਜ਼ ਟਾਈਮਜ਼

ਤਸਵੀਰ ਸਰੋਤ, DAVID MCNEW/GETTY

ਅਮਰੀਕਾ ਵਿੱਚ ਮੁਲਕ ਤੋਂ ਬਾਹਰੋਂ ਹੋਏ ਇੱਕ ਸਾਈਬਰ ਹਮਲੇ ਕਾਰਨ ਕਈ ਸ਼ਨਿੱਚਰਵਾਰ ਨੂੰ ਕਈ ਨਾਮੀ ਅਖ਼ਬਰਾਂ ਦੇ ਛਪਣ ਅਤੇ ਗਾਹਕਾਂ ਤੱਕ ਪਹੁੰਚਣ ਵਿੱਚ ਮੁਸ਼ਕਿਲਾਂ ਹੋਈਆਂ।

ਖ਼ਬਰ ਏਜੰਸੀ ਰਾਇਟਰਜ਼ ਮੁਤਾਬਕ ਪ੍ਰਭਾਵਿਤ ਅਖ਼ਬਰਾਂ ਵਿੱਚ ਲੌਸ ਏਂਜਲਜ਼ ਟਾਈਮਜ਼ ਅਤੇ ਅਮਰੀਕਾ ਦੇ ਹੋਰ ਵੱਡੇ ਅਖ਼ਬਾਰ ਜਿਵੇਂ ਸ਼ਿਕਾਗੋ ਟ੍ਰਿਬਿਊਨ ਅਤੇ ਬਾਲਟੀਮੋਰ ਸ਼ਾਮਲ ਹਨ। ਲੌਸ ਏਂਜਲਜ਼ ਟਾਈਮਜ਼ ਨੇ ਸੂਤਰਾਂ ਦੇ ਹਵਾਲੇ ਨਾਲ ਛਾਪਿਆ ਕਿ ਹਮਲਾ ਅਮਰੀਕਾ ਤੋਂ ਬਾਹਰੋਂ ਕੀਤਾ ਗਿਆ ਸੀ।

ਲੌਸ ਏਂਜਲਜ਼ ਟਾਈਮਜ਼ ਮੁਤਾਬਕ ਉਸਦੀ ਤਕਨੀਕੀ ਟੀਮ ਨੇ ਇਸ ਹਮਲੇ ਬਾਰੇ ਸ਼ੁੱਕਰਵਾਰ ਨੂੰ ਹੀ ਪਤਾ ਲਾ ਲਿਆ ਸੀ।

ਇਸ ਨੂੰ ਕਾਫ਼ੀ ਹੱਦ ਤੱਕ ਸੁਲਝਾ ਵੀ ਲਿਆ ਸੀ ਪਰ ਪੂਰੀ ਕਾਮਯਾਬੀ ਨਹੀਂ ਮਿਲੀ। ਜਿਸ ਕਾਰਨ ਅਖ਼ਬਾਰ ਪ੍ਰਕਾਸ਼ਿਤ ਨਹੀਂ ਹੋ ਸਕੇ। ਬਾਅਦ ਵਿੱਚ ਅਖ਼ਬਾਰ ਸਮੇਤ ਹੋਰ ਅਖ਼ਬਾਰਾਂ ਨੇ ਵੀ ਆਪਣੇ ਡਿਜੀਟਲ ਐਡੀਸ਼ਨ ਆਪਣੀਆਂ ਵੈਬਸਾਈਟਾਂ ਉੱਪਰ ਪਾਠਕਾਂ ਲਈ ਉਪਲਭਧ ਕਰਵਾ ਦਿੱਤੇ।

ਇਹ ਵੀ ਪੜ੍ਹੋ:

ਅਖ਼ਬਾਰ ਮੁਤਾਬਕ ਮਾਲਵੇਅਰ ਵੀਰਵਾਰ ਨੂੰ ਸਿਸਟਮ ਵਿੱਚ ਦਾਖਲ ਹੋਇਆ ਅਤੇ ਸ਼ੁੱਕਰਵਾਰ ਤੱਕ ਸਰਵਰਾਂ ਦੇ ਉਨ੍ਹਾਂ ਹਿੱਸਿਆਂ ਤੱਕ ਪਹੁੰਚ ਗਿਆ ਜੋ ਅਖ਼ਬਾਰਾਂ ਦੀ ਛਪਾਈ ਲਈ ਜ਼ਿੰਮੇਵਾਰ ਹਨ।

ਤਸਵੀਰ ਸਰੋਤ, Getty Images

ਇਸ ਮਲਵੇਅਰ ਨਾਲ ਕਈ ਅਹਿਮ ਸਾਫਟਵੇਅਰ ਪ੍ਰਭਾਵਿਤ ਹੋਏ ਜਿਸ ਕਾਰਨ ਛਪਾਈ ਲਈ ਵਰਤੀਆਂ ਜਾਂਦੀਆਂ ਪਲੇਟਾਂ ਤਿਆਰ ਨਹੀਂ ਹੋ ਸਕੀਆਂ। ਅਖ਼ਬਾਰ ਨੇ ਆਪਣੀ ਵੈੱਬਸਾਈਟ 'ਤੇ ਆਪਣੇ ਡਾਊਨ ਟਾਊਨ ਦੇ ਬੰਦ ਪਏ ਛਾਪੇਖਾਨੇ ਦੀ ਤਸਵੀਰ ਵੀ ਪ੍ਰਕਾਸ਼ਿਤ ਕੀਤੀ।

ਅਮਰੀਕਾ ਦੀ ਟ੍ਰਿਬਿਊਨ ਪਬਲਿਸ਼ਿੰਗ ਕੰਪਨੀ ਜੋ ਕਿ ਨਿਊ ਯਾਰਕ ਡੇਲੀ ਅਤੇ ਓਰਲੈਂਡੋ ਸੈਂਟੀਨਲ ਦੀ ਮਾਲਕ ਕੰਪਨੀ ਹੈ, ਨੇ ਵੀ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਇਸ ਹਮਲੇ ਦਾ ਪਤਾ ਲਗਾ ਲਿਆ ਸੀ।

ਇਹ ਵੀ ਪੜ੍ਹੋ:

ਲੌਸ ਏਂਜਲਜ਼ ਟਾਈਮਜ਼ ਨੇ ਦੱਸਿਆ ਕਿ ਸਾਂਝੇ ਛਾਪੇਖਾਨੇ ਵਿੱਚ ਛਪਦੀਆਂ ਵਾਲ ਸਟਰੀਟ ਜਰਨਲ ਅਤੇ ਵੈਸਟ ਕੋਸਟ ਦੀਆਂ ਐਡੀਸ਼ਨਾਂ ਵੀ ਇਸ ਹਮਲੇ ਤੋਂ ਪ੍ਰਭਾਵਿਤ ਹੋਈਆਂ ਸਨ।

ਟ੍ਰਿਬਿਊਨ ਪਬਲਿਸ਼ਿੰਗ ਕੰਪਨੀ ਦੀ ਸਪੋਕਸਪਰਸਨ ਮਾਰਿਸਾ ਕੋਲਿਆਸ ਨੇ ਇੱਕ ਬਿਆਨ ਵਿੱਚ ਕਿਹਾ,"ਵਾਇਰਸ ਨੇ ਸਾਡੇ ਸਾਰੇ ਦਫ਼ਤਰਾਂ ਦੇ ਪ੍ਰਕਾਸ਼ਨ ਅਤੇ ਉਤਪਾਦਨ ਲਈ ਕੰਮ ਕਰਦੇ ਸਿਸਟਮਾਂ ਨੂੰ ਪ੍ਰਭਾਵਿਤ ਕੀਤਾ।"

ਉਨ੍ਹਾਂ ਅੱਗੇ ਕਿਹਾ, " ਗਾਹਕਾਂ ਦੇ ਕਰੈਡਿਟ ਕਾਰਡਾਂ ਨਾਲ ਜੁੜੀ ਜਾਂ ਨਿੱਜੀ ਜਾਣਕਾਰੀ ਦੇ ਚੋਰੀ ਹੋਣ ਬਾਰੇ ਕੋਈ ਸਬੂਤ ਨਹੀਂ ਹਨ।"

ਵਾਲ ਸਟਰੀਟ ਜਰਨਲ ਨਿਊ ਯਾਰਕ ਟਾਈਮਜ਼ ਨੇ ਇਸ ਬਾਰੇ ਕੋਈ ਫੌਰੀ ਪ੍ਰਤੀਕਿਰਿਆ ਨਹੀਂ ਦਿੱਤੀ।

ਪ੍ਰਕਾਸ਼ਕ ਜੈਫ਼ ਲਾਈਟ ਨੇ ਐਤਵਾਰ ਨੂੰ ਆਪਣੀ ਵੈਬਸਾਈਟ 'ਤੇ ਲਿਖਿਆ ਕਿ ਕੰਪਨੀ ਦੇ ਵਪਾਰਕ ਸਿਸਟਮ ਵਿੱਚ ਵਾਇਰਸ ਆ ਜਾਣ ਕਾਰਨ ਸੈਨ ਡਿਆਗੋ ਯੂਨੀਅਨ- ਟ੍ਰਿਬਿਊਨ ਦੇ ਜ਼ਿਆਦਾਤਰ ਗਾਹਕਾਂ ਨੂੰ ਸ਼ਨਿੱਚਰਵਾਰ ਦਾ ਅਖ਼ਬਾਰ ਨਹੀਂ ਮਿਲਿਆ।

ਅਮਰੀਕਾ ਦੇ ਹੋਮ ਸਕਿਉਰਿਟੀ ਦੇ ਵਿਭਾਗ ਨੇ ਕਿਹਾ ਕਿ ਉਹ ਸਥਿਤੀ ਦੀ ਪੜਤਾਲ ਕਰ ਰਹੇ ਹਨ।

"ਸਾਨੂੰ ਸੰਭਾਵੀ ਸਾਈਬਰ ਹਮਲੇ ਦੀਆਂ ਖ਼ਬਰਾਂ ਬਾਰੇ ਪਤਾ ਹੈ, ਅਤੇ ਅਸੀਂ ਹਾਲਾਤ ਨੂੰ ਚੰਗੀ ਤਰ੍ਹਾਂ ਸਮਝਣ ਲਈ ਸਰਕਾਰ ਅਤੇ ਸਨਅਤ ਨਾਲ ਮਿਲ ਕੇ ਕੋਸ਼ਿਸ਼ ਕਰ ਰਹੇ ਹਾਂ।"

ਐਫਬੀਆਈ ਨੇ ਇਸ ਬਾਰੇ ਹਾਲੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਸੀ।

ਮੰਨਿਆ ਜਾ ਰਿਹਾ ਹੈ ਕਿ ਇਹ ਕਿਸੇ ਤਜ਼ਰਬੇਕਾਰ ਹੈਕਰ ਦਾ ਕੰਮ ਹੋ ਸਕਦਾ ਹੈ ਅਤੇ ਇਸ ਦਾ ਮਕਸਦ ਸਿਰਫ ਅਖ਼ਬਰਾਂ ਦੀ ਪ੍ਰਕਾਸ਼ਨਾ ਨੂੰ ਪ੍ਰਭਾਵਿਤ ਕਰਨਾ ਹੀ ਨਹੀਂ ਸਗੋਂ ਬੁਨਿਆਦੀ ਢਾਂਚੇ ਨੂੰ ਤਬਾਹ ਕਰਨਾ ਸੀ।

ਇਹ ਵੀ ਪੜ੍ਹੋ:

ਇਹ ਵੀਡੀਓਜ਼ ਵੀ ਜ਼ਰੂਰ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)