“ਕਰਤਾਰਪੁਰ ਲਾਂਘਾ ਨਾ ਖੋਲ੍ਹਣਾ ਵੰਡੇ ਹੋਏ ਪੰਜਾਬੀਆਂ ਨਾਲ ਧੱਕਾ”

ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ, ਪਾਕਿਸਤਾਨ
ਤਸਵੀਰ ਕੈਪਸ਼ਨ,

ਸ਼ਾਕਰਗੜ੍ਹ ਵਿੱਚ ਸਥਿਤ ਸਿੱਖਾਂ ਦਾ ਇਹ ਧਾਰਮਿਕ ਸਥਾਨ ਖ਼ਬਰਾਂ ਦਾ ਕੇਂਦਰ ਬਣ ਗਿਆ ਹੈ।

“ਇਹ ਲਾਂਘਾ ਬੰਦ ਰੱਖਣਾ ਪੰਜਾਬ ਦੇ ਵੰਡੇ ਹੋਏ ਲੋਕਾਂ ਨਾਲ ਧੱਕਾ ਸੀ। ਤੁਸੀਂ ਉਨ੍ਹਾਂ ਨੂੰ ਆਪਣੇ ਧਾਰਮਿਕ ਵਿਸ਼ਵਾਸਾਂ ਦੀ ਪਾਲਣਾ ਕਰਨ ਤੋਂ ਰੋਕ ਰਹੇ ਹੋ।''

ਜੇ ਦੋਹਾਂ ਦੇਸਾਂ ਦੇ ਲੀਡਰ ਕੁਝ ਹਿੰਮਤ ਦਿਖਾ ਕੇ ਥੋੜ੍ਹੀ-ਜਿਹੀ ਥਾਂ ਲੋਕਾਂ ਨੂੰ ਦੇ ਦੇਣ ਤਾਂ ਇਸ ਵਿੱਚ ਕਿਸੇ ਦਾ ਕੀ ਜਾਂਦਾ ਹੈ? ਬਸ ਆਪਣੀ ਈਗੋ ਨੂੰ ਇੱਕ ਪਾਸੇ ਰੱਖਣਾ ਪਵੇਗਾ।”

ਸਾਲ 2018 ਦੇ ਜਾਣ ਤੋਂ ਪਹਿਲਾਂ ਬੀਬੀਸੀ ਪੱਤਰਕਾਰ ਸ਼ੁਮਾਇਲਾ ਜਾਫ਼ਰੀ ਨੇ ਬੀਬੀਸੀ ਉਰਦੂ ਦੇ ਸੀਨੀਅਰ ਪੱਤਰਕਾਰ ਆਸਿਫ ਫਾਰੂਕੀ ਨਾਲ ਗੱਲਬਾਤ ਕੀਤੀ ਅਤੇ ਪਾਕਿਸਤਾਨ ਅਤੇ ਦੱਖਣ-ਏਸ਼ੀਆਈ ਖਿੱਤੇ ਲਈ ਬੀਤ ਰਹੇ ਸਾਲ ਦਾ ਲੇਖਾ-ਜੋਖਾ ਕੀਤਾ। ਇਹ ਸ਼ਬਦ ਆਸਿਫ ਨੇ ਇਸ ਗੱਲਬਾਤ ਦੌਰਾਨ ਕਹੇ। ਪੇਸ਼ ਹਨ ਇਸ ਗੱਲ ਬਾਤ ਦੇ ਖ਼ਾਸ ਅੰਸ਼।

“2018 ਵਿੱਚ ਜੋ ਕੁਝ ਵੀ ਹੋਇਆ ਉਹ ਪਹਿਲਾਂ ਕਦੇ ਨਹੀਂ ਹੋਇਆ। ਇੱਕ ਨਵਜੋਤ ਸਿੱਧੂ ਅਤੇ ਆਰਮੀ ਚੀਫ਼ ਬਾਜਵਾ ਦੀ ਜੱਫ਼ੀ ਨੇ ਬਹੁਤ ਜਲਦੀ ਸਾਰਾ ਕੁਝ ਸਿੱਧਾ ਕਰ ਦਿੱਤਾ। ਕਰਤਾਰਪੁਰ ਦਾ ਲਾਂਘਾ ਖੁੱਲ੍ਹਣਾ ਇੱਕ ਛੋਟੀ ਜਿਹੀ ਘਟਨਾ ਜਾਪਦੀ ਹੈ ਪਰ ਇਸ ਨਾਲ ਹਾਲਾਤ ਬਦਲਣਗੇ।”

ਤਸਵੀਰ ਕੈਪਸ਼ਨ,

ਪਾਕਿਸਤਾਨ ਤੇ ਭਾਰਤ ਦਰਮਿਆਨ ਰਿਸ਼ਤਿਆਂ ਵਿੱਚ ਬਿਹਤਰੀ ਦੀ ਇੱਕ ਹੋਰ ਉਮੀਦ ਪੈਦਾ ਹੋ ਸਕਦੀ ਹੈ।

ਭਾਰਤ ਅਤੇ ਪਾਕਿਤਾਨ ਦੇ ਰਿਸ਼ਤੇ ਠੰਢੇ-ਗਰਮ ਹੁੰਦੇ ਰਹਿੰਦੇ ਹਨ। ਇੱਥੇ ਜੰਗਾਂ ਦੀਆਂ ਵੀ ਗੱਲਾਂ ਹੁੰਦੀਆਂ ਹਨ ਅਤੇ ਪਿਆਰ ਮੁਹੱਬਤ ਦੀਆਂ ਵੀ ਗੱਲਾਂ ਹੁੰਦੀਆਂ ਹਨ ਪਰ ਖ਼ੁਸ਼ਕਿਸਮਤੀ ਜਾਂ ਬਦਕਿਸਮਤੀ ਨਾਲ ਇਨ੍ਹਾਂ ਵਿੱਚ ਕੋਈ ਵੀ ਗੱਲ ਬਹੁਤੀ ਦੇਰ ਕਾਇਮ ਨਹੀਂ ਰਹਿੰਦੀ।

ਭਾਰਤ ਪਾਕਿਸਤਾਨ ਵਿੱਚ ਪਿਛਲੇ ਸਾਲਾਂ ਦੌਰਾਨ ਵਿਸ਼ਵਾਸ਼ ਖ਼ਤਮ ਹੋਇਆ ਹੈ। ਜਦੋਂ ਪਾਕਿਸਤਾਨੀ ਪ੍ਰਧਾਨ ਮੰਤਰੀ ਕੋਈ ਗੱਲ ਕਹਿੰਦਾ ਹੈ ਤਾਂ ਉਹ ਸੋਚਦੇ ਹਨ ਕਿ ਪਤਾ ਨਹੀਂ ਕਿਸ ਨੀਯਤ ਨਾਲ ਇਹ ਗੱਲ ਕਰ ਰਿਹਾ ਹੈ ਦੂਸਰੇ ਪਾਸੇ ਪਾਕਿਸਤਾਨ ਵਿੱਚ ਰੌਲਾ ਪੈ ਜਾਂਦਾ ਹੈ ਕਿ 'ਮੋਦੀ ਦਾ ਜੋ ਯਾਰ ਹੈ ਪਾਕਿਸਤਾਨ ਦਾ ਗੱਦਾਰ ਹੈ।'

ਇਹ ਵੀ ਪੜ੍ਹੋ:

ਇਸੇ ਕਾਰਨ ਜਦੋਂ ਕੌਰੀਡੋਰ ਦੀ ਗੱਲ ਹੋਈ ਤਾਂ ਸਿੱਧੂ ਦੀ ਭਾਰਤ ਵਿੱਚ ਬਹੁਤ ਆਲੋਚਨਾ ਕੀਤੀ ਗਈ।

ਇਸ ਡਿਵੈਲਪਮੈਂਟ ਨਾਲ ਦਰਵਾਜ਼ੇ ਖੁੱਲ੍ਹਣਗੇ। ਕਿਉਂਕਿ ਜਦੋਂ ਤੁਸੀਂ ਲੜਾਈ ਦੀ ਗੱਲ ਨਹੀਂ ਕਰ ਰਹੇ ਹੋਵੇਗੇ ਤਾਂ ਤੁਸੀਂ ਹੋਰ ਗੱਲਾਂ ਕਰੋਗੇ, ਜਿਵੇਂ ਵਪਾਰ ਦੀਆਂ ਗੱਲਾਂ ਕਰੋਗੇ, ਕੁੜੱਤਣ ਘਟੇਗੀ।

ਇਸ ਲਾਂਘੇ ਕਾਰਨ ਜੋ ਭਾਵੇਂ ਛੋਟਾ ਜਿਹਾ ਲੱਗ ਰਿਹਾ ਹੈ ਪਰ ਇਸ ਨਾਲ ਭਾਰਤ ਵਿੱਚ ਇਮਰਾਨ ਖ਼ਾਨ ਉੱਪਰ ਭਰੋਸਾ ਵਧੇਗਾ। 2019 ਵਿੱਚ ਭਾਰਤ ਵਿੱਚ ਵੀ ਨਵੀਂ ਸਰਕਾਰ ਆ ਜਾਵੇਗੀ। ਜਿਸ ਨਾਲ ਇਮਰਾਨ ਲਈ ਵੀ ਨਵੀਂ ਲੀਡਰਸ਼ਿੱਪ ਕੋਲ ਪਹੁੰਚ ਕਰਨਾ ਆਸਾਨ ਹੋ ਜਾਵੇਗਾ।

ਕੁਲ ਮਿਲਾ ਕੇ 2018 ਪਾਕਿਸਤਾਨ ਲਈ ਕਿਹੋ-ਜਿਹਾ ਰਿਹਾ?

ਪਾਕਿਸਤਾਨ ਵਰਗੇ ਤਰੱਕੀ ਕਰ ਰਹੇ ਦੇਸਾਂ ਲਈ ਵੈਸੇ ਤਾਂ ਹਰ ਸਾਲ ਹੀ ਅਹਿਮੀਅਤ ਵਾਲਾ ਹੁੰਦਾ ਹੈ ਪਰ 2018 ਦੀ ਕਈ ਕਾਰਨਾਂ ਕਰਕੇ ਖ਼ਾਸ ਅਹਿਮੀਅਤ ਹੈ।

ਇਸ ਤੋਂ ਪਹਿਲਾਂ 2008 ਬੇਹੱਦ ਅਹਿਮ ਸਾਲ ਸੀ ਜਦੋਂ ਪਾਕਿਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦਾ ਕਤਲ ਹੋਇਆ, ਉਸ ਤੋਂ ਬਾਅਦ ਫੌਜੀ ਤਾਨਾਸ਼ਾਹ ਪ੍ਰਵੇਜ਼ ਮੁਸ਼ਰਫ਼ ਨੂੰ ਰੁਖ਼ਸਤ ਕੀਤਾ ਗਿਆ।

ਇਸ ਤੋਂ ਬਾਅਦ ਸਿਆਸੀ ਪਾਰਟੀਆਂ ਨੇ ਸਿੱਖਿਆ ਕਿ ਕੋਈ ਅਜਿਹੀ ਗੱਲ ਨਾ ਕੀਤੀ ਜਾਵੇ ਕਿ ਦੇਸ ਮੁੜ ਅਸਥਿਰਤਾ ਵੱਲ ਜਾਵੇ। ਅਖ਼ੀਰ ਇਹ ਯਤਨ 2018 ਵਿੱਚ ਰੰਗ ਲਿਆਏ ਜਦੋਂ ਫੌਜ ਨੇ ਸਿਆਸਤ ਨੂੰ ਦੇਸ ਦੀ ਸੱਤਾ ਸੌਂਪ ਦਿੱਤੀ ਅਤੇ ਦੇਸ ਵਿੱਚ ਲੋਕਤੰਤਰੀ ਸਰਕਾਰ ਬਣੀ।

ਤਸਵੀਰ ਸਰੋਤ, AFP/getty images

ਤਸਵੀਰ ਕੈਪਸ਼ਨ,

ਪਾਕਿਸਤਾਨ ਵਿੱਚ ਲੰਬਾ ਸੰਘਰਸ਼ ਕਰਨ ਤੋਂ ਬਾਅਦ ਇਮਰਾਨ ਖ਼ਾਨ ਸੱਤਾ ਵਿੱਚ ਆਏ। ਉਨ੍ਹਾਂ ਦੇ ਕਾਰਜਾਂ ਨਾਲ ਸ਼ਾਇਦ ਭਾਰਤ ਵੱਲ ਕੋਈ ਚੰਗੇ ਸੰਦੇਸ਼ ਜਾਣਗੇ।

  • ਨਵਾਜ਼ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਸਜ਼ਾ ਸੁਣਾਈ ਗਈ ਉਹ ਸਿਆਸਤ ਤੋਂ ਬਹਾਰ ਹੋ ਗਏ।
  • ਇਮਰਾਨ ਖ਼ਾਨ ਜੋ 23 ਸਾਲਾਂ ਤੋਂ ਸੰਘਰਸ਼ ਕਰ ਰਹੇ ਸਨ ਉਹ ਪ੍ਰਧਾਨ ਮੰਤਰੀ ਦੇ ਅਹੁਦੇ ਤੱਕ ਪਹੁੰਚੇ।
  • ਹਾਲਾਂਕਿ ਜਿਹੜੀਆਂ ਚੋਣਾਂ ਵਿੱਚ ਉਨ੍ਹਾਂ ਦੀ ਚੋਣ ਹੋਈ ਉਹ ਵੀ ਵਿਵਾਦਾਂ ਵਿੱਚ ਰਹੀਆਂ। ਕੁਝ ਲੋਕਾਂ ਨੇ ਕਿਹਾ ਕਿ ਧਾਂਦਲੀ ਹੋ ਗਈ, ਕੀ ਧਾਂਦਲੀ ਹੋਈ ਇਹ ਤਾਂ ਸਾਨੂੰ ਨਹੀਂ ਪਤਾ ਲੱਗੇਗਾ ਪਰ ਵਿਵਾਦ ਜ਼ਰੂਰ ਹੋਇਆ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਦੋਵਾਂ ਦੇਸਾਂ ਦੇ ਲੋਕ ਜਦੋਂ ਜੰਗ ਦੀਆਂ ਗੱਲਾਂ ਨਹੀਂ ਕਰਨਗੇ ਤਾਂ ਕੋਈ ਨਾ ਕੋਈ ਆਪਸੀ ਲਾਭ ਦੀ ਹੀ ਗੱਲ ਕਰਨਗੇ।

  • ਪਾਕਿਸਤਾਨ ਦੀ ਵਾਧਾ ਦਰ ਜੋ ਕਿ ਪਹਿਲਾਂ ਹੌਲੀ-ਹੌਲੀ 5.8 ’ਤੇ ਜੀਡੀਪੀ ਪਹੁੰਚ ਗਿਆ ਸੀ ਪਰ 2017-18 ਵਿੱਚ ਚੱਲਦੀ ਰਹੀ ਗੜਬੜੀ ਕਰਕੇ ਨਾ ਸਿਰਫ ਵਾਧਾ ਰੁਕ ਗਿਆ ਹੈ ਸਗੋਂ ਜੀਡੀਪੀ ਡਿੱਗ ਕੇ 4 ਦੇ ਲਗਪਗ ਹੋ ਗਈ ਹੈ।
  • ਮਹਿੰਗਾਈ ਵਧੀ ਹੈ, ਲੋਕਾਂ ਦੀ ਖ਼ਰੀਦ ਸ਼ਕਤੀ ਘਟੀ ਹੈ। ਲੋਕਾਂ ਨੇ ਜਿਹੜਾ ਪੈਸਾ ਆਪਣੀ ਜ਼ਿੰਦਗੀ ਦੀ ਗੁਣਵੱਤਾ ਸੁਧਾਰਨ ਤੇ ਲਾਉਣਾ ਸੀ ਉਹੀ ਪੈਸਾ ਉਹ ਆਪਣੀਆਂ ਲੋੜਾਂ ਪੂਰੀਆਂ ਕਰਨ ਤੇ ਲਾ ਰਹੇ ਹਨ। ਪਰ ਫਿਲਹਾਲ ਇਮਰਾਨ ਸਰਕਾਰ ਦੀ ਕੋਈ ਪੁਖ਼ਤਾ ਆਰਥਿਕ ਨੀਤੀ ਦੇਖਣ ਨੂੰ ਨਹੀਂ ਮਿਲ ਰਹੀ ਅਤੇ ਹਾਲੇ ਤਾਂ ਇੱਧਰੋਂ ਪੈਸੇ ਫੜ ਲਓ ਉਧਰ ਦੇ ਦਿਓ ਵਾਲਾ ਕੰਮ ਹੀ ਚੱਲ ਰਿਹਾ ਹੈ। ਇਸ ਨਾਲ ਦੇਸ ਦੀ ਆਰਥਿਕ ਹਾਲਤ ਆਉਂਦੇ ਸਾਲ ਤੇ ਸਾਲਾਂ ਵਿੱਚ ਹੋਰ ਖ਼ਰਾਬ ਹੋ ਸਕਦੀ ਹੈ।

ਇਹ ਵੀ ਪੜ੍ਹੋ:

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)