ਇੱਕ ਕੁੜੀ ਦੀ ਕਹਾਣੀ ਜਿਸ ਨੇ ਸਰੀਰਕ ਸ਼ੋਸ਼ਣ ਕਰਕੇ ਖੇਡ ਛੱਡੀ

A male coach holds the ankle of a female athlete Image copyright Getty Images
ਫੋਟੋ ਕੈਪਸ਼ਨ ਜਦੋਂ ਮੇਘਨ 17 ਸਾਲਾਂ ਦੀ ਸੀ ਤਾਂ ਦੋਹਾਂ ਵਿਚਾਲੇ 'ਗੁਪਤ ਰਿਸ਼ਤਾ' ਸ਼ੁਰੂ ਹੋ ਗਿਆ

"ਜਦੋਂ ਮੈਂ 16 ਸਾਲਾਂ ਦੀ ਸੀ, ਅਸੀਂ ਥੋੜ੍ਹੇ ਜ਼ਿਆਦਾ ਮੈਸੇਜ ਕਰਨੇ ਸ਼ੁਰੂ ਕਰ ਦਿੱਤੇ ਅਤੇ ਇਹ ਸਿਰਫ਼ ਖੇਡ ਬਾਰੇ ਨਹੀਂ ਸਨ। ਮੈਂ ਕਾਫ਼ੀ ਭੋਲੀ ਅਤੇ ਜਲਦੀ ਪ੍ਰਭਾਵਿਤ ਹੋਣ ਵਾਲੀ ਸੀ।"

ਮੇਘਨ (ਬਦਲਿਆ ਹੋਇਆ ਨਾਮ) - ਨੇ ਦੱਸਿਆ ਕਿ ਉਹ ਉਦੋਂ 17 ਸਾਲ ਦੀ ਸੀ, ਜਦੋਂ ਉਸਨੇ ਪਹਿਲੀ ਵਾਰ ਆਪਣੇ ਖੇਡ ਕੋਚ ਨੂੰ ਚੁੰਮਿਆ ਸੀ।

ਉਹ ਉਮਰ ਵਿੱਚ ਕਾਫ਼ੀ ਵੱਡਾ ਸੀ ਅਤੇ ਉਸ ਨੇ ਉਸ ਦੇ ਕਈ ਖੇਡ ਦੌਰਿਆਂ ਦੌਰਾਨ ਰਖਵਾਲੇ (ਗਾਰਡੀਅਨ) ਵਜੋਂ ਧਿਆਨ ਰੱਖਿਆ ਸੀ ਅਤੇ ਮੇਘਨ ਦੇ ਮਾਪੇ ਉਸ 'ਤੇ ਪੱਕਾ ਵਿਸ਼ਵਾਸ ਰੱਖਦੇ ਸਨ।

ਹਾਲਾਂਕਿ ਯੂਕੇ ਵਿੱਚ ਅਧਿਆਪਕਾਂ ਅਤੇ ਦੇਖਭਾਲ ਕਰਨ ਵਾਲਿਆਂ ਲਈ 16 ਅਤੇ 17 ਸਾਲ ਦੀ ਉਮਰ ਦੇ ਬੱਚਿਆਂ ਨਾਲ ਜਿਨਸੀ ਸਬੰਧ ਰੱਖਣਾ ਗੈਰ-ਕਾਨੂੰਨੀ ਹੈ ਪਰ ਇਹ ਨਿਯਮ ਖੇਡ ਕੋਚਾਂ 'ਤੇ ਲਾਗੂ ਨਹੀਂ ਹੁੰਦਾ।

ਮੁਹਿੰਮ ਚਲਾਉਣ ਵਾਲੇ ਕਈ ਲੋਕ ਇਸ ਨਿਯਮ ਨੂੰ ਬਦਲਣਾ ਚਾਹੁੰਦੇ ਹਨ।

ਉਨ੍ਹਾਂ ਨੇ ਸਰਕਾਰ 'ਤੇ ਇਲਜ਼ਾਮ ਲਾਇਆ ਕਿ ਉਹ ਸਾਲ 2017 ਵਿੱਚ ਪੇਸ਼ ਕੀਤੀਆਂ ਗਈਆਂ ਤਜਵੀਜਾਂ ਤੋਂ ਪਿੱਛੇ ਹੱਟ ਰਹੀ ਹੈ। ਇਸ ਵਿੱਚ ਕਿਹਾ ਗਿਆ ਸੀ ਕੋਚਾਂ ਨੂੰ ਵੀ ਕਾਨੂੰਨ ਅਧੀਨ ਉਸ ਸੂਚੀ ਵਿੱਚ ਸ਼ਾਮਿਲ ਕੀਤਾ ਜਾਵੇ ਜਿਸ ਵਿੱਚ ਉਹ ਆਪਣੇ ਅਹੁਦੇ ਦਾ ਗਲਤ ਇਸਤੇਮਾਲ ਨਾ ਕਰ ਸਕਣ।

ਇਹ ਵੀ ਪੜ੍ਹੋ:

ਨਿਆਂ ਮੰਤਰਾਲੇ ਲਗਾਤਾਰ ਕਹਿ ਰਿਹਾ ਹੈ ਕਿ ਕਾਨੂੰਨ ਸਮੀਖਿਆ ਅਧੀਨ ਹੈ।

ਮੇਘਨ ਉਸ ਸਮੇਂ ਅਲ੍ਹੜ ਉਮਰ ਦੀ ਹੀ ਸੀ ਜਦੋਂ ਉਸ ਸ਼ਖਸ ਨੂੰ ਪਹਿਲੀ ਵਾਰੀ ਮਿਲੀ ਜਿਸ ਉੱਤੇ ਬਾਅਦ ਵਿੱਚ ਉਸ ਨੇ ਫਾਇਦਾ ਚੁੱਕਣ ਦਾ ਇਲਜ਼ਾਮ ਲਾਇਆ ਸੀ।

ਜਦੋਂ ਉਹ ਹੋਰ ਉੱਚ ਪੱਧਰ 'ਤੇ ਮੁਕਾਬਲਾ ਕਰਨ ਲੱਗੀ ਤਾਂ ਉਸ ਦੀ ਸਿਖਲਾਈ ਹਫ਼ਤੇ ਵਿਚ ਸੱਤ ਦਿਨ ਹੁੰਦੀ ਸੀ। ਉਸ ਨੇ ਕਿਹਾ ਕਿ ਉਹ ਸਿਖਲਾਈ ਵੇਲੇ ਅਕਸਰ ਆਪਣੇ ਕੋਚ ਦੇ ਨਾਲ ਇਕੱਲੀ ਹੁੰਦੀ ਸੀ।

'ਉਮਰ ਦਾ ਵੱਡਾ ਫਾਸਲਾ'

ਮੇਘਨ ਨੇ ਦੱਸਿਆ, "ਮੈਨੂੰ ਲਗਿਆ ਕਿ ਸਭ ਦੇ ਵਿਅਕਤੀਗਤ ਸੈਸ਼ਨ ਹੁੰਦੇ ਹੋਣਗੇ ਪਰ ਅਸਲ ਵਿੱਚ ਇਹ ਸਿਰਫ਼ ਮੇਰੇ ਹੀ ਹੁੰਦੇ ਸਨ। ਉਹ ਹੋਰਨਾਂ ਨੂੰ ਕਹਿੰਦਾ ਸੀ ਕਿ ਟਰੇਨਿੰਗ ਰੱਦ ਹੋ ਗਈ ਹੈ ਤਾਂ ਕਿ ਟਰੇਨਿੰਗ ਦੌਰਾਨ ਅਸੀਂ ਇਕੱਲੇ ਹੋਈਏ।"

ਉਸ ਨੇ ਦੱਸਿਆ ਕਿ ਸਿਖਲਾਈ ਅਤੇ ਮੀਟਿੰਗ ਦਾ ਸਮਾਂ ਤੈਅ ਕਰਨ ਲਈ ਉਸ ਦੇ ਕੋਚ ਕੋਲ ਉਸ ਦਾ ਫੋਨ ਨੰਬਰ ਹੁੰਦਾ ਸੀ।

ਜਦੋਂ ਉਹ 16 ਸਾਲ ਦੀ ਸੀ, ਜੋ ਕਿ ਯੂਕੇ ਵਿੱਚ ਰਜ਼ਾਮੰਦੀ ਦੇ ਲਈ ਸਹੀ ਉਮਰ ਸਮਝੀ ਜਾਂਦੀ ਹੈ, ਕੋਚ ਨੇ ਮੇਘਨ ਤੋਂ ਨਿੱਜੀ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਜਿਵੇਂ ਕਿ ਉਸ ਦੀ ਸੈਕਸ ਜ਼ਿੰਦਗੀ ਬਾਰੇ।

Image copyright Getty Images
ਫੋਟੋ ਕੈਪਸ਼ਨ ਮੇਘਨ ਦਾ ਕਹਿਣਾ ਹੈ, "ਉਹ ਇਸ ਮਾਮਲੇ ਵਿੱਚੋਂ ਬੱਚ ਕੇ ਨਿਕਲ ਗਿਆ... ਪਰ ਮੇਰੇ ਲਈ ਕਾਫ਼ੀ ਨਿਰਾਸ਼ਾ ਵਾਲਾ ਰਿਹਾ।" (ਸੰਕੇਤਕ ਤਸਵੀਰ)

ਮੇਘਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇੱਕ ਰਾਤ ਨੂੰ ਘੁੰਮਣ ਤੋਂ ਬਾਅਦ ਇੱਕ-ਦੂਜੇ ਨੂੰ ਚੁੰਮਿਆ ਅਤੇ ਕਈ ਵਾਰੀ ਜਦੋਂ ਉਹ ਉਸ ਨੂੰ ਘਰ ਛੱਡਣ ਗਿਆ ਤਾਂ ਉਸ ਦੀ ਗੱਡੀ ਵਿੱਚ ਉਹ ਇੱਕ-ਦੂਜੇ ਦੇ ਹੋਰ ਨੇੜੇ ਵੀ ਆਏ। ਉਹ ਇੰਝ ਅਹਿਸਾਸ ਕਰਵਾ ਰਿਹਾ ਸੀ ਜਿਵੇਂ 'ਉਹ ਇੱਕ ਰਿਸ਼ਤੇ ਵਿੱਚ ਹੋਣ।'

"ਇਹ ਇੱਕ ਰਾਜ਼ ਸੀ ਇਸ ਲਈ ਮੈਂ ਸੋਚਿਆ ਕਿ ਸਾਨੂੰ ਸਾਡੇ ਸਾਰੇ ਮੈਸੇਜ ਡਿਲੀਟ ਕਰਨਾ ਚਾਹੀਦੇ ਹਨ।"

"ਮੈਨੂੰ ਚੰਗਾ ਨਹੀਂ ਲੱਗਿਆ ਕਿ ਅਸੀਂ ਇਸ ਨੂੰ ਗੁਪਤ ਰੱਖੀਏ ਕਿਉਂਕਿ ਮੈਨੂੰ ਲਗਦਾ ਸੀ ਕਿ ਮੈਂ ਝੂਠ ਬੋਲ ਰਹੀ ਹਾਂ। ਮੈਨੂੰ ਇੱਕ ਅਪਰਾਧੀ ਵਰਗਾ ਲਗਦਾ ਸੀ।"

ਮੇਘਨ ਨੇ ਦੱਸਿਆ ਕਿ ਇਹ ਰਿਸ਼ਤਾ ਉਦੋਂ ਤੱਕ ਚੱਲਦਾ ਰਿਹਾ ਜਦੋਂ ਤੱਕ ਉਸ ਨੂੰ ਉਮਰ ਦੇ ਵੱਡੇ ਫਰਕ ਦਾ ਅਹਿਸਾਸ ਨਹੀਂ ਹੋਇਆ ਅਤੇ ਉਸ ਨੇ ਫਿਰ ਰਿਸ਼ਤਾ ਤੋੜ ਦਿੱਤਾ।

ਉਸ ਨੇ ਫਿਰ ਆਪਣੇ ਮਾਪਿਆਂ ਨੂੰ ਇਸ ਬਾਰੇ ਦੱਸਿਆ ਜੋ ਕਿ ਕਾਫ਼ੀ ਦੁਖੀ ਹੋਏ ਅਤੇ ਇਸ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ।

ਕੋਚ ਨੇ ਸਾਰੇ ਦਾਅਵਿਆਂ ਨੂੰ ਖਾਰਿਜ ਕੀਤਾ ਪਰ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਹ ਜ਼ਮਾਨਤ 'ਤੇ ਬਾਹਰ ਵੀ ਆ ਗਿਆ। ਇਹ ਮਾਮਲਾ ਖਤਮ ਕਰ ਦਿੱਤਾ ਗਿਆ ਕਿਉਂਕਿ ਪੁਲਿਸ ਨੂੰ ਇਸ ਵਿੱਚ ਕੋਈ ਅਪਰਾਧ ਨਜ਼ਰ ਨਹੀਂ ਆਇਆ।

ਮੇਘਨ ਨੇ ਕਿਹਾ, "ਉਹ ਇਸ ਤੋਂ ਬਚ ਗਿਆ...ਪਰ ਮੇਰੇ ਲਈ ਇਹ ਕਾਫ਼ੀ ਨਿਰਾਸ਼ਾ ਭਰਿਆ ਸੀ।"

ਅਹੁਦੇ ਦਾ ਫਾਇਦਾ

ਬੱਚਿਆਂ ਲਈ ਕੰਮ ਕਰਨ ਵਾਲੀ ਸੰਸਥਾ ਐਨਐਸਪੀਸੀਸੀ ਦੇ ਮੁਖੀ ਡੈੱਸ ਮੈਨੀਅਨ ਦਾ ਕਹਿਣਾ ਹੈ ਕਿ 'ਕਾਨੂੰਨ ਬਿਲਕੁਲ ਵਾਜਿਬ ਨਹੀਂ ਹੈ।'

ਉਨ੍ਹਾਂ ਕਿਹਾ, "ਸਾਨੂੰ ਪਤਾ ਹੈ ਕਿ ਕਈ ਲੋਕ ਹਨ ਜਿਨ੍ਹਾਂ ਨਾਲ ਗਲਤ ਵਿਹਾਰ ਹੁੰਦਾ ਹੈ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ।"

Image copyright Getty Images
ਫੋਟੋ ਕੈਪਸ਼ਨ ਮੇਘਨ ਨੇ ਖੇਡ ਛੱਡਣ ਦਾ ਫੈਸਲਾ ਕੀਤਾ

"ਅਸੀਂ ਇੱਕ ਅਜਿਹੇ ਰਿਸ਼ਤੇ ਦੀ ਗੱਲ ਕਰ ਰਹੇ ਹਾਂ ਜਿਸ ਵਿੱਚ ਉਮਰ ਵਿੱਚ ਵੱਡੇ ਵਿਅਕਤੀ ਕੋਲ ਭਰੋਸੇਯੋਗ ਅਹੁਦਾ ਹੈ ਅਤੇ ਉਹ ਨੌਜਵਾਨ ਨਾਲੋਂ ਵਧੇਰੇ ਤਾਕਤਵਰ ਜਾਂ ਮਜ਼ਬੂਤ ਸਥਿਤੀ ਵਿੱਚ ਹੁੰਦਾ ਹੈ।"

"ਸਾਨੂੰ ਪਤਾ ਹੈ ਕਿ ਜਿਨ੍ਹਾਂ ਨੂੰ ਬੱਚਿਆਂ ਨਾਲ ਸਰੀਰਕ ਸਬੰਧ ਬਣਾਉਣ ਦਾ ਸ਼ੌਂਕ ਹੁੰਦਾ ਹੈ ਉਹ ਆਪਣੇ ਅਹੁਦੇ ਅਤੇ ਪ੍ਰਭਾਵ ਦੀ ਵਰਤੋਂ ਕਰਨਗੇ ਤਾਂ ਕਿ ਉਹ ਆਪਣਾ ਬਚਾਅ ਅਸਾਨੀ ਨਾਲ ਕਰ ਸਕਣ।"

ਨਿਆਂ ਮੰਤਰਾਲੇ ਦਾ ਕਹਿਣਾ ਹੈ ਕਿ ਉਹ "ਬੱਚਿਆਂ ਅਤੇ ਨੌਜਵਾਨਾਂ ਨੂੰ ਸਰੀਰਕ ਸ਼ੋਸ਼ਣ ਖਿਲਾਫ਼ ਬਚਾਉਣ ਲਈ ਉਹ ਵਚਨਬੱਧ ਹਨ। "

ਇਹ ਵੀ ਪੜ੍ਹੋ:

ਇੱਕ ਬੁਲਾਰੇ ਨੇ ਦੱਸਿਆ, "ਸਾਡੇ ਕੋਲ ਪਹਿਲਾਂ ਹੀ ਕਈ ਕਿਸਮ ਦੇ ਫੌਜਦਾਰੀ ਅਪਰਾਧੀ ਹਨ ਜਿਨ੍ਹਾਂ ਖਿਲਾਫ਼ ਮੁਕੱਦਮੇ ਚਲਾਉਣ ਅਤੇ ਸਜ਼ਾ ਦੇਣ ਦੀ ਤਜਵੀਜ ਹੈ।"

ਮੇਘਨ ਨੂੰ ਲੱਗਦਾ ਹੈ ਕਿ ਇਸ ਰਿਸ਼ਤੇ ਨੇ ਉਸ ਦੀ ਮਨਪੰਸਦ ਖੇਡ ਨੂੰ 'ਬਰਬਾਦ' ਕਰ ਦਿੱਤਾ। ਉਸ ਨੇ ਉਹ ਖੇਡ ਛੱਡ ਦਿੱਤੀ ਪਰ ਮੁੜ ਤੋਂ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)