ਚੀਨ ਨੇ ਉਗਾਈ ਚੰਨ ’ਤੇ ਕਪਾਹ - ਵਿਗਿਆਨਕ ਕੌਤਕ

ਚੀਨ ਨੇ ਉਗਾਈ ਚੰਦ ’ਤੇ ਕਪਾਹ Image copyright AFP/CHONGQING UNIVERSITY

ਚੈਂਗਜ਼-ਈ 4 ਮਿਸ਼ਨ ਵਿੱਚ ਕੁਝ ਬੀਜ ਵੀ ਚੰਦ ਉੱਤੇ ਭੇਜੇ ਗਏ ਸਨ। ਚੀਨ ਦੀ ਸਰਕਾਰੀ ਪੁਲਾੜ ਏਜੰਸੀ ਨੇ ਦਾਅਵਾ ਕੀਤਾ ਹੈ ਕਿ ਉਹ ਬੀਜ ਉੱਗ ਪਏ ਹਨ।

ਅਜਿਹਾ ਪਹਿਲੀ ਵਾਰ ਹੋਇਆ ਹੈ, ਜਦੋਂ ਕੋਈ ਬੀਜ ਚੰਦ ਉੱਤੇ ਪੁੰਗਰਿਆ ਹੈ। ਇਸ ਪੁਲਾੜੀ ਖੋਜ ਨੂੰ ਇੱਕ ਵੱਡਾ ਕਦਮ ਸਮਝਿਆ ਜਾ ਰਿਹਾ ਹੈ। ਚੀਨ ਦਾ ਇਹ ਪੁਲਾੜੀ ਵਾਹਨ ਇਸੇ ਸਾਲ 3 ਜਨਵਰੀ ਨੂੰ ਚੰਦ 'ਤੇ ਉੱਤਰਿਆ ਸੀ।

ਇਸ ਤੋਂ ਪਹਿਲਾਂ ਕੌਮਾਂਤਰੀ ਪੁਲਾੜ ਕੇਂਦਰ ਉੱਤੇ ਬੂਟੇ ਉਗਾਏ ਗਏ ਹਨ ਪਰ ਚੰਦ ਉੱਪਰ ਅਜਿਹਾ ਪਹਿਲੀ ਵਾਰ ਕੀਤਾ ਗਿਆ ਹੈ।

ਇਸ ਉਪਲੱਭਧੀ ਦੇ ਵਿਗਿਆਨੀਆਂ ਨੂੰ ਲੰਬੇ ਸਮੇਂ ਵਿੱਚ ਲਾਭ ਮਿਲਣਗੇ। ਖ਼ਾਸ ਕਰ ਜਦੋਂ ਮਨੁੱਖ ਸ਼ੁੱਕਰ ਗ੍ਰਹਿ ਵੱਲ ਜਾਵੇਗਾ, ਜਿੱਥੇ ਪਹੁੰਚਣ ਵਿੱਚ ਢਾਈ ਸਾਲ ਦਾ ਸਮਾਂ ਲੱਗ ਜਾਂਦਾ ਹੈ।

ਇਹ ਵੀ ਪੜ੍ਹੋ:

ਲੰਬੇ ਸਮੇਂ ਦੇ ਮਿਸ਼ਨਾਂ ਉੱਤੇ ਜਾਣ ਵਾਲੇ ਵਿਗਿਆਨੀਆਂ ਨੂੰ ਰਸਦ ਮੁੱਕ ਜਾਣ ਕਾਰਨ ਵਾਪਸ ਧਰਤੀ ਉੱਤੇ ਮੁੜਨਾ ਪੈਂਦਾ ਹੈ।

ਹੁਣ ਵਿਗਿਆਨੀ ਸ਼ਾਇਦ ਚੰਦ ਉੱਤੇ ਹੀ ਆਪਣਾ ਖਾਣਾ ਉਗਾ ਸਕਣਗੇ। ਜਿਸ ਨਾਲ ਪੁਲਾੜ ਯਾਤਰੀਆਂ ਨੂੰ ਧਰਤੀ ਉੱਤੇ ਵਾਪਸ ਨਹੀਂ ਆਉਣਾ ਪਵੇਗਾ ਅਤੇ ਸਮੇਂ ਤੇ ਸਾਧਨਾਂ ਦੀ ਬੱਚਤ ਹੋਵੇਗੀ।

ਇਸ ਮਿਸ਼ਨ ਵਿੱਚ ਕਪਾਹ ਦੇ ਨਾਲ ਗਮਲਿਆਂ ਵਿੱਚ ਮਿੱਟੀ ਪਾ ਕੇ ਆਲੂ ਦੇ ਬੀਜ ਅਤੇ ਇਸ ਤੋਂ ਇਲਾਵਾ ਫਰੂਟ-ਫਲਾਈ (ਇੱਕ ਮੱਖੀ) ਦੇ ਆਂਡੇ ਵੀ ਭੇਜੇ ਗਏ ਸਨ।

ਇਹ ਬੂਟੇ ਸੀਲ ਬੰਦ ਹਨ ਅਤੇ ਉਸ ਬੰਦ ਵਾਤਾਵਰਣ ਵਿੱਚ ਇਹ ਇੱਕ ਬਣਾਵਟੀ ਆਤਮ-ਨਿਰਭਰ ਜੀਵ-ਖੇਤਰ ਸਿਰਜਣ ਦੀ ਕੋਸ਼ਿਸ਼ ਕਰਨਗੇ।

ਕੀ ਚੰਦ ਦੂਸ਼ਿਤ ਹੋ ਜਾਵੇਗਾ?

ਪੌਲ ਰਿੰਕਨ, ਸਾਇੰਸ ਐਡੀਟਰ, ਬੀਬੀਸੀ ਨਿਊਜ਼ ਵੈੱਬਸਾਈਟ

ਚੰਦ ਤੇ ਜੀਵ-ਖੇਤਰ ਸਿਰਜ ਕੇ ਦੇਖਣ ਦਾ ਮਕਸਦ ਉੱਥੇ ਪ੍ਰਕਾਸ਼ ਸੰਸ਼ਲੇਸ਼ਣ ਅਤੇ ਜੀਵਤ ਪ੍ਰਾਣੀਆਂ ਵਿੱਚ ਸਾਹ ਦਾ ਅਧਿਐਨ ਕਰਨਾ ਹੈ।

ਪੌਦਿਆਂ ਵਿੱਚ ਪ੍ਰਕਾਸ਼ ਸੰਸ਼ਲੇਸ਼ਣ ਅਤੇ ਜੀਵਾਂ ਵਿੱਚ ਸਾਹ ਊਰਜਾ ਪੈਦਾ ਕਰਦੇ ਹਨ।

ਜਿਸ ਡੱਬੇ ਵਿੱਚ ਇਹ ਪ੍ਰਯੋਗ ਕੀਤਾ ਜਾ ਰਿਹਾ ਹੈ ਉਹ 18 ਸੈਂਟੀਮੀਟਰ ਉੱਚਾ ਹੈ ਅਤੇ ਚੀਨ ਦੀਆਂ 28 ਯੂਨੀਵਰਸਿਟੀਆਂ ਨੇ ਤਿਆਰ ਕੀਤਾ ਹੈ।

ਇਸ ਡੱਬੇ ਦੇ ਵਾਸੀਆਂ ਨੂੰ ਹਵਾ, ਪਾਣੀ ਅਤੇ ਪੋਸ਼ਕ ਪ੍ਰਦਾਨ ਕੀਤੇ ਜਾਂਦੇ ਹਨ ਤਾਂ ਜੋ ਉਹ ਵਿਕਾਸ ਕਰ ਸਕਣ।

ਵਿਗਿਆਨੀਆਂ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਤਾਂ ਉੱਥੇ ਅਨੁਕੂਲ ਤਾਪਮਾਨ ਕਾਇਮ ਰੱਖਣਾ ਹੈ ਕਿਉਂਕਿ੍ ਚੰਦ ਦਾ ਤਾਪਮਾਨ ਮਨਫ਼ੀ 173 ਸੈਲਸੀਅਸ ਤੋਂ 100 ਡਿਗਰੀ ਵਿਚਕਾਰ ਰਹਿੰਦਾ ਹੈ।

ਵਿਗਿਆਨੀਅਕ ਬਕਸਿਆਂ ਦੇ ਅੰਦਰਲੀ ਨਮੀ ਅਤੇ ਪੋਸ਼ਕਾਂ ਉੱਪਰ ਵੀ ਨਜ਼ਰ ਰੱਖਣੀ ਪਵੇਗੀ।

ਚੰਦ ਦਾ ਪਰਲਾ ਪਾਸਾ ਸਾਨੂੰ ਕਿਉਂ ਨਹੀਂ ਦਿਸਦਾ ਸਮਝੋ ਇਸ ਵੀਡੀਓ ਰਾਹੀਂ

ਕਈ ਮਾਹਿਰਾਂ ਨੇ ਖ਼ਦਸ਼ੇ ਖੜ੍ਹੇ ਕੀਤੇ ਹਨ ਕਿ ਇਸ ਨਾਲ ਚੰਦ ਦੂਸ਼ਿਤ ਹੋ ਜਾਵੇਗਾ। ਵਿਗਿਆਨੀਆਂ ਮੁਤਾਬਕ ਇਹ ਕੋਈ ਵੱਡੀ ਚਿੰਤਾ ਦਾ ਵਿਸ਼ਾ ਨਹੀਂ ਹੈ।

ਇਹ ਵੀ ਧਿਆਨ ਵਿੱਚ ਲੈ ਆਈਏ ਕਿ ਅਪੋਲੋ ਦੇ ਪੁਲਾੜ ਯਾਤਰੀਆਂ ਦੇ ਸੁੱਟੇ ਹੋਏ 100 ਤੋਂ ਵਧੇਰੇ ਪਲਾਸਟਿਕ ਦੇ ਲਿਫ਼ਾਫੇ ਪਹਿਲਾਂ ਹੀ ਚੰਦ ਉੱਪਰ ਮੌਜੂਦ ਹਨ।

ਵੀਰਵਾਰ ਨੂੰ ਚੀਨ ਦੇ ਸਰਕਾਰੀ ਮੀਡੀਆ ਨੇ ਪ੍ਰਸਾਰਿਤ ਕੀਤਾ ਕਿ ਨਰਮੇ ਦੇ ਬੀਜ ਜੰਮ ਪਏ ਹਨ।

ਸੱਤਾਧਾਰੀ ਦੇ ਆਪਣੇ ਅਖ਼ਬਾਰ ਪੀਪਲਜ਼ ਡੇਲੀ ਨੇ ਉੱਗੇ ਹੋਏ ਬੀਜਾਂ ਦੀ ਇੱਕ ਤਸਵੀਰ ਟਵੀਟ ਕੀਤੀ। ਟਵੀਟ ਵਿੱਚ ਲਿਖਿਆ ਗਿਆ, "ਇਸ ਨਾਲ ਇਨਸਾਨ ਦਾ ਚੰਦ ਉੱਪਰ ਪਹਿਲਾਂ ਜੀਵ ਵਿਗਿਆਨਕ ਪ੍ਰਯੋਗ ਪੂਰਾ ਹੋ ਗਿਆ।"

ਆਸਟਰੇਲੀਆ ਦੀ ਪੁਲਾੜ ਆਬਜ਼ਰਵੇਟਰੀ ਦੇ ਫ੍ਰੈਡ ਵਾਟਸਨ ਨੇ ਬੀਬੀਸੀ ਨੂੰ ਦੱਸਿਆ ਕਿ ਇਹ 'ਇੱਕ ਖ਼ੁਸ਼ ਖ਼ਬਰੀ ਹੈ।'

ਉਨ੍ਹਾਂ ਕਿਹਾ ਕਿ ਚੰਦ ਨੂੰ ਦੂਸਰੇ ਗ੍ਰਹਿਆਂ ਤੱਕ ਜਾਣ ਵਾਲੇ ਮਿਸ਼ਨ ਭੇਜਣ ਲਈ ਅੱਡੇ ਵਜੋਂ ਵਰਤਣ ਵਿੱਚ ਕਾਫ਼ੀ ਰੁਚੀ ਹੈ ਕਿਉਂਕਿ ਇਹ ਧਰਤੀ ਦੇ ਕਾਫ਼ੀ ਨਜ਼ਦੀਕ ਹੈ।

Image copyright CLEP

ਪ੍ਰਯੋਗ ਦੇ ਮੁੱਖ ਡਿਜ਼ਾਈਨਰ ਦੇ ਹਵਾਲੇ ਨਾਲ ਸਾਊਥ ਚਾਈਨਾ ਮੋਰਨਿੰਗ ਪੋਸਟ ਵਿੱਚ ਲਿਖਿਆ ਗਿਆ, "ਅਸੀਂ ਭਵਿੱਖ ਵਿੱਚ ਪੁਲਾੜ ਵਿੱਚ ਜ਼ਿੰਦਾ ਰਹਿਣ ਨੂੰ ਵਿਚਾਰਿਆ ਹੈ।"

ਉਨ੍ਹਾਂ ਕਿਹਾ ਕਿ ਅਜਿਹੇ ਬੂਟਿਆਂ ਦਾ ਘੱਟ ਗੁਰੂਤਾ-ਆਕਰਸ਼ਣ ਵਾਲੀਆਂ ਥਾਵਾਂ ’ਤੇ ਉੱਗਣਾ ਭਵਿੱਖ ਵਿੱਚ ਸਾਡੇ ਪੁਲਾੜ ਵਿੱਚ ਰਹਿਣ ਦੀ ਬੁਨਿਆਦ ਰੱਖੇਗਾ।

ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਕਪਾਹ ਕੱਪੜੇ ਬਣਾਉਣ ਲਈ ਅਤੇ ਆਲੂ ਪੁਲਾੜ ਯਾਤਰੀਆਂ ਲਈ ਖਾਣੇ ਦਾ ਕੰਮ ਦੇਣਗੇ।

ਚੰਦ ਤੋਂ ਚੜ੍ਹਦੀ ਧਰਤੀ ਦਾ ਨਜ਼ਾਰਾ ਦੇਖੋ

ਚੀਨ ਦੀ ਸ਼ਿਨਹੂਆ ਖ਼ਬਰ ਏਜੰਸੀ ਨੇ ਦੱਸਿਆ ਕਿ ਇਨ੍ਹਾਂ ਬੀਜਾਂ ਨੂੰ 21 ਦਿਨਾਂ ਦੇ ਸਫ਼ਰ ਦੌਰਾਨ ਤਕਨੀਕ ਦੀ ਵਰਤੋਂ ਕਰਕੇ ਬੀਜ ਨੂੰ ਨਾ-ਪੁਗਰਣ ਅਵਸਥਾ ਵਿੱਚ ਸੰਭਾਲਿਆ ਗਿਆ ਸੀ।

ਇਨ੍ਹਾਂ ਦਾ ਉੱਗਣਾ ਉਦੋਂ ਹੀ ਸ਼ੁਰੂ ਹੋਇਆ ਜਦੋਂ ਜ਼ਮੀਨ ਤੋਂ ਇਨ੍ਹਾਂ ਨੂੰ ਪਾਣੀ ਦੇਣ ਦੀ ਕਮਾਂਡ ਦਿੱਤੀ ਗਈ।

ਖ਼ਬਰ ਏਜੰਸੀ ਨੇ ਦੱਸਿਆ ਕਿ ਮਿਸ਼ਨ ਨੇ ਹਾਲੇ ਤੱਕ ਬੀਜਾਂ ਦੀਆਂ 70 ਤਸਵੀਰਾਂ ਖਿੱਚ ਕੇ ਧਰਤੀ ’ਤੇ ਭੇਜੀਆਂ ਹਨ।

ਸ਼ੁੱਕਰਵਾਰ ਨੂੰ ਚਾਈਨੀਜ਼ ਲੂਨਰ ਐਕਸਪਲੋਰੇਸ਼ਨ ਪ੍ਰੋਗਰਾਮ ਨੇ ਮਿਸ਼ਨ ਦੇ ਚੰਦ ਤੇ ਉੱਤਰਣ ਦੀਆਂ ਕਈ ਤਸਵੀਰਾਂ ਵੀ ਜਾਰੀ ਕੀਤੀਆਂ ਸਨ।

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ