ਮੰਟੋ ਕੋਲੋਂ ਪਾਕਿਸਤਾਨ ਕਿਉਂ ਡਰਦਾ ਹੈ?

ਮੰਟੋ ਬਾਰੇ ਨੰਦਿਤਾ ਦਾਸ ਵੱਲੋਂ ਬਣਾਈ ਫਿਲਮ ਨੂੰ ਪਾਕਿਸਤਾਨ ਵਿੱਚ ਬੈਨ ਕਰ ਦਿੱਤਾ ਗਿਆ ਹੈ
ਫੋਟੋ ਕੈਪਸ਼ਨ ਮੰਟੋ ਬਾਰੇ ਨੰਦਿਤਾ ਦਾਸ ਵੱਲੋਂ ਬਣਾਈ ਫਿਲਮ ਨੂੰ ਪਾਕਿਸਤਾਨ ਵਿੱਚ ਬੈਨ ਕਰ ਦਿੱਤਾ ਗਿਆ ਹੈ

ਜਨੂਬੀ (ਦੱਖਣੀ) ਏਸ਼ੀਆ ਵਿੱਚ ਉਰਦੂ ਅਦਬ ਵਿੱਚ ਸਭ ਤੋਂ ਜ਼ਿਆਦਾ ਪੜ੍ਹੇ ਜਾਣ ਵਾਲੇ ਲਿਖਾਰੀ ਫ਼ੈਜ਼ ਅਹਿਮਦ ਫ਼ੈਜ਼ ਅਤੇ ਸਆਦਤ ਹਸਨ ਮੰਟੋ ਹਨ।

ਪਿਛਲੇ ਸੱਤਰ ਸਾਲਾਂ ਵਿੱਚ ਮੰਟੋ ਦੀਆਂ ਕਿਤਾਬਾਂ ਦੀ ਸਦਾ ਮੰਗ ਰਹੀ ਹੈ। ਇੱਕ ਤਰ੍ਹਾਂ ਦਾ ਉਹ ਹੁਣ 'ਘਰੋਕੀ ਨਾਮ' ਬਣ ਗਿਆ ਹੈ।

ਉਸ ਦੀਆਂ ਕੁੱਲ ਲਿਖਤਾਂ ਕਈ ਜਿਲਦਾਂ ਵਿੱਚ ਛਪਦੀਆਂ ਹਨ, ਵਾਰ-ਵਾਰ ਛਪਦੀਆਂ ਹਨ ਅਤੇ ਵਿਕ ਜਾਂਦੀਆਂ ਹਨ।

ਉਂਝ ਇਹ ਵੀ ਸੱਚ ਹੈ ਕਿ ਮੰਟੋ ਨੂੰ ਸਾਰੀ ਉਮਰ ਪਾਬੰਦੀ ਸਹਿਣੀ ਪਈ ਅਤੇ ਹਰ ਵਾਰ ਉਸ ਦੀਆਂ ਕਹਾਣੀਆਂ 'ਫ਼ਹਾਸ਼ੀ' (ਲੱਚਰ) ਦੇ ਨਾਮ ਉੱਤੇ ਪਾਬੰਦੀਆਂ ਦਾ ਸ਼ਿਕਾਰ ਹੁੰਦੀਆਂ ਰਹੀਆਂ।

'ਠੰਢਾ ਗੋਸ਼ਤ', 'ਕਾਲੀ ਸਲਵਾਰ' ਅਤੇ 'ਬੋਅ' ਉੱਤੇ ਪਾਬੰਦੀ ਲੱਗੀ। ਉਸ ਦੀਆਂ ਕਹਾਣੀਆਂ ਨੂੰ ਇਨ੍ਹਾਂ ਪਾਬੰਦੀਆਂ ਨੇ ਹੋਰ ਮਸ਼ਹੂਰੀ ਦਿੱਤੀ ਅਤੇ ਉਸ ਨੂੰ ਇਨ੍ਹਾਂ ਹਟਕਾਂ (ਪਾਬੰਦੀਆਂ) ਦਾ ਹਮੇਸ਼ਾਂ ਫਾਇਦਾ ਹੀ ਹੋਇਆ। ਮੰਟੋ ਦੀਆਂ ਕਹਾਣੀਆਂ ਅਤੇ ਪੰਜ ਵਾਰ ਹਟਕ ਲੱਗੀ ਪਰ ਉਸ ਨੂੰ ਕਦੀ ਸਜ਼ਾ ਨਹੀਂ ਹੋਈ।

ਮੰਟੋ ਦੀਆਂ ਲਿਖਤਾਂ 'ਤੇ ਹਟਕ ਕਿਉਂ?

ਹੁਣ ਨੰਦਿਤਾ ਦਾਸ ਦੀ ਨਵੀਂ ਫਿਲਮ 'ਮੰਟੋ' ਉੱਤੇ ਪਾਕਿਸਤਾਨ ਅੰਦਰ ਪਾਬੰਦੀ ਲਗਾ ਦਿੱਤੀ ਗਈ ਹੈ ਅਤੇ ਦੂਜੇ ਪਾਸੇ ਲਾਹੌਰ ਦੇ ਰਹਤਲੀ ਮਰਕਜ਼ (ਸੱਭਿਆਚਾਰਕ ਕੇਂਦਰ) 'ਅਲਹਮਰਾ' ਵਿੱਚ ਮੰਟੋ ਮੇਲੇ ਉੱਤੇ ਵੀ ਹਟਕ ਲਗਾ ਦਿੱਤੀ ਗਈ ਹੈ।

Image copyright Saeed ahmed/facebook

ਇਸ ਦਾ ਕਾਰਨ ਮੰਟੋ ਦੀਆਂ ਲਿਖਤਾਂ ਦਾ 'ਬੋਲਡ ਨੇਚਰ' ਦੱਸਿਆ ਗਿਆ ਹੈ। (13 ਜਨਵਰੀ ਨੂੰ ਲਾਹੌਰ ਆਰਟਸ ਕਾਉਂਸਿਲ-ਅਲਹਮਰਾ ਦੇ ਫੇਸਬੁੱਕ ਪੰਨੇ ਉੱਤੇ ਨੇਸ਼ਨ ਅਖ਼ਬਾਰ ਦੀ ਖ਼ਬਰ ਸਾਂਝੀ ਕੀਤੀ ਗਈ ਹੈ ਜਿਸ ਮੁਤਾਬਕ 'ਮੰਟੋ ਮੇਲਾ' ਫਰਵਰੀ ਦੇ ਵਿਚਕਾਰਲੇ ਹਫ਼ਤੇ ਹੋਣਾ ਹੈ।)

ਫੋਟੋ ਕੈਪਸ਼ਨ ਜਨੂਬੀ (ਦੱਖਣੀ) ਏਸ਼ੀਆ ਵਿੱਚ ਉਰਦੂ ਅਦਬ ਵਿੱਚ ਸਭ ਤੋਂ ਜ਼ਿਆਦਾ ਪੜ੍ਹੇ ਜਾਣ ਵਾਲੇ ਲਿਖਾਰੀ ਫ਼ੈਜ਼ ਅਹਿਮਦ ਫ਼ੈਜ਼ ਅਤੇ ਸਆਦਤ ਹਸਨ ਮੰਟੋ ਹਨ।

ਦੱਸ ਪਈ ਹੈ ਕਿ ਮੰਟੋ ਮੇਲੇ ਉੱਤੇ ਹਟਕ ਦਾ ਕਾਰਨ ਮਨਿਸਟਰੀ ਆਫ਼ ਕਲਚਰ ਅੰਦਰ ਮਜਹਬੀ ਇੰਤਹਾਪਸੰਦਾਂ ਦਾ ਜ਼ੋਰ ਹੈ। ਉਨ੍ਹਾਂ ਮੁਤਾਬਕ ਲਿਖਾਰੀ ਦੀਆਂ ਲਿਖਤਾਂ ਫ਼ਹਾਸ਼ੀ ਫੈਲਾਉਣ ਦਾ ਕਾਰਨ ਹਨ।

ਇਹ ਵੀ ਪੜ੍ਹੋ:

ਚੇਤੇ ਰਹੇ ਕਿ ਮੇਲੇ ਵਿੱਚ ਚਾਰ ਥੇਟਰ ਗਰੁੱਪਾਂ ਨੇ ਨਾਟਕ ਖੇਡਣੇ ਸਨ ਜਿਸ ਵਿੱਚ ਅਜੋਕਾ ਅਤੇ ਹੋਰ ਦੂਜੇ ਥੇਟਰ ਗਰੁੱਪ ਸਨ ਜੋ ਕਈ ਦਿਨਾਂ ਤੋਂ ਰੀਹਰਸਲ ਕਰ ਰਹੇ ਸਨ।

ਲੋਕਾਂ ਦੇ ਰੋਹ ਕਾਰਨ ਅਲਹਮਰਾ ਕਹਿ ਰਿਹਾ ਹੈ ਕਿ ਮੰਟੋ ਮੇਲਾ ਸਿਰਫ਼ ਅੱਗੇ ਕੀਤਾ ਗਿਆ ਹੈ ਪਰ ਹਾਲੇ ਤੱਕ ਕਿਸੇ ਨਵੀਂ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ।

ਹੁਣ ਫਿਲਮ ਇੰਟਰਨੈੱਟ 'ਤੇ ਮੌਜੂਦ

ਨੰਦਿਤਾ ਦਾਸ ਦੀ ਫਿਲਮ ਅਤੇ ਹਟਕ ਬਾਰੇ ਸੈਂਸਰ ਬੋਰਡ ਦੀ ਇਹ ਗੱਲ ਬਾਹਰ ਆਈ ਹੈ ਕਿ ਬੋਰਡ ਨੂੰ ਫਿਲਮ ਬਾਰੇ ਤਾਂ ਕੋਈ ਇਤਰਾਜ਼ ਨਹੀਂ ਪਰ ਫਿਲਮ ਵਿੱਚ ਹਿੰਦੁਸਤਾਨ ਅਤੇ ਪਾਕਿਸਤਾਨ ਦੀ ਵੰਡ ਬਾਰੇ 'ਸਹੀ ਬਿਆਨਿਆ' ਨਹੀਂ ਗਿਆ ਹੈ।

ਹੁਣ ਫਿਲਮ ਨੈੱਟ ਫਲਿਕਸ ਉੱਤੇ ਪਾ ਦਿੱਤੀ ਗਈ ਹੈ ਜਿਸ ਨੂੰ ਹਰ ਕੋਈ ਦੇਖ ਸਕਦਾ ਹੈ। ਫਿਲਮ ਉੱਤੇ ਪਾਬੰਦੀ ਬਰਖ਼ਿਲਾਫ਼ ਲਾਹੌਰ, ਪਿਸ਼ਾਵਰ ਅਤੇ ਮੁਲਤਾਨ ਵਿੱਚ ਵਿਖਾਲੇ (ਮੁਜ਼ਾਹਰੇ) ਵੀ ਕੀਤੇ ਗਏ ਹਨ। ਲਾਹੌਰ ਵਿੱਚ ਇਹ ਵਿਖਾਲਾ ਮੰਟੋ ਮੈਮੋਰੀਅਲ ਸੁਸਾਇਟੀ ਦੇ ਪ੍ਰਧਾਨ ਸਈਦ ਅਹਿਮਦ ਅਤੇ ਦੂਜੇ ਤਰੱਕੀਪਸੰਦ ਸੂਝਵਾਨਾਂ ਨੇ ਕੀਤਾ।

ਫੋਟੋ ਕੈਪਸ਼ਨ ਮੰਟੋ ਨੂੰ ਸ਼ੁਰੂ ਤੋਂ ਹੀ ਪਾਬੰਦੀਆਂ ਦਾ ਸਾਹਮਣਾ ਕਰਨਾ ਪਿਆ ਹੈ

ਪਿਛਲੇ ਐਤਵਾਰ ਨੂੰ ਇਥੇ ਲਾਹੌਰ ਅੰਦਰ ਇੱਕ ਅਦਬੀ ਮੇਲੇ ਵਿੱਚ ਇੱਕ ਪ੍ਰੋਗਰਾਮ ਖ਼ਾਸ ਕਰ ਕੇ ਪਾਬੰਦੀਯਾਫ਼ਤਾ ਫਿਲਮ ਮੰਟੋ ਬਾਰੇ ਰੱਖਿਆ ਗਿਆ ਸੀ। ਇਸ ਪ੍ਰੋਗਰਾਮ ਬਾਰੇ ਡਾਕਟਰ ਆਇਸ਼ਾ ਜਲਾਲ ਨੇ ਵੀ ਗੱਲਬਾਤ ਕੀਤੀ।

ਨਿਰਾ ਲਿਖਤ ਦਾ ਮਾਮਲਾ ਨਹੀਂ

ਆਇਸ਼ਾ ਬਹੁਤ ਮਸ਼ਹੂਰ ਤਵਾਰੀਖ਼ਕਾਰ (ਇਤਿਹਾਸਕਾਰ) ਹਨ ਅਤੇ ਉਨ੍ਹਾਂ ਦੀਆਂ ਕਿਤਾਬਾਂ ਬਹੁਤ ਨਾਮਣਾ ਖੱਟ ਚੁੱਕੀਆਂ ਹਨ। ਉਹ ਮੰਟੋ ਦੀ ਰਿਸ਼ਤੇਦਾਰ ਵੀ ਹੈ ਅਤੇ ਉਨ੍ਹਾਂ ਮੰਟੋ ਅਤੇ ਵੰਡ ਦੇ ਹਵਾਲੇ ਨਾਲ ਇੱਕ ਕਿਤਾਬ ਵੀ ਲਿਖੀ ਹੈ।

ਉਨ੍ਹਾਂ ਕੋਲੋਂ ਪੁੱਛਿਆ ਗਿਆ ਕਿ ਪਿਛਲੇ 70 ਸਾਲ ਵਿੱਚ ਕੀ ਕੁਝ ਬਦਲਿਆ ਹੈ ਕਿਉਂਕਿ 70 ਸਾਲ ਪਹਿਲਾਂ ਵੀ ਮੰਟੋ ਉੱਤੇ ਝੇੜਾ ਸੀ ਅਤੇ ਹੁਣ ਵੀ ਹੈ।

ਫਿਲਮ ਬਾਰੇ ਗੱਲ ਕਰਦਿਆਂ ਉਨ੍ਹਾਂ ਪਾਕਿਸਤਾਨ ਵਿੱਚ ਸਰਮਦ ਖੋਸਟ ਦੀ ਮੰਟੋ ਬਾਰੇ ਫਿਲਮ ਦੀ ਵੀ ਗੱਲ ਕੀਤੀ ਅਤੇ ਆਖਿਆ ਕਿ ਨੰਦਿਤਾ ਦਾਸ ਦੀ ਫਿਲਮ ਤਵਾਰੀਖ਼ੀ ਪੱਖੋਂ ਜ਼ਿਆਦਾ ਸਹੀ ਹੈ, ਭਾਵੇਂ ਇਸ ਉੱਤੇ ਹਟਕ ਲਗਾ ਦਿੱਤੀ ਗਈ ਹੈ ਪਰ ਇਹ ਨੈੱਟ ਉੱਤੇ ਪਈ ਹੈ ਇਸ ਲਈ ਹਟਕ ਦੀ ਕੋਈ ਤੁੱਕ ਨਹੀਂ ਬਣਦੀ।

ਫੋਟੋ ਕੈਪਸ਼ਨ ਪਾਕਿਸਤਾਨ ਵਿੱਚ ਹੋਣ ਵਾਲੇ ਮੰਟੋ ਮੇਲੇ ’ਤੇ ਵੀ ਰੋਕ ਲਗਾ ਦਿੱਤੀ ਗਈ ਹੈ

ਉਨ੍ਹਾਂ ਇਹ ਵੀ ਆਖਿਆ ਕਿ ਵੰਡ ਦੀ ਸਮਾਜਿਕ ਤਨਕੀਦ ਇਸ ਤੋਂ ਵੱਖ ਹੈ ਜੋ ਵੰਡ ਬਾਰੇ ਕੀਤੀ ਜਾਂਦੀ ਹੈ। ਜੇ ਕਿਸੇ ਵਿੱਚ ਤਨਕੀਦ ਬਰਦਾਸ਼ਤ ਕਰਨ ਦਾ ਹੌਂਸਲਾ ਨਹੀਂ ਤਾਂ ਇਹ ਮੰਟੋ ਦਾ ਕਸੂਰ ਨਹੀਂ ਸਗੋਂ ਉਸ ਦਾ ਆਪਣਾ ਮਸਲਾ ਹੈ ਜਾਂ ਅਦਬ ਦੀ ਸਮਝ ਦਾ ਵੀ ਪਰ ਇਹ ਨਿਰਾ ਲਿਖਤ ਦਾ ਮਾਮਲਾ ਨਹੀਂ।

ਇਹ ਵੀ ਆਖਿਆ ਗਿਆ ਕਿ ਕਿਵੇਂ ਕਾਲੋਨੀ-ਗਿਰੀ (ਬਸਤੀਵਾਦੀ) ਦੇ ਕਾਨੂੰਨ ਹੁਣ ਵੀ ਮੰਟੋ ਉੱਤੇ ਲਾਗੂ ਕੀਤੇ ਜਾਂਦੇ ਹਨ ਜਿਹੜੇ ਆਜ਼ਾਦੀ ਤੋਂ ਪਹਿਲੇ ਵੀ ਲਾਗੂ ਕੀਤੇ ਜਾਂਦੇ ਸਨ।

'ਅਸੀਂ ਫਜ਼ੂਲ ਕਾਨੂੰਨ ਬਣਾਏ ਜਾਂਦੇ ਹਾਂ'

ਆਇਸ਼ਾ ਹੋਰਾਂ ਦਾ ਆਖਣਾ ਸੀ ਇਨ੍ਹਾਂ ਦਾ ਪ੍ਰਸੰਗ ਵੱਖਰਾ ਹੈ ਅਤੇ ਮੰਟੋ ਉੱਤੇ ਭਾਵੇਂ ਕਈ ਦੋਸ਼ ਲਗਾਏ ਗਏ ਸਨ ਪਰ ਉਨ੍ਹਾਂ ਦਾ ਜ਼ੁਰਮਾਨਾ ਬੱਸ ਥੋੜਾ ਜਿਹਾ ਹੁੰਦਾ ਸੀ।

ਇਸ ਉੱਤੇ ਵੀ ਗੱਲ ਹੋਈ ਕਿ ਫਿਲਮ ਵਿੱਚ ਮੰਟੋ ਨੂੰ ਇੱਕ ਨਾਖ਼ੁਸ਼ ਬਣਦਾ ਦੱਸਿਆ ਗਿਆ ਹੈ ਅਤੇ ਉਸ ਦਾ ਪਾਕਿਸਤਾਨ ਆ ਜਾਣਾ ਉਸ ਲਈ ਚੰਗਾ ਨਹੀਂ ਸੀ।

ਆਇਸ਼ਾ ਹੋਰਾਂ ਨੇ ਆਖਿਆ ਕਿ ਜੋ ਵੀ ਹੋਵੇ ਇਸ ਨਾਲ ਸਹਿਮਤ ਕਰ ਲਈ ਸੀ ਪਰ ਜਿਸ ਸ਼ੈਅ ਦੀ ਉਸ ਨੂੰ ਸ਼ਿਕਾਇਤ ਸੀ ਕਿ ਇਸ ਦਾ ਵਜੂਦ ਕਦੀ ਵੀ ਸਾਫ਼ ਤਰ੍ਹਾਂ ਨਹੀਂ ਮੰਨਿਆ ਗਿਆ।

Image copyright Lahore art council/facebook
ਫੋਟੋ ਕੈਪਸ਼ਨ ਹੁਣ ਮੰਟੋ ਮੇਲਾ ਫਰਵਰੀ ਵਿੱਚ ਹੋਣ ਦੀ ਗੱਲ ਕੀਤੀ ਜਾ ਰਹੀ ਹੈ

ਇੱਕ ਦਿਨ ਉਸ ਨੂੰ ਸਭ ਤੋਂ ਬਿਹਤਰੀਨ ਕਹਾਣੀਕਾਰ ਕਹਿੰਦੇ ਸਨ ਅਤੇ ਅਗਲੇ ਦਿਨ ਕਹਿੰਦੇ ਸਨ ਕਿ ਤੂੰ ਆਪਣਾ ਫ਼ਲੈਟ ਖਾਲੀ ਕਰਦੇ।

ਇਹ ਹੀ ਨੰਦਿਤਾ ਦੀ ਫਿਲਮ ਦੱਸਦੀ ਹੈ ਪਰ ਕਿਉਂਕਿ ਇਹ ਇੰਡੀਅਨ ਫਿਲਮ ਹੈ ਅਤੇ ਇੱਕ ਇੰਡੀਅਨ ਫਿਲਮਕਾਰ ਨੇ ਬਣਾਈ ਹੈ ਤਾਂ ਇਹ ਹੀ ਇਤਰਾਜ਼ ਹੈ ਕਿ ਇੱਕ ਇੰਡੀਅਨ ਸਾਨੂੰ ਕਿਵੇਂ ਦੱਸ ਸਕਦਾ ਹੈ ਕਿ ਇੱਕ ਪਾਕਿਸਤਾਨੀ ਬੰਦਾ ਜੋ ਪਾਕਿਸਤਾਨ ਗਿਆ ਸੀ, ਉਹ ਨਾਖ਼ੁਸ਼ ਸੀ।

ਇਹ ਵੀ ਪੜ੍ਹੋ:

ਉਨ੍ਹਾਂ ਕਿਹਾ ਕਿ ਮੀਡੀਆ ਨੂੰ ਕਾਬੂ ਕਰਨ ਦਾ ਆਹਰ ਨਾਕਾਮੀ ਦੀ ਨਿਸ਼ਾਨੀ ਹੈ, ਇਸ ਲਈ ਨਹੀਂ ਕਿ ਇਹ ਕਾਮਯਾਬ ਹੈ। ਅਸੀਂ ਜਿੰਨੇ ਨਾਕਾਮ ਹਾਂ, ਓਨੇ ਈ ਫ਼ਜ਼ੂਲ ਕਾਨੂੰਨ ਅਸੀਂ ਬਣਾਈ ਜਾਂਦੇ ਹਾਂ।

ਲਗਦਾ ਤਾਂ ਇਹੋ ਹੈ ਕਿ ਪਿਛਲੇ ਸੱਤਰ ਵਰ੍ਹਿਆਂ ਵਿੱਚ ਕੁਝ ਵੀ ਨਹੀਂ ਬਦਲਿਆ। ਜੇ ਮਲ਼ਵਾ ਨਿਆਂ, ਜ਼ੁਲਮ ਕਮਾਵਣ ਆਲਿਆਂ, ਕਬਜ਼ੇ ਗਰੁੱਪਾਂ ਅਤੇ ਮੱਲ ਮਾਰਨ ਵਾਲਿਆਂ ਨੂੰ ਅੱਜ ਵੀ ਮੰਟੋ ਤੋਂ ਡਰ ਲਗਦਾ ਹੈ ਫੇਰ ਮੰਟੋ ਵੀ ਨਹੀਂ ਬਦਲਿਆ।

ਉਹ ਉਹੋ ਹੈ ਅਤੇ ਜਿਊਂਦਾ ਹੈ। ਉਹ ਮਣਾ-ਮੂੰਹੀ ਮਿੱਟੀ ਹੇਠ ਨਹੀਂ, ਸਾਡੇ ਨਾਲ ਬੈਠ ਕੇ ਹੱਸ ਰਿਹਾ ਹੈ ਕਿ ਉਹ ਵੱਡਾ ਕਹਾਣੀਕਾਰ ਹੈ ਜਾਂ ਰੱਬ।

(ਲੇਖਕ ਲਾਹੌਰ ਵਸਦੇ ਪੰਜਾਬੀ ਬੋਲੀ ਦੇ ਕਾਰਕੁਨ ਹਨ।)

ਇਹ ਵੀਡੀਓਜ਼ ਵੀ ਜ਼ਰੂਰ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)