9 ਸਾਲਾ ਬੱਚੇ ਦਾ ਖੁਲਾਸਾ, ਪੁਲਿਸ ਨੇ ਕੀਤਾ ਮਾਪਿਆਂ ਦਾ ਕਤਲ

ਪਾਕਿਸਤਾਨ, ਪੁਲਿਸ ਐਨਕਾਊਂਟਰ Image copyright PUNJAB GOVERNMENT
ਫੋਟੋ ਕੈਪਸ਼ਨ ਪਾਕਿਸਤਾਨ ਪੰਜਾਬ ਦੇ ਮੁੱਖ ਮੰਤਰੀ ਉਸਮਨ ਬੁਜ਼ਦਾਰ ਨੇ ਕੀਤਾ ਹਸਪਤਾਲ ਦਾ ਦੌਰਾ

ਨੌ ਸਾਲਾ ਪਾਕਿਸਤਾਨੀ ਮੁੰਡੇ ਨੇ ਪੁਲਿਸ ਵੱਲੋਂ ਸ਼ਰੇਆਮ ਕੀਤੇ ਐਨਕਾਊਂਟਰ ਦੀ ਅਸਲੀਅਤ ਦਾ ਪਰਦਾਫ਼ਾਸ਼ ਕੀਤਾ ਹੈ।

ਇਹ ਘਟਨਾ ਸ਼ਨੀਵਾਰ ਨੂੰ ਵਾਪਰੀ ਸੀ ਜਦੋਂ ਇੱਕ ਖੂਨੀ ਗੋਲੀਬਾਰੀ ਦੀ ਘਟਨਾ ਵਿੱਚ ਨੌ ਸਾਲਾ ਬੱਚੇ ਨੇ ਆਪਣੇ ਮਾਪੇ ਅਤੇ ਆਪਣੀ ਭੈਣ ਨੂੰ ਗੁਆ ਦਿੱਤਾ।

ਉੱਚ ਸਿਖਲਾਈ ਪ੍ਰਾਪਤ ਕਾਉਂਟਰ ਟੈਰਰ ਫੋਰਸਿਸ ਨੇ ਲਾਹੌਰ ਦੇ ਦੱਖਣ-ਪੱਛਮੀ ਖੇਤਰ ਵਿੱਚ ਇੱਕ "ਖੁਫ਼ੀਆ ਸੂਚਨਾ-ਅਧਾਰਿਤ ਆਪ੍ਰੇਸ਼ਨ" ਤੋਂ ਬਾਅਦ ਇਸਲਾਮਿਕ ਸਟੇਟ ਸਮੂਹ ਦੇ ਨਾਲ ਸਬੰਧਿਤ ਚਾਰ ਅੱਤਵਾਦੀਆਂ ਨੂੰ ਮਾਰ ਮੁਕਾਉਣ ਦਾ ਦਾਅਵਾ ਕੀਤਾ ਹੈ।

ਉਨ੍ਹਾਂ ਮੁਤਾਬਕ ਅਧਿਕਾਰੀਆਂ 'ਤੇ ਗੋਲੀਆਂ ਚਲਾਏ ਜਾਣ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ।

ਪੁਲਿਸ ਦਾ ਕਹਿਣਾ ਹੈ ਸਾਹੀਵਾਲ ਸ਼ਹਿਰ ਦੇ ਬਾਹਰੀ ਖੇਤਰ ਵਿੱਚ ਹੋਈ ਇਸ ਕਾਰਵਾਈ ਦੌਰਾਨ ਤਿੰਨ ਹੋਰ ਅੱਤਵਾਦੀ ਮੋਟਰਸਾਈਕਲ 'ਤੇ ਸਵਾਰ ਹੋ ਕੇ ਮੌਕੇ ਤੋਂ ਭੱਜ ਗਏ।

ਇਹ ਵੀ ਪੜ੍ਹੋ:

ਪਰ ਉਸ ਤੋਂ ਬਾਅਦ ਜਦੋਂ ਉਮੇਰ ਖ਼ਾਲਿਲ ਨੇ ਹਸਪਤਾਲ ਵਿੱਚ ਪੱਤਰਕਾਰਾਂ ਨਾਲ ਗੱਲ ਕਰਨੀ ਸ਼ੁਰੂ ਕੀਤੀ ਤਾਂ ਉਸ ਨੇ ਜਿਹੜੀ ਕਹਾਣੀ ਦੱਸੀ, ਉਹ ਬਿਲਕੁਲ ਵੱਖਰੀ ਸੀ।

ਉਸ ਨੇ ਦੱਸਿਆ ਕਿ ਉਸਦਾ ਪਰਿਵਾਰ ਕਿਸੇ ਰਿਸ਼ਤੇਦਾਰ ਦੇ ਵਿਆਹ ਵਿੱਚ ਸ਼ਾਮਿਲ ਹੋਣ ਲਈ ਲਾਹੌਰ ਤੋਂ ਆ ਰਿਹਾ ਸੀ ਜਿਸ ਗੱਡੀ ਵਿੱਚ ਉਹ ਆ ਰਹੇ ਸਨ, ਉਸ ਗੱਡੀ ਦਾ ਚਾਲਕ ਉਸਦੇ ਪਿਤਾ ਦਾ ਦੋਸਤ ਸੀ। ਰਸਤੇ ਵਿੱਚ ਗੱਡੀ ਨੂੰ ਪੁਲਿਸ ਨੇ ਇੱਕ ਟੋਲ ਨਾਕੇ 'ਤੇ ਰੋਕ ਲਿਆ।

ਵੀਡੀਓ ਵਿੱਚ ਉਮੇਰ ਆਖਦਾ ਹੈ ਕਿ, "ਮੇਰੇ ਪਿਤਾ ਨੇ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਪੈਸੇ ਲੈ ਲਓ, ਪਰ ਸਾਡੇ 'ਤੇ ਗੋਲੀਆਂ ਨਾ ਚਲਾਓ। ਪਰ ਉਨ੍ਹਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ।"

ਉਮੇਰ ਤੇ ਉਸਦੀਆਂ ਭੈਣਾਂ ਬਚ ਗਈਆਂ

ਉਸਦੇ ਮਾਪੇ ਜੋ ਕਿ ਇੱਕ ਕਰਿਆਨੇ ਦੀ ਦੁਕਾਨ ਚਲਾਉਂਦੇ ਸਨ, ਉਨ੍ਹਾਂ ਨੂੰ ਮਾਰ ਦਿੱਤਾ ਗਿਆ ਨਾਲ ਹੀ ਉਸ ਦੀ 12 ਸਾਲਾਂ ਭੈਣ ਅਤੇ ਪਿਤਾ ਦੇ ਦੋਸਤ ਜਿਹੜੇ ਗੱਡੀ ਚਲਾ ਰਹੇ ਸਨ, ਉਨ੍ਹਾਂ ਨੂੰ ਵੀ ਮਾਰ ਦਿੱਤਾ।

ਉਮੇਰ ਅਤੇ ਉਸ ਦੀਆਂ ਦੋ ਛੋਟੀਆਂ ਭੈਣਾ ਬਚ ਗਈਆਂ, ਜਿਨ੍ਹਾਂ ਨੂੰ ਬਾਅਦ ਵਿੱਚ ਕੁਝ ਦੂਰੀ 'ਤੇ ਪੈਂਦੇ ਪੈਟਰੋਲ ਸਟੇਸ਼ਨ 'ਤੇ ਦੇਖਿਆ ਗਿਆ।

ਘਟਨਾ ਬਾਰੇ ਉਮੇਰ ਦੇ ਬਿਆਨ ਦੀ ਵੀਡੀਓ ਪਾਕਿਸਤਾਨੀ ਸੋਸ਼ਲ ਮੀਡੀਆ 'ਤੇ ਕਾਫ਼ੀ ਫੈਲਣ ਲੱਗੀ, ਜਿਸ ਨੇ ਘਟਨਾ ਬਾਰੇ ਪੁਲਿਸ ਦੇ ਪੱਖ ਨੂੰ ਖੋਖਲਾ ਕਰ ਦਿੱਤਾ।

ਇਸ ਤੋਂ ਬਾਅਦ ਗੋਲੀਬਾਰੀ ਦੀ ਫੁਟੇਜ ਸਾਹਮਣੇ ਆਈ ਜਿਸ ਨੇ ਇਸ ਬੱਚੇ ਦੇ ਬਿਆਨ ਨੂੰ ਹੋਰ ਮਜ਼ਬੂਤ ਬਣਾ ਦਿੱਤਾ।

ਰਾਹਗੀਰਾਂ ਵੱਲੋਂ ਫ਼ਿਲਮਾਈ ਗਈ ਵੀਡੀਓ ਵਿੱਚ ਦੇਖਿਆ ਗਿਆ ਕਿ ਪੁਲਿਸ ਵੱਲੋਂ ਗੱਡੀ 'ਤੇ ਗੋਲੀਬਾਰੀ ਕੀਤੀ ਜਾ ਰਹੀ ਹੈ। ਜਦੋਂ ਉਨ੍ਹਾਂ ਨੇ ਗੱਡੀ ਵਿੱਚ ਤਿੰਨ ਬੱਚਿਆਂ ਨੂੰ ਜ਼ਿੰਦਾ ਦੇਖਿਆ ਤਾਂ ਉਨ੍ਹਾਂ ਨੂੰ ਆਪਣੇ ਨਾਲ ਬਿਠਾ ਕੇ ਲਿਜਾਣ ਤੋਂ ਪਹਿਲਾਂ ਉਨ੍ਹਾਂ ਵੱਲੋਂ ਕੁਝ ਹੋਰ ਗੋਲੀਆਂ ਗੱਡੀ 'ਤੇ ਦਾਗ਼ੀਆਂ ਗਈਆਂ।

ਪੁਲਿਸ ਵਾਲਿਆਂ ਦੇ ਜਾਣ ਤੋਂ ਬਾਅਦ ਦੀਆਂ ਤਸਵੀਰਾਂ ਵਿੱਚ ਗੱਡੀ 'ਚ ਸਵਾਰ ਚਾਰ ਮ੍ਰਿਤਕਾਂ ਨੂੰ ਦੇਖਿਆ ਜਾ ਸਕਦਾ ਹੈ। ਇਨ੍ਹਾਂ ਤਸਵੀਰਾਂ ਵਿੱਚ ਗੱਡੀ ਚਾਲਕ ਦੇ ਅਜੇ ਵੀ ਸੀਟ-ਬੈਲਟ ਲੱਗੀ ਹੋਈ ਸੀ ਅਤੇ ਇੱਕ ਹੱਥ ਡਰਾਈਵਿੰਗ ਵ੍ਹੀਲ 'ਤੇ ਸੀ। ਸਾਹਮਣੇ ਵਾਲੀ ਸੀਟ 'ਤੇ ਇੱਕ ਹੋਰ ਸ਼ਖ਼ਸ, ਪਿੱਛੇ ਇੱਕ ਔਰਤ ਤੇ ਕੁੜੀ ਨੂੰ ਦੇਖਿਆ ਜਾ ਸਕਦਾ ਹੈ।

ਲੋਕਾਂ ਦਾ ਰੋਸ ਛੇਤੀ ਹੀ ਫੈਲਣ ਲੱਗਾ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਕਿ ਆਪਣੀਆਂ ਅੱਖਾਂ ਸਾਹਮਣੇ ਆਪਣੇ ਮਾਪਿਆਂ ਨੂੰ ਮਾਰਿਆ ਜਾਂਦਾ ਦੇਖ ਡਰੇ-ਸਹਿਮੇ ਹੋਏ ਬੱਚਿਆਂ ਨੂੰ ਦੇਖ ਕੇ ਉਨ੍ਹਾਂ ਨੂੰ ਬਹੁਤ ਧੱਕਾ ਲੱਗਾ ਹੈ।

Image copyright @ImranKhanPTI

ਸ਼ਨੀਵਾਰ ਦੇ ਅੰਤ ਤੱਕ, ਕਈ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਸੀ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਸੀ।

ਮੰਗਲਵਾਰ ਨੂੰ ਪੰਜਾਬ ਸੂਬੇ ਦੇ ਕਾਨੂੰਨ ਮੰਤਰੀ ਨੇ ਕਿਹਾ ਕਿ ਜਾਂਚ ਦੇ ਨਤੀਜਿਆਂ ਵਜੋਂ ਕਈ ਸੀਨੀਅਰ ਕਾਉਂਟਰ-ਟੈਰਰੀਜ਼ਮ ਵਿਭਾਗ ਦੇ ਅਧਿਕਾਰੀਆਂ ਨੂੰ ਆਪਣੇ ਅਹੁਦਿਆਂ ਤੋਂ ਹਟਾ ਦਿੱਤਾ ਗਿਆ ਹੈ ਅਤੇ ਗੋਲੀਬਾਰੀ ਵਿੱਚ ਸ਼ਾਮਲ ਪੰਜ ਅਧਿਕਾਰੀਆਂ ’ਤੇ ਮੁਕੱਦਮਾ ਚਲਾਇਆ ਜਾਵੇਗਾ।

ਕਈ ਹੋਰ ਜਨਤਕ ਅਦਾਰਿਆਂ ਵਾਂਗ ਪਾਕਿਸਤਾਨ ਦੀ ਪੁਲਿਸ ਵਿੱਚ ਵੀ ਕਈ ਸਾਲਾਂ ਦੌਰਾਨ ਸਿਆਸੀਕਰਨ ਕਾਫ਼ੀ ਵੱਧ ਗਿਆ ਹੈ।

ਇਹ ਹੁਣ ਫੌਜ ਦੀ ਸ਼ਕਤੀਸ਼ਾਲੀ ਖੁਫ਼ੀਆ ਸੇਵਾਵਾਂ ਨਾਲ ਮਿਲ ਕੇ ਕੰਮ ਕਰਦੇ ਹਨ ਅਤੇ ਸੋਚਦੇ ਹਨ ਕਿ ਜੇ ਚੀਜ਼ਾਂ ਕੁਝ ਖਰਾਬ ਹੁੰਦੀਆਂ ਹਨ ਤਾਂ ਉਨ੍ਹਾਂ ਨੂੰ ਬਚਾ ਲਿਆ ਜਾਵੇਗਾ।

ਵਧੀਕ-ਨਿਆਂਇਕ ਕਤਲ- ਜਿਨ੍ਹਾਂ ਨੂੰ ਦੱਖਣੀ ਏਸ਼ੀਆ ਵਿੱਚ ਅਸਿੱਧੇ ਤੌਰ 'ਤੇ 'ਮੁਕਾਬਲੇ' ਵੀ ਕਿਹਾ ਜਾਂਦਾ ਹੈ, ਕਾਫ਼ੀ ਆਮ ਹਨ।

Image copyright EPA
ਫੋਟੋ ਕੈਪਸ਼ਨ ਸ਼ਨੀਵਾਰ ਨੂੰ ਉਮੇਰ ਦੇ ਪਰਿਵਾਰ ਨੂੰ ਸ਼ਰਧਾਂਜਲੀ ਦੇਣ ਲਈ ਰੱਖਿਆ ਗਿਆ ਪ੍ਰੋਗਰਾਮ

ਦੇਸ ਦੀ ਦੱਖਣ ਵਿੱਚ ਸਥਿੱਤ ਵਪਾਰਕ ਰਾਜਧਾਨੀ ਕਰਾਚੀ ਵਿੱਚ ਸੀਨੀਅਰ ਪੁਲਿਸ ਅਧਿਕਾਰੀ, ਰਾਓ ਅਨਵਰ, ਬਾਰੇ ਕਈਆਂ ਦਾ ਮੰਨਣਾ ਹੈ ਕਿ ਉਨ੍ਹਾਂ ਨੇ ਸੁਰੱਖਿਆ ਸੰਸਥਾਵਾਂ ਦੇ ਕਹਿਣ 'ਤੇ ਵਧੀਕ-ਨਿਆਇਕ ਕਤਲਾਂ ਨੂੰ ਅੰਜਾਮ ਦੇ ਕੇ ਹੀ ਰੋਜ਼ੀ-ਰੋਟੀ ਕਮਾਈ ਹੈ।

ਪੁਲਿਸ ਦੀ ਪੜਤਾਲ

ਸਾਲ 2018 ਦੇ ਸ਼ੁਰੂਆਤੀ ਸਮੇਂ ਵਿੱਚ ਉਸ ਨੇ ਨਕੀਬੁੱਲ਼ਾਹ ਮਸੂਦ ਨਾਂ ਦੀ ਉੱਭਰ ਰਹੀ ਮਾਡਲ ਨੂੰ ਮਾਰਿਆ ਗਿਆ ਸੀ।

ਉਸ 'ਤੇ ਦਹਿਸ਼ਤਗਰਦ ਹੋਣ ਦੇ ਝੂਠੇ ਇਲਜ਼ਾਮ ਲੱਗੇ ਸਨ। ਇਸ ਘਟਨਾ ਤੋਂ ਬਾਅਦ ਪਸ਼ਤੂਨ ਪ੍ਰੋਟੈਕਟ ਮੂਵਮੈਂਟ (ਪੀਟੀਐਮ) ਨਾਂ ਦੀ ਮੁਨੱਖੀ ਅਧਿਕਾਰ ਮੁਹਿੰਮ ਦਾ ਉਭਾਰ ਹੋਇਆ ਸੀ।

ਇਹ ਵੀ ਪੜ੍ਹੋ:

ਪਸ਼ਤੂਨ ਇੱਕ ਅਜਿਹਾ ਮੂਲਵਾਸੀ ਸਮੂਹ ਹੈ ਜੋ ਮੁੱਖ ਤੌਰ 'ਤੇ ਉੱਤਰ-ਪੱਛਮੀ ਪਾਕਿਸਤਾਨ ਅਤੇ ਸਰਹੱਦ ਪਾਰ ਅਫ਼ਗ਼ਾਨਿਸਤਾਨ ਵਿੱਚ ਰਹਿੰਦੇ ਹਨ।

ਇਸ ਮੁਹਿੰਮ ਦਾ ਮਕਸਦ ਸੀ ਕਿ ਉਨ੍ਹਾਂ ਦੇ ਵਿਰੁੱਧ ਅਧਿਕਾਰਾਂ ਦੀ ਉਲੰਘਣਾ ਦਾ ਪ੍ਰਚਾਰ ਕੀਤਾ ਜਾਵੇ। ਸੁਰੱਖਿਆ ਕਾਰਨਾਂ ਨੂੰ ਲੈ ਕੇ ਫੌਜ ਨੂੰ ਇਸ ਮੁਹਿੰਮ 'ਤੇ ਗੁੱਸਾ ਆਇਆ ਅਤੇ ਉਨ੍ਹਾਂ ਪੀਟੀਐਮ ਦੀ ਕਵਰੇਜ 'ਤੇ ਮੀਡੀਆ ਬੈਨ ਲਾਗੂ ਕਰ ਦਿੱਤਾ।

ਪੁਲਿਸ ਦੀ ਪੜਤਾਲ ਕਰਨ ਤੋਂ ਬਾਅਦ ਰਾਓ ਅਨਵਰ ਨੂੰ ਨਕੀਬੁੱਲ਼ਾਹ ਅਤੇ ਕਈ ਹੋਰਾਂ ਦਾ ਕਤਲ ਕਰਨ ਲਈ ਦੋਸ਼ੀ ਪਾਇਆ ਗਿਆ, ਪਰ ਅਜੇ ਤੱਕ ਅਦਾਲਤ ਵਿੱਚ ਉਸ ਨੂੰ ਪੇਸ਼ ਨਹੀਂ ਕੀਤਾ ਗਿਆ ਹੈ।

ਪੁਲਿਸ ਦੀਆਂ ਇਨ੍ਹਾਂ ਗਲਤ ਅਤੇ ਬੇਰਹਿਮ ਕਾਰਵਾਈਆਂ ਤੋਂ ਆਮ ਪਾਕਿਸਤਾਨੀ ਤੰਗ ਆ ਚੁੱਕੇ ਹਨ। ਸੋਸ਼ਲ ਮੀਡੀਆ ਦੇ ਜ਼ਮਾਨੇ 'ਚ, ਇਸ ਤਰ੍ਹਾਂ ਦੇ ਮਾਮਲਿਆਂ ਨੂੰ ਲੋਕਾਂ ਤੋਂ ਲੁਕਾਉਣਾ ਵੀ ਔਖਾ ਹੁੰਦਾ ਜਾ ਰਿਹਾ ਹੈ।

ਸ਼ਨੀਵਾਰ ਦੀ ਇਸ ਭਿਆਨਕ ਘਟਨਾ ਤੋਂ ਬਾਅਦ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਵਿੱਚ ਬਹੁਤ ਜ਼ਿਆਦਾ ਰੋਸ ਦੇਖਣ ਨੂੰ ਮਿਲਿਆ ਜਿਸ ਤੋਂ ਬਾਅਦ ਇਮਰਾਨ ਖ਼ਾਨ ਦੀ ਸਰਕਾਰ ਨੂੰ ਲੋਕਾਂ ਦੇ ਇਸ ਗੁੱਸੇ ਨੂੰ ਸਾਂਭਣ ਲਈ ਛੇਤੀ ਤੋਂ ਛੇਤੀ ਕੰਮ ਕਰਨਾ ਪਿਆ।

ਸ਼ੁਰੂਆਤ ਵਿੱਚ ਉਮੇਰ ਖ਼ਾਲਿਲ ਦੇ ਪਿਤਾ ਮੁਹੰਮਦ ਖ਼ਾਲਿਲ, ਮਾਂ ਨਬੀਲਾ, ਭੈਣ ਅਰਬੀਲਾ ਅਤੇ ਪਿਤਾ ਦੇ ਦੋਸਤ ਜ਼ੀਸ਼ਾਨ ਨੂੰ ਪੁਲਿਸ ਵੱਲੋਂ ਦਹਿਸ਼ਤਗਰਦ ਦੱਸਿਆ ਗਿਆ ਸੀ ਜੋ ਕਿ ਇੱਕ ਅਮਰੀਕੀ ਨਾਗਰਿਕ ਅਤੇ ਇੱਕ ਸਾਬਕਾ ਪ੍ਰਧਾਨ ਮੰਤਰੀ ਦੇ ਮੁੰਡੇ ਨੂੰ ਅਗਵਾ ਕਰਨ ਵਿੱਚ ਸ਼ਾਮਿਲ ਸਨ।

ਪੁਲਿਸ ਨੇ ਕਿਹਾ ਸੀ ਕਿ ਉਹ ਇੱਕ ਕਾਰ ਅਤੇ ਇੱਕ ਮੋਟਰ ਸਾਈਕਲ 'ਤੇ ਸਵਾਰ ਸਨ, ਜਿਨ੍ਹਾਂ 'ਚ ਹਥਿਆਰ ਅਤੇ ਵਿਸਫ਼ੋਟਕ ਸਮਾਨ ਸੀ। ਉਨ੍ਹਾਂ ਕਿਹਾ ਕਿ ਪਹਿਲਾਂ ਪੁਲਿਸ 'ਤੇ ਹਮਲਾ ਕੀਤਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੇ "ਸਵੈ-ਰੱਖਿਆ ਵਿੱਚ" ਗੋਲੀਬਾਰੀ ਕੀਤੀ।

ਸ਼ੁਰੂਆਤ 'ਚ ਦਿੱਤੇ ਬਿਆਨ ਵਿੱਚ ਆਖਿਆ ਗਿਆ ਕਿ, "ਜਦੋਂ ਗੋਲੀਬਾਰੀ ਰੁਕੀ ਤਾਂ ਪੁਲਿਸ ਦੀਆਂ ਗੋਲੀਆਂ ਨਾਲ ਚਾਰ ਦਹਿਸ਼ਤਗਰਦ ਜਿਨ੍ਹਾਂ ਵਿੱਚ 2 ਔਰਤਾਂ ਵੀ ਸਨ, ਗੱਡੀ ਵਿਚ ਮਿਲੇ। ਜਦਕਿ ਉਨ੍ਹਾਂ ਦੇ ਤਿੰਨ ਦੋਸਤ ਭੱਜਣ ਵਿੱਚ ਕਾਮਯਾਬ ਰਹੇ।"

ਹਾਲ ਦੇ ਦਿਨਾਂ ਵਿਚ ਇਹ ਕਹਾਣੀ ਤਾਰ-ਤਾਰ ਹੋ ਕੇ ਰਹਿ ਗਈ ਹੈ।

ਇਹ ਵੀ ਪੜ੍ਹੋ:

ਪਹਿਲਾਂ ਤਾਂ ਪ੍ਰਤੱਖ ਦਰਸ਼ੀਆ ਦੀ ਕਿਸੇ ਵੀ ਵੀਡੀਓ ਵਿੱਚ ਗੱਡੀ ਦੇ ਨਾਲ ਕੋਈ ਵੀ ਮੋਟਰਸਾਈਕਲ ਨਹੀਂ ਦੇਖਿਆ ਗਿਆ ਹੈ ਅਤੇ ਇਸ ਗੱਲ ਦਾ ਵੀ ਕੋਈ ਸਬੂਤ ਨਹੀਂ ਹੈ ਕਿ ਮਾਰੇ ਗਏ ਲੋਕਾਂ ਕੋਲ ਕਿਸੇ ਤਰ੍ਹਾਂ ਦਾ ਹਥਿਆਰ ਸਨ ਜਾਂ ਫਿਰ ਉਨ੍ਹਾਂ ਨੇ ਪੁਲਿਸ 'ਤੇ ਹਮਲਾ ਕੀਤਾ।

ਘਟਨਾ ਨੂੰ ਅੰਜਾਮ ਦੇਣ ਦੀ ਯੋਜਨਾ

ਅਸਲ ਵਿਚ, ਇਹ ਪ੍ਰਤੀਤ ਹੁੰਦਾ ਹੈ ਕਿ ਪੁਲਿਸ ਨੇ ਗੱਡੀ ਦੇ ਪਿਛਲੇ ਪਾਸੇ ਪਹਿਲਾਂ ਗੋਲੀਆਂ ਚਲਾਈਆਂ, ਜਿਸ ਨਾਲ ਗੱਡੀ ਸਾਹਮਣੇ ਫੁੱਟਪਾਥ ਵਿੱਚ ਜਾ ਵੱਜੀ ਅਤੇ ਰੁੱਕ ਗਈ। ਉਨ੍ਹਾਂ ਨੂੰ ਫਿਰ ਗੱਡੀ 'ਤੇ ਮੁੜ ਗੋਲੀਬਾਰੀ ਕਰਕੇ ਜਾਣ ਤੋਂ ਪਹਿਲਾਂ, ਬੱਚਿਆਂ ਨੂੰ ਗੱਡੀ ਤੋਂ ਬਾਹਰ ਕੱਢਦੇ ਦੇਖਿਆ ਗਿਆ।

ਕੁਝ ਸਮੇਂ ਬਾਅਦ, ਕਾਰ ਦੇ ਨਾਲ ਇੱਕ ਹੋਰ ਪੁਲਿਸ ਟਰੱਕ ਨੂੰ ਦੇਖਿਆ ਗਿਆ। ਕੁਝ ਅਧਿਕਾਰੀ ਬਾਹਰ ਨਿਕਲੇ ਅਤੇ ਉਨ੍ਹਾਂ ਨੇ ਗੱਡੀ ਵਿਚੋਂ ਕੁਝ ਸਮਾਨ ਕੱਢ ਕੇ ਟਰੱਕ ਵਿੱਚ ਰੱਖਿਆ ਅਤੇ ਚਲੇ ਗਏ।

ਦੋਵਾਂ ਹੀ ਮਾਮਲਿਆਂ ਵਿੱਚ ਉਹ ਗੱਡੀ ਅਤੇ ਮ੍ਰਿਤਕਾਂ ਨੂੰ ਘਟਨਾ ਵਾਲੀ ਥਾਂ 'ਤੇ ਹੀ ਛੱਡ ਕੇ ਚਲੇ ਗਏ, ਜੋ ਕਿ ਨਿਯਮਾਂ ਦੀ ਉਲੰਘਣਾ ਹੈ। ਅਸਲ ਪ੍ਰਕਿਰਿਆ ਵਿੱਚ ਪੁਲਿਸ ਨੇ ਜੁਰਮ ਵਾਲੀ ਥਾਂ ਨੂੰ ਸੁਰੱਖਿਅਤ ਕਰਨਾ ਹੁੰਦਾ ਹੈ, ਜ਼ਖਮੀ ਲੋਕਾਂ ਲਈ ਇਲਾਜ ਦਾ ਪ੍ਰਬੰਧ ਕਰਨਾ ਹੁੰਦਾ ਹੈ, ਮ੍ਰਿਤਕਾਂ ਨੂੰ ਔਟੌਪਸੀ ਲਈ ਭੇਜਣਾ ਹੁੰਦਾ ਹੈ ਅਤੇ ਫ਼ੌਰੈਂਸਿਕ ਟੀਮ ਨੂੰ ਵੀ ਸੂਚਿਤ ਕਰਨਾ ਹੁੰਦਾ ਹੈ।

ਲੋਕਾਂ ਦੇ ਰੋਸ ਤੋਂ ਬਾਅਦ ਵੀ, ਪੰਜਾਬ ਦੇ ਸੂਚਨਾ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ, ਗੱਡੀ 'ਚ ਸਵਾਰ ਇੱਕ ਵਿਅਕਤੀ, ਗੱਡੀ-ਚਾਲਕ ਜ਼ੀਸ਼ਾਨ, ਇੱਕ 'ਵੌਂਟਿਡ ਟੈਰੋਰਿਸਟ' ਸੀ। ਬਾਕੀ ਮੌਤਾਂ ਨੂੰ ਉਨ੍ਹਾਂ ਨੇ 'ਕੋਲੇਟਰਲ ਡੈਮੇਜ' ਦੇ ਤੌਰ 'ਤੇ ਸਮਝਾਇਆ।

ਮੰਗਲਵਾਰ ਨੂੰ ਕਾਰਵਾਈ ਦੇ ਅਣਚਾਹੇ ਨਤੀਜਿਆਂ ਬਾਰੇ ਦੱਸਦਿਆਂ ਪੰਜਾਬ ਦੇ ਕਾਨੂੰਨ ਮੰਤਰੀ ਰਾਜਾ ਬਸ਼ਰਤ ਨੇ ਆਪ੍ਰੇਸ਼ਨ ਦੇ 100 ਫ਼ੀਸਦ ਸਹੀ ਹੋਣ ਦੀ ਗੱਲ 'ਤੇ ਜ਼ੋਰ ਦਿੱਤਾ।

ਜ਼ੀਸ਼ਨ ਦੇ ਬਹੁਤ ਸਾਰੇ ਗੁਆਂਢੀਆਂ ਅਤੇ ਦੋਸਤਾਂ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਉਸ ਦੇ ਇੱਕ ਕੱਟੜਪੰਥੀ ਸਮੂਹ 'ਜਮਾਇਤ ਅੱਲ੍ਹ-ਏ-ਹਦੀਥ' ਦੀ ਯੂਥ ਇਕਾਈ ਨਾਲ ਸਬੰਧ ਸਨ।

ਮੰਨਿਆ ਜਾਂਦਾ ਹੈ ਕਿ ਇਸ ਸਮੂਹ ਨੇ ਕਈ ਦਹਿਸ਼ਤਗਰਦ ਸਮੂਹ ਬਣਾਏ ਹਨ ਜਿਵੇਂ ਕਿ ਸੰਯੁਕਤ ਰਾਸ਼ਟਰ ਦੇ ਨਾਮਜ਼ਦ ਅੱਤਵਾਦੀ ਹਾਫਿਜ਼ ਸਈਦ, ਜੋ ਪਾਕਿਸਤਾਨ ਵਿੱਚ ਇਕ ਆਜ਼ਾਦ ਨਾਗਰਿਕ ਵਜੋਂ ਰਹਿ ਰਿਹਾ ਹੈ, ਵਲੋਂ ਸਥਾਪਿਤ ਕੀਤਾ ਗਿਆ ਸਮੂਹ।

ਪਰ ਜ਼ੀਸ਼ਾਨ ਦੇ ਇਸਲਾਮਿਕ ਸਟੇਟ ਸਮੂਹ ਨਾਲ ਕਥਿਤ ਸਬੰਧਾਂ ਬਾਰੇ ਅਜੇ ਵੀ ਅਧਿਕਾਰੀਆਂ ਵੱਲੋਂ ਕੋਈ ਠੋਸ ਸਬੂਤ ਸਾਹਮਣੇ ਨਹੀਂ ਰੱਖਿਆ ਗਿਆ ਹੈ।

ਪੰਜਾਬ ਪੁਲਿਸ ਦੇ ਸਾਬਕਾ ਮੁਖੀ ਸ਼ੌਕਤ ਜਾਵੇਦ ਨੇ ਬੀਬੀਸੀ ਉਰਦੂ ਨੂੰ ਦੱਸਿਆ ਕਿ ਹਮਲਾ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੇ "ਗੈਰ-ਜ਼ਿੰਮੇਵਾਰਾਨਾ ਅਤੇ ਆਪਣੀਆਂ ਸ਼ਕਤੀਆਂ ਤੋਂ ਪਰੇ" ਹੋ ਕੇ ਕੰਮ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਹਾਲਾਂਕਿ ਖੁਫ਼ੀਆ ਸੂਚਨਾ ਵਿਭਾਗ ਦੀ ਠੋਸ ਜਾਣਕਾਰੀ ਦੇ ਆਧਾਰ 'ਤੇ ਹੀ ਕੰਮ ਕੀਤਾ ਗਿਆ ਹੋ ਸਕਦਾ ਹੈ, "ਪਰ ਇਸ ਨੂੰ ਅੰਜਾਮ ਦੇਣ ਦੀ ਯੋਜਨਾ ਵਿੱਚ ਕਮੀਆਂ ਸਨ।"

ਉਨ੍ਹਾਂ ਆਖਿਆ, "ਮੈਨੂੰ ਲਗਦਾ ਹੈ ਕਿ ਸੀਸੀਟੀਵੀ ਫੁਟੇਜ ਵਿੱਚ ਉਨ੍ਹਾਂ ਸਾਹਮਣੇ ਬੈਠੇ ਹੋਏ ਸਿਰਫ਼ ਦੋ ਆਦਮੀਆਂ ਨੂੰ ਹੀ ਦੇਖਿਆ ਅਤੇ ਪਿਛਲੀ ਸੀਟ 'ਤੇ ਇੱਕ ਔਰਤ ਅਤੇ ਬੱਚਿਆਂ ਨੂੰ ਨਹੀਂ ਦੇਖਿਆ। ਉਨ੍ਹਾਂ ਨੇ ਅਸਲੀ ਸਥਿਤੀ ਦਾ ਸਾਹਮਣਾ ਕਰਨ 'ਤੇ ਬਿਨ੍ਹਾਂ ਸੋਚੇ-ਸਮਝੇ ਕਾਰਵਾਈ ਕੀਤੀ ਅਤੇ ਉਨ੍ਹਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ।"

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)