ਆਸਟਰੇਲੀਆ ਔਰਤਾਂ ਲਈ ਕਿੰਨਾ ਕੁ ਖਤਰਨਾਕ?

ਤਸਵੀਰ ਸਰੋਤ, AYA MAASARWE / INSTAGRAM
ਆਯਾ ਮਾਸਰਵੇ ਮੈਲਬਰਨ ਵਿੱਚ ਆਪਣੇ ਘਰ ਤੁਰ ਕੇ ਜਾ ਰਹੀ ਸੀ ਜਦੋਂ ਉਸ ਉੱਪਰ ਕਾਤਲਾਨਾ ਹਮਲਾ ਹੋਇਆ
ਪਿਛਲੇ ਹਫ਼ਤੇ 'ਚ ਆਸਟਰੇਲੀਆ ਵਿੱਚ ਇੱਕ ਔਰਤ ਦੇ ਕਤਲ ਨੇ ਘਬਰਾਹਟ ਪੈਦਾ ਕੀਤੀ ਹੈ। 21 ਸਾਲ ਦੀ ਅਰਬੀ ਵਿਦਿਆਰਥਣ, ਆਯਾ ਮਾਸਰਵੇ ਮੈਲਬਰਨ ਵਿੱਚ ਆਪਣੇ ਘਰ ਤੁਰ ਕੇ ਜਾ ਰਹੀ ਸੀ ਜਦੋਂ ਉਸ ਉੱਪਰ ਕਾਤਲਾਨਾ ਹਮਲਾ ਹੋਇਆ।
ਪਰਿਵਾਰ ਨੇ ਕਿਹਾ ਹੈ ਕਿ ਉਹ ਤਾਂ ਆਸਟਰੇਲੀਆ ਪੜ੍ਹਨ ਇਸ ਲਈ ਗਈ ਸੀ ਕਿਉਂਕਿ ਉਸ ਨੂੰ ਜਾਪਦਾ ਸੀ ਕਿ ਆਸਟਰੇਲੀਆ ਬਾਕੀ ਦੇਸ਼ਾਂ ਨਾਲੋਂ ਸੁਰੱਖਿਅਤ ਹੈ।
ਇਹ ਕਤਲ ਆਸਟਰੇਲੀਆ 'ਚ ਅਜਿਹੇ ਕਤਲਾਂ ਦੀ ਇਕ ਲੜੀ ਵਿੱਚ ਨਵੀਂ ਘਟਨਾ ਵਜੋਂ ਵੇਖਿਆ ਜਾ ਰਿਹਾ ਹੈ।
ਅੰਕੜੇ ਬੋਲਦੇ ਹਨ
ਆਸਟਰੇਲੀਆ ਵਿੱਚ ਹਰ ਤੀਜੀ ਔਰਤ ਨਾਲ ਸ਼ਰੀਰਕ ਹਿੰਸਾ ਹੋਈ ਹੈ ਅਤੇ ਹਰ ਪੰਜਵੀ ਔਰਤ ਨਾਲ ਜਿਨਸੀ ਸ਼ੋਸ਼ਣ ਦੀ ਘਟਨਾ ਹੋਈ ਹੈ। ਇਹ ਅੰਕੜੇ ਸਰਕਾਰ ਦੇ ਹਨ।
ਤਸਵੀਰ ਸਰੋਤ, EPA
ਆਯਾ ਮਾਸਰਵੇ ਨੂੰ ਕਈ ਲੋਕਾਂ ਨੇ ਯਾਦ ਕੀਤਾ ਅਤੇ ਇਹ ਜਨਤਕ ਮੁਹਿੰਮ ਬਣਦਾ ਜਾ ਰਿਹਾ ਹੈ
ਮੂਲ-ਨਿਵਾਸੀ ਔਰਤਾਂ ਲਈ ਤਾਂ ਇਹ ਅੰਕੜਾ ਇਸ ਤੋਂ ਵੀ ਮਾੜਾ ਹੈ।
ਘਰੇਲੂ ਹਿੰਸਾ ਤਾਂ ਹੋਰ ਵੀ ਆਮ ਹੈ। ਹਰ ਹਫ਼ਤੇ ਔਸਤਨ ਇੱਕ ਔਰਤ ਆਪਣੇ ਮੌਜੂਦਾ ਜਾਂ ਪਹਿਲਾਂ ਰਹੇ ਮਰਦ ਸਾਥੀ ਵੱਲੋਂ ਕਤਲ ਕੀਤੀ ਜਾਂਦੀ ਹੈ।
ਇਹ ਵੀ ਜ਼ਰੂਰ ਪੜ੍ਹੋ
ਯੂਨੀਵਰਸਿਟੀ ਆਫ ਸਿਡਨੀ ਦੇ ਪ੍ਰੋਫੈਸਰ ਰੂਥ ਫਿਲਿਪਸ ਮੁਤਾਬਕ, "ਕਤਲ ਤਾਂ ਇਸ ਦਾ ਸਭ ਤੋਂ ਮਾੜਾ ਰੂਪ ਹੈ ਪਰ ਔਰਤਾਂ ਨਾਲ ਘਰ ਦੇ ਅੰਦਰ ਹਿੰਸਾ ਤਾਂ ਬਹੁਤ ਆਮ ਹੈ। ਇਹ ਗੰਭੀਰ ਸਮੱਸਿਆ ਹੈ। ਇਹ ਕੋਈ ਮੌਜੂਦਾ ਸਮੱਸਿਆ ਨਹੀਂ ਸਗੋਂ ਆਸਟਰੇਲਿਆਈ ਸਮਾਜ ਵਿੱਚ ਲਗਾਤਾਰ ਚਲਦੇ ਲਿੰਗ-ਆਧਾਰਤ ਵਿਤਕਰੇ ਦਾ ਮਾਮਲਾ ਹੈ।"
ਹਾਲ ਵਿੱਚ ਕੀ ਹੋਇਆ ਹੈ?
ਹੈੱਡਲਾਈਨਾਂ ਬਣਾਉਣ ਵਾਲੇ ਕਤਲ ਦੇ ਮਾਮਲੇ ਆਸਟਰੇਲੀਆ ਵਿੱਚ ਇਸ ਸਮੱਸਿਆ ਨੂੰ ਕੌਮੀ ਪੱਧਰ 'ਤੇ ਲੈ ਆਏ ਹਨ।
ਤਸਵੀਰ ਸਰੋਤ, FACEBOOK
ਹਾਸ ਕਲਾਕਾਰ ਯੂਰੀਡੀਸ ਡਿਕਸਨ
ਲੋਕਾਂ ਵਿੱਚ ਬਹਿਸ ਉਦੋਂ ਤੇਜ਼ ਹੋ ਗਈ ਜਦੋਂ ਮੈਲਬਰਨ ਵਿੱਚ ਹੀ ਇੱਕ ਹਾਸ ਕਲਾਕਾਰ ਯੂਰੀਡੀਸ ਡਿਕਸਨ ਦਾ ਕਤਲ ਹੋਇਆ। ਸਿਰਫ ਅਕਤੂਬਰ ਮਹੀਨੇ ਵਿੱਚ ਹੀ ਆਸਟਰੇਲੀਆ ਵਿੱਚ 11 ਅਜਿਹੇ ਕਤਲ ਹੋਏ।
ਯੂਨੀਵਰਸਿਟੀ ਆਫ ਮੈਲਬਰਨ ਵਿੱਚ ਘਰੇਲੂ ਹਿੰਸਾ ਉੱਪਰ ਸ਼ੋਧ ਕਰ ਰਹੇ ਪ੍ਰੋਫੈਸਰ ਕੈਲਸੀ ਹੇਗਾਰਟੀ ਨੇ ਦੱਸਿਆ, "ਕਈ ਵਾਰੀ ਔਰਤਾਂ ਖਿਲਾਫ ਹਿੰਸਾ ਦੇ ਕਈ ਮਾਮਲੇ ਇਕੱਠੇ ਸਾਹਮਣੇ ਆਉਂਦੇ ਹਨ ਤਾਂ ਸਭ ਸਮੱਸਿਆ ਬਾਰੇ ਗੱਲ ਕਰਨ ਲੱਗਦੇ ਹਨ। ਅਸਲ ਵਿੱਚ ਤਾਂ ਇਹ ਸਮੱਸਿਆ ਪਰਦੇ ਪਿੱਛੇ ਹਮੇਸ਼ਾ ਸਾਡੇ ਨਾਲ-ਨਾਲ ਰਹਿੰਦੀ ਹੈ।"
ਇਹ ਵੀ ਜ਼ਰੂਰ ਪੜ੍ਹੋ
ਇਸ ਬਾਰੇ ਆਵਾਜ਼ ਉਠਾਉਣ ਵਾਲਿਆਂ 'ਚ ਮੋਹਰੀ ਹਨ ਰੋਜ਼ੀ ਬੈਟੀ, ਜਿਨ੍ਹਾਂ ਨੇ ਇਸ ਬਾਰੇ ਮੁਹਿੰਮ ਉਦੋਂ ਸ਼ੁਰੂ ਕੀਤੀ ਜਦੋਂ ਉਨ੍ਹਾਂ ਦੇ ਪੁੱਤਰ ਨੂੰ ਉਸ ਦੇ ਪਿਤਾ ਨੇ ਹੀ 2014 ਵਿੱਚ ਮਾਰ ਦਿੱਤਾ।
2012 ਵਿੱਚ ਆਇਰਲੈਂਡ ਦੀ ਇੱਕ ਔਰਤ ਦੇ ਬਲਾਤਕਾਰ ਅਤੇ ਕਤਲ ਤੋਂ ਬਾਅਦ ਵੀ ਜਨਤਾ ਵਿਚ ਆਵਾਜ਼ ਉੱਠੀ ਸੀ। ਉਹ ਵੀ ਮੈਲਬਰਨ ਦੀ ਹੀ ਘਟਣਾ ਸੀ ਅਤੇ ਉਸ ਤੋਂ ਬਾਅਦ ਕਈ ਮੁਜ਼ਾਹਰੇ ਹੋਏ ਸਨ। ਕਾਨੂੰਨ ਵਿੱਚ ਕੁਝ ਸਖਤੀ ਵੀ ਆਈ ਸੀ।
ਪਿਛਲੇ ਹਫ਼ਤੇ ਹੋਏ ਕਤਲ ਨਾਲ ਮੁੜ ਉਹੋ ਜਿਹਾ ਮਾਹੌਲ ਬਣਦਾ ਨਜ਼ਰ ਆ ਰਿਹਾ ਹੈ।
ਆਸਟਰੇਲੀਆ ਦਾ ਕੀ ਹਾਲ ਹੈ?
ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਆਸਟਰੇਲੀਆ ਵਿੱਚ ਔਰਤਾਂ ਖਿਲਾਫ ਹਿੰਸਾ "ਪਰੇਸ਼ਾਨ ਕਰਨ ਦੀ ਹੱਦ ਤਕ ਆਮ" ਹੈ ਪਰ ਮਾਹਰ ਕਹਿੰਦੇ ਹਨ ਕਿ ਇਸ ਦਾ ਹਾਲ ਕਈ ਵਿਕਾਸਸ਼ੀਲ ਦੇਸ਼ਾਂ ਨਾਲੋਂ ਕਿਤੇ ਚੰਗਾ ਹੈ।
2012 ਵਿੱਚ ਆਸਟਰੇਲੀਆ ਦੀ ਸਰਕਾਰ ਨੇ ਔਰਤਾਂ ਅਤੇ ਬੱਚਿਆਂ ਨਾਲ ਹੋਣ ਵਾਲੀ ਹਿੰਸਾ ਖਿਲਾਫ ਨਵੀਂ ਨੀਤੀ ਬਣਾਈ ਸੀ।
ਤਸਵੀਰ ਸਰੋਤ, Getty Images
ਆਸਟਰੇਲੀਆ ਵਿੱਚ ਔਰਤਾਂ ਖਿਲਾਫ ਹਿੰਸਾ "ਪਰੇਸ਼ਾਨ ਕਰਨ ਦੀ ਹੱਦ ਤਕ ਆਮ" ਹੈ
ਪਰ ਮਾਹਿਰ ਕਹਿੰਦੇ ਹਨ ਕਿ ਬਹੁਤ ਕੁਝ ਨਹੀਂ ਸੁਧਰਿਆ। ਪ੍ਰੋਫੈਸਰ ਫਿਲਿਪਸ ਮੁਤਾਬਕ ਔਰਤਾਂ ਲਈ ਬਣਾਏ ਗਏ ਆਮ ਪਨਾਹ ਘਰ ਪਹਿਲਾਂ ਜਿੰਨੇ ਹੀ ਮਾੜੇ ਹਨ।
ਉਨ੍ਹਾਂ ਬੀਬੀਸੀ ਨੂੰ ਦੱਸਿਆ, "ਹਿੰਸਾ ਵਿੱਚ ਕਮੀ ਦੇ ਕੋਈ ਸਬੂਤ ਤਾਂ ਨਹੀਂ ਹਨ, ਨਾ ਹੀ ਔਰਤਾਂ ਦੀ ਸੁਰੱਖਿਆ ਦੇ ਕੋਈ ਪਹਿਲਾਂ ਨਾਲੋਂ ਚੰਗੇ ਇੰਤਜ਼ਾਮ ਨਜ਼ਰ ਆ ਰਹੇ ਹਨ।"
ਤਸਵੀਰ ਸਰੋਤ, Getty Images/representative
‘ਔਰਤਾਂ ਵੱਲ ਇੱਜ਼ਤ ਨੂੰ ਉਂਝ ਵੀ ਵਧਾਉਣ ਦੀ ਲੋੜ ਹੈ’
ਮਾਹਿਰ ਕਹਿੰਦੇ ਹਨ ਕਿ ਔਰਤਾਂ ਵੱਲ ਇੱਜ਼ਤ ਨੂੰ ਉਂਝ ਵੀ ਵਧਾਉਣ ਦੀ ਲੋੜ ਹੈ ਤਾਂ ਵਿਹਾਰ ਬਿਹਤਰ ਹੋ ਸਕੇ।
ਆਸਟਰੇਲੀਆ ਵਿੱਚ ਲਿੰਗ ਅਸਮਾਨਤਾ ਦੇ ਮਸਲਿਆਂ ਦੇ ਕਮਿਸ਼ਨਰ ਕੇਟ ਜੈਂਕਿੰਸ ਮੁਤਾਬਕ, "ਇਹ ਹਿੰਸਾ ਉਦੋਂ ਹੀ ਮੁੱਕੇਗੀ ਜਦੋਂ ਔਰਤਾਂ ਕੇਵਲ ਸੁਰੱਖਿਅਤ ਹੀ ਨਹੀਂ ਹੋਣਗੀਆਂ ਸਗੋਂ ਉਨ੍ਹਾਂ ਦੀ ਇੱਜ਼ਤ ਵੀ ਹੋਵੇਗੀ। ਉਨ੍ਹਾਂ ਨੂੰ ਘਰ ਦੇ ਅੰਦਰ ਅਤੇ ਜਨਤਕ ਤੌਰ 'ਤੇ ਬਰਾਬਰ ਮੰਨਿਆ ਜਾਣਾ ਜ਼ਰੂਰੀ ਹੈ।"
ਇਹ ਵੀ ਜ਼ਰੂਰ ਪੜ੍ਹੋ
ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ: