ਇੱਕ ਮਹੀਨਾ ਵੈਕਸਿੰਗ ਨਾ ਕਰਵਾਉਣ ਵਾਲੀਆਂ ਔਰਤਾਂ ਨੂੰ ਸੋਸ਼ਲ ਮੀਡੀਆ 'ਤੇ ਕਿਵੇਂ ਦੇ ਤਜਰਬੇ ਹੋਏ

  • ਮਿਲੀਸੇਂਟ ਕੂਕ
  • ਬੀਬੀਸੀ ਨਿਊਜ਼
ਤਸਵੀਰ ਕੈਪਸ਼ਨ,

ਸੋਨੀਆ ਠਾਕੁਰ ਦੇਸਾਈ ਸਰੀਰ ਦੇ ਵਾਲ ਵਧਾਉਣ ਦਾ ਫੈਸਲਾ ਸੋਸ਼ਲ ਮੀਡੀਆ ਉੱਤੇ ਸਾਂਝਾ ਕਰਨ ਤੋਂ ਡਰਦੀ ਸੀ

ਦੁਨੀਆਂ ਭਰ ਵਿੱਚ ਕਈ ਔਰਤਾਂ ਨੇ ਜਨਵਰੀ ਮਹੀਨੇ ਵਿੱਚ ਇੱਕ ਮੁਹਿੰਮ ਸ਼ੁਰੂ ਕੀਤੀ ਅਤੇ ਆਪਣੇ ਸਰੀਰ 'ਤੇ ਅਣਚਾਹੇ ਵਾਲਾਂ ਵਾਲੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਪੂਰਾ ਮਹੀਨਾ ਵੈਕਸਿੰਗ ਨਾ ਕਰਨ ਦਾ ਫੈਸਲਾ ਕੀਤਾ ਸੀ।

ਕੁਝ ਲੋਕਾਂ ਨੇ ਇਸ ਮੁਹਿੰਮ ਦੀ ਸ਼ਲਾਘਾ ਕੀਤੀ ਤਾਂ ਕੁਝ ਨੇ ਇਸ ਨੂੰ ਬੇਹੱਦ ਘਿਣੌਣਾ ਕਰਾਰ ਦਿੱਤਾ। ਇਸ ਦੌਰਾਨ ਕਿਸ ਤਰ੍ਹਾਂ ਦਾ ਤਜਰਬਾ ਰਿਹਾ, ਚਾਰ ਔਰਤਾਂ ਨੇ ਸਾਂਝਾ ਕੀਤਾ ਹੈ।

'ਲੋਕਾਂ ਨੂੰ ਦੱਸਣਾ ਡਰਾਉਣਾ ਸੀ'

ਸੋਨੀਆ ਠਾਕੁਰ ਦੇਸਾਈ ਸਰੀਰ ਦੇ ਵਾਲ ਵਧਾਉਣ ਦਾ ਫੈਸਲਾ ਸਭ ਨਾਲ ਸਾਂਝਾ ਕਰਨ ਤੋਂ ਹਿਚਕਿਚਾ ਰਹੀ ਸੀ।

"ਮੈਂ ਦੇਖਿਆ ਸੀ ਕਿ ਇਸ ਮੁਹਿੰਮ ਨਾਲ ਜੁੜੇ ਕਈ ਟਵੀਟ ਮਰਦਾਂ ਤੇ ਔਰਤਾਂ ਵੱਲੋਂ ਕਾਫ਼ੀ ਸ਼ੇਅਰ ਕੀਤੇ ਜਾ ਰਹੇ ਸਨ। ਕੁਝ ਇਸ ਦੀ ਕਾਫ਼ੀ ਅਲੋਚਨਾ ਕਰ ਰਹੇ ਸਨ। ਇਸ ਮੁਹਿੰਮ ਵਿੱਚ ਸ਼ਾਮਿਲ ਹੋਣ ਦੀ ਖੁਸ਼ੀ ਸੀ ਪਰ ਸੋਸ਼ਲ ਮੀਡੀਆ ਉੱਤੇ ਪੋਸਟ ਕਰਕੇ ਲੋਕਾਂ ਨੂੰ ਦੱਸਣਾ ਕਾਫ਼ੀ ਡਰਾਉਣਾ ਸੀ।"

"ਸਰੀਰ ਦੇ ਵਾਲਾਂ ਸਬੰਧੀ ਮੈਂ ਹਮੇਸ਼ਾਂ ਹੀ ਕਾਫ਼ੀ ਸੁਚੇਤ ਰਹਿੰਦੀ ਹਾਂ। ਮੈਨੂੰ ਲਗਦਾ ਸੀ ਕਿ ਜੇ ਮੈਂ ਇਸ ਬਾਰੇ ਗੱਲ ਕਰਾਂਗੀ ਤਾਂ ਲੋਕ ਮੈਨੂੰ ਗੰਦਾ ਸਮਝਣਗੇ।"

19 ਸਾਲਾ ਸੋਨੀਆ ਬਰਤਾਨੀਆ ਦੇ ਪੱਛਮੀ ਯੋਰਕਸ਼ਾਈਰ ਵਿੱਚ ਰਹਿੰਦੀ ਹੈ। ਸੋਨੀਆ ਦਾ ਕਹਿਣਾ ਹੈ ਕਿ ਸ਼ੁਰੂਆਤੀ ਨਕਾਰਾਤਮਕ ਵਿਚਾਰਾਂ ਅਤੇ ਡਰ ਦੇ ਬਾਵਜੂਦ ਇਸ ਮੁਹਿੰਮ ਨੇ ਮੇਰਾ ਵਿਸ਼ਵਾਸ ਵਧਾਇਆ ਹੈ।

"ਇਸ ਕਾਰਨ ਦੁਨੀਆਂ ਭਰ ਵਿੱਚ ਇਸ ਵਿਸ਼ੇ ਉੱਤੇ ਚਰਚਾ ਦਾ ਰਾਹ ਖੁੱਲ੍ਹਿਆ ਹੈ। ਔਰਤਾਂ ਤਜਰਬੇ ਸਾਂਝੇ ਕਰ ਰਹੀਆਂ ਹਨ ਅਤੇ ਇਸ ਨਾਲ ਉਸ ਧਾਰਨਾ ਨੂੰ ਚੁਣੌਤੀ ਮਿਲੀ ਹੈ ਕਿ ਸਰੀਰ ਦੇ ਵਾਲ ਹਟਾਉਣਾ ਜ਼ਰੂਰੀ ਹੈ। ਇਸ ਕਾਰਨ ਮੈਨੂੰ ਆਪਣੇ ਸਰੀਰ ਵਿੱਚ ਸਹਿਜ ਮਹਿਸੂਸ ਹੋ ਰਿਹਾ ਹੈ ਅਤੇ ਮੈਂ ਕੁਦਰਤੀ ਤੌਰ ਵਿੱਚ ਸਰੀਰ ਨੂੰ ਕਬੂਲ ਕਰ ਰਹੀ ਹਾਂ।"

'ਮੈਂ ਕਿਸੇ ਦੀ ਮਨਜ਼ੂਰੀ ਲਈ ਅਹਿਜਾ ਨਹੀਂ ਕੀਤਾ'

ਸਾਬੀਨ ਫਿਸ਼ਰ ਕਾਫ਼ੀ ਹੈਰਾਨ ਹੋਈ ਸੀ ਜਦੋਂ ਉਸ ਦੇ ਕਰੀਬੀਆਂ ਨੇ ਇਸ ਮੁਹਿੰਮ ਵਿੱਚ ਸ਼ਾਮਿਲ ਹੋਣ 'ਤੇ ਗੁੱਸਾ ਜਤਾਇਆ।

"ਮੈਨੂੰ ਕਾਫ਼ੀ ਲੋਕਾਂ ਨੇ ਕਿਹਾ ਇਹ 'ਘਿਣਾਉਣਾ' ਅਤੇ 'ਗ਼ੈਰ-ਕੁਦਰਤੀ' ਹੈ। ਇਸ ਕਾਰਨ ਮੈਨੂੰ ਦੁੱਖ ਹੋਇਆ ਅਤੇ ਉਲਝਣ ਵੀ ਮਹਿਸੂਸ ਹੋਈ ਕਿਉਂਕਿ ਇਹ ਕਹਿਣ ਵਾਲੇ ਮੇਰੇ ਕਰੀਬੀ ਦੋਸਤ ਸਨ ਪਰ ਹੁਣ ਮੈਂ ਠੀਕ ਹਾਂ ਭਾਵੇਂ ਲੋਕ ਇਸ ਨੂੰ ਪਸੰਦ ਨਹੀਂ ਕਰਦੇ।"

ਇਹ ਵੀ ਪੜ੍ਹੋ

ਤਸਵੀਰ ਕੈਪਸ਼ਨ,

ਸਾਬੀਨ ਫਿਸ਼ਰ ਦਾ ਕਹਿਣਾ ਹੈ ਕਿ ਉਸ ਦੇ ਸਰੀਰ ਦੇ ਵਾਲ ਸੋਹਣੇ ਹਨ

"ਮੈਂ ਉਨ੍ਹਾਂ ਲਈ ਜਾਂ ਉਨ੍ਹਾਂ ਦੀ ਪ੍ਰਵਾਨਗੀ ਲਈ ਅਜਿਹਾ ਨਹੀਂ ਕਰ ਰਹੀ ਹਾਂ - ਮੈਂ ਇਹ ਖੁਦ ਲਈ ਕਰ ਰਹੀ ਹਾਂ।"

ਨਿਊਜੀਲੈਂਡ ਵਿੱਚ ਰੋਟੋਰਾ ਦੀ ਰਹਿਣ ਵਾਲੀ 18 ਸਾਲਾ ਵਿਦਿਆਰਥਣ ਨੇ ਕਿਹਾ ਕਿ ਕੁਝ ਸਭਿਆਚਾਰਾਂ ਵਿੱਚ ਇਹ ਦਿਮਾਗ ਵਿੱਚ ਭਰ ਦਿੱਤਾ ਜਾਂਦਾ ਹੈ ਕਿ ਸਰੀਰ ਦੇ ਵਾਲ "ਗਲਤ ਅਤੇ ਅਜੀਬ" ਹਨ।

"ਮੈਨੂੰ ਲਗਦਾ ਹੈ ਕਿ ਸਰੀਰ ਦੇ ਵਾਲ ਬਹੁਤ ਸੋਹਣੋ ਹੁੰਦੇ ਹਨ ਪਰ ਜਦੋਂ ਲੋਕ ਮੇਰੀ ਅੰਡਰ ਆਰਮ ਦੇ ਵਾਲ ਦੇਖਦੇ ਹਨ ਤਾਂ ਉਹ ਮੇਰੇ ਨਾਲ ਨਜ਼ਰਾਂ ਨਹੀਂ ਮਿਲਾਉਂਦੇ ਜਾਂ ਫਿਰ ਉਹ ਮੈਨੂੰ ਘੂਰਦੇ ਹਨ।

ਮੈਨੂੰ ਨਹੀਂ ਪਤਾ ਕਿ ਮੈਂ ਇਸ ਨੂੰ ਹਮੇਸ਼ਾ ਕਰਨਾ ਜਾਰੀ ਰੱਖਾਂਗੀ ਜਾਂ ਨਹੀਂ ਪਰ ਹੁਣ ਇਹ ਚੰਗਾ ਅਤੇ ਸਹੀ ਲੱਗਦਾ ਹੈ।"

"ਮੇਰੀ ਸੁੰਦਰਤਾ ਅਤੇ ਮੇਰੇ ਮੁੱਲ ਦਾ ਮੇਰੇ ਸਰੀਰ ਦੇ ਵਾਲਾਂ ਨਾਲ ਕੁਝ ਨਹੀਂ ਲੈਣਾ-ਦੇਣਾ ਹੈ। ਇਸ ਬਾਰੇ ਹੋਰ ਲੋਕ ਕੀ ਸੋਚਦੇ ਹਨ ਇਸ ਨਾਲ ਮੈਨੂੰ ਕੋਈ ਮਤਲਬ ਨਹੀਂ।"

ਇਹ ਵੀ ਪੜ੍ਹੋ:

'ਮੈਨੂੰ ਔਰਤ ਵਾਂਗ ਮਹਿਸੂਸ ਹੋਇਆ'

ਕ੍ਰਿਸਟਲ ਮਾਰਚੰਡ ਟ੍ਰਾਂਸਜੈਂਡਰ ਹੈ ਅਤੇ ਪਿਛਲੇ ਸਾਲ ਉਸ ਨੇ ਬਦਲਾਅ ਤੋਂ ਬਾਅਦ ਪਹਿਲੀ ਵਾਰ ਆਪਣੇ ਸਰੀਰ ਦੇ ਵਾਲਾਂ ਨੂੰ ਵਧਾਉਣ ਦਾ ਫੈਸਲਾ ਕੀਤਾ।

"ਮੈਨੂੰ ਭਿਆਨਕ ਨਾਂ ਦਿੱਤੇ ਗਏ। ਮੈਨੂੰ ਜਨਤਕ ਤੌਰ 'ਤੇ ਮਾੜਾ ਕਿਹਾ ਗਿਆ ਸੀ। ਕੁਝ ਲੋਕ ਮੈਨੂੰ ਘੂਰਦੇ ਰਹਿੰਦੇ ਤਾਂ ਕੁਝ ਮੇਰੇ ਵੱਲ ਦੇਖਦੇ ਵੀ ਨਹੀਂ ਸੀ।"

ਤਸਵੀਰ ਕੈਪਸ਼ਨ,

ਕ੍ਰਿਸਟਲ ਦਾ ਕਹਿਣਾ ਹੈ ਕਿ ਕਿਸੇ ਨਾਲ ਬਹਿਸ ਕਾਰਨ ਉਸ ਨੂੰ ਚਿਹਰੇ ਦੇ ਵਾਲ ਹਟਾਉਣੇ ਪਏ

ਮਹੀਨੇ ਦੇ ਮੱਧ ਵਿੱਚ ਇੱਕ ਬਹਿਸ ਕਾਰਨ ਚਿਹਰੇ ਦੇ ਵਾਲਾਂ ਨੂੰ ਹਟਾਉਣਾ ਪਿਆ।

ਕੈਨੇਡਾ ਦੇ ਮਾਂਟਰੀਅਲ ਵਿੱਚ ਰਹਿਣ ਵਾਲੀ 32 ਸਾਲਾ ਕ੍ਰਿਸਟਲ ਮਾਰਚੰਡ ਨੂੰ ਨਕਾਰਾਤਮਕ ਪ੍ਰਤੀਕਰਮ ਝੱਲਣਾ ਪਿਆ। ਇਸ ਦੇ ਬਾਵਜੂਦ ਉਸ ਨੇ ਇਸ ਦੌਰਾਨ ਉਸ ਨੇ ਖੁਦ ਬਾਰੇ ਬਹੁਤ ਕੁਝ ਸਿੱਖਿਆ ਹੈ।

"ਸਰਹੱਦਾਂ ਨੂੰ ਪਾਰ ਕਰਨ ਵਿੱਚ ਕਾਫ਼ੀ ਖ਼ਤਰਾ ਹੁੰਦਾ ਹੈ ਅਤੇ ਇਸ ਖ਼ਤਰੇ ਕਾਰਨ ਮੇਰੇ ਕੁਝ ਕਰੀਬੀਆਂ ਨੂੰ ਫਿਕਰ ਹੁੰਦੀ ਸੀ। ਇਸ ਮੁਹਿੰਮ ਦੌਰਾਨ ਮੈਨੂੰ ਅਹਿਸਾਸ ਹੋਇਆ ਕਿ ਮੇਰੇ ਸਾਰੇ ਸਰੀਰ ਦੇ ਵਾਲਾਂ ਦੇ ਬਾਵਜੂਦ ਮੈਨੂੰ ਔਰਤ ਵਾਂਗ ਮਹਿਸੂਸ ਹੋਇਆ।"

"ਮੇਰੇ ਲਿੰਗ ਬਾਰੇ ਹੋਰ ਲੋਕ ਕੀ ਸੋਚਦੇ ਹਨ ਇਹ ਮੇਰੇ ਲਈ ਕੋਈ ਅਹਿਮੀਅਤ ਨਹੀਂ ਰੱਖਦਾ। ਮੇਰੇ ਲਈ ਮੇਰੀ ਖੁਦ ਦੀ ਜਾਗਰੂਕਤਾ, ਖੁਦ ਨੂੰ ਸਵੀਕਾਰ ਕਰਨ ਅਤੇ ਖੁਦ ਨੂੰ ਪਿਆਰ ਕਰਨ ਅਤੇ ਪ੍ਰਗਟ ਕਰਨ ਦੀ ਸਮਰੱਥਾ ਅਹਿਮ ਹੈ।"

13 ਸਾਲਾ ਬੱਚੀ ਨੇ ਕੀਤਾ ਧੰਨਵਾਦ

ਇਸ ਮੁਹਿੰਮ ਦੀ ਸ਼ੁਰੂਆਤ ਕਰਨ ਵਾਲੀ 21 ਸਾਲਾ ਲੌਰਾ ਜੈਕਸਨ ਨੂੰ ਉਮੀਦ ਨਹੀਂ ਸੀ ਕਿ ਇਹ ਮੁਹਿੰਮ ਇੰਨੀ ਵੱਡੀ ਹੋ ਜਾਵੇਗੀ।

ਇਸ ਦਾ ਮਕਸਦ ਸੀ ਚੈਰਿਟੀ ਲਈ ਪੈਸੇ ਇਕੱਠੇ ਕਰਦਿਆਂ ਔਰਤਾਂ ਆਪਣੇ ਸਰੀਰ ਦੇ ਵਾਲਾਂ ਨਾਲ ਸਹਿਜ ਮਹਿਸੂਸ ਕਰਨ।

ਤਸਵੀਰ ਕੈਪਸ਼ਨ,

ਮੁਹਿੰਮ ਸ਼ੁਰੂ ਕਰਨ ਵਾਲੀ ਲੌਰਾ ਜੈਕਸਨ ਨੂੰ ਸਮਰਥਨ ਕਰਦੇ ਕਈ ਮੈਸੇਜ ਆਏ

ਉਸ ਨੇ ਦੱਸਿਆ ਕਿ ਇੱਕ ਔਰਤ ਜਿਸ ਨੂੰ ਪੀਸੀਓਐਸ ਕਾਰਨ ਦਾੜ੍ਹੀ ਆਉਂਦੀ ਸੀ, ਉਸ ਨੇ ਧੰਨਵਾਦ ਕੀਤਾ। ਉਸ ਨੇ 'ਰਾਕਸ਼ ਵਰਗਾ ਮਹਿਸੂਸ' ਨਾ ਕਰਵਾਉਣ ਦੇ ਲਈ ਸ਼ੁਕਰਾਨਾ ਕੀਤਾ।

ਐਕਸਟਰ ਯੂਨੀਵਰਸਿਟੀ ਦੀ ਵਿਦਿਆਰਥਣ ਲੌਰਾ ਨੇ ਕਿਹਾ, "ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਕੋਈ ਖੁਦ ਬਾਰੇ ਅਜਿਹਾ ਕਹਿ ਸਕਦਾ ਹੈ। ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ।"

ਤਸਵੀਰ ਕੈਪਸ਼ਨ,

ਲੌਰਾ ਜੈਕਸਨ ਨੂੰ ਉਮੀਦ ਨਹੀਂ ਸੀ ਕਿ #Januhairy ਮੁਹਿੰਮ ਇੰਨੀ ਵੱਡੀ ਹੋ ਜਾਵੇਗੀ

ਲੌਰਾ ਨੇ ਇਹ ਵੀ ਦੱਸਿਆ ਕਿ ਇੱਕ 13 ਸਾਲ ਦੀ ਬੱਚੀ ਨੇ ਉਸ ਨਾਲ ਸੰਪਰਕ ਕੀਤਾ। ਉਸ ਦੇ ਹੱਥਾਂ ਅਤੇ ਲੱਤਾਂ ਉੱਪਰ ਕਾਫ਼ੀ ਵਾਲ ਸਨ। ਉਸ ਨੇ ਧੰਨਵਾਦ ਕੀਤਾ ਕਿ ਇਸ ਮੁਹਿੰਮ ਰਾਹੀਂ ਉਸ ਨੂੰ ਪਤਾ ਲੱਗਿਆ ਕਿ ਉਹੀ "ਇਕੱਲੀ ਨਹੀਂ" ਹੈ।

"ਇਸ ਕਾਰਨ ਮੇਰਾ ਮਨੁੱਖਤਾ ਵਿੱਚ ਵਿਸ਼ਵਾਸ ਵਧਿਆ ਹੈ ਅਤੇ ਇਹ ਪੀੜ੍ਹੀ ਦੁਨੀਆਂ ਵਿਚ ਕਾਫ਼ੀ ਬਦਲਾਅ ਲਿਆ ਸਕਦੀ ਹੈ। ਇਹ ਸਿਰਫ਼ ਮੇਰੇ ਬਾਰੇ ਨਹੀਂ ਹੈ। ਔਰਤਾਂ ਆਪਣੀਆਂ ਕਹਾਣੀਆਂ ਨਾਲ ਹੋਰਨਾਂ ਔਰਤਾਂ ਨੂੰ ਪ੍ਰੇਰਿਤ ਕਰਦੀਆਂ ਰਹੀਆਂ ਹਨ।

"ਇਹ ਜ਼ਰੂਰੀ ਸੀ ਅਤੇ ਮੈਂ ਧੰਨਵਾਦੀ ਹਾਂ ਕਿ ਮੈਂ ਇਸਦਾ ਹਿੱਸਾ ਸੀ।"

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)