ਥਾਈਲੈਂਡ ਦੀ ਪ੍ਰਧਾਨ ਮੰਤਰੀ ਅਹੁਦੇ ਲਈ ਦਾਅਵੇਦਾਰੀ ਪੇਸ਼ ਕਰਨ ਵਾਲੀ ਰਾਜਕੁਮਾਰੀ ਕੌਣ ਹੈ?

ਰਾਜਕੁਮਾਰੀ ਉਬੋਲਰਤਨਾ Image copyright AFP
ਫੋਟੋ ਕੈਪਸ਼ਨ 1951 ਜੰਮੀ ਰਾਜਕੁਮਾਰੀ ਉਬੋਲਰਤਨਾ ਮਰਹੂਮ ਰਾਜਾ ਭੂਮੀਬੋਲ ਦੀ ਸਭ ਤੋਂ ਵੱਡੀ ਸੰਤਾਨ ਹੈ

ਥਾਈਲੈਂਡ ਦੇ ਰਾਜਾ ਵਾਜੀਰਾਲੋਂਗਕੋਰਨ ਨੇ ਮਾਰਚ ਵਿੱਚ ਹੋਣ ਵਾਲੀਆਂ ਪ੍ਰਧਾਨ ਮੰਤਰੀ ਚੋਣਾਂ ਵਿੱਚ ਆਪਣੀ ਭੈਣ ਵੱਲੋਂ ਅਚਾਨਕ ਪੇਸ਼ ਕੀਤੀ ਗਈ ਦਾਅਵੇਦਾਰੀ ਨੂੰ 'ਸਹੀ ਨਾ ਦੱਸਦਿਆਂ' ਉਸ ਦੀ ਨਿਖੇਧੀ ਕੀਤੀ ਹੈ।

ਰਾਜ ਮਹਿਲ ਤੋਂ ਜਾਰੀ ਇੱਕ ਬਿਆਨ ਮੁਤਾਬਕ, ਥਾਈਲੈਂਡ ਦੇ ਰਾਜਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਭੈਣ ਦੀ ਦਾਅਵੇਦਾਰੀ 'ਦੇਸ ਦੇ ਸੱਭਿਆਚਾਰ' ਵਿਰੁੱਧ ਹੋਵੇਗੀ।

67 ਸਾਲਾਂ ਰਾਜਕੁਮਾਰੀ ਉਬੋਲਰਤਨਾ ਮਾਹੀਦੋਲ ਨੂੰ ਸਾਬਕਾ ਪ੍ਰਧਾਨ ਮੰਤਰੀ ਥਾਕਸਿਨ ਚਿਨਾਵਟ ਦੀ ਸਹਿਯੋਗੀ ਪਾਰਟੀ ਨੇ ਆਪਣਾ ਉਮੀਦਵਾਰ ਨਾਮਜ਼ਦ ਕੀਤਾ ਹੈ।

ਇਸ ਪਹਿਲ ਨਾਲ ਥਾਈ ਸ਼ਾਹੀ ਪਰਿਵਾਰ ਦੀ ਸਿਆਸਤ ਨਾਲੋਂ ਦੂਰ ਰਹਿਣ ਦੀ ਰਵਾਇਤ ਟੁੱਟ ਜਾਵੇਗੀ।

ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਰਾਜਾ ਦੇ ਦਖ਼ਲ ਨਾਲ ਚੋਣ ਕਮਿਸ਼ਨ 24 ਮਾਰਚ ਨੂੰ ਹੋਣ ਵਾਲੀਆਂ ਪ੍ਰਧਾਨ ਮੰਤਰੀ ਚੋਣਾਂ ਲਈ ਰਾਜਕੁਮਾਰੀ ਨੂੰ ਨਾ ਕਾਬਿਲ ਐਲਾਨ ਸਕਦਾ ਹੈ।

ਇਨ੍ਹਾਂ ਚੋਣਾਂ 'ਤੇ ਸਾਰਿਆਂ ਦੀ ਨਜ਼ਰ ਹੈ ਕਿਉਂਕਿ ਪੰਜ ਸਾਲਾਂ ਤੋਂ ਸੈਨਿਕ ਸ਼ਾਸਨ ਤੋਂ ਬਾਅਦ ਥਾਈਲੈਂਡ ਵਿੱਚ ਲੋਕਤੰਤਰ ਵੱਲ ਵਾਪਸ ਆਉਣ ਦਾ ਮੌਕਾ ਹੈ।

ਇਹ ਵੀ ਪੜ੍ਹੋ-

Image copyright AFP
ਫੋਟੋ ਕੈਪਸ਼ਨ ਥਾਈਲੈਂਡ ਦੇ ਰਾਜਾ ਦਾ ਕਹਿਣਾ ਹੈ ਕਿ ਉਨ੍ਹਾਂ ਭੈਣ ਦੀ ਦਾਅਵੇਦਾਰੀ 'ਦੇਸ ਦੇ ਸੱਭਿਆਚਾਰ' ਵਿਰੁੱਧ ਹੋਵੇਗੀ।

ਰਾਜ ਮਹਿਲ ਤੋਂ ਜਾਰੀ ਬਿਆਨ ਮੁਤਾਬਕ ਰਾਜਾ ਦਾ ਕਹਿਣਾ ਹੈ, "ਹਾਲਾਂਕਿ ਉਨ੍ਹਾਂ ਨੇ ਆਪਣੇ ਸ਼ਾਹੀ ਖ਼ਿਤਾਬ ਛੱਡ ਦਿੱਤੇ ਹਨ ਪਰ ਵੀ ਉਹ ਚਾਕਰੀ ਵੰਸ਼ ਦੀ ਮੈਂਬਰ ਹੈ। ਸ਼ਾਹੀ ਪਰਿਵਾਰ ਦੇ ਕਿਸੇ ਵੀ ਮੈਂਬਰ ਦਾ ਸਿਆਸਤ 'ਚ ਆਉਣਾ ਦੇਸ ਦੀਆਂ ਪਰੰਪਰਾਵਾਂ, ਮਾਨਤਾਵਾਂ ਅਤੇ ਸੱਭਿਆਚਾਰ ਦੇ ਵਿਰੁੱਧ ਮੰਨਿਆ ਜਾਂਦਾ ਹੈ, ਇਸ ਲਈ ਅਜਿਹਾ ਕਰਨਾ ਬੇਹੱਦ ਅਣਉਚਿਤ ਹੋਵੇਗਾ।"

ਬਿਆਨ ਵਿੱਚ ਸੰਵਿਧਾਨ ਦਾ ਵੀ ਹਵਾਲਾ ਦਿੱਤਾ ਗਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਰਾਜ ਪਰਿਵਰਾ ਨੂੰ ਸਿਆਸਤ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ।

ਇਸ ਤੋਂ ਪਹਿਲਾਂ ਰਾਜਕੁਮਾਰੀ ਉਬੋਲਰਤਨਾ ਮਾਹੀਦੋਲ ਨੇ ਪ੍ਰਧਾਨ ਮੰਤਰੀ ਦੀ ਚੋਣ ਲੜਨ ਦੇ ਆਪਣੇ ਫ਼ੈਸਲੇ ਦਾ ਬਚਾਅ ਕਰਦਿਆਂ ਹੋਇਆ ਕਿਹਾ ਸੀ ਕਿ ਉਹ ਇੱਕ ਆਮ ਇਨਸਾਨ ਵਾਂਗ ਰਹਿੰਦੀ ਹੈ ਅਤੇ ਆਮ ਇਨਸਾਨ ਵਾਂਗ ਚੋਣ ਲੜਨ ਦੇ ਆਪਣੇ ਅਧਿਕਾਰ ਦਾ ਇਸਤੇਮਾਲ ਕਰਨਾ ਚਾਹੁੰਦੀ ਹੈ।

ਇਹ ਵੀ ਪੜ੍ਹੋ-

Image copyright Getty Images
ਫੋਟੋ ਕੈਪਸ਼ਨ ਰਾਜਕੁਮਾਰੀ ਨੇ ਸੋਸ਼ਲ ਮੀਡੀਆ 'ਤੇ ਸਰਗਰਮੀ ਨਾਲ ਕੰਮ ਕੀਤਾ ਅਤੇ ਕਈ ਥਾਈ ਫਿਲਮਾਂ ਵਿੱਚ ਕੰਮ ਕੀਤਾ

ਕੌਣ ਹਨ ਰਾਜਕੁਮਾਰੀ ਉਬੋਲਰਤਨਾ?

1951 ਵਿੱਚ ਜੰਮੀ ਰਾਜਕੁਮਾਰੀ ਉਬੋਲਰਤਨਾ ਰਾਜਕੰਨਿਆ ਸਿਰੀਵਧਾਨਾ ਬਰਨਾਵਦੀ ਥਾਈਲੈਂਡ ਦੇ ਹਰਮਨ ਪਿਆਰੇ ਮਰਹੂਮ ਰਾਜਾ ਭੂਮੀਬੋਲ ਦੀ ਸਭ ਤੋਂ ਵੱਡੀ ਸੰਤਾਨ ਹੈ। ਰਾਜਾ ਭੂਮੀਬੋਲ ਦਾ ਸਾਲ 2016 'ਚ ਦੇਹਾਂਤ ਹੋ ਗਿਆ ਹੈ।

ਅਮਰੀਕਾ ਵਿੱਚ ਉੱਚ ਸਿੱਖਿਆ ਹਾਸਿਲ ਕਰਨ ਵਾਲੀ ਰਾਜਕੁਮਾਰੀ ਉਬੋਲਰਤਨਾ ਨੇ ਸਾਲ 1972 ਵਿੱਚ ਇੱਕ ਅਮਰੀਕੀ ਨਾਲ ਵਿਆਹ ਤੋਂ ਬਾਅਦ ਸ਼ਾਹੀ ਖ਼ਿਤਾਬ ਛੱਡ ਦਿੱਤੇ ਸੀ।

ਪਰ ਤਲਾਕ ਤੋਂ ਬਾਅਦ ਉਹ ਸਾਲ 2001 ਵਿੱਚ ਥਾਈਲੈਂਡ ਵਾਪਸ ਆਈ ਸੀ ਅਤੇ ਇੱਕ ਵਾਰ ਫਿਰ ਸ਼ਾਹੀ ਪਰਿਵਾਰ ਦੇ ਨਾਲ ਉਠਣਾ-ਬੈਠਣਾ ਸ਼ੁਰੂ ਹੋ ਗਿਆ ਸੀ।

ਰਾਜਕੁਮਾਰੀ ਨੇ ਸੋਸ਼ਲ ਮੀਡੀਆ 'ਤੇ ਸਰਗਰਮੀ ਨਾਲ ਕੰਮ ਕੀਤਾ ਅਤੇ ਕਈ ਥਾਈ ਫਿਲਮਾਂ ਵਿੱਚ ਕੰਮ ਕੀਤਾ।

ਰਾਜਕੁਮਾਰੀ ਦੇ ਤਿੰਨ ਬੱਚੇ ਹਨ, ਜਿੰਨ੍ਹਾਂ ਵਿਚੋਂ ਇੱਕ ਦੀ 2004 ਦੀ ਸੁਨਾਮੀ ਵੇਲੇ ਮੌਤ ਹੋ ਗਈ ਸੀ। ਦੋ ਥਾਈਲੈਂਡ ਵਿੱਚ ਰਹਿੰਦੇ ਹਨ।

ਇਹ ਵੀ ਪੜ੍ਹੋ-

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)