ਉਮਰ ਮੁਤਾਬਕ ਜਾਣੋ ਤੁਹਾਡੇ ਲਈ ਕਿਹੜੀ ਕਸਰਤ ਸਹੀ ਹੈ
- ਸੰਪਾਦਕੀ
- ਬੀਬੀਸੀ ਨਿਊਜ਼

ਤਸਵੀਰ ਸਰੋਤ, Getty Images
ਵੀਹਵੇਂ ਸਾਲ ਵਿੱਚ ਸਾਡਾ ਸਰੀਰ ਸਭ ਤੋਂ ਵਧੀਆ ਹਾਲਤ ਵਿੱਚ ਹੁੰਦਾ ਹੈ ਪਰ ਨਿਯਮਤ ਕਸਰਤ ਨਾਲ ਅਸੀਂ ਆਪਣੀ ਤੰਦਰੁਸਤੀ ਬਰਕਰਾਰ ਰੱਖ ਸਕਦੇ ਹਾਂ।
ਖੇਡਾਂ ਦੇ ਸਾਡੀ ਸਿਹਤ 'ਤੇ ਪੈਣ ਵਾਲੇ ਚੰਗੇ ਪ੍ਰਭਾਵ ਕਿਸੇ ਤੋਂ ਲੁਕੇ ਨਹੀਂ ਹਨ। ਰੋਜ਼ਾਨਾ ਕਸਰਤ ਕਰਨ ਨਾਲ ਦਿਲ ਦੀ ਬਿਮਾਰੀ, ਕੈਂਸਰ ਅਤੇ ਟਾਈਪ-2 ਡਾਇਬਿਟੀਜ਼ ਸਮੇਤ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਖ਼ਤਰਾ ਘੱਟ ਜਾਂਦਾ ਹੈ।
ਇਸ ਤੋਂ ਇਲਾਵਾ ਕਸਰਤ ਸਾਡੀ ਮਾਨਸਿਕ ਸਿਹਤ ਨੂੰ ਕਾਇਮ ਰੱਖਣ ਵਿੱਚ ਵੀ ਮਦਦਗਾਰ ਹੁੰਦੀ ਹੈ। ਰੋਜ਼ਾਨਾ ਕੀਤੀ ਗਈ ਕਸਰਤ ਸਾਡੇ ਸਰੀਰ ਵਿਚ ਐਂਡੌਰਫਿਨਜ਼ ਦੇ ਪੱਧਰ ਨੂੰ ਵਧਾਉਂਦੀ ਹੈ ਜਿਸ ਨਾਲ ਸਾਡੀ ਮਨੋਦਸ਼ਾ ਅਤੇ ਸਵੈ-ਮਾਣ ਵੀ ਪ੍ਰਭਾਵਿਤ ਹੁੰਦਾ ਹੈ।
ਜਿਵੇਂ 20 ਸਾਲਾਂ ਦੀ ਤੇ 40 ਸਾਲਾਂ ਦੀ ਉਮਰ ਦਾ ਫ਼ਰਕ ਸਪਸ਼ਟ ਹੈ। ਉਸੇ ਤਰ੍ਹਾਂ ਇਹ ਗੱਲ ਵੀ ਸਪਸ਼ਟ ਹੈ ਕਿ ਹਰ ਤਰ੍ਹਾਂ ਦੀ ਖੇਡ ਹਰ ਉਮਰ ਦੇ ਵਿਅਕਤੀ ਲਈ ਠੀਕ ਨਹੀਂ ਹੁੰਦੀ।
ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਅਸੀਂ ਵੱਧਦੀ ਉਮਰ ਦੇ ਹਿਸਾਬ ਨਾਲ ਆਪਣੀ ਕਸਰਤ ਵਿੱਚ ਬਦਲਾਅ ਨਹੀਂ ਕਰਦੇ ਤਾਂ ਇਸ ਨਾਲ ਸਾਡੀ ਸਰੀਰਕ ਸਿਹਤ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ। ਜੇ ਕਸਰਤ ਨਾ ਕਰ ਸਕਣ ਕਾਰਨ ਹੋਣ ਵਾਲੀ ਥਕਾਨ ਨੂੰ ਵੀ ਗਿਣ ਲਈਏ ਤਾਂ ਮਾਨਿਸਕ ਸਿਹਤ 'ਤੇ ਵੀ ਅਸਰ ਪੈਂਦਾ ਹੈ।
ਇਹ ਵੀ ਪੜ੍ਹੋ:
ਡਬਲਿਨ ਵਿਚ ਸਥਿਤ ਟ੍ਰਿਨਿਟੀ ਕਾਲੇਜ ਵਿੱਚ ਫਿਜੀਓਥੈਰੇਪੀ ਦੀ ਪ੍ਰੋਫੈਸਰ ਜੂਲੀ ਬ੍ਰੌਡੇਰਿਕ ਨੇ ਆਪਣੇ ਇੱਕ ਲੇਖ "ਦਿ ਕਨਵਰਸੇਸ਼ਨ" ਵਿੱਚ ਉਮਰ-ਉਚਿਤ ਕਸਰਤ ਬਾਰੇ ਦੱਸਿਆ ਹੈ।
ਸੰਖੇਪ ਵਿੱਚ ਉਨ੍ਹਾਂ ਨੇ ਹੇਠ ਦਿੱਤੀਆਂ ਕਸਰਤਾਂ ਸੁਝਾਈਆਂ ਹਨ:
ਤਸਵੀਰ ਸਰੋਤ, Getty Images
ਬਚਪਨ
ਬਚਪਨ ਵਿੱਚ ਕੀਤੀ ਜਾਣ ਵਾਲੀ ਕਸਰਤ ਨਾਲ ਬੱਚਿਆਂ ਦਾ ਵਜ਼ਨ ਠੀਕ ਰੱਖਣ ਵਿੱਚ ਮਦਦ ਮਿਲਦੀ ਹੈ। ਉਨ੍ਹਾਂ ਦੀਆਂ ਮਾਸਪੇਸ਼ੀਆਂ ਮਜਬੂਤ ਬਣਦੀਆਂ ਹਨ, ਆਤਮ ਵਿਸ਼ਵਾਸ਼ ਵਿੱਚ ਵਾਧਾ ਹੁੰਦਾ ਹੈ ਅਤੇ ਨੀਂਦ ਵਿੱਚ ਵੀ ਸੁਧਾਰ ਹੁੰਦਾ ਹੈ।
ਬਚਪਨ ਵਿੱਚ ਵੱਖੋ-ਵੱਖ ਖੇਡਾਂ ਆਜ਼ਮਾਉਣ ਦੀ ਸਲਾਹ ਦਿੱਤੀ ਜਾਂਦੀ ਹੈ, ਜਿਸ ਨਾਲ ਬੱਚਿਆਂ ਵਿੱਚ ਕਈ ਤਰ੍ਹਾਂ ਦੇ ਹੁਨਰਾਂ ਦਾ ਵਿਕਾਸ ਹੋ ਸਕੇ। ਇਨ੍ਹਾਂ ਖੇਡਾਂ ਵਿੱਚ ਤੈਰਾਕੀ ਤੋਂ ਲੈ ਕੇ ਬਾਲ ਨਾਲ ਖੇਡੇ ਜਾਣ ਵਾਲੀਆਂ ਖੇਡਾਂ ਅਤੇ ਕੁਸ਼ਤੀ ਸ਼ਾਮਲ ਹਨ।
ਇਸ ਗੱਲ ਦੀ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਬੱਚੇ ਪਾਰਕਾਂ ਅਤੇ ਖੇਡ-ਮੈਦਾਨਾਂ ਵਿੱਚ ਖੁੱਲ੍ਹੀ ਦੌੜ-ਭੱਜ ਦਾ ਵੀ ਆਨੰਦ ਮਾਨਣ।
ਤਸਵੀਰ ਸਰੋਤ, Getty Images
ਅੱਲੜ੍ਹਪੁਣੇ ਦੀ ਵਰਜਿਸ਼
ਬਰੌਡੇਰਿਕ ਦਾ ਕਹਿਣਾ ਹੈ ਕਿ ਇਸ ਉਮਰ ਦੌਰਾਨ ਖੇਡਾਂ ਵਿੱਚ ਰੁਚੀ ਖ਼ਾਸ ਕਰਕੇ ਕੁੜੀਆਂ ਵਿੱਚ ਘੱਟ ਜਾਂਦੀ ਹੈ।
ਇਸ ਦੇ ਬਾਵਜੂਦ ਚਿੰਤਾ ਅਤੇ ਤਣਾਅ ਨੂੰ ਕਾਬੂ ਕਰਨ ਲਈ ਉਥਲ-ਪੁਥਲ ਵਾਲੀ ਇਸ ਉਮਰ ਵਿੱਚ ਤੰਦਰੁਸਤੀ ਕਾਇਮ ਰੱਖਣ ਲਈ ਕਸਰਤ ਕਰਨੀ ਬਹੁਤ ਜ਼ਰੂਰੀ ਹੈ।
ਇਸ ਉਮਰ ਵਿੱਚ ਟੀਮਾਂ ਵਾਲੀਆਂ ਖੇਡਾਂ ਖੇਡਣੀਆਂ ਚਾਹੀਦੀਆਂ ਹਨ।
ਟੀਮਾਂ ਵਾਲੀਆਂ ਖੇਡਾਂ ਨਾਲ ਅੱਲੜ੍ਹ ਪ੍ਰੇਰਿਤ ਰਹਿੰਦੇ ਹਨ ਅਤੇ ਉਹ ਅਨੁਸ਼ਾਸਨ ਵੀ ਸਿੱਖਦੇ ਹਨ।
ਬਰੌਡੇਰਿਕ ਦੁਆਰਾ ਇਕੱਠੀਆਂ ਕੀਤੀਆਂ ਮਾਹਿਰਾਂ ਦੀਆਂ ਸਿਫਾਰਿਸ਼ਾਂ ਮੁਤਾਬਕ ਤੈਰਾਕੀ ਅਤੇ ਐਥਲੈਟਿਕਸ ਉਨ੍ਹਾਂ ਨੂੰ ਫਿੱਟ ਰੱਖਣ ਵਿਚ ਸਭ ਤੋਂ ਵੱਧ ਸਹਾਇਤਾ ਕਰਦੀਆਂ ਹਨ।
20 ਸਾਲ ਦੀ ਉਮਰ ਲਈ ਵਰਜਿਸ਼
ਮਾਹਿਰਾਂ ਮੁਤਾਬਕ ਆਪਣੀ ਉਮਰ ਦੇ ਇਸ ਦਹਾਕੇ ਦੌਰਾਨ ਅਸੀਂ ਆਪਣੇ ਬਿਹਤਰੀਨ ਸਰੀਰਕ ਪੱਧਰ 'ਤੇ ਪਹੁੰਚ ਸਕਦੇ ਹਾਂ।
ਇਸ ਦੌਰਾਨ ਆਪਣੀ ਸਰੀਰਕ ਸਮਰੱਥਾ ਦੇ ਹਿਸਾਬ ਨਾਲ ਸਭ ਤੋਂ ਵਧੀਆ ਕਾਰਗੁਜ਼ਾਰੀ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਦੌਰਾਨ ਰਗਬੀ, ਰੋਵਿੰਗ ਅਤੇ ਜਿੰਮ ਵਿੱਚ ਵਜ਼ਨ ਚੁੱਕਣ ਵਰਗੀਆਂ ਵੱਖੋ-ਵੱਖ ਕਸਰਤਾਂ ਦਾ ਅਭਿਆਸ ਕੀਤਾ ਜਾ ਸਕਦਾ ਹੈ।
ਐਰੋਬਿਕਸ, ਐਨਐਰੋਬਿਕ ਅਤੇ ਰੇਜ਼ਿਸਟੈਂਸ ਵਰਗੀਆਂ ਕਈ ਤਰ੍ਹਾਂ ਦੀਆਂ ਕਸਰਤਾਂ ਨੂੰ ਇਕੱਠਾ ਕਰਕੇ ਵਰਜਿਸ਼ ਕਰਨੀ ਚਾਹੀਦੀ ਹੈ।
ਤਸਵੀਰ ਸਰੋਤ, Getty Images
30 ਸਾਲ ਦੀ ਉਮਰ ਵਿੱਚ
ਇਸ ਉਮਰ ਦੌਰਾਨ ਆਪਣੀ ਤਾਕਤ ਨੂੰ ਬਰਕਰਾਰ ਰੱਖਣ ਦੇ ਨਾਲ ਨਾਲ ਦਿਲ ਦੀ ਸਿਹਤ ਦਾ ਧਿਆਨ ਰੱਖਣਾ ਵੀ ਮਹੱਤਵਪੂਰਨ ਹੈ ਜੋ ਕਿ ਚੁਣੌਤੀਪੂਰਨ ਵੀ ਹੈ।
ਆਪਣੀ ਪਰਿਵਾਰਕ ਜ਼ਿੰਮੇਵਾਰੀਆਂ ਕਾਰਨ ਸਮਾਂ ਕੱਢਣਾ ਮੁਸ਼ਕਿਲ ਤਾਂ ਹੋ ਸਕਦਾ ਹੈ ਪਰ ਇੱਥੇ ਦਿਮਾਗ ਤੋਂ ਕੰਮ ਲੈਣਾ ਜ਼ਰੂਰੀ ਹੈ।
ਮਾਹਿਰ ਮੰਨਦੇ ਹਨ ਕਿ ਇਸ ਉਮਰ ਵਿੱਚ ਛੋਟੇ ਪਰ ਵੱਧ ਤੀਬਰਤਾ ਵਾਲੇ ਟ੍ਰੇਨਿੰਗ ਸੈਸ਼ਨ (ਜਿੰਨ੍ਹਾਂ ਨੂੰ ਐਚਆਈਆਈਟੀ ਕਿਹਾ ਜਾਂਦਾ ਹੈ) ਲੈਣ ਦੀ ਜ਼ਰੂਰਤ ਹੈ। ਇਸ ਵਿੱਚ ਭੱਜਣਾ, ਸਾਈਕਲ ਚਲਾਉਣਾ, ਫਰਾਟਾ ਦੌੜ ਅਤੇ "ਰੇਜ਼ਿਸਟੈਂਸ ਸਰਕਟ" ਸ਼ਾਮਲ ਹਨ।
ਔਰਤਾਂ ਨੂੰ, ਖ਼ਾਸ ਤੌਰ 'ਤੇ ਮਾਂ ਬਨਣ ਤੋਂ ਬਾਅਦ ਕੀਗਲ ਕਸਰਤਾਂ ਕਰਨ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ ਤਾਂ ਜੋ ਉਹ ਆਪਣੇ ਸਰੀਰ ਦਾ ਨਿੱਚਲਾ ਹਿੱਸਾ ਮਜ਼ਬੂਤ ਰੱਖ ਸਕਣ।
ਤਸਵੀਰ ਸਰੋਤ, Getty Images
40 ਸਾਲ ਦੀ ਉਮਰ ਵਿੱਚ ਰਜਿਸਟੈਂਸ
ਇਸ ਉਮਰ ਵਿੱਚ ਕਿਉਂਕਿ ਭਾਰ ਵੱਧਣਾ ਸ਼ੁਰੂ ਹੋ ਜਾਂਦਾ ਹੈ, ਇਸ ਲਈ ਮਾਹਿਰਾਂ ਦਾ ਕਹਿਣਾ ਹੈ ਕਿ ਰਜ਼ਿਸਟੈਂਸ ਟ੍ਰੇਨਿੰਗ (ਜ਼ੋਰ ਵਾਲੀਆਂ ਕਸਰਤਾਂ) ਕਰਨੀ ਚਾਹੀਦੀ ਹੈ।
ਇਸ ਨਾਲ ਭਾਰ ਘੱਟਦਾ ਹੈ ਅਤੇ ਮਾਸਪੇਸ਼ੀਆਂ ਨੂੰ ਹੋਣ ਵਾਲੇ ਨੁਕਸਾਨ ਵਿੱਚ ਵੀ ਕਮੀ ਆਉਂਦੀ ਹੈ।
ਡੰਮਬਲਾਂ ਤੋਂ ਸ਼ੁਰੂਆਤ ਕਰਕੇ ਜਿੰਮ ਦੀਆਂ ਵੇਟ ਮਸ਼ੀਨਾਂ ਨਾਲ ਕਸਰਤ ਕਰਨੀ ਚਾਹੀਦੀ ਹੈ।
ਇਸ ਰੁਟੀਨ ਵਿੱਚ ਪੀਲਾਟੇਜ਼ (ਜਿਸ ਵਿੱਚ ਸਾਰੇ ਸਰੀਰ ਦੀ ਕਸਰਤ ਹੋਵੇ) ਕਰਨੇ ਚਾਹੀਦੇ ਹਨ। ਪੀਲਾਟੇਜ਼ ਨਾਲ ਪਿੱਠ ਨੂੰ ਮਜ਼ਬੂਤੀ ਮਿਲਦੀ ਹੈ।
ਤਸਵੀਰ ਸਰੋਤ, Getty Images
50 ਸਾਲ ਦੀ ਉਮਰ ਵਿੱਚ
ਉਮਰ ਦੇ ਇਸ ਦਹਾਕੇ ਦੌਰਾਨ ਦਿਲ ਦੀਆਂ ਬਿਮਾਰੀਆਂ, ਟਾਈਪ-2 ਡਾਇਬਟੀਜ਼ ਅਤੇ ਦਰਦ ਰਹਿਣੇ ਸ਼ੁਰੂ ਹੋ ਜਾਂਦੇ ਹਨ।
ਔਰਤਾਂ ਵਿੱਚ ਐਸਟ੍ਰੋਜੇਨ ਦਾ ਪੱਧਰ ਘੱਟਣ ਕਾਰਨ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵਧ ਜਾਂਦਾ ਹੈ।
ਸਿਫ਼ਾਰਿਸ਼ ਕੀਤੀ ਜਾਂਦੀ ਹੈ ਕਿ ਹਫ਼ਤੇ ਵਿੱਚ ਦੋ ਵਾਰ ਰਜ਼ਿਸਟੈਂਸ ਸੈਸ਼ਨ ਹੋਣਾ ਚਾਹੀਦਾ ਹੈ ਜਿਸ ਨਾਲ ਮਾਸਪੇਸ਼ੀਆਂ ਸਹੀ ਰਹਿਣ। ਇਸ ਰੂਟੀਨ ਵਿੱਚ ਕਾਰਡਿਓ-ਵੈਸਕਿਊਲਰ ਕਸਰਤਾਂ ਵੀ ਸ਼ਾਮਲ ਕਰਨੀਆਂ ਚਾਹੀਦੀਆਂ ਹਨ, ਜਿਵੇਂ- ਤੁਰਨਾ, ਐਂਕਲ ਬੈਂਡ ਪਹਿਨ ਕੇ ਜੌਗਿੰਗ ਅਤੇ ਵੇਟ ਚੁੱਕਣਾ। ਤੁਸੀਂ ਯੋਗਾ ਵੀ ਕਰ ਸਕਦੇ ਹੋ।
ਤਸਵੀਰ ਸਰੋਤ, Getty Images
60 ਸਾਲਾਂ ਦੀ ਉਮਰ ਵਿੱਚ
ਜ਼ਿੰਦਗੀ ਦੇ ਇਸ ਪੜਾਅ ਦੌਰਾਨ ਕਈ ਘਾਤਕ ਬਿਮਾਰੀਆਂ ਹੋ ਸਕਦੀਆਂ ਹਨ ਅਤੇ ਕਸਰਤ ਨਾਲ ਇਨ੍ਹਾਂ ਦਾ ਖ਼ਤਰਾ ਘੱਟ ਸਕਦਾ ਹੈ।
ਇਸ ਦੌਰਾਨ ਸਭ ਤੋਂ ਵੱਧ ਸਲਾਹ ਬਾੱਲਰੂਮ ਡਾਂਸ ਅਤੇ ਹਲਕੀ ਕਸਰਤ ਦੀ ਦਿੱਤੀ ਜਾਂਦੀ ਹੈ, ਜਿਸ ਨਾਲ ਸਰੀਰ ਦੀ ਅਤੇ ਜੋੜਾਂ ਦੀ ਲਚਕ ਬਣੀ ਰਹੇ।
ਕਾਰਡਿਓ-ਵੈਸਕਿਊਲਰ ਕਸਰਤਾਂ ਅਤੇ ਤੇਜ਼ ਤੁਰਨਾ ਵੀ ਚੰਗਾ ਹੈ।
ਤਸਵੀਰ ਸਰੋਤ, Getty Images
ਨਾਚ ਨਾਲ ਦਿਲ ਵੀ ਜਵਾਨ ਰਹਿੰਦਾ ਹੈ ਤੇ ਸਰੀਰ ਵੀ ਤੰਦਰੁਸਤ ਰਹਿੰਦਾ ਹੈ।
70 ਸਾਲ ਅਤੇ ਇਸ ਤੋਂ ਵੱਧ ਉਮਰ ਦੌਰਾਨ
ਇਸ ਉਮਰ ਵਿੱਚ ਮੁੱਖ ਟੀਚਾ ਇਹੀ ਹੁੰਦਾ ਹੈ ਕਿ ਸਰੀਰ ਨੂੰ ਤੁਰਦਾ-ਫਿਰਦਾ ਰੱਖਿਆ ਜਾ ਸਕੇ। ਸਰੀਰਕ ਗਤੀਵਿਧੀਆਂ ਨਾਲ ਸੋਚ-ਸ਼ਕਤੀ ਵੀ ਬਣੀ ਰਹਿੰਦੀ ਹੈ।
ਇਸ ਉਮਰ ਵਿੱਚ ਪਾਣੀ ਵਾਲੀਆਂ ਕਸਰਤਾਂ ਵੀ ਕੀਤੀਆਂ ਜਾ ਸਕਦੀਆਂ ਹਨ ਕਿਉਂਕਿ ਜਦੋਂ ਤੁਸੀਂ ਪਾਣੀ ਨਾਲ ਮੁਕਾਬਲਾ ਕਰਦੇ ਹੋ ਤਾਂ ਇਸ ਦਾ ਅਸਰ ਥੋੜ੍ਹਾ ਹੁੰਦਾ ਹੈ ਪਰ ਮਾਸਪੇਸ਼ੀਆਂ ਦੀ ਕਸਰਤ ਹੁੰਦੀ ਰਹਿੰਦੀ ਹੈ।
ਆਪਣੇ ਡਾਕਟਰ ਦੀ ਸਲਾਹ ਨਾਲ ਉਮਰ ਮੁਤਾਬਕ, ਸਰੀਰ ਨੂੰ ਤਾਕਤ ਦੇਣ ਵਾਲੀ ਕਸਰਤਾਂ ਕਰਨੀਆਂ ਚਾਹੀਦੀਆਂ ਹਨ।
ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਸਰੀਰਕ ਗਤੀਵਿਧੀ ਦੇ ਇੱਕ ਸੰਤੁਲਿਤ ਪੱਧਰ ਨੂੰ ਕਾਇਮ ਰੱਖਿਆ ਜਾ ਸਕੇ।
ਇਹ ਵੀ ਪੜ੍ਹੋ:
ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ: