ਮੇਨੋਪੌਜ਼ ਦੇ ਅਸਰ ਨੂੰ ਇਨ੍ਹਾਂ ਔਰਤਾਂ ਨੇ ਇੰਝ ਘਟਾਇਆ

ਮੇਨੋਪੌਜ਼, ਵੇਲਸ
ਫੋਟੋ ਕੈਪਸ਼ਨ ਆਮ ਤੌਰ 'ਤੇ ਮੇਨੋਪੌਜ਼ 45 ਤੋਂ 55 ਸਾਲ ਦੀ ਉਮਰ ਵਿੱਚ ਹੁੰਦਾ ਹੈ ਜਦੋਂ ਔਰਤਾਂ ਵਿੱਚ ਐਸਟ੍ਰੋਜਨ ਦਾ ਪੱਧਰ ਘੱਟ ਜਾਂਦਾ ਹੈ

ਮੇਨੋਪੌਜ਼ ਵਿੱਚ ਔਰਤਾਂ ਕਈ ਤਰ੍ਹਾਂ ਦੇ ਸਰੀਰਕ ਬਦਲਾਅ ਤੋਂ ਗੁਜ਼ਰਦੀਆਂ ਹਨ। ਉਨ੍ਹਾਂ ਵਿੱਚ ਹਾਰਮੋਨਲ ਬਦਲਾਅ ਹੁੰਦੇ ਹਨ ਜੋ ਤਣਾਅ, ਉਦਾਸੀ ਅਤੇ ਕੁਝ ਸੈਕਸੁਅਲ ਪ੍ਰੇਸ਼ਾਨੀਆਂ ਦਾ ਕਾਰਨ ਬਣਦੇ ਹਨ।

ਪਰ,ਵੇਲਸ ਵਿੱਚ ਕਈ ਔਰਤਾਂ ਮੇਨੋਪੌਜ਼ ਦੇ ਇਨ੍ਹਾਂ ਪ੍ਰਭਾਵਾਂ ਤੋਂ ਨਜਿੱਠਣ ਲਈ ਠੰਡੇ ਪਾਣੀ ਵਿੱਚ ਤੈਰਾਕੀ ਦਾ ਤਰੀਕਾ ਅਪਣਾ ਰਹੀਆਂ ਹਨ।

ਇਹ ਔਰਤਾਂ ਸਮੁੰਦਰ ਦੇ 6 ਡਿਗਰੀ ਸੈਲਸੀਅਸ ਤਾਪਮਾਨ ਵਾਲੇ ਪਾਣੀ ਵਿੱਚ ਉਤਰਦੀਆਂ ਹਨ ਅਤੇ ਠੰਡ ਨੂੰ ਮਾਤ ਦੇ ਕੇ ਤੈਰਾਕੀ ਕਰਦੀਆਂ ਹਨ।

ਇਨ੍ਹਾਂ ਵਿੱਚੋਂ ਕੁਝ ਔਰਤਾਂ ਦਾ ਮੰਨਣਾ ਹੈ ਕਿ ਇਸ ਤਰੀਕੇ ਨਾਲ ਉਨ੍ਹਾਂ ਦੀ ਮਾਨਸਿਕ ਸਿਹਤ ਵਿੱਚ ਵੀ ਸੁਧਾਰ ਹੋਇਆ ਹੈ।

ਇਹ ਵੀ ਪੜ੍ਹੋ:

ਐਲੀਸਨ ਓਵੇਨ ਕਹਿੰਦੀ ਹੈ, ''ਜਦੋਂ ਮੈਨੂੰ ਕੁਝ ਸਾਲ ਪਹਿਲਾਂ ਮੇਨੋਪੌਜ਼ ਹੋਇਆ ਤਾਂ ਪਹਿਲਾਂ ਪਤਾ ਹੀ ਨਹੀਂ ਲੱਗਾ ਕਿ ਇਹ ਸ਼ੁਰੂ ਹੋ ਗਿਆ ਹੈ। ਮੈਂ ਅਜਿਹੀਆਂ ਔਰਤਾਂ ਦੀਆਂ ਕਹਾਣੀਆਂ ਪੜ੍ਹੀਆਂ ਸਨ ਜੋ ਬਹੁਤ ਤਣਾਅ ਅਤੇ ਡਿਪਰੈਸ਼ਨ ਵਿੱਚ ਆ ਗਈਆਂ।''

ਐਲੀਸਨ ਕਹਿੰਦੀ ਹੈ, ''ਮੈਂ ਆਪਣੇ ਨਾਲ ਅਜਿਹਾ ਕੁਝ ਨਹੀਂ ਚਾਹੁੰਦੀ ਸੀ। ਇਸ ਲਈ ਮੈਂ ਸੋਚਿਆ ਕਿ ਖ਼ੁਦ ਨੂੰ ਐਕਟਿਵ ਰੱਖਣ ਅਤੇ ਇਸ ਤੋਂ ਬਾਹਰ ਨਿਕਲਣ ਲਈ ਮੈਨੂੰ ਕੁਝ ਕਰਨਾ ਹੀ ਹੋਵੇਗਾ।''

ਫੋਟੋ ਕੈਪਸ਼ਨ ਇਹ ਔਰਤਾਂ ਸਮੁੰਦਰ ਦੇ 6 ਡਿਗਰੀ ਸੈਲਸੀਅਸ ਤਾਪਮਾਨ ਵਾਲੇ ਵਿੱਚ ਉਤਰਦੀਆਂ ਹਨ ਅਤੇ ਠੰਡ ਨੂੰ ਮਾਤ ਦੇ ਕੇ ਤੈਰਾਕੀ ਕਰਦੀਆਂ ਹਨ

ਦੇਖਦੇ ਹੀ ਦੇਖਦੇ ਗਰੁੱਪ ਬਣ ਗਿਆ

ਐਲੀਸਨ ਨੇ ਪਿਛਲੀਆਂ ਗਰਮੀਆਂ ਵਿੱਚ ਅਧਿਆਪਕ ਦੀ ਨੌਕਰੀ ਛੱਡ ਦਿੱਤੀ ਅਤੇ ਸੇਰੇਬ੍ਰਲ ਪਾਲਸੀ ਤੋਂ ਪੀੜਤ ਆਪਣੀ ਧੀ ਦੀ ਪੂਰੀ ਤਰ੍ਹਾਂ ਦੇਖਭਾਲ ਕਰਨ ਲੱਗੀ।

ਉਹ ਦੱਸਦੀ ਹੈ ਕਿ ਇਸ ਤੋਂ ਕੁਝ ਸਮੇਂ ਬਾਅਦ ਹੀ ਉਨ੍ਹਾਂ ਨੇ ਸਵਾਨਸੀ ਵਿੱਚ ਗੋਵਰ ਪ੍ਰਾਇਦੀਪ ਵਿੱਚ ਕੋਲਡ ਵਿੰਟਰ ਸਵੀਮਿੰਗ ਯਾਨਿ ਠੰਡੇ ਪਾਣੀ ਵਿੱਚ ਤੈਰਾਕੀ ਕਰਨੀ ਸ਼ੁਰੂ ਕਰ ਦਿੱਤੀ।

ਪਹਿਲਾਂ ਉਹ ਇਕੱਲੀ ਅਜਿਹਾ ਕਰਦੀ ਸੀ ਪਰ ਬਾਅਦ ਵਿੱਚ ਉਨ੍ਹਾਂ ਨੇ ਹੋਰ ਔਰਤਾਂ ਨਾਲ ਵੀ ਜੁੜਨ ਬਾਰੇ ਗੱਲ ਕੀਤੀ।

ਐਲੀਸਨ ਦੱਸਦੀ ਹੈ, ''ਇਸਦੀ ਸ਼ੁਰੂਆਤ ਬਹੁਤ ਰੋਮਾਂਚਕ ਬਹੁਤ ਰੋਮਾਂਚਕ ਅਤੇ ਉਤਸ਼ਾਹ ਭਰੀ ਸੀ। ਅਸੀਂ ਆਪਣੇ ਅੰਦਰ ਇੱਕ ਬੱਚੇ ਨੂੰ ਜਗਾ ਦਿੱਤਾ। ਅਸੀਂ ਖ਼ੁਦ ਨੂੰ ਯਾਦ ਕਰਵਾਇਆ ਕਿ ਬੱਚੇ, ਨੌਕਰੀਆਂ ਅਤੇ ਦੂਜੇ ਕੰਮਾਂ ਤੋਂ ਪਹਿਲਾਂ ਅਸੀਂ ਕਿਸ ਤਰ੍ਹਾਂ ਦੇ ਹੁੰਦੇ ਸਨ।''

ਉਹ ਕਹਿੰਦੀ ਹੈ, ''ਇਸ ਪ੍ਰਕਿਰਿਆ ਵਿੱਚ ਸਰੀਰ ਦੇ ਪਾਣੀ ਦੇ ਅਨੁਕੂਲ ਹੋਣ ਤੋਂ ਪਹਿਲਾਂ ਪਾਣੀ ਵਿੱਚ ਟਿਕੇ ਰਹਿਣ ਲਈ 91 ਸੈਕਿੰਡ ਤੱਕ ਹਿੰਮਤ ਬਣਾਏ ਰੱਖਣ ਦੀ ਲੋੜ ਹੈ।''

ਐਲੀਸਨ ਕਹਿੰਦੀ ਹੈ ਕਿ ਇਸ ਤਰੀਕੇ ਨੂੰ ਅਪਣਾ ਰਹੀਆਂ ਔਰਤਾਂ ਐਨੀਆਂ ਸਕਾਰਾਤਮਕ ਰਹੀਆਂ ਕਿ ਉਨ੍ਹਾਂ ਨੇ ਆਪਣੇ ਆਪ ਇੱਕ ਸਮੂਹ ਬਣਾ ਲਿਆ।

ਹੁਣ ਤਾਂ ਗੋਵਰ ਬਲੂਟਿਟਸ ਨਾਮ ਨਾਲ ਇੱਕ ਸਵੀਮਿੰਗ ਕਲੱਬ ਬਣ ਚੁੱਕਿਆ ਹੈ। ਇੱਥੇ ਕਰੀਬ 20 ਔਰਤਾਂ ਠੰਡੇ ਪਾਣੀ ਦਾ ਲੁਤਫ਼ ਲੈਣ ਲਈ ਇਕੱਠੀਆਂ ਆਉਂਦੀਆਂ ਹਨ।

ਇਹ ਵੀ ਪੜ੍ਹੋ:

ਮੇਨੋਪੌਜ਼ ਕੀ ਹੁੰਦਾ ਹੈ

ਐਨਐੱਚਐੱਸ ਮੁਤਾਬਕ ਮੇਨੋਪੌਜ਼ ਉਦੋਂ ਹੁੰਦਾ ਹੈ ਜਦੋਂ ਔਰਤਾਂ ਨੂੰ ਪੀਰੀਅਡਜ਼ ਆਉਣੇ ਬੰਦ ਹੋ ਜਾਂਦੇ ਹਨ ਅਤੇ ਉਹ ਗਰਭਵਤੀ ਨਹੀਂ ਹੋ ਸਕਦੀਆਂ।

ਇਸ ਦੌਰਾਨ ਰਾਤਾਂ ਨੂੰ ਪਸੀਨਾ ਆਉਣਾ, ਗਰਮੀ ਲੱਗਣਾ, ਉਦਾਸ ਜਾਂ ਚਿੰਤਤ ਹੋਣਾ ਅਤੇ ਯਾਦਦਾਸ਼ਤ ਘੱਟ ਹੋਣਾ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ।

ਫੋਟੋ ਕੈਪਸ਼ਨ ਇਸ ਨਾਲ ਸਰੀਰ ਵਿੱਚ ਤਣਾਅ ਸਬੰਧੀ ਹਾਰਮੋਨਜ਼ ਰਿਲੀਜ਼ ਹੁੰਦੇ ਹਨ ਇਸੇ ਲਈ ਲੋਕ ਕਹਿੰਦੇ ਹਨ ਕਿ ਉਹ ਹਲਕਾ ਮਹਿਸੂਸ ਕਰਦੇ ਹਨ

ਇਸ ਨਾਲ ਔਰਤਾਂ ਦੀ ਸੈਕਸ ਲਾਈਫ਼ 'ਤੇ ਵੀ ਅਸਰ ਪੈਂਦਾ ਹੈ। ਉਨ੍ਹਾਂ ਵਿੱਚ ਸਰੀਰਕ ਇੱਛਾ ਘੱਟ ਜਾਂਦੀ ਹੈ ਅਤੇ ਸੈਕਸ ਦੌਰਾਨ ਵੈਜਾਈਨਲ ਡ੍ਰਾਈਨੈਸ ਅਤੇ ਅਸਹਿਜਤਾ ਹੁੰਦੀ ਹੈ।

ਆਮ ਤੌਰ 'ਤੇ ਮੇਨੋਪੌਜ਼ 45 ਤੋਂ 55 ਸਾਲ ਦੀ ਉਮਰ ਵਿੱਚ ਹੁੰਦਾ ਹੈ ਜਦੋਂ ਔਰਤਾਂ ਵਿੱਚ ਐਸਟ੍ਰੋਜਨ ਦਾ ਪੱਧਰ ਘੱਟ ਜਾਂਦਾ ਹੈ।

ਐਲੀਸਨ ਦੇ ਨਾਲ ਹੀ ਤੈਰਾਕੀ ਕਰਨ ਵਾਲੀ ਪੈਟਰੀਸ਼ੀਆ ਵੁਡਹਾਊਸ ਕਹਿੰਦੀ ਹੈ, ''ਮੈਂ ਮੇਨੋਪੌਜ਼ ਤੋਂ ਲੰਘ ਰਹੀ ਹਾਂ। ਮੈਨੂੰ ਲਗਦਾ ਹੈ ਕਿ ਤੈਰਾਕੀ ਸ਼ੁਰੂ ਕਰਨ ਨਾਲ ਮੈਨੂੰ ਕਾਫ਼ੀ ਫ਼ਰਕ ਪਿਆ ਹੈ। ਰਾਤ ਨੂੰ ਹੁਣ ਓਨਾ ਪਸੀਨਾ ਨਹੀਂ ਆਉਂਦਾ। ਮੈਂ ਹੁਣ ਪਹਿਲੇ ਜਿੰਨਾ ਤਣਾਅ ਮਹਿਸੂਸ ਨਹੀਂ ਕਰਦੀ।''

ਉਹ ਕਹਿੰਦੀ ਹੈ ਕਿ ਇਹ ਤਰੀਕਾ ਤੁਹਾਨੂੰ ਅਜਿਹੇ 10 ਮਿੰਟ ਦਿੰਦਾ ਹੈ ਜਦੋਂ ਤੁਸੀਂ ਕਿਸੇ ਚੀਜ਼ ਬਾਰੇ ਨਹੀਂ ਸੋਚਦੇ।

ਕਿਵੇਂ ਹੁੰਦਾ ਹੈ ਫਾਇਦਾ

ਯੂਨੀਵਰਸਿਟੀ ਆਫ਼ ਪੋਰਟਸਮਾਊਥ ਵਿੱਚ ਕੋਲਡ ਵਾਟਰ ਸਵੀਮਿੰਗ ਦੇ ਮਾਹਰ ਪ੍ਰੋਫ਼ੈਸਰ ਮਾਈਕ ਟਿਪਟੌਨ ਮੁਤਾਬਕ ਇਹ ਗਰੁੱਪ ਠੰਡੇ ਪਾਣੀ ਵਿੱਚ ਤੈਰਾਕੀ ਦੇ ਜਿਸ ਤਰ੍ਹਾਂ ਦੇ ਪ੍ਰਭਾਵਾਂ ਦੀ ਗੱਲ ਕਰ ਰਿਹਾ ਹੈ ਉਹ ਅਸਾਧਾਰਣ ਨਹੀਂ ਹੈ।

ਪ੍ਰੋਫ਼ੈਸਰ ਟਿਪਟੌਨ ਦੱਸਦੇ ਹਨ, ''ਇਸ ਗੱਲ ਦੇ ਮਹੱਤਵਪੂਰਨ ਨਤੀਜੇ ਹਨ ਕਿ ਇਹ ਤਰੀਕਾ ਕੁਝ ਚੀਜ਼ਾਂ ਵਿੱਚ ਕੰਮ ਆਉਂਦਾ ਹੈ, ਪਰ ਅਸੀਂ ਨਹੀਂ ਜਾਣਦੇ ਕਿ ਇਹ ਕਿਵੇਂ ਹੁੰਦਾ ਹੈ। ਠੰਡੇ ਪਾਣੀ ਦੇ ਅਸਰ ਨੂੰ ਲੈ ਕੇ ਬਹੁਤ ਸਾਰੀਆਂ ਥਿਊਰੀਆਂ ਹਨ ਪਰ ਕੋਈ ਨਿਸ਼ਚਿਤ ਨਤੀਜਾ ਨਹੀਂ ਹੈ।''

''ਇਸਦਾ ਮੁੱਖ ਮਸਲਾ ਇਹ ਹੈ ਕਿ ਇਸ ਵਿੱਚ ਸ਼ਾਮਲ ਵੱਖ-ਵੱਖ ਕਾਰਨਾਂ ਨੂੰ ਵੱਖ-ਵੱਖ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ। ਕੋਲਡ ਵਾਟਰ ਸਵੀਮਿੰਗ ਵਿੱਚ ਕਸਰਤ ਅਤੇ ਸਮਾਜੀਕਰਣ ਸ਼ਾਮਲ ਹੁੰਦੇ ਹਨ। ਇਨ੍ਹਾਂ ਦੋਵਾਂ ਗੱਲਾਂ ਦਾ ਮਾਨਸਿਕ ਸਿਹਤ 'ਤੇ ਬਹੁਤ ਸਕਾਰਾਤਮਕ ਅਸਰ ਹੁੰਦਾ ਹੈ।''

ਇਹ ਵੀ ਪੜ੍ਹੋ:

ਪ੍ਰੋਫੈਸਰ ਟਿਪਟੌਨ ਕਹਿੰਦੇ ਹਨ ਕਿ ਇਹੀ ਕਾਰਨ ਹੈ ਕਿ ਪਾਣੀ ਦੇ ਤਾਪਮਾਨ ਦੇ ਅਸਰ ਦਾ ਵਿਸ਼ਲੇਸ਼ਣ ਕਰਨਾ ਵੀ ਬਹੁਤ ਮੁਸ਼ਕਿਲ ਹੁੰਦਾ ਹੈ। ਉਹ ਦੱਸਦੇ ਹਨ, ''ਹਰ ਕੋਈ ਜਾਣਦਾ ਹੈ ਕਿ ਠੰਡੇ ਪਾਣੀ ਵਿੱਚ ਨਹਾਉਣਾ ਇੱਕ ਤਰ੍ਹਾਂ ਨਾਲ ਕੋਲਡ ਸ਼ੌਕ ਦਿੰਦਾ ਹੈ। ਇਸ ਨਾਲ ਸਰੀਰ ਵਿੱਚ ਤਣਾਅ ਸਬੰਧੀ ਹਾਰਮੋਨਜ਼ ਰਿਲੀਜ਼ ਹੁੰਦੇ ਹਨ। ਇਸੇ ਲਈ ਲੋਕ ਕਹਿੰਦੇ ਹਨ ਕਿ ਉਹ ਹਲਕਾ ਮਹਿਸੂਸ ਕਰਦੇ ਹਨ।''

ਪਰ ਪ੍ਰੋਫ਼ੈਸਰ ਟਿਪਟੌਨ ਇਸ ਨੂੰ ਲੈ ਕੇ ਸਾਵਧਾਨ ਵੀ ਕਰਦੇ ਹਨ। ਉਹ ਕਹਿੰਦੇ ਹਨ, ''ਲੋਕਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਖ਼ਤਰਨਾਕ ਕੰਮ ਕਰ ਰਹੇ ਹਨ। ਆਰਾਮ ਦੇਣ ਦੀ ਇਹੀ ਪ੍ਰਕਿਰਿਆ ਤੁਹਾਨੂੰ ਠੰਡੇ ਪਾਣੀ ਵਿੱਚ ਸਾਹ ਲੈਣ ਵਿੱਚ ਦਿੱਕਤ ਵੀ ਪੈਦਾ ਕਰ ਸਕਦੀ ਹੈ।''

ਉੱਥੇ ਹੀ ਪੈਟਰੀਸ਼ੀਆ ਇਸ ਨੂੰ ਆਜ਼ਾਦ ਹੋਣ ਵਾਂਗ ਮੰਨਦੀ ਹੈ। ਉਹ ਕਹਿੰਦੀ ਹੈ, ''ਅਜਿਹੀ ਹੀ ਆਜ਼ਾਦੀ ਬੱਚਿਆਂ ਨੂੰ ਹੁੰਦੀ ਹੈ। ਉਨ੍ਹਾਂ ਵਿੱਚ ਕੋਈ ਝਿਜਕ ਨਹੀਂ ਹੁੰਦੀ। ਕੋਈ ਇਸ ਗੱਲ ਦੀ ਫਿਕਰ ਨਹੀਂ ਕਰਦਾ ਕਿ ਉਸ ਛੋਟੀ ਉਮਰ ਵਿੱਚ ਉਹ ਕਿਹੋ ਜਿਹੇ ਦਿਖਦੇ ਹਨ, ਬਸ ਉਹ ਪਾਣੀ ਵਿੱਚ ਵੜ ਜਾਂਦੇ ਹਨ। ਅਸੀਂ ਵੀ ਬਿਲਕੁਲ ਅਜਿਹਾ ਹੀ ਕਰਦੇ ਹਾਂ, ਇਸ ਗੱਲ ਦੀ ਚਿੰਤਾ ਨਹੀਂ ਕਰਦੇ ਕਿ ਅਸੀਂ ਕਿਹੇ ਜਿਹੇ ਦਿਖਧੇ ਹਾਂ ਬਸ ਪਾਣੀ ਵਿੱਚ ਵੜ ਜਾਂਦੇ ਹਨ। ਇਹ ਸਿਰਫ਼ ਖ਼ੁਸ਼ੀ ਦੇ ਲਈ ਹੈ।''

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ