ਬ੍ਰਿਟੇਨ ਤੋਂ ਭੱਜ ਕੇ ਆਈਐੱਸ 'ਚ ਜਾਣ ਵਾਲੀ ਕੁੜੀ ਨੇ ਕਿਹਾ, 'ਮੈਂ ਕੱਟੇ ਹੋਏ ਸਿਰ ਕੂੜੇਦਾਨ 'ਚ ਦੇਖ ਕੇ ਨਹੀਂ ਘਬਰਾਈ'

ਬੇਗ਼ਮ Image copyright Met police
ਫੋਟੋ ਕੈਪਸ਼ਨ ਬੇਗ਼ਮ 15 ਸਾਲਾਂ ਦੀ ਸੀ ਜਦੋਂ ਉਸ ਨੇ ਬਰਤਾਨੀਆਂ ਛੱਡਿਆ ਸੀ

ਸਾਲ 2015 ਵਿੱਚ ਬ੍ਰਿਟੇਨ ਤੋਂ ਭੱਜ ਕੇ ਇਸਲਾਮਿਕ ਸਟੇਟ ਵਿੱਚ ਸ਼ਾਮਿਲ ਹੋਣ ਵਾਲੀਆਂ 3 ਸਕੂਲੀ ਵਿਦਿਆਰਥਣਾਂ 'ਚੋਂ ਇੱਕ ਦਾ ਕਹਿਣਾ ਹੈ ਕਿ ਉਸ ਨੂੰ ਭੱਜਣ ਦਾ ਕੋਈ ਪਛਤਾਵਾ ਨਹੀਂ ਹੈ ਪਰ ਉਹ ਵਾਪਸ ਬਰਤਾਨੀਆ ਆਉਣਾ ਚਾਹੁੰਦੀ ਹੈ।

ਟਾਈਮਜ਼ ਨੂੰ ਦਿੱਤੇ ਗਏ ਇੰਟਰਵਿਊ ਵਿੱਚ 19 ਸਾਲਾਂ ਸ਼ਮੀਮਾ ਬੇਗ਼ਮ ਨੇ 'ਕੱਟੇ ਹੋਏ' ਸਿਰ ਕੂੜੇਦਾਨਾਂ 'ਚ ਦੇਖੇ ਜਾਣ ਦੀ ਗੱਲ ਕਹੀ ਪਰ ਕਿਹਾ ਕਿ ਇਸ ਨਾਲ 'ਉਸ ਨੂੰ ਕੋਈ ਫਰਕ ਨਹੀਂ ਪਿਆ'।

ਸੀਰੀਆ ਦੇ ਸ਼ਰਨਾਰਥੀ ਕੈਂਪ 'ਤੋਂ ਉਸ ਨੇ ਗੱਲ ਕਰਦਿਆਂ ਕਿਹਾ ਕਿ ਉਹ ਗਰਭਵਤੀ ਹੈ ਅਤੇ ਨੌਵਾਂ ਮਹੀਨਾ ਚੱਲ ਰਿਹਾ ਹੈ ਅਤੇ ਉਹ ਆਪਣੇ ਬੱਚੇ ਲਈ ਘਰ ਵਾਪਸ ਆਉਣਾ ਚਾਹੁੰਦੀ ਹੈ।

ਉਸ ਨੇ ਦੱਸਿਆ ਕਿ ਉਸ ਦੇ ਦੋ ਬੱਚੇ ਹੋਰ ਸਨ, ਜਿਨ੍ਹਾਂ ਦੀ ਮੌਤ ਹੋ ਗਈ।

ਉਸ ਨੇ ਇਹ ਵੀ ਦੱਸਿਆ ਕਿ ਬਰਤਾਨੀਆਂ ਤੋਂ ਉਸ ਨਾਲ ਭੱਜਣ ਵਾਲੀਆਂ ਉਸ ਦੀਆਂ ਦੋ ਹੋਰ ਸਕੂਲੀ ਦੋਸਤਾਂ ਦੀ ਮੌਤ ਇੱਕ ਬੰਬ ਧਮਾਕੇ ਵਿੱਚ ਹੋ ਗਈ ਹੈ।

'ਆਮ ਜ਼ਿੰਦਗੀ ਵਾਂਗ ਸੀ'

ਫਰਵਰੀ 2015 ਵਿੱਚ ਬੈਥਾਨਲ ਗਰੀਨ ਅਕਾਦਮੀ ਤੋਂ ਭੱਜੀਆਂ ਬੇਗ਼ਮ ਅਤੇ ਆਮੀਰਾ ਆਬੇਜ਼ ਦੀ ਉਮਰ 15 ਸਾਲ ਦੀ ਜਦ ਕਿ ਕਾਦੀਜ਼ਾ ਸੁਲਤਾਨਾ ਦੀ ਉਮਰ ਉਸ ਵੇਲੇ 16 ਸਾਲ ਦੀ ਸੀ।

ਇਹ ਵੀ ਪੜ੍ਹੋ-

Image copyright Met police
ਫੋਟੋ ਕੈਪਸ਼ਨ ਕਦੀਜਾ ਸੁਲਤਾਨਾ, ਅਮੀਰਾ ਆਬੇਸ ਅਤੇ ਸ਼ਮੀਨਾ ਬੇਗ਼ਮ ਤਿੰਨੇ ਹੀ 2015 ਨੂੰ ਬਰਤਾਨੀਆਂ ਤੋਂ ਭੱਜੀਆਂ ਸਨ

ਉਹ ਆਪਣੇ ਮਾਪਿਆਂ ਨੂੰ ਘੁੰਮਣ ਦਾ ਕਹਿ ਕੇ ਗੈਟਵਿੱਕ ਏਅਰਪੋਰਟ ਤੋਂ ਤੁਰਕੀ ਭੱਜੀਆਂ ਸਨ ਅਤੇ ਬਾਅਦ ਵਿੱਚ ਉਨ੍ਹਾਂ ਨੇ ਸੀਰੀਆ ਦੀ ਸਰਹੱਦ ਪਾਰ ਕਰ ਲਈ ਸੀ।

ਉਸ ਨੇ ਟਾਈਮਜ਼ ਨੂੰ ਦੱਸਿਆ ਕਿ ਰਾਕਾ ਪਹੁੰਚ ਕੇ ਉਹ ਹੋਰ ਵਿਆਹੀਆਂ ਜਾਣ ਵਾਲੀਆਂ ਔਰਤਾਂ ਨਾਲ ਰੁਕੀ।

ਉਸ ਨੇ ਕਿਹਾ, "ਮੈਂ ਅੰਗਰੇਜ਼ੀ ਬੋਲਣ ਵਾਲੇ 20-25 ਸਾਲ ਦੇ ਲੜਾਕੇ ਨਾਲ ਵਿਆਹ ਕਰਵਾਉਣ ਦੀ ਅਰਜ਼ੀ ਦਿੱਤੀ ਸੀ।"

10 ਦਿਨਾਂ ਬਾਅਦ ਉਸ ਦਾ ਵਿਆਹ 27 ਸਾਲ ਦੇ ਡਚ ਮੂਲ ਦੇ ਵਿਅਕਤੀ ਨਾਲ ਹੋਇਆ, ਜਿਸ ਨੇ ਇਸਲਾਮ ਕਬੂਲ ਕੀਤਾ ਹੋਇਆ ਸੀ।

ਉਹ ਉਦੋਂ ਤੋਂ ਉਸ ਨਾਲ ਹੀ ਹੈ ਅਤੇ ਦੋ ਹਫ਼ਤੇ ਪਹਿਲਾਂ ਜੋੜਾ ਆਈਐਸ ਗਰੁੱਪ ਦੇ ਆਖ਼ਰੀ ਅੱਡੇ ਬਾਘੁਜ ਤੋਂ ਭੱਜ ਗਿਆ ਸੀ।

ਪਰ ਭੱਜਣ ਕਾਰਨ ਉਸ ਦੇ ਪਤੀ ਨੇ ਆਪਣੇ ਆਪ ਨੂੰ ਸੀਰੀਆ ਦੇ ਲੜਾਕਿਆਂ ਦੇ ਹਵਾਲੇ ਕਰ ਦਿੱਤਾ ਸੀ ਅਤੇ ਉਹ ਹੁਣ ਉੱਤਰੀ ਸੀਰੀਆ ਵਿੱਚ 39 ਹਜ਼ਾਰ ਸ਼ਰਨਾਰਥੀਆਂ ਵਿੱਚ ਰਹਿ ਰਹੀ ਹੈ।

ਟਾਈਮਜ਼ ਦੇ ਪੱਤਰਕਾਰ ਐਂਥਨੀ ਲੋਇਡ ਨੇ ਜਦੋਂ ਉਸ ਨੂੰ ਪੁੱਛਿਆ ਕਿ ਆਈਐਸ ਦੇ ਸਭ ਤੋਂ ਮਜ਼ਬੂਤ ਗੜ੍ਹ ਵਿੱਚ ਰਹਿਣ ਦਾ ਤਜ਼ਰਬਾ ਉਸ ਦੀਆਂ ਇੱਛਾਵਾਂ ਦੇ ਮੁਤਾਬਕ ਹੀ ਸੀ ਤਾਂ ਬੇਗ਼ਮ ਨੇ ਕਿਹਾ, "ਜੀ ਹਾਂ, ਉਹ ਇੱਕ ਆਮ ਜ਼ਿੰਦਗੀ ਵਾਂਗ ਸੀ, ਜਿਹੜੀ ਪ੍ਰਚਾਰ ਵੀਡੀਓ ਵਿੱਚ ਦਿਖਾਈ ਜਾਣ ਵਾਲੀ ਜ਼ਿੰਦਗੀ ਸੀ ਉਹੀ ਇਥੋਂ ਦੀ ਆਮ ਜ਼ਿੰਦਗੀ ਸੀ।"

"ਹੁਣ ਅਤੇ ਪਹਿਲਾਂ ਹਰੇਕ ਥਾਂ ਬੰਬ, ਆਦਿ ਸੀ ਪਰ ਇਸ ਤੋਂ ਇਲਾਵਾ...ਪਹਿਲੀ ਵਾਰ ਜਦੋਂ 'ਕੱਟਿਆ ਹੋਇਆ ਸਿਰ ਕੂੜੇਦਾਨ ਵਿੱਚ ਦੇਖਿਆ ਤਾਂ ਮੈਂ ਬਿਲਕੁਲ ਵੀ ਨਹੀਂ ਘਬਰਾਈ।"

"ਇਹ ਜੰਗ ਦੇ ਮੈਦਾਨ ਵਿੱਚੋਂ ਕਬਜ਼ੇ 'ਚ ਲਏ ਇਸਲਾਮ ਦੇ ਦੁਸ਼ਮਣ ਦਾ ਸੀ।"

ਉਸ ਨੇ ਕਿਹਾ, "ਮੈਂ ਸਿਰਫ਼ ਇਹ ਸੋਚਿਆ ਕਿ ਜੇਕਰ ਉਸ ਨੂੰ ਮੌਕਾ ਮਿਲਦਾ ਤਾਂ ਉਹ ਮੁਸਲਮਾਨ ਔਰਤ ਨਾਲ ਕੀ ਕਰਦਾ।"

ਉਸ ਨੇ ਲੋਇਡ ਨੂੰ ਦੱਸਿਆ, "ਮੈਂ ਹੁਣ ਉਹ 15 ਸਾਲ ਦੀ ਮੂਰਖ਼ ਸਕੂਲੀ ਬੱਚੀ ਨਹੀਂ ਸੀ ਜੋ ਬੈਥਨਾਲ ਗਰੀਨ ਅਕਾਦਮੀ ਤੋਂ 4 ਸਾਲ ਪਹਿਲਾਂ ਭੱਜੀ ਸੀ।"

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਸੀਰੀਆ ਦੇ ਪੂਰਬੀ ਘੂਟਾ ਤੋਂ ਭੱਜਣ ਲਈ ਕਿਉਂ ਮਜਬੂਰ ਲੋਕ?

"ਮੈਨੂੰ ਇੱਥੇ ਆਉਣ ਦਾ ਕੋਈ ਪਛਤਾਵਾ ਨਹੀਂ ਹੈ।"

"ਮੈਂ ਹਮੇਸ਼ਾ ਸੋਚਦੀ ਸੀ ਅਸੀਂ ਇਕੱਠੇ ਮਰਾਂਗੇ।"

ਉਸ ਨੇ ਕਿਹਾ, "ਮੈਨੂੰ ਵੱਡੀਆਂ ਉਮੀਦਾਂ ਨਹੀਂ ਸਨ ਪਰ ਜੋ ਵੀ ਸਨ ਉਹ ਹੌਲੀ-ਹੌਲੀ ਛੋਟੀਆਂ ਹੁੰਦੀਆਂ ਜਾ ਰਹੀਆਂ ਸਨ ਅਤੇ ਇੱਥੇ ਇੰਨਾ ਜ਼ੁਲਮ ਅਤੇ ਭ੍ਰਿਸ਼ਟਾਚਾਰ ਹੋ ਰਿਹਾ ਸੀ ਕਿ ਮੈਨੂੰ ਨਹੀਂ ਲਗਦਾ ਕਿ ਉਹ ਜਿੱਤ ਦੇ ਲਾਇਕ ਵੀ ਹਨ।"

ਉਸ ਨੇ ਦੱਸਿਆ ਕਿ ਉਸ ਦੇ ਪਤੀ ਨੂੰ ਅਜਿਹੀ ਜੇਲ੍ਹ 'ਚ ਰੱਖਿਆ ਗਿਆ, ਜਿੱਥੇ ਪੁਰਸ਼ਾਂ ਨਾਲ ਜ਼ੁਲਮ ਕੀਤਾ ਜਾਂਦਾ ਸੀ।

ਕਦੀਜਾ ਸੁਲਤਾਨਾ ਦੇ ਪਰਿਵਾਰ ਦੇ ਵਕੀਲ ਨੇ ਕਿਹਾ ਕਿ ਸਾਲ 2016 ਵਿੱਚ ਲੱਗਾ ਕਿ ਉਹ ਰੂਸੀ ਹਵਾਈ ਹਮਲੇ ਵਿੱਚ ਮਾਰੀ ਗਈ ਹੈ।

ਬੇਗ਼ਮ ਨੇ ਟਾਈਮਜ਼ ਨੂੰ ਦੱਸਿਆ ਕਿ ਉਸ ਦੀਆਂ ਸਹੇਲੀਆਂ ਦੀ ਬੰਬ ਧਮਾਕਿਆਂ ਦੌਰਾਨ ਉਸ ਘਰ 'ਚ ਮੌਤ ਹੋ ਗਈ ਜਿੱਥੇ 'ਕੁਝ ਖ਼ੁਫ਼ੀਆਂ ਕੰਮ ਚੱਲ' ਰਿਹਾ ਸੀ।

ਉਸ ਨੇ ਅੱਗੇ ਦੱਸਿਆ, "ਮੈਂ ਕਦੇ ਨਹੀਂ ਸੋਚਿਆ ਸੀ ਕਿ ਅਜਿਹਾ ਕੁਝ ਹੋ ਸਕਦਾ ਹੈ। ਪਹਿਲਾਂ ਮੈਂ ਇਸ ਸਭ ਤੋਂ ਮੁਨਕਰ ਸੀ ਕਿਉਂਕਿ ਮੈਂ ਹਮੇਸ਼ਾ ਸੋਚਦੀ ਸੀ ਕਿ ਜੇਕਰ ਅਸੀਂ ਮਾਰੇ ਗਏ ਤਾਂ ਇਕੱਠੇ ਮਾਰੇ ਜਾਵਾਂਗੇ।"

ਇਹ ਵੀ ਪੜ੍ਹੋ-

'ਹੋਣ ਵਾਲੇ ਬੱਚੇ ਦੀ ਚਿੰਤਾ'

ਬੇਗ਼ਮ ਦਾ ਕਹਿਣਾ ਹੈ ਦੋ ਬੱਚਿਆਂ ਨੂੰ ਗੁਆਉਣਾ 'ਸਦਮੇ ਵਾਂਗ' ਸੀ, "ਜਿਸ ਤੋਂ ਮੈਂ ਹੁਣ ਬਾਹਰ ਆਈ, ਇਹ ਬੇਹੱਦ ਔਖਾ ਸੀ"।

ਉਸ ਦੀ ਪਹਿਲੀ ਔਲਾਦ ਕੁੜੀ ਸੀ, ਉਹ ਇੱਕ ਸਾਲ ਤੇ 9 ਮਹੀਨੇ ਦੀ ਸੀ ਜਦੋਂ ਉਸ ਦੀ ਮੌਤ ਹੋ ਗਈ ਅਤੇ ਇੱਕ ਮਹੀਨੇ ਪਹਿਲਾਂ ਉਸ ਨੂੰ ਬੁਘਜ 'ਚ ਦਫ਼ਨਾਇਆ ਗਿਆ।

ਟਾਈਮਜ਼ ਦੀ ਰਿਪੋਰਟ ਮੁਤਾਬਕ, ਉਸ ਦੇ 8 ਮਹੀਨਿਆਂ ਦੇ ਦੂਜੇ ਬੱਚੇ ਦੀ ਮੌਤ ਪਹਿਲਾਂ ਹੋਈ ਸੀ ਜਦੋਂ ਉਹ ਤਿੰਨ ਮਹੀਨਿਆਂ ਦਾ ਸੀ ਤੇ ਕੁਪੋਸ਼ਣ ਦਾ ਸ਼ਿਕਾਰ ਹੋ ਗਿਆ ਸੀ।

ਉਸ ਨੇ ਅਖ਼ਬਾਰ ਨੂੰ ਦੱਸਿਆ ਕਿ ਉਹ ਉਸ ਨੂੰ ਹਸਪਤਾਲ ਲੈ ਕੇ ਗਈ ਸੀ ਪਰ ਉਸ ਮੁਤਾਬਕ, "ਉੱਥੇ ਕੋਈ ਦਵਾਈ ਉਪਲਬਧ ਨਹੀਂ ਸੀ ਅਤੇ ਨਾ ਹੀ ਲੋੜੀਂਦਾ ਮੈਡੀਕਲ ਸਟਾਫ।"

ਉਸ ਨੇ ਦੱਸਿਆ ਕਿ ਇਸੇ ਕਰਕੇ ਉਹ ਆਪਣੇ ਆਉਣ ਵਾਲੇ ਬੱਚੇ ਲਈ "ਵਧੇਰੇ ਚਿੰਤਤ" ਹੈ। ਇਸੇ ਕਰਕੇ ਹੀ ਉਸ ਨੇ ਬੁਘਜ ਛੱਡਿਆ।

ਉਸ ਨੇ ਦੱਸਿਆ, "ਮੈਂ ਕਮਜ਼ੋਰ ਸੀ, ਮੈਂ ਇਸ ਦੁੱਖ ਅਤੇ ਸੰਤਾਪ ਨੂੰ ਸਹਿਣ ਨਹੀਂ ਕਰ ਸਕੀ ਜੋ ਜੰਗ ਦੇ ਮੈਦਾਨ 'ਚ ਸੀ।"

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਸੀਰੀਆ ’ਚ ਆਈਐਸ 90 ਫੀਸਦ ਕਬਜ਼ੇ ਵਾਲਾ ਇਲਾਕਾ ਗੁਆਇਆ

"ਪਰ ਮੈਂ ਡਰ ਗਈ ਸੀ ਕਿ ਜੇਕਰ ਮੈਂ ਇਸ ਤਰ੍ਹਾਂ ਰਹੀ ਤਾਂ ਇਹ ਬੱਚਾ ਵੀ ਮੇਰੇ ਹੋਰਨਾਂ ਬੱਚਿਆਂ ਵਾਂਗ ਮਾਰਿਆ ਜਾਵੇਗਾ।"

ਉਸ ਨੇ ਦੱਸਿਆ ਕਿ ਉਹ ਇਸ ਸ਼ਰਨਾਰਥੀ ਕੈਂਪ ਵਿੱਚ ਆਪਣੇ ਬੱਚੇ ਨੂੰ ਲੈ ਕੇ ਚਿੰਤਤ ਹੈ ਕਿ ਕਿਤੇ ਉਹ ਬਿਮਾਰ ਨਾ ਹੋ ਜਾਵੇ।

ਉਸ ਨੇ ਦੱਸਿਆ, "ਇਸੇ ਲਈ ਮੈਂ ਸੱਚਮੁੱਚ ਬਰਤਾਨੀਆਂ ਵਾਪਸ ਜਾਣਾ ਚਾਹੁੰਦੀ ਹਾਂ। ਉੱਥੇ ਸਿਹਤ ਦੇ ਲਿਹਾਜ਼ ਨਾਲ ਤਾਂ ਘੱਟੋ-ਘੱਟ ਧਿਆਨ ਰੱਖਿਆ ਜਾਵੇਗਾ।"

ਉਹ ਕਹਿੰਦੀ ਹੈ ਕਿ ਉਹ ਕਿਸੇ ਵੇਲੇ ਵੀ ਬੱਚੇ ਨੂੰ ਜਨਮ ਦੇ ਸਕਦੀ ਹੈ।

"ਮੈਂ ਆਪਣੇ ਘਰ ਵਾਪਸ ਜਾਣ ਲਈ ਸਭ ਕੁਝ ਕਰਾਂਗੀ ਅਤੇ ਆਪਣੇ ਬੱਚੇ ਨਾਲ ਚੁੱਪਚਾਪ ਰਹਾਂਗੀ।"

ਆਈਐਸ ਨੇ ਈਰਾਕ ਦੇ ਮੌਸੂਲ ਅਤੇ ਸੀਰੀਆ ਦੇ ਰਾਕਾ ਵਰਗੇ ਮਜ਼ਬੂਤ ਗੜ੍ਹਾਂ ਸਣੇ ਆਪਣੇ ਵਧੇਰੇ ਅਧਿਕਾਰ ਖੇਤਰ 'ਤੇ ਕਬਜ਼ਾ ਗੁਆ ਲਿਆ ਹੈ।

ਹਾਲਾਂਕਿ, ਉੱਤਰੀ-ਪੂਰਬੀ ਸੀਰੀਆ ਵਿੱਚ ਜੰਗ ਅਜੇ ਵੀ ਜਾਰੀ ਹੈ, ਜਿੱਥੇ ਕੁਰਦਿਸ਼ ਅਗਵਾਈ ਵਾਲੇ ਸੀਰੀਆ ਡੈਮੋਕਰੇਟਿਕ ਫੋਰਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਹਾਲ ਵਿੱਚ ਦਰਜਨਾਂ ਵਿਦੇਸ਼ੀ ਲੜਾਕਿਆਂ ਨੂੰ ਫੜਿਆ ਹੈ।

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਜ਼ਰੂਰ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)