ਪੁਲਵਾਮਾ ਹਮਲੇ 'ਤੇ ਇਮਰਾਨ ਖ਼ਾਨ: ਭਾਰਤ ਨੇ ਹਮਲਾ ਕੀਤਾ ਤਾਂ ਪਾਕਿਸਕਾਨ ਸੋਚੇਗਾ ਨਹੀਂ, ਜਵਾਬ ਦੇਵੇਗਾ

ਇਮਰਾਨ ਖ਼ਾਨ
ਤਸਵੀਰ ਕੈਪਸ਼ਨ,

ਇਮਰਾਨ ਖ਼ਾਨ ਨੇ ਭਾਰਤ ਨੂੰ ਕਸ਼ਮੀਰ ਮਸਲੇ ’ਤੇ ਗੱਲਬਾਤ ਲਈ ਸੱਦਾ ਦਿੱਤਾ ਹੈ

ਪੁਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਜੇ ਭਾਰਤ ਵੱਲੋਂ ਹਮਲਾ ਹੋਇਆ ਤਾਂ ਪਾਕਿਸਤਾਨ ਬਿਨਾਂ ਕੁਝ ਸੋਚੇ ਜਵਾਬ ਦੇਵੇਗਾ।

14 ਫਰਵਰੀ ਨੂੰ ਭਾਰਤ ਸ਼ਾਸਿਤ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਸੀਆਰਪੀਐੱਫ਼ ਦੇ ਇੱਕ ਕਾਫ਼ਿਲੇ 'ਤੇ ਹੋਏ ਹਮਲੇ ਵਿੱਚ ਸੀਆਰਪੀਐੱਫ ਦੇ 40 ਜਵਾਨ ਮਾਰੇ ਗਏ ਸਨ।

ਭਾਰਤ ਨੇ ਇਸ ਹਮਲੇ ਲਈ ਸਿੱਧੇ ਤੌਰ 'ਤੇ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਇਸ ਹਮਲੇ ਦੀ ਜ਼ਿੰਮੇਵਾਰੀ ਪਾਕਿਸਤਾਨ ਸਥਿਤ ਅੱਤਵਾਦੀ ਜਥੇਬੰਦੀ ਜੈਸ਼-ਏ-ਮੁਹੰਮਦ ਨੇ ਲਈ ਹੈ।

ਇਹ ਵੀ ਪੜ੍ਹੋ:

ਇਮਾਰਨ ਖ਼ਾਨ ਨੇ ਕਿਹਾ, "ਪਹਿਲਾਂ ਤਾਂ ਤੁਸੀਂ ਬਿਨਾਂ ਸਬੂਤ ਦੇ ਇਲਜ਼ਾਮ ਲਗਾ ਦਿੱਤਾ ਹੈ। ਪਾਕਿਸਤਾਨ ਲਈ ਸਾਊਦੀ ਅਰਬ ਦੇ ਸ਼ਹਿਜ਼ਾਦੇ ਦਾ ਦੌਰਾ ਇੰਨਾ ਅਹਿਮ ਸੀ।"

"ਕੀ ਅਸੀਂ ਉਸ ਵੇਲੇ ਅਜਿਹਾ ਹਮਲਾ ਕਰਵਾਉਂਦੇ ਜਦੋਂ ਪਾਕਿਸਤਾਨ ਆਰਥਿਕ ਮਜ਼ਬੂਤੀ ਵੱਲ ਵਧ ਰਿਹਾ ਹੈ?"

‘ਅਸੀਂ ਵੀ ਅੱਤਵਾਦ ਦੇ ਪੀੜਤ ਹਾਂ’

ਇਮਰਾਨ ਖ਼ਾਨ ਨੇ ਕਿਹਾ, "ਪਾਕਿਸਤਾਨ ਨੂੰ ਇਸ ਨਾਲ ਕੀ ਫਾਇਦਾ ਹੈ? ਜੇ ਹਰ ਵਾਰੀ ਤੁਹਾਨੂੰ ਇਹੀ ਕਰਨਾ ਹੈ ਤਾਂ ਤੁਸੀਂ ਵਾਰ-ਵਾਰ ਇਹੀ ਕਰਦੇ ਰਹੋਗੇ।"

"ਮੈਂ ਕਈ ਵਾਰ ਇਹ ਕਹਿ ਚੁੱਕਾ ਹਾਂ ਕਿ ਇਹ ਨਵਾਂ ਪਾਕਿਸਤਾਨ ਹੈ। ਪਾਕਿਸਤਾਨ ਤਾਂ ਖੁਦ ਹੀ ਅੱਤਵਾਦੀਆਂ ਤੋਂ ਪ੍ਰੇਸ਼ਾਨ ਰਿਹਾ ਹੈ।"

ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਕਸ਼ਮੀਰ ਮਸਲੇ 'ਤੇ ਭਾਰਤ ਨੂੰ ਗੱਲਬਾਤ ਲਈ ਸੱਦਾ ਦਿੱਤਾ ਹੈ।

ਉਨ੍ਹਾਂ ਕਿਹਾ, "ਮੈਂ ਤੁਹਾਨੂੰ ਆਫਰ ਕਰ ਰਿਹਾ ਹਾਂ ਕਿ ਤੁਸੀਂ ਆਓ ਅਤੇ ਜਾਂਚ ਕਰੋ। ਜੇ ਕੋਈ ਪਾਕਿਸਤਾਨ ਦੀ ਜ਼ਮੀਨ ਦਾ ਇਸਤੇਮਾਲ ਕਰ ਰਿਹਾ ਹੈ ਤਾਂ ਉਹ ਸਾਡੇ ਲਈ ਦੁਸ਼ਮਣ ਹੈ।"

ਤਸਵੀਰ ਕੈਪਸ਼ਨ,

ਇਮਰਾਨ ਖ਼ਾਨ ਦਾ ਕਹਿਣਾ ਹੈ ਕਿ ਪਾਕਿਸਤਾਨ ਵੀ ਅੱਤਵਾਦ ਕਾਰਨ ਪ੍ਰੇਸ਼ਾਨ ਹੈ

ਇਮਰਾਨ ਖ਼ਾਨ ਨੇ ਅੱਗੇ ਕਿਹਾ, "ਅੱਤਵਾਦ ਪੂਰੇ ਇਲਾਕੇ ਦੀ ਸਮੱਸਿਆ ਹੈ। ਸਾਡੇ 100 ਅਰਬ ਡਾਲਰ ਇਸੇ ਅੱਤਵਾਦ ਕਾਰਨ ਹੀ ਬਰਬਾਦ ਹੋਏ ਹਨ।"

"ਹਿੰਦੁਸਤਾਨ ਵਿੱਚ ਨਵੀਂ ਸੋਚ ਆਉਣੀ ਚਾਹੀਦੀ ਹੈ। ਆਖਿਰ ਉਹ ਕੀ ਕਾਰਨ ਹੈ ਕਿ ਕਸ਼ਮੀਰੀਆਂ ਵਿੱਚ ਮੌਤ ਦਾ ਖੌਫ਼ ਖ਼ਤਮ ਹੋ ਚੁੱਕਾ ਹੈ।"

ਖ਼ਾਨ ਨੇ ਕਿਹਾ, "ਗੱਲਬਾਤ ਤੋਂ ਹੀ ਮਸਲੇ ਦਾ ਹੱਲ ਹੋਵੇਗਾ ਅਤੇ ਕੀ ਹਿੰਦੁਸਤਾਨ ਨੂੰ ਇਸ ਬਾਰੇ ਨਹੀਂ ਸੋਚਣਾ ਚਾਹੀਦਾ ਹੈ?"

"ਭਾਰਤ ਦੇ ਮੀਡੀਆ ਵਿੱਚ ਅਤੇ ਸਿਆਸਤ ਵਿੱਚ ਸੁਣਨ ਨੂੰ ਮਿਲ ਰਿਹਾ ਹੈ ਕਿ ਪਾਕਿਸਤਾਨ ਤੋਂ ਬਦਲਾ ਲੈਣਾ ਚਾਹੀਦਾ ਹੈ, ਇਸ ਲਈ ਹਮਲਾ ਕਰ ਦਿਓ।"

"ਜੇ ਤੁਸੀਂ ਸਮਝਦੇ ਹੋ ਕਿ ਪਾਕਿਸਤਾਨ 'ਤੇ ਹਮਲਾ ਕਰੋਗੇ ਤਾਂ ਪਾਕਿਸਤਾਨ ਸੋਚੇਗਾ? ਸੋਚੇਗਾ ਨਹੀਂ ਪਾਕਿਸਤਾਨ ਜਵਾਬ ਦੇਵੇਗਾ।"

ਭਾਰਤ ਨੇ ਕੀ ਦਿੱਤੀ ਪ੍ਰਤੀਕਿਰਿਆ

ਵਿਦੇਸ਼ ਮੰਤਰਾਲੇ ਵੱਲੇਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, "ਅਸੀਂ ਇਮਰਾਨ ਖ਼ਾਨ ਦੇ ਬਿਆਨ ਨਾਲ ਬਿਲਕੁੱਲ ਵੀ ਹੈਰਾਨ ਨਹੀਂ ਹਾਂ। ਉਨ੍ਹਾਂ ਨੇ ਪੁਲਵਾਮਾ ਹਮਲੇ ਨੂੰ ਅੱਤਵਾਦੀ ਹਮਲਾ ਨਹੀਂ ਮੰਨਿਆ ਹੈ।"

"ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਨਾ ਤਾਂ ਹਮਲੇ ਦੀ ਨਿੰਦਾ ਕੀਤਾ ਹੈ ਅਤੇ ਨਾ ਹੀ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਜ਼ਾਹਿਰ ਕੀਤੀ ਹੈ।"

ਵਿਦੇਸ਼ ਮੰਤਰਾਲੇ ਵੱਲੇਂ ਇਮਰਾਨ ਖ਼ਾਨ ਦੇ ਪੁਲਵਾਮਾ ਹਮਲੇ ਨੂੰ ਆਗਾਮੀ ਲੋਕ ਸਭਾ ਚੋਣਾਂ ਨਾਲ ਜੋੜੇ ਜਾਣ 'ਤੇ ਅਫਸੋਸ ਜਤਾਇਆ ਹੈ।

ਉਨ੍ਹਾਂ ਕਿਹਾ, "ਅਸੀਂ ਇਮਰਾਨ ਖ਼ਾਨ ਵੱਲੋਂ ਲਾਏ ਇਸ ਇਲਜ਼ਾਮ ਨੂੰ ਖਾਰਿਜ਼ ਕਰਦੇ ਹਾਂ ਕਿ ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਦਾ ਜਵਾਬ ਆਗਾਮੀ ਚੋਣਾਂ ਦੀ ਰਣਨੀਤੀ 'ਤੇ ਆਧਾਰਿਤ ਹੋਵੇਗਾ।"

"ਪਾਕਿਸਤਾਨ ਭਾਰਤ ਦੇ ਲੋਕਤੰਤਰ ਨੂੰ ਸਮਝ ਹੀ ਨਹੀਂ ਸਕਦਾ ਜੋ ਪੂਰੀ ਦੁਨੀਆਂ ਲਈ ਇੱਕ ਮਿਸਾਲ ਹੈ।"

"ਅਸੀਂ ਚਾਹੁੰਦੇ ਹਾਂ ਕਿ ਪਾਕਿਸਤਾਨ ਗਲਤ ਬਿਆਨੀ ਨਾ ਕਰੇ ਅਤੇ ਪੁਲਵਾਮਾ ਹਮਲੇ ਲਈ ਜ਼ਿੰਮੇਵਾਰ ਅੱਤਵਾਦੀ ਸੰਗਠਨ ਅਤੇ ਪਾਕਿਸਤਾਨ ਦੀ ਧਰਤੀ 'ਤੇ ਐਕਟਿਵ ਹੋਰ ਸੰਗਠਨਾਂ ਖਿਲਾਫ਼ ਕਾਰਵਾਈ ਕਰੇ।"

ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਤਾ ਜਵਾਬ

ਇਮਰਾਨ ਖ਼ਾਨ ਨੂੰ ਜਵਾਬ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁੱਛਿਆ ਕਿ ਕੀ ਉਹ ਚਾਹੁੰਦੇ ਹਨ ਕਿ ਦਿੱਲੀ ਜਵਾਨਾਂ ਦੀਆਂ ਲਾਸ਼ਾਂ ਉਨ੍ਹਾਂ ਨੂੰ ਭੇਜੇ।

ਕੈਪਟਨ ਅਮਰਿੰਦਰ ਨੇ ਕਿਹਾ, "ਉਹ ਕਿਹੜੇ ਸਬੂਤਾਂ ਦੀ ਗੱਲ ਕਰ ਰਹੇ ਹਨ? ਮਸੂਦ ਅਜ਼ਹਰ ਪਾਕਿਸਤਾਨ ਵਿੱਚ ਹੈ ਅਤੇ ਉੱਥੋਂ ਸਭ ਕੁਝ ਕਰ ਰਿਹਾ ਹੈ।"

"ਸਾਡੇ ਜਵਾਨ ਰੋਜ਼ ਮਾਰੇ ਜਾ ਰਹੇ ਹਨ - ਉਨ੍ਹਾਂ ਨੂੰ ਕੌਣ ਮਾਰ ਰਿਹਾ ਹੈ?"

ਇਹ ਵੀ ਪੜ੍ਹੋ

ਇਹ ਵੀਡੀਓਜ਼ ਵੀ ਜ਼ਰੂਰ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)