ਇਮਾਨਦਾਰੀ ਨਾਲ ਦੱਸੋ, ਤੁਸੀਂ ਆਪਣੀਆਂ ਸੈਲਫੀਆਂ ਨੂੰ ਕਿੰਨ੍ਹਾਂ ਐਡਿਟ ਕਰਦੇ ਹੋ

ਇੱਕ ਔਰਤ ਸੈਲਫੀ ਲੈਂਦੀ ਹੋਈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਸੈਲਫੀ ਭਾਵ ਖੁਦ ਦੀ ਤਸਵੀਰ ਖਿੱਚਣਾ ਹੁਣ ਆਮ ਹੋ ਗਿਆ ਹੈ

ਤੁਹਾਨੂੰ ਇੱਕ ਸੈਲਫੀ ਖਿੱਚਣ ਨੂੰ ਕਿੰਨ੍ਹਾ ਸਮਾਂ ਲੱਗਦਾ ਹੈ? ਪਹਿਲਾਂ ਤੁਹਾਨੂੰ ਇੱਕ ਸਭ ਤੋਂ ਵਧੀਆ ਐਂਗਲ ਲੱਭਣਾ ਹੁੰਦਾ ਹੈ।

ਫਿਰ ਇੱਕ ਅਜਿਹੀ ਥਾਂ 'ਤੇ ਖੁਦ ਨੂੰ ਸਥਿਰ ਰੱਖਣਾ ਹੁੰਦਾ ਹੈ ਜਿੱਥੇ ਰੌਸ਼ਨੀ ਸਿੱਧਾ ਤੁਹਾਡੇ ਚਿਹਰੇ 'ਤੇ ਪਵੇ।

ਤੁਸੀਂ ਕੈਮਰੇ ਵੱਲ ਇਸ ਤਰ੍ਹਾਂ ਵੇਖਦੇ ਹੋ ਕਿ ਤੁਹਾਡੀ ਮੁਸਕਰਾਹਟ ਅੱਖਾਂ ਵਿੱਚੋਂ ਦਿਖਾਈ ਦੇਵੇ।

ਇਹ ਗੱਲ ਵੀ ਮੰਨਣੀ ਪਵੇਗੀ, ਆਪਣੇ ਆਪ ਨੂੰ ਇੱਕ ਮਾਡਲ ਵਾਂਗ ਮਹਿਸੂਸ ਕਰਨ ਲਈ, ਘੱਟੋ-ਘੱਟ 20 ਸੈਲਫੀਆਂ ਤਾਂ ਲੈਣੀਆਂ ਪੈਂਦੀਆਂ ਹਨ।

ਇੰਨੀ ਕੋਸ਼ਿਸ਼ ਦੇ ਬਾਵਜੂਦ ਇਨ੍ਹਾਂ ਤਸਵੀਰਾਂ ਵਿੱਚ ਕੁਝ ਨਾ ਕੁਝ ਕਮੀ ਰਹਿ ਹੀ ਜਾਂਦੀ ਹੈ। ਹੁਣ ਵਾਰੀ ਆਉਂਦੀ ਹੈ, ਕਿ ਫਿਲਟਰ ਲਾਏ ਜਾਣ ਤੇ ਇਨ੍ਹਾਂ ਤਸਵੀਰਾਂ ਦੀ ਐਡਿਟਿੰਗ ਕੀਤੀ ਜਾਵੇ।

ਇਹ ਤਰੀਕਾ ਅਤੇ 'ਨਸ਼ਾ' ਹੀ ਇੱਕ ਨਵੇਂ ਪ੍ਰੋਜੈਕਟ ਦਾ ਵਿਸ਼ਾ ਹੈ। ਫੈਸ਼ਨ ਫੋਟੋਗ੍ਰਾਫ਼ਰ ਰੈਂਕਿਨ ਨੇ ‘ਸੈਲਫੀ ਹਾਰਮ’ ਨਾਂ ਦਾ ਨਵਾਂ ਪ੍ਰੋਜੈਕਟ ਸ਼ੁਰੂ ਕੀਤਾ ਹੈ। ਇਸ ਤੋਂ ਜ਼ਾਹਿਰ ਹੋ ਰਿਹਾ ਹੈ ਕਿ ਸੈਲਫੀਆਂ ਦਾ ਇਹ ਰਿਵਾਜ਼ ਕਿੰਨ੍ਹਾ ਅਜੀਬੋ-ਗਰੀਬ ਹੈ।

ਰੈਂਕਿਨ ਦੇ ਪ੍ਰੋਜੈਕਟ ਨੂੰ ਇੰਸਟਾਗ੍ਰਾਮ ਉੱਤੇ ਦੇਖੋ:

ਇਹ ਵੀ ਜ਼ਰੂਰ ਪੜ੍ਹੋ

ਇਸ ਲਈ ਰੈਂਕਿਨ ਨੇ 15 ਬ੍ਰਿਟਿਸ਼ ਅੱਲੜ੍ਹਾਂ ਦੀਆਂ ਤਸਵੀਰਾਂ ਖਿੱਚ ਕੇ ਉਨ੍ਹਾਂ ਦੇ ਹੀ ਹਵਾਲੇ ਕਰ ਦਿੱਤੀਆਂ।

ਉਨ੍ਹਾਂ ਨੂੰ ਹਦਾਇਤ ਦਿੱਤੀ ਗਈ ਸੀ ਕਿ ਉਹ ਇਨ੍ਹਾਂ ਤਸਵੀਰਾਂ ਨੂੰ ਉਸ ਸਮੇਂ ਤੱਕ ਐਡਿਟ ਕਰਨ ਜਦੋਂ ਤੱਕ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕਰਨ ਲਾਇਕ ਨਹੀਂ ਹੋ ਜਾਂਦੀਆਂ ਹਨ।

ਨਤੀਜੇ ਹੈਰਾਨ ਕਰ ਦੇਣ ਵਾਲੇ ਸਨ। ਹਰ ਕਿਸੇ ਨੇ ਆਪਣੀਆਂ ਫੋਟੋਆਂ ਨਾਲ ਛੇੜ-ਛਾੜ ਕੀਤੀ।

ਸਭ ਤੋਂ ਆਮ ਕੀਤੇ ਗਏ ਬਦਲਾਵਾਂ ਵਿੱਚ ਆਪਣੀ ਚਮੜੀ ਨੂੰ ਕੋਮਲ ਦਿਖਾਉਣਾ, ਅੱਖਾਂ ਦੀ ਖੂਬਸੂਰਤੀ ਵਧਾਉਣਾ ਅਤੇ ਨੱਕ ਨੂੰ ਪਤਲਾ ਕਰਨਾ ਸ਼ਾਮਲ ਹਨ।

ਕੋਈ ਵੀ ਅਜਿਹਾ ਨਹੀਂ ਸੀ ਜਿਸ ਨੇ ਐਡਿਟਿੰਗ ਨਾ ਕੀਤੀ ਹੋਵੇ।

ਆਪਣੇ ਪ੍ਰਤੀ ਨਜ਼ਰੀਏ ਦਾ ਸਵਾਲ

ਸੋਸ਼ਲ ਮੀਡੀਆ ਦੇ ਸਾਡੇ ਆਪਣੇ ਸਰੀਰ ਪ੍ਰਤੀ ਨਜ਼ਰੀਏ 'ਤੇ ਪੈਣ ਵਾਲੇ ਅਸਰਾਂ ਬਾਰੇ ਚੱਲ ਰਹੀ ਚਰਚਾ ਵਿੱਚ ਰੈਂਕਿਨ ਦਾ ਨਵਾਂ ਪ੍ਰੋਜੈਕਟ ਯੋਗਦਾਨ ਪਾ ਰਿਹਾ ਹੈ।

ਅਸੀਂ ਸਾਰੇ ਆਨਲਾਈਨ ਦੁਨੀਆਂ ਵਿੱਚ ਆਪਣੇ ਆਪ ਨੂੰ ਸਭ ਤੋਂ ਬਿਹਤਰੀਨ ਰੂਪ ਵਿੱਚ ਦਿਖਾਉਣਾ ਚਾਹੁੰਦੇ ਹਾਂ।

ਫੋਟੋ ਐਡਿਟਿੰਗ ਐਪਲੀਕੇਸ਼ਨਾਂ ਸਾਡੇ ਆਪਣੇ ਸਰੀਰ ਬਾਰੇ ਨਜ਼ਰੀਏ ਨੂੰ ਕਿਵੇਂ ਪ੍ਰਭਾਵਿਤ ਕਰਦੀਆਂ ਹਨ, ਇਸ ਬਾਰੇ ਫਿਕਰਮੰਦੀ ਵੱਧ ਰਹੀ ਹੈ। ਇਹ ਐਪਲੀਕੇਸ਼ਨਾਂ ਸਿਰਫ਼ ਕੁਝ ਸਮੇਂ ਵਿੱਚ ਹੀ ਤੁਹਾਡੀ ਪੂਰੀ ਦਿੱਖ ਬਦਲ ਦਿੰਦੀਆਂ ਹਨ।

ਇੱਕ ਹੋਰ ਅਧਿਐਨ ਵਿੱਚ ਇਹ ਗੱਲ ਸੁਝਾਈ ਗਈ ਹੈ ਕਿ ਆਮ ‘ਮਿਲੇਨੀਅਲ’ (ਨਵੀਂ ਸਦੀ ਦੀ ਸ਼ੁਰੂਆਤ ਵਿੱਚ ਪੈਦਾ ਹੋਣ ਵਾਲੇ) ਆਪਣੀ ਪੂਰੀ ਜ਼ਿੰਦਗੀ ਵਿੱਚ 25,700 ਸੈਲਫੀਆਂ ਲਵੇਗਾ। ਹਰ ਰੋਜ਼ ਔਸਤ ਇੱਕ ਸੈਲਫ਼ੀ ਬਣਦੀ ਹੈ।

ਇਹ ਵੀ ਜ਼ਰੂਰ ਪੜ੍ਹੋ

ਸੈਲਫੀਆਂ ਬਾਰੇ ਗੱਲ ਕਰਨ ਦਾ ਇਸ ਤੋਂ ਵਧੀਆ ਮੌਕਾ ਕੀ ਹੋ ਸਕਦਾ ਹੈ?

ਰੈਂਕਿਨ ਮੁਤਾਬਕ, "ਸਮਾਂ ਆ ਗਿਆ ਹੈ ਕਿ ਸੋਸ਼ਲ ਮੀਡੀਆ ਕਾਰਨ ਲੋਕਾਂ ਦੀ ਆਪਣੇ ਬਾਰੇ ਸੋਚ ਨੂੰ ਪਹੁੰਚਣ ਵਾਲੇ ਨੁਕਸਾਨਾਂ ਨੂੰ ਮੰਨਿਆ ਜਾਵੇ।"

"ਸੋਸ਼ਲ ਮੀਡੀਆ ਕਾਰਨ ਹਰੇਕ ਵਿਅਕਤੀ ਆਪਣੇ ਆਪ ਵਿੱਚ ਇੱਕ ਬਰੈਂਡ ਮਹਿਸੂਸ ਕਰਦਾ ਹੈ। ਇੱਕ ਬਿਹਤਰੀਨ ਐਂਗਲ ਦੇਖ ਕੇ, ਸਭ ਤੋਂ ਲੁਭਾਵੀਂ ਰੌਸ਼ਨੀ ਵਾਲੀ ਥਾਂ ਦੇਖ ਕੇ ਅਤੇ ਆਪਣੀ ਦਿੱਖ ਦੀਆਂ ਸਾਰੀ ਕਮੀਆਂ ਦੂਰ ਕਰ ਕੇ ਲੋਕ ਖੁਦ ਨੂੰ ਪੇਸ਼ ਕਰਦੇ ਹਨ।"

“ਐਪਲੀਕੇਸ਼ਨਾਂ ਦੀ ਤਕਨੀਕ ਨੂੰ ਮਸ਼ਹੂਰ ਹਸਤੀਆਂ ਦੇ ਲਗਭਗ ਅਸੰਭਵ ਆਕਾਰਾਂ ਅਤੇ ਚਿਹਰੇ ਦੀ ਦਿੱਖ ਨਾਲ ਮਿਲਾ ਦਿੱਤਾ ਜਾਵੇ ਤਾਂ ਇੱਕ ਬਹੁਤ ਵੱਡੀ ਆਫ਼ਤ ਦਾ ਨੁਸਖ਼ਾ ਤਿਆਰ ਹੋ ਜਾਂਦਾ ਹੈ।"

ਕੁਝ ਉੱਘੀਆਂ ਸ਼ਖਸੀਅਤਾਂ ਨੇ ਇਨ੍ਹਾਂ ਐਡੀਟਿੰਗ ਐਪਲੀਕੇਸ਼ਨਾਂ ਅਤੇ ਫਿਲਟਰਾਂ ਦੇ ਖ਼ਤਰਿਆਂ ਖਿਲਾਫ਼ ਆਵਾਜ਼ ਚੁੱਕੀ ਹੈ।

ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਵੀ ਆਪਣੀਆਂ ਬਿਨਾਂ ਫਿਲਟਰ (#nofilter) ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਕੀਤੀਆਂ ਸਨ।

ਸਾਲ 2017 ਵਿੱਚ ਇੰਸਟਾਗਰਾਮ ਨੂੰ 14-24 ਸਾਲ ਦੀ ਉਮਰ ਦੇ ਲੋਕਾਂ ਦੀ ਮਾਨਸਿਕ ਸਿਹਤ ਲਈ ਸਭ ਤੋਂ ਮਾੜੇ ਪਲੈਟਫਾਰਮ ਦਾ ਦਰਜਾ ਦਿੱਤਾ ਗਿਆ ਸੀ ਜਦਕਿ ਸਨੈਪਚੈਟ ਇਸ ਤੋਂ ਕੁਝ ਉੱਪਰ ਸੀ।

ਦੋਵੇਂ ਹੀ ਬਹੁਤ ਜ਼ਿਆਦਾ ਚਿੱਤਰ-ਕੇਂਦਰਿਤ ਹਨ।

ਅਸਰ ਇੰਨਾ ਜ਼ਿਆਦਾ ਹੈ ਕਿ ਕੌਸਮੈਟਿਕ ਸਰਜਨ ਇੱਕ ਨਵਾਂ ਰੁਝਾਨ ਦੇਖ ਰਹੇ ਹਨ।

ਉਨ੍ਹਾਂ ਕੋਲ ਪਹੁੰਚਣ ਵਾਲੇ ਲੋਕ ਆਪਣੇ ਚਿਹਰਿਆਂ ਨੂੰ ਡਿਜੀਟਲ ਤੌਰ 'ਤੇ ਤਬਦੀਲ ਕੀਤੀਆਂ ਗਈਆਂ ਤਸਵੀਰਾਂ ਵਾਂਗ ਬਣਵਾਉਣਾ ਚਾਹੁੰਦੇ ਹਨ।

ਡਾ. ਟੀਜੋਨ ਈਸ਼ੋ ਇਸ ਨੂੰ "ਸਨੈਪਚੈਟ ਡਿਸਮੌਰਫ਼ੀਆ" ਦਾ ਨਾਂ ਦਿੰਦੇ ਹਨ।

'ਮੇਰੇ ਵੀ ਫੋਲੋਅਰਜ਼ ਵਧਣ'

22-ਸਾਲਾ ਐਮਿਲੀ ਦਾ ਕਹਿਣਾ ਹੈ ਕਿ ਉਹ ਸੈਲਫੀ ਐਡੀਟਰ ਐਪਲੀਕੇਸ਼ਨਾਂ ਦੀ ਲਗਾਤਾਰ ਵਰਤੋਂ ਕਰਨ ਤੋਂ ਬਾਅਦ ਇਨ੍ਹਾਂ ਕੌਸਮੈਟਿਕ ਸਰਜਰੀਆਂ ਬਾਰੇ ਸੋਚਣ ਲੱਗੀ।

"ਮੈਨੂੰ ਆਪਣੀ ਠੋਡੀ ਬਿਲਕੁਲ ਨਹੀਂ ਪਸੰਦ ਇਸ ਲਈ ਮੈਂ ਕਈ ਵਾਰੀ ਇਸ ਨੂੰ ਛੋਟਾ ਕਰ ਦਿੰਦੀ ਹਾਂ, ਦੰਦ ਚਿੱਟੇ ਕਰ ਲੈਂਦੀ ਹਾਂ।"

"ਪਹਿਲਾਂ ਮੈਨੂੰ ਆਪਣੇ ਦੰਦਾ ਵਿੱਚ ਕੋਈ ਦਿਲਚਸਪੀ ਨਹੀਂ ਸੀ, ਪਰ ਐਡੀਟਿੰਗ ਦੇ ਨਤੀਜੇ ਦੇਖਣ ਤੋਂ ਬਾਅਦ ਮੈਂ ਆਪਣੇ ਦੰਦਾਂ ਨੂੰ ਕਿਸੇ ਪੇਸ਼ੇਵਰ ਵਿਅਕਤੀ ਤੋਂ ਸਫੇਦ ਕਰਵਾਉਣਾ ਚਾਹੁੰਦੀ ਹਾਂ।"

"ਦੰਦ ਚਿੱਟੇ ਕਰਵਾਉਣਾ ਮੇਰਾ ਮੁੱਖ ਟੀਚਾ ਹੈ ਕਿਉਂਕਿ ਇਸ ਵਿੱਚ ਖਰਚਾ ਵੀ ਸਭ ਤੋਂ ਘੱਟ ਹੈ ਅਤੇ ਇਸ ਦੇ ਨੁਕਸਾਨ ਵੀ ਘੱਟ ਹਨ। ਅਸਲ ਵਿਚ ਮੈਂ ਆਪਣੇ ਐਡੀਟਿਡ ਰੂਪ ਵਾਂਗ ਦਿਖਣਾ ਚਾਹੁੰਦੀ ਹਾਂ।"

ਐਮਿਲੀ ਦਾ ਮੰਨਣਾ ਹੈ ਕਿ ਜਿਨ੍ਹਾਂ ਲੋਕਾਂ ਦੇ ਇੰਸਟਾਗ੍ਰਾਮ ਵਾਲੇ ਚਿਹਰੇ ਉਨ੍ਹਾਂ ਦੀ ਅਸਲੀਅਤ ਬਣ ਚੁੱਕੇ ਹਨ, ਉਨ੍ਹਾਂ ਦਾ ਸੱਚ ਸਾਹਮਣੇ ਆਉਣ ਦਾ ਡਰ ਹੀ ਸਭ ਤੋਂ ਵੱਡੀ ਸਮੱਸਿਆ ਬਣ ਚੁੱਕਾ ਹੈ।

"ਮੇਰਾ ਮੰਨਣਾ ਹੈ ਕਿ ਮਸ਼ਹੂਰ ਸ਼ਖਸੀਅਤਾਂ ਵੱਲੋਂ ਸਰਜਰੀਆਂ ਕਰਵਾਉਣ ਤੋਂ ਬਾਅਦ ਮੈਂ ਵੀ ਇਹ ਸੋਚਣ ਲੱਗੀ ਕਿ ਮੈਂ ਵੀ ਅਜਿਹਾ ਕਰਵਾ ਸਕਦੀ ਹਾਂ।"

"ਕਈ ਵਾਰ ਇਸ ਤਰ੍ਹਾਂ ਜਾਪਦਾ ਹੈ ਕਿ ਉਨ੍ਹਾਂ ਨੇ ਸਰਜਰੀ ਕਰਵਾਈ ਅਤੇ ਉਨ੍ਹਾਂ ਦੇ ਮੇਰੇ ਤੋਂ ਵੱਧ ਫੋਲੋਅਰਜ਼ ਹਨ ਇਸ ਲਈ ਸ਼ਾਇਦ ਮੈਨੂੰ ਵੀ ਕਰਵਾਉਣੀ ਚਾਹੀਦੀ ਹੈ।"

ਸਵੈ-ਮਾਣ ਲਈ ਸਰਜਰੀ

25-ਸਾਲਾ ਬੈੱਨ ਵੀ ਫਿਲਟਰਾਂ ਦੀ ਵਰਤੋਂ ਕਰਦੇ ਹਨ। ਉਨ੍ਹਾਂ ਦੱਸਿਆ ਕਿ ਐਡੀਟਿੰਗ ਐਪਸ ਦੀ ਵਰਤੋਂ ਨੇ ਉਨ੍ਹਾਂ ਦਾ ਸਵੈ-ਮਾਣ ਵਧਾਇਆ ਹੈ।

"ਮੈਂ ਆਪਣੀ ਦਿੱਖ ਨੂੰ ਲੈ ਕੇ ਸਕਾਰਾਤਮਕ ਮਹਿਸੂਸ ਕਰਨ ਦੀ ਕੋਸ਼ਿਸ਼ ਕਰਦਾ ਹਾਂ ਪਰ ਪਤਾ ਨਹੀਂ ਕਿਸ ਤਰ੍ਹਾਂ ਫਿਲਟਰਾਂ ਦੀ ਵਰਤੋਂ ਨਾਲ ਚੀਜਾਂ ਬਿਹਤਰ ਲੱਗਣ ਲੱਗ ਜਾਂਦੀਆਂ ਹਨ।"

ਇਹ ਵੀ ਜ਼ਰੂਰ ਪੜ੍ਹੋ

"ਮੈਂ ਆਪਣਾ ਆਤਮ-ਵਿਸ਼ਵਾਸ ਵਧਾਉਣ ਲਈ ਕੌਸਮੈਟਿਕ ਸਰਜਰੀ ਕਰਵਾਉਣ ਬਾਰੇ ਸੋਚਿਆ ਹੈ। ਮੈਂ ਆਪਣੇ ਨੱਕ, ਬੁੱਲ੍ਹਾਂ ਵਿੱਚ ਅਤੇ ਗੱਲ੍ਹਾਂ ਵਿੱਚ ਕੁਝ ਤਬਦੀਲੀਆਂ ਕਰਾਉਣ ਬਾਰੇ ਸੋਚਿਆ ਹੈ"

"ਪਰ ਮੈਨੂੰ ਸਰਜਰੀ ਤੋਂ ਡਰ ਲਗਦਾ ਹੈ ਅਤੇ ਮੈਂ ਉਦੋਂ ਤੱਕ ਇਸ 'ਤੇ ਪੈਸੇ ਨਹੀਂ ਖਰਚ ਕਰਾਂਗਾ ਜਦੋਂ ਤੱਕ ਮੈਨੂੰ ਇਹ ਯਕੀਨ ਨਹੀਂ ਹੋ ਜਾਂਦਾ ਕਿ ਮੈਂ ਇਹ ਕਰਵਾ ਸਕਦਾ ਹਾਂ।"

ਉਹ ਲੋਕ ਜੋ ਸੁੰਦਰਤਾ ਦੇ ਇਨ੍ਹਾਂ ਰੁਝਾਨਾਂ ਵਿੱਚ ਨਹੀਂ ਫਸੇ ਹੋਏ, ਉਨ੍ਹਾਂ ਨੇ ਵੀ ਇਸ ਰੁਝਾਨ ਨੂੰ ਦੇਖਿਆ ਹੀ ਹੋਵੇਗੀ।

‘ਇੰਸਟਾ ਬੌਡੀ' ਦੀ ਸ਼ੁਰੂਆਤ ਅਮਰੀਕੀ ਅਦਾਕਾਰਾ ਅਤੇ ਮਾਡਲ ਕਿਮ ਕਰਦਾਸ਼ੀਅਨ ਦੀ ਦਿੱਖ ਤੋਂ ਬਾਅਦ ਹੋਈ ਸੀ।

ਇਸ ਦਿੱਖ ਦੀਆਂ ਵਿਸ਼ੇਸ਼ਤਾਵਾਂ ਹਨ: ਭਰੇ-ਭਰੇ ਬੁੱਲ੍ਹ, ਵੱਡੀਆਂ ਅੱਖਾਂ, ਪਤਲਾ ਨੱਕ ਤੇ ਖੂਬਸੂਰਤ ਗੱਲ੍ਹਾਂ।

ਇਸ ਨੇ ਸੁੰਦਰਤਾ ਦੇ ਕੁਝ ਨਵੇਂ ਆਦਰਸ਼ ਤਿਆਰ ਕੀਤੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਸੁੰਦਰਤਾ ਕੁਦਰਤੀ ਨਹੀਂ ਹੋ ਸਕਦੀ, ਇਸ ਸਮੱਸਿਆ ਨੂੰ ਸੁਲਝਾਉਣ ਦੀ ਜ਼ਰੂਰਤ ਹੈ।

ਪਿਛਲੇ ਕੁਝ ਸਾਲਾਂ ਦੌਰਾਨ ਰਵਾਇਤੀ ਕੌਸਮੈਟਿਕ ਸਰਜਰੀਆਂ ਵਿੱਚ ਕੁਝ ਕਮੀ ਦੇਖਣ ਨੂੰ ਮਿਲੀ ਹੈ ਪਰ ਨੌਨ-ਸਰਜੀਕਲ ਪ੍ਰਕਿਰਿਆਵਾਂ ਜਿਵੇਂ ਕਿ ਫਿਲਰਜ਼, ਬੋਟੌਕਸ — ਜੋ ਕਿ ਇੰਸਟਾਗ੍ਰਾਮ ਵਾਲੀ ਦਿੱਖ ਪ੍ਰਦਾਨ ਕਰਦੇ ਹਨ — ਦੀ ਪ੍ਰਸਿੱਧੀ ਵਿੱਚ ਵਾਧਾ ਹੋਇਆ ਹੈ।

ਇਸ ਦਾ ਸਿਹਰਾ ਉਨ੍ਹਾਂ ਨੌਜਵਾਨਾਂ ਨੂੰ ਦਿੱਤਾ ਜਾ ਸਕਦਾ ਹੈ ਜੋ ਆਪਣੀਆਂ “ਕਮੀਆਂ” ਨੂੰ ਠੀਕ ਕਰਨ ਲਈ ਆਸਾਨ ਤਰੀਕਾ ਲੱਭਦੇ ਹਨ।

'ਨੌਜਵਾਨਾਂ ਨੂੰ ਸਮਝੋ, ਸਮਝਾਓ'

ਯੋਰਕ ਯੂਨੀਵਰਸਿਟੀ, ਟੋਰਾਂਟੋ, ’ਚ ਮਨੋਵਿਗਿਆਨ ਦੇ ਪ੍ਰੋਫੈਸਰ ਜੈਨੀਫਰ ਮਿੱਲਜ਼ ਦਾ ਕਹਿਣਾ ਹੈ, “ਜਦੋਂ ਅਸੀਂ ਆਪਣੀ ਤੁਲਨਾ ਲੋਕਾਂ ਨਾਲ ਕਰਦੇ ਹਾਂ ਤਾਂ ਸਾਡੇ ਆਪਣੇ ਮੁਲਾਂਕਣ 'ਤੇ ਵੀ ਅਸਰ ਪੈ ਸਕਦਾ ਹੈ।"

2018 ਵਿੱਚ ਕੀਤੇ ਗਏ ਜੈਨੀਫਰ ਦੇ ਅਧਿਐਨ ਵਿੱਚ ਸਾਹਮਣੇ ਆਇਆ ਕਿ ਮੁਟਿਆਰਾਂ ਨੂੰ ਆਪਣੀ ਦਿੱਖ ਬਾਰੇ ਸਭ ਤੋਂ ਬੁਰਾ ਉਸ ਸਮੇਂ ਲਗਦਾ ਹੈ ਜਦੋਂ ਉਹ ਦੇਖਦੀਆਂ ਹਨ ਕਿ ਸੋਸ਼ਲ ਮੀਡੀਆ ਤੇ “ਉਨ੍ਹਾਂ ਤੋਂ ਸੋਹਣੀਆਂ” ਕੁੜੀਆਂ ਦੀਆਂ ਪੋਸਟਾਂ ਜ਼ਿਆਦਾ ਪਸੰਦ ਕੀਤੀਆਂ ਜਾ ਰਹੀਆਂ ਹਨ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਇੱਕ ਸਰਵੇ ਮੁਤਾਬਕ, "ਜਦੋਂ ਫੇਸਬੁੱਕ ਯੂਜ਼ਰ ਆਪਣੀ ਜ਼ਿੰਦਗੀ ਦੀ ਤੁਲਨਾ ਹੋਰਨਾਂ ਨਾਲ ਕਰਦੇ ਹਨ ਤਾਂ ਉਨ੍ਹਾਂ ਨੂੰ ਲਗਦਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਜ਼ਿਆਦਾ ਸੁਖਾਲੀ ਨਹੀਂ ਹੈ।"

"ਸਾਨੂੰ ਨੌਜਵਾਨਾਂ ਨੂੰ ਜਾਗਰੂਕ ਕਰਨ ਦੀ ਜ਼ਰੂਰਤ ਹੈ ਕਿ ਸੋਸ਼ਲ ਮੀਡੀਆ ਦੀ ਵਰਤੋਂ ਉਨ੍ਹਾਂ ਨੂੰ ਆਪਣੇ ਬਾਰੇ ਕਿਸ ਤਰ੍ਹਾਂ ਦਾ ਮਹਿਸੂਸ ਕਰਾ ਸਕਦੀ ਹੈ। ਕਿਸ ਤਰ੍ਹਾਂ ਇਸ ਨੂੰ ਸਖ਼ਤ ਡਾਈਟਿੰਗ, ਖਾਣ-ਪੀਣ ਸਬੰਧੀ ਵਿਕਾਰ ਅਤੇ ਬਹੁਤ ਜ਼ਿਆਦਾ ਕਸਰਤ ਨਾਲ ਜੋੜ ਕੇ ਦੇਖਿਆ ਜਾ ਸਕਦਾ ਹੈ।"

ਪਰ ਇਸ ਦੀ ਪਛਾਣ ਕਿਸ ਤਰ੍ਹਾਂ ਕੀਤੀ ਜਾਵੇ ਜਦੋਂ ਹਿਰਨ ਵਾਲੇ ਫਿਲਟਰ ਦੀ ਬਹੁਤ ਜ਼ਿਆਦਾ ਕੀਤੀ ਗਈ ਵਰਤੋਂ, ਕਿਸੇ ਹੋਰ ਵੀ ਜ਼ਿਆਦਾ ਪਰੇਸ਼ਾਨ ਕਰਨ ਵਾਲੀ ਚੀਜ਼ ਵੱਲ ਸੰਕੇਤ ਕਰਦੀ ਹੋਵੇ?

ਰੈਂਕਿਨ ਦਾ ਕਹਿਣਾ ਹੈ, "ਇਹ ਫਿਲਟਰ ਬਹੁਤ ਖ਼ਤਰਨਾਕ ਹਨ। ਸਾਨੂੰ ਇਨ੍ਹਾਂ ਐਪਲੀਕੇਸ਼ਨਾਂ ਦੀ ਵਰਤੋਂ 'ਤੇ ਬਹਿਸ ਅਤੇ ਵਿਚਾਰ-ਚਰਚਾ ਕਰਨੀ ਚਾਹੀਦੀ ਹੈ।"

"ਇਸ ਦੀ ਸ਼ੁਰੂਆਤ ਕਰਨ ਲਈ #notfiltered ਅਤੇ #notfacetuned ਵਰਗੇ ਹੈਸ਼ਟੈਗ ਦੀ ਵਰਤੋਂ ਕਰਨ ਦੀ ਜ਼ਰੂਰਤ ਹੈ।”

ਇਹ ਵੀਡੀਓ ਵੀ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)