ਜੇ ਕੋਈ ਵੀ ਦੇਸ ਤੁਹਾਨੂੰ ਆਪਣਾ ਨਾਗਰਿਕ ਨਾ ਮੰਨੇ ਤਾਂ ਕੀ ਕਰੋਗੇ

ਬ੍ਰਿਟੇਨ ਦੀ ਸ਼ਮੀਮਾ ਬੇਗ਼ਮ ਤੇ ਅਮਰੀਕਾ ਦੀ ਹੋਦਾ ਮੁਥਾਨਾ ਆਪਣੇ ਮੁਲਕ ਛੱਡ ਕੇ ਇਸਲਾਮਿਕ ਸਟੇਟ ਨਾਲ ਰਲ ਗਈਆਂ

ਤਸਵੀਰ ਸਰੋਤ, PA/AFP

ਤਸਵੀਰ ਕੈਪਸ਼ਨ,

ਬ੍ਰਿਟੇਨ ਦੀ ਸ਼ਮੀਮਾ ਬੇਗ਼ਮ ਤੇ ਅਮਰੀਕਾ ਦੀ ਹੋਦਾ ਮੁਥਾਨਾ

ਸੰਯੁਕਤ ਰਾਸ਼ਟਰ ਦੀ ਪਰਿਭਾਸ਼ਾ ਮੁਤਾਬਕ "ਦੇਸਹੀਣ" (ਸਟੇਟਲੈੱਸ) ਉਸ ਮਨੁੱਖ ਨੂੰ ਕਿਹਾ ਜਾਂਦਾ ਹੈ ਜਿਸ ਕੋਲ ਕਿਸੇ ਦੇਸ ਦੀ ਕਾਨੂੰਨੀ ਨਾਗਿਰਕਤਾ ਨਾ ਹੋਵੇ।

ਆਮ ਤੌਰ ’ਤੇ ਜਿਸ ਦੇਸ ਵਿੱਚ ਤੁਹਾਡਾ ਜਨਮ ਹੋਇਆ ਹੁੰਦਾ ਹੈ, ਉਹੀ ਤੁਹਾਡਾ ਦੇਸ ਹੁੰਦਾ ਹੈ। ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਮਾਂ-ਬਾਪ ਦਾ ਦੇਸ ਦੀ ਬੱਚੇ ਦਾ ਦੇਸ ਹੁੰਦਾ ਹੈ।

ਸੰਯੁਤਰ ਰਾਸ਼ਟਰ ਮੁਤਾਬਕ ਸਾਲ 2014 ਵਿੱਚ ਦੁਨੀਆਂ 'ਚ ਲਗਭਗ ਇੱਕ ਕਰੋੜ ਲੋਕ ਅਜਿਹੇ ਸਨ, ਜਿਨ੍ਹਾਂ ਕੋਲ ਕਿਸੇ ਦੇਸ ਦੀ ਨਾਗਰਿਕਤਾ ਨਹੀਂ।

ਇਸ ਬਾਰੇ ਬਹਿਸ ਮੁੜ ਸ਼ੁਰੂ ਹੋਈ ਹੈ ਕਿਉਂਕਿ ਬ੍ਰਿਟੇਨ ਦੀ ਨਾਗਰਿਕ ਰਹੀ ਇੱਕ ਔਰਤ ਨੇ ਇਸਲਾਮਿਕ ਸਟੇਟ ਅੱਤਵਾਦੀ ਸੰਗਠਨ ਛੱਡ ਕੇ ਹੁਣ ਬ੍ਰਿਟੇਨ ਪਰਤਣ ਦੀ ਇੱਛਾ ਜ਼ਾਹਿਰ ਕੀਤੀ ਹੈ।

ਇਹ ਵੀ ਜ਼ਰੂਰ ਪੜ੍ਹੋ

ਨਾਗਰਿਕਤਾ ਚਲੀ ਕਿਵੇਂ ਜਾਂਦੀ ਹੈ

ਦੇਸਹੀਣ ਲੋਕਾਂ ਵਿੱਚੋਂ ਬਹੁਤੇ ਜਨਜਾਤੀ ਸਮੂਹਾਂ 'ਚ ਰਹਿਣ ਵਾਲੇ ਲੋਕ ਹੁੰਦੇ ਹਨ ਜੋ ਕਿਸੇ ਅਚਾਨਕ ਕੀਤੇ ਕਾਨੂੰਨੀ ਬਦਲਾਅ ਕਾਰਨ ਕਿਸੇ ਦੇਸ ਦੇ ਨਾਗਰਿਕ ਨਹੀਂ ਰਹਿੰਦੇ ਜਾਂ ਉਨ੍ਹਾਂ ਤੋਂ ਕਿਸੇ ਵਿਤਕਰੇ ਤਹਿਤ ਨਾਗਰਿਕਤਾ ਖੋਹ ਲਈ ਜਾਂਦੀ ਹੈ।

ਮਿਸਾਲ ਵਜੋਂ ਕਰੀਬ 8 ਲੱਖ ਰੋਹਿੰਗਿਆ ਮੁਸਲਮਾਨ ਲੋਕ ਮਿਆਂਮਾਰ 'ਚ ਹੁਣ ਦੇਸਹੀਣਾਂ ਵਜੋਂ ਰਹਿ ਰਹੇ ਹਨ।

ਇਸੇ ਤਰ੍ਹਾਂ ਡੋਮੀਨੀਕਨ ਰਿਪਬਲਿਕ ਨੇ ਇੱਕ ਕਾਨੂੰਨ ਬਣਾਇਆ ਜਿਸ ਮੁਤਾਬਕ 1929 ਤੋਂ ਬਾਅਦ ਬਿਨਾਂ ਕਾਗਜ਼ਾਤ ਦੇ ਪਰਵਾਸ ਕਰ ਕੇ ਆਏ ਲੋਕਾਂ ਦੇ ਬੱਚਿਆਂ ਨੂੰ ਨਾਗਰਿਕਤਾ ਦੇਣ ਤੋਂ ਮਨ੍ਹਾਂ ਕਰ ਦਿੱਤਾ ਗਿਆ। ਨਤੀਜੇ ਵਜੋਂ ਹਜ਼ਾਰਾਂ ਹੇਟੀ ਲੋਕ ਡੋਮਿਨਿਕ ਰਿਪਬਲਿਕ ਵਿੱਚ ਬਿਨਾਂ ਕਿਸੇ ਨਾਗਰਿਕਤਾ ਦੇ ਰਹਿ ਰਹੇ ਹਨ।

ਇਸ ਤੋਂ ਇਲਾਵਾ ਜੰਗਾਂ ਜਾਂ ਸਿਆਸੀ ਮਤਭੇਦਾਂ ਕਾਰਨ ਵੀ ਲੋਕ ਦੇਸਹੀਣ ਹੋ ਜਾਂਦੇ ਹਨ। ਕਈ ਵਾਰ ਇਨ੍ਹਾਂ ਲੋਕਾਂ ਨੂੰ ਸ਼ਰਨਾਰਥੀ ਕਿਹਾ ਜਾਂਦਾ ਪਰ ਹਰ ਸ਼ਰਨਾਰਥੀ ਦੇਸਹੀਣ ਨਹੀਂ ਹੁੰਦਾ।

ਕਈ ਲੋਕ ਅਜਿਹੇ ਵੀ ਹੁੰਦੇ ਹਨ ਜੋ ਕਦੇ ਵੀ ਆਪਣੇ ਜਮਾਂਦਰੂ ਦੇਸ ਦੀ ਸਰਹੱਦ ਤੋਂ ਪਾਰ ਨਹੀਂ ਗਏ ਪਰ ਫਿਰ ਵੀ ਉਹ ਦੇਸਹੀਣ ਹੁੰਦੇ ਹਨ। ਇਸ ਦਾ ਕਾਰਨ ਇਹ ਹੋ ਸਕਦਾ ਹੈ ਕਿ ਜਿਸ ਦੇਸ ਵਿੱਚ ਰਹਿੰਦੇ ਸਨ ਉਸ ਦੇਸ ਦੀ ਹੋਂਦ ਖ਼ਤਮ ਹੋ ਗਈ। ਉਸ ਦੇਸ ਦੀ ਜ਼ਮੀਨ ਕਿਸੇ ਹੋਰ ਦੇਸ ਦੇ ਹੱਥਾਂ ਵਿੱਚ ਚਲੀ ਗਈ।

ਦੂਸਰੇ ਮੌਕਿਆਂ 'ਤੇ ਕਈ ਵਾਰ ਕੋਈ ਦੇਸ ਵੀ ਆਪਣੇ ਨਾਗਰਿਕਾਂ ਕੋਲੋਂ ਨਾਗਰਿਕਤਾ ਖੋਹ ਲੈਂਦਾ ਹੈ।

ਇਹ ਵੀ ਜ਼ਰੂਰ ਪੜ੍ਹੋ

ਤਸਵੀਰ ਸਰੋਤ, PA

ਤਸਵੀਰ ਕੈਪਸ਼ਨ,

ਸ਼ਮੀਮਾ ਬੇਗਮ ਜਦੋਂ 2015 ਵਿੱਚ ਬ੍ਰਿਟੇਨ ਛੱਡ ਕੇ ਗਏ ਸਨ ਤਾਂ ਉਨ੍ਹਾਂ ਦੀ ਉਮਰ 15 ਸਾਲ ਸੀ।

ਸ਼ਮੀਮਾ ਬੇਗ਼ਮ ਸਾਲ 2015 ਵਿੱਚ ਇੱਕ ਸਕੂਲੀ ਵਿਦਿਆਰਥਣ ਸੀ, ਜਦੋਂ ਦੋ ਸਹੇਲੀਆਂ ਨਾਲ ਇਸਲਾਮਿਕ ਸਟੇਟ ਅੱਤਵਾਦੀ ਸੰਗਠਨ 'ਚ ਸ਼ਾਮਲ ਹੋਣ ਲਈ ਤਿੰਨੋਂ ਬ੍ਰਿਟੇਨ ਤੋਂ ਭੱਜ ਗਈ।

ਹਾਲ ਹੀ ਵਿੱਚ ਸ਼ਮੀਮਾ ਬੇਗ਼ਮ ਨੇ ਇੱਛਾ ਪ੍ਰਗਟ ਕੀਤੀ ਕਿ ਉਹ ਆਪਣੇ ਵਤਨ ਵਾਪਸ ਆਉਣਾ ਚਾਹੁੰਦੀ ਹੈ। ਬ੍ਰਿਟੇਨ ਨੇ ਉਸ ਨੂੰ ਵਾਪਸ ਲੈਣ ਤੋਂ ਮਨ੍ਹਾਂ ਕਰ ਦਿੱਤਾ ਹੈ ਅਤੇ ਨਾਗਰਿਕਤਾ ਵੀ ਖੋਹ ਲਈ ਹੈ।

ਅਜਿਹਾ ਨਹੀਂ ਹੈ ਕਿ ਯੂਕੇ ਕਿਸੇ ਦੀ ਵੀ ਨਾਗਰਿਕਤਾ ਮਰਜ਼ੀ ਨਾਲ ਰੱਦ ਕਰ ਸਕਦਾ ਹੈ। ਕਿਸੇ ਦੀ ਨਾਗਰਿਕਤਾ ਤਾਂ ਹੀ ਰੱਦ ਕੀਤੀ ਜਾ ਸਕਦੀ ਹੈ ਜੇ ਉਹ ਕਿਸੇ ਹੋਰ ਦੇਸ ਦੀ ਨਾਗਰਿਕਤਾ ਲੈਣ ਦੇ ਯੋਗ ਹੋਵੇ।

ਬ੍ਰਿਟੇਨ ਦੇ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਸ਼ਮੀਮਾ ਬੇਗ਼ਮ ਬੰਗਲਾਦੇਸ਼ੀ ਨਾਗਰਿਕ ਹੋ ਸਕਦੀ ਹੈ ਕਿਉਂਕਿ ਉਸ ਦੀ ਮਾਂ ਬੰਗਲਾਦੇਸ਼ੀ ਹੈ।

ਬੰਗਲਾਦੇਸ਼ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਉਹ ਬੰਗਲਾਦੇਸ਼ੀ ਨਾਗਰਿਕ ਨਹੀਂ ਹੈ ਅਤੇ ਸ਼ਮੀਮਾ ਦੇ ਬੰਗਲਾਦੇਸ ਵਿੱਚ ਦਾਖ਼ਲੇ ਦਾ "ਕੋਈ ਸਵਾਲ ਹੀ ਨਹੀਂ" ਪੈਦਾ ਹੁੰਦਾ।

ਕਾਨੂੰਨੀ ਮਾਹਰਾਂ ਨੇ ਬੀਬੀਸੀ ਨੂੰ ਦੱਸਿਆ ਕਿ ਬੰਗਲਾਦੇਸ਼ ਦੇ ਕਾਨੂੰਨ ਤਹਿਤ ਸ਼ਮੀਮਾ ਵਰਗੇ ਕਿਸੇ ਬ੍ਰਿਟਿਸ਼ ਨਾਗਰਿਕ ਦੇ ਮਾਪੇ ਬੰਗਲਾਦੇਸ਼ੀ ਹੋਣ ਤਾਂ ਉਹ ਵਿਅਕਤੀ ਆਪਣੇ-ਆਪ ਹੀ ਬੰਗਲਾਦੇਸ਼ੀ ਨਾਗਰਿਕ ਮੰਨਿਆ ਜਾਂਦਾ ਹੈ।

ਹਾਂ, ਜੇ ਵਿਅਕਤੀ ਇਸ ਨੂੰ ਬਰਕਰਾਰ ਰੱਖਣ ਦੇ ਯਤਨ ਨਹੀਂ ਕਰਦਾ ਤਾਂ ਉਸਦੇ 21 ਸਾਲਾਂ ਦਾ ਹੋ ਜਾਣ 'ਤੇ ਇਹ ਨਾਗਰਿਕਤਾ ਰੱਦ ਹੋ ਜਾਂਦੀ ਹੈ। ਇਸ ਮਾਮਲੇ ਵਿੱਚ ਸ਼ਮੀਮਾ ਦੀ ਉਮਰ 19 ਸਾਲਾਂ ਦੀ ਹੈ।

ਇਹ ਵੀ ਜ਼ਰੂਰ ਪੜ੍ਹੋ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਕਰੀਬ 8 ਲੱਖ ਰੋਹਿੰਗਿਆ ਮੁਸਲਮਾਨ ਲੋਕ ਮਿਆਂਮਾਰ 'ਚ ਹੁਣ ਦੇਸਹੀਣਾਂ ਵਜੋਂ ਰਹਿ ਰਹੇ ਹਨ, ਕਈ ਬੰਗਲਾਦੇਸ਼ ਵਿੱਚ ਸ਼ਰਨਾਰਥੀ ਹਨ।

ਦੇਸਹੀਣਾਂ ਕੋਲ ਕਿਹੜੇ ਅਧਿਕਾਰ ਹੁੰਦੇ ਹਨ?

ਅਜਿਹਾ ਪਹਿਲੀ ਵਾਰ ਨਹੀਂ ਹੋਇਆ ਜਦੋਂ ਬ੍ਰਿਟਿਸ਼ ਸਰਕਾਰ ਨੇ ਕਿਸੇ ਕੋਲੋਂ ਨਾਗਰਿਕਤਾ ਵਾਪਸ ਲੈਣ ਦੀ ਕੋਸ਼ਿਸ਼ ਕੀਤੀ ਹੋਵੇ, ਹਾਲਾਂਕਿ ਸਰਕਾਰ ਇੱਕ ਅਪੀਲ ਹਾਰ ਗਈ ਸੀ ਜਦੋਂ ਦੋ ਬੰਗਲਾਦੇਸ਼ੀ ਮੂਲ ਦੇ ਬ੍ਰਿਟਿਸ਼ ਨਾਗਰਿਕਾਂ ਕੋਲੋਂ ਨਾਗਰਿਕਤਾ ਖੋਹ ਲਈ ਸੀ। ਉਸ ਵੇਲੇ ਇਹ ਦੋਵੇਂ ਵਿਅਕਤੀ ਵਿਦੇਸ਼ ਵਿੱਚ ਸਨ।

ਵਿਦੇਸ਼ ਨੀਤੀ ਦੇ ਮਾਹਿਰ ਰੂਮਾ ਮੰਡਲ ਦਾ ਕਹਿਣਾ ਹੈ, "ਦੇਸਹੀਣ ਹੋਣ ਦਾ ਮਤਲਬ ਹੈ ਕਿ ਆਪਣੀ ਪਛਾਣ ਜ਼ਾਹਿਰ ਕਰਨ ਲਈ ਕੋਈ ਦਸਤਾਵੇਜ਼ ਨਾ ਹੋਣਾ।"

ਦੇਸਹੀਣ ਲੋਕਾਂ ਲਈ ਬੁਨਿਆਦੀ ਮਨੁੱਖੀ ਅਧਿਕਾਰ ਕੀ ਹਨ? ਅਤੇ ਇਨ੍ਹਾਂ ਦੀ ਅਧਿਕਾਰਾਂ ਦੀ ਗਾਰੰਟੀ ਕੌਣ ਦੇ ਰਿਹਾ ਹੈ?

ਬਿਨਾਂ ਨਾਗਰਿਕਤਾ ਪਾਸਪੋਰਟ ਕੌਣ ਦੇਵੇਗਾ, ਪਛਾਣ ਦੀ ਤਸਦੀਕ ਕੌਣ ਕਰੇਗਾ? ਸਿਹਤ, ਘਰ ਅਤੇ ਸਿੱਖਿਆ ਦੀ ਜ਼ਿੰਮੇਵਾਰੀ ਕੌਣ ਲਵੇਗਾ?

ਬਿਨਾਂ ਵਾਜਬ ਪਾਸਪੋਰਟ ਜਾਂ ਦਸਤਾਵੇਜ਼ਾਂ ਦੇ ਕਾਨੂੰਨੀ ਤੌਰ 'ਤੇ ਸਰਹੱਦ ਪਾਰ ਕਰਨਾ ਅਸੰਭਵ ਹੈ।

ਇਸ ਦੇ ਨਾਲ ਹੀ ਸਕੂਲ ਅਤੇ ਹਸਪਤਾਲ ਲਈ ਬੱਚੇ ਦੇ ਜਨਮ ਨੂੰ ਰਜਿਸਟਰ ਕਰਵਾਉਣਾ ਵੀ ਔਖਾ ਹੈ। ਇੱਥੋਂ ਤੱਕ ਕਿ ਰੁਜ਼ਗਾਰ ਹਾਸਿਲ ਕਰਨਾ, ਕਿਰਾਏ ਦਾ ਮਕਾਨ ਲੈਣਾ ਜਾਂ ਖਰੀਦਣਾ ਵੀ ਔਖਾ ਹੈ।

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ,

ਹੋਦਾ ਮੁਥਾਨਾ ਨਾਂ ਦੀ ਇਹ ਔਰਤ ਵੀ ਅਮਰੀਕਾ ਛੱਡ ਕੇ ਇਸਲਾਮਿਕ ਸਟੇਟ ਵਿੱਚ ਰਲਣ ਚੱਲੀ ਗਈ ਸੀ। ਟਰੰਪ ਪ੍ਰਸ਼ਾਸਨ ਨੇ ਇਸ ਦੇ ਅਮਰੀਕਾ ਆਉਣ 'ਤੇ ਰੋਕ ਲਗਾ ਦਿੱਤੀ ਹੈ

'ਸਟੇਟਲੈਸ ਡਿਟਰਮੀਨੇਸ਼ਨ'

ਕੁਝ ਯੂਰਪੀ ਦੇਸਾਂ ਵਿੱਚ ਅਜਿਹਾ ਸਿਸਟਮ ਹੈ ਜਿਸ ਨੂੰ 'ਸਟੇਟਲੈਸ ਡਿਟਰਮੀਨੇਸ਼ਨ' ਕਿਹਾ ਜਾਂਦਾ ਹੈ। ਇਸ ਰਾਹੀਂ ਲੋਕਾਂ ਨੂੰ ਬਿਨਾਂ ਰਿਹਾਇਸ਼ੀ ਦਸਤਾਵੇਜ਼ ਦੇ ਵਿਦੇਸ਼ ਯਾਤਰਾ ਦਾ ਅਧਿਕਾਰ ਦਿੱਤਾ ਜਾਂਦਾ ਹੈ।

ਸੰਯੁਕਤ ਰਾਸ਼ਟਰ ਦਾ ਸ਼ਰਨਾਰਥੀ ਦਫ਼ਤਰ ਚਾਹੁੰਦਾ ਹੈ ਕਿ ਇਸ ਨੂੰ ਹੋਰ ਦੇਸ ਵੀ ਸਵੀਕਾਰ ਕਰਨ ਪਰ ਇਹ ਵਧੇਰੇ ਦੇਸਾਂ ਵਿੱਚ ਨਹੀਂ ਹੈ।

1954 ਵਿੱਚ ਵਿੱਚ ਸੰਯੁਕਤ ਰਾਸ਼ਟਰ ਨੇ ਇੱਕ ਸੰਮੇਲਨ 'ਚ ਦੇਸਹੀਣ ਲੋਕਾਂ ਦੇ ਨਿਪਟਾਰੇ ਲਈ ਘੱਟੋ-ਘੱਟ ਮਾਨਕਾਂ ਨੂੰ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਵੇਂ ਸਿੱਖਿਆ, ਰੁਜ਼ਗਾਰ ਅਤੇ ਰਿਹਾਇਸ਼ ਦਾ ਅਧਿਕਾਰ।

1961 'ਚ ਇੱਕ ਹੋਰ ਸੰਮੇਲਨ ਨੇ ਦੇਸਹੀਣ ਲੋਕਾਂ ਦੀ ਗਿਣਤੀ ਘਟਾਉਣ ਅਤੇ ਰੋਕਣ ਨੂੰ ਆਪਣਾ ਮੁੱਖ ਆਦੇਸ਼ ਰੱਖਿਆ। ਇਸ ਦੇ ਤਹਿਤ ਹਰੇਕ ਵਿਅਕਤੀ ਲਈ ਨਾਗਰਿਕਤਾ ਨੂੰ ਨਿਸ਼ਚਿਤ ਕਰਨ ਲਈ ਕੌਮਾਂਤਰੀ ਢਾਂਚਾ ਤਿਆਰ ਕੀਤਾ।

ਇਸ ਸੰਮੇਲਨ ਵਿੱਚ ਇਹ ਤੈਅ ਹੋਇਆ ਕਿ ਜੇ ਕਿਸੇ ਬੱਚੇ ਕੋਲ ਕੋਈ ਨਾਗਰਿਕਤਾ ਨਹੀਂ ਹੈ ਤਾਂ ਜਿਸ ਦੇਸ ਵਿੱਚ ਉਹ ਪੈਦਾ ਹੋਇਆ ਉਹ ਉਸੇ ਦੀ ਨਾਗਰਿਕਤਾ ਦਾ ਹੱਕਦਾਰ ਹੋਵੇ। ਸੰਮੇਲਨ ਵਿੱਚ ਉਹ ਨਿਯਮ ਵੀ ਤੈਅ ਹੋਏ ਜਿਨ੍ਹਾਂ ਤਹਿਤ ਕੋਈ ਦੇਸ ਕਿਸੇ ਨਾਗਰਿਕ ਕੋਲੋਂ ਨਾਗਰਿਕਤਾ ਵਾਪਸ ਲੈ ਸਕਦਾ ਹੈ, ਭਾਵੇਂ ਇਸ ਨਾਲ ਉਹ ਵਿਅਕਤੀ ਦੇਸਹੀਣ ਹੋ ਜਾਵੇ।

ਇਹ ਵੀ ਜ਼ਰੂਰ ਪੜ੍ਹੋ

ਸਾਲ 2003 ਵਿੱਚ ਇਸਲਾਮੀ ਧਾਰਮਿਕ ਆਗੂ ਸ਼ੇਖ਼ ਅਬੂ ਹਮਜ਼ਾ ਕੋਲੋਂ ਯੂਕੇ ਨੇ ਨਾਗਰਿਕਤਾ ਖੋਹ ਲਈ ਸੀ। ਇਹ ਉਸ ਨਿਯਮ ਤਹਿਤ ਹੋਇਆ ਜਿਸ ਤਹਿਤ ਯੂਕੇ ਉਨ੍ਹਾਂ ਲੋਕਾਂ ਤੋਂ ਨਾਗਰਿਕਤਾ ਖੋਹ ਸਕਦਾ ਹੈ ਜਿਨ੍ਹਾਂ ਕੋਲ ਕਿਸੇ ਹੋਰ ਮੁਲਕ ਦੀ ਵੀ ਨਾਗਰਿਕਤਾ ਹੋਵੇ ਅਤੇ ਉਹ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ।

ਇਸ ਮਾਮਲੇ ਵਿੱਚ ਵੀ 2010 ਵਿੱਚ ਹਮਜ਼ਾ ਨੇ ਯੂਕੇ ਸਰਕਾਰ ਖਿਲਾਫ ਅਪੀਲ ਜਿੱਤ ਲਈ ਕਿਉਂਕਿ ਉਸ ਨੇ ਕਿਹਾ ਕਿ ਉਹ ਮਿਸਰ ਦੀ ਨਾਗਰਿਕਤਾ ਪਹਿਲਾਂ ਹੀ ਗੁਆ ਚੁੱਕਾ ਹੈ।

ਇਸਲਾਮਿਕ ਸਟੇਟ ਦੀਆਂ 'ਵਹੁਟੀਆਂ' ਦਾ ਕੀ?

ਅਮਰੀਕਾ ਵਿੱਚ ਇਹ ਬਹਿਸ ਜਾਰੀ ਹੈ ਕਿ ਉਨ੍ਹਾਂ ਔਰਤਾਂ ਦਾ ਕੀ ਕੀਤਾ ਜਾਵੇ ਜੋ ਇਸਲਾਮਿਕ ਸਟੇਟ ਦੇ ਲੜਾਕਿਆਂ ਨਾਲ ਵਿਆਹ ਕਰਵਾ ਕੇ ਸੀਰੀਆ ਚਲੀਆਂ ਗਈਆਂ ਸਨ।

ਅਮਰੀਕਾ ਦੇ ਐਲਾਬਾਮਾ ਸੂਬੇ ਦੀ ਹੋਦਾ ਮੁਥਾਨਾ, ਜੋ ਹੁਣ 24 ਸਾਲ ਦੀ ਹੈ, 20 ਸਾਲ ਦੀ ਉਮਰ ਵਿੱਚ ਆਈ.ਐੱਸ. ਵਿੱਚ ਰਲਣ ਸੀਰੀਆ ਚਲੀ ਗਈ ਸੀ।

ਹੁਣ ਉਸ ਦਾ 18 ਮਹੀਨਿਆਂ ਦਾ ਇੱਕ ਪੁੱਤਰ ਹੈ ਅਤੇ ਉਹ ਅਮਰੀਕਾ ਪਰਤਣਾ ਚਾਹੁੰਦੀ ਹੈ। ਉਸ ਨੇ ਅੱਤਵਾਦੀ ਸੰਗਠਨ ਵਿੱਚ ਰਲਣ ਦੇ ਫੈਸਲੇ ਲਈ ਮਾਫੀ ਮੰਗੀ ਹੈ।

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਹੈ ਕਿ ਉਹ ਇਸਲਾਮਿਕ ਸਟੇਟ ਦਾ ਪ੍ਰਚਾਰ ਕਰਦੀ ਰਹੀ ਹੈ ਅਤੇ ਉਸ ਨੂੰ ਵਾਪਸ ਨਹੀਂ ਆਉਣ ਦਿੱਤਾ ਜਾ ਸਕਦਾ। ਟਵਿੱਟਰ ਉੱਪਰ ਟਰੰਪ ਨੇ ਸਾਫ ਲਿਖਿਆ ਹੈ ਕਿ ਉਨ੍ਹਾਂ ਨੇ ਵਿਦੇਸ਼ ਮੰਤਰੀ ਨੂੰ ਹਦਾਇਤ ਦਿੱਤੀ ਹੈ ਕਿ ਹੋਦਾ ਨੂੰ ਅਮਰੀਕਾ ਨਾ ਵੜਨ ਦਿੱਤਾ ਜਾਵੇ।

ਅਮਰੀਕਾ ਦੇ ਵਿਦੇਸ਼ ਮੰਤਰੀ ਨੇ ਪਹਿਲਾਂ ਹੀ ਕਿਹਾ ਹੈ ਹੋਦਾ ਮੁਥਾਨਾ ਹੁਣ ਅਮਰੀਕੀ ਨਾਗਰਿਕ ਨਹੀਂ ਹੈ ਅਤੇ ਉਸ ਨੂੰ ਵਾਪਸ ਨਹੀਂ ਲਿਆ ਜਾਵੇਗਾ।

ਦੂਜੇ ਪਾਸੇ ਹੋਦਾ ਮੁਥਾਨਾ ਦੇ ਵਕੀਲ ਅਤੇ ਪਰਿਵਾਰ ਦਾ ਕਹਿਣਾ ਹੈ ਕਿ ਉਸ ਕੋਲ ਅਮਰੀਕੀ ਨਾਗਰਿਕਤਾ ਹੈ ਅਤੇ ਉਹ ਜੇਲ੍ਹ ਕੱਟਣ ਲਈ ਵੀ ਤਿਆਰ ਹੈ।

ਇਹ ਵੀਡੀਓ ਵੀ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)