ਜਦੋਂ ਤਿੰਨ ਮਿੰਟ ਦੀ ਦੇਰੀ ਲਈ ਮੰਤਰੀ ਨੇ ਮਾਫੀ ਮੰਗੀ

ਸਕੂਰਾਡਾ ਨੂੰ ਆਪਣੀ ਭੁੱਲ ਕਾਰਨ ਵਾਰ-ਵਾਰ ਮਾਫੀ ਮੰਗਣੀ ਪਈ, ਉਨ੍ਹਾਂ ਨੇ ਇਹ ਅਹੁਦਾ ਪਿਛਲੇ ਸਾਲ ਸੰਭਾਲਿਆ ਸੀ।

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ,

ਸਕੂਰਾਡਾ ਨੂੰ ਆਪਣੀ ਭੁੱਲ ਕਾਰਨ ਵਾਰ-ਵਾਰ ਮਾਫੀ ਮੰਗਣੀ ਪਈ, ਉਨ੍ਹਾਂ ਨੇ ਇਹ ਅਹੁਦਾ ਪਿਛਲੇ ਸਾਲ ਸੰਭਾਲਿਆ ਸੀ।

ਜਪਾਨ ਦੇ ਉਲੰਪਿਕ ਮੰਤਰੀ ਯੋਸ਼ਟਿਕਾ ਸਕੂਰਾਡਾ ਨੇ ਵੀਰਵਾਰ ਨੂੰ ਇੱਕ ਸੰਸਦੀ ਬੈਠਕ ਵਿੱਚ ਤਿੰਨ ਮਿੰਟ ਦੇਰੀ ਨਾਲ ਪੁੱਜਣ ਕਾਰਨ ਜਨਤਕ ਤੌਰ 'ਤੇ ਮਾਫੀ ਮੰਗੀ।

ਵਿਰੋਧੀ ਧਿਰ ਨੇ ਕਿਹਾ ਕਿ ਇਹ ਮੰਤਰੀ ਦੀ ਆਪਣੇ ਦਫ਼ਤਰ ਪ੍ਰਤੀ ਗੈਰ-ਜ਼ਿੰਮੇਵਾਰੀ ਦਰਸਾਉਂਦਾ ਹੈ। ਵਿਰੋਧੀ ਧਿਰ ਨੇ ਬਜਟ ਕਮੇਟੀ ਦੀ ਮੀਟਿੰਗ ਨੂੰ ਪੰਜ ਘੰਟਿਆਂ ਲਈ ਬਾਈਕਾਟ ਵੀ ਕੀਤਾ।

ਪਿਛਲੇ ਹਫ਼ਤੇ ਉਨ੍ਹਾਂ ਨੇ ਜਪਾਨੀ ਤੈਰਾਕ ਰਿਕਾਕੋ ਇਕਲੀ ਦੀ ਜਾਂਚ ਵਿੱਚ ਲਿਊਕੇਮੀਆ ਸਾਹਮਣੇ ਆਉਣ 'ਤੇ ਦੁੱਖ ਪ੍ਰਗਟ ਕੀਤਾ ਸੀ।

"ਉਹ ਟੋਕੀਓ 2020 ਖੇਡਾਂ ਵਿੱਚ ਸੋਨ ਤਗਮਾ ਲਿਆ ਸਕਦੇ ਸਨ, ਉਸ ਖਿਡਾਰੀ ਤੋਂ ਸਾਨੂੰ ਬਹੁਤ ਉਮੀਦਾਂ ਸਨ, ਮੈਂ ਵਾਕਈ ਨਿਰਾਸ਼ ਹਾਂ।" ਇਸ ਤੋਂ ਬਾਅਦ ਉਨ੍ਹਾਂ ਦੀ ਆਲੋਚਨਾ ਹੋਈ ਅਤੇ ਉਨ੍ਹਾਂ ਨੂੰ ਮਾਫੀ ਮੰਗਣੀ ਪਈ।

ਇਹ ਵੀ ਪੜ੍ਹੋ:

ਯੋਸ਼ਟਿਕਾ ਸਕੂਰਾਡਾ ਨੇ ਸਾਲ 2016 ਵਿੱਚ ਵੀ ਵਿਵਾਦ ਖੜ੍ਹਾ ਕਰ ਲਿਆ ਸੀ। ਉਨ੍ਹਾਂ ਨੇ ਜਪਾਨੀ ਫੌਜੀਆਂ ਵਿੱਚ ਕੰਮ ਕਰਨ ਵਾਲੀਆਂ ਅਖੌਤੀ 'ਕੰਮਫਰਟ ਵੂਮਿਨ' ਨੂੰ ਪੇਸ਼ੇਵਰ ਵੇਸਵਾਵਾਂ ਕਿਹਾ ਸੀ।

ਉਹ ਦੇਸ ਦੇ ਸਾਈਬਰ ਸੁਰੱਖਿਆ ਮੰਤਰੀ ਵੀ ਹਨ। ਪਿਛਲੇ ਸਾਲ ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਨੇ ਜ਼ਿੰਦਗੀ ਵਿੱਚ ਕਦੇ ਵੀ ਕੰਪਿਊਟਰ ਨਹੀਂ ਵਰਤਿਆ ਅਤੇ ਆਪਣੇ ਮਾਤਹਿੱਤ ਕਰਮਚਾਰੀਆਂ ਤੋਂ ਕੰਮ ਕਰਵਾਉਂਦੇ ਹਨ।

ਵਿਰੋਧੀ ਧਿਰ ਨੇ ਕਈ ਵਾਰ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ।

ਜਪਾਨ ਵਿੱਚ ਦੇਰੀ ਨਾਲ ਆਉਣ ਨੂੰ ਸੱਭਿਆਚਾਰਕ ਤੌਰ 'ਤੇ ਹੀ ਚੰਗਾ ਨਹੀਂ ਸਮਝਿਆ ਜਾਂਦਾ। ਹੁਣ ਵਿਰੋਧੀ ਯੋਸ਼ਟਿਕਾ ਸਕੂਰਾਡਾ ਦੀ ਇਸ ਗੱਲ ਨੂੰ ਬਹਾਨਾ ਬਣਾ ਕੇ ਉਨ੍ਹਾਂ ਬਾਰੇ ਆਪਣੀ ਸੋਚ ਦੱਸ ਰਹੇ ਹਨ।

ਯੋਸ਼ਟਿਕਾ ਸਕੂਰਾਡਾ ਟੋਕੀਓ-2020 ਉਲੰਪਿਕ ਖੇਡਾਂ ਦੀ ਤਿਆਰੀ ਦੀ ਸਾਈਬਰ-ਸੁਰੱਖਿਆ ਵੀ ਦੇਖ ਰਹੇ ਹਨ।

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)