ਮੇਰੀ ਗਰਲਫਰੈਂਡ ਮੈਨੂੰ ਇੰਨਾ ਕੁੱਟਦੀ ਸੀ ਕਿ ਮੇਰੀ ਜਾਨ ਜਾਣੋ ਬਚੀ - ਐਲੇਕਸ

ਐਲੇਕਸ ਸਕੀਲ

ਤਸਵੀਰ ਸਰੋਤ, BBC Three/century films

ਇਸ ਰਿਪੋਰਟ ਦੇ ਕੁਝ ਹਿੱਸੇ ਤੁਹਾਨੂੰ ਪਰੇਸ਼ਾਨ ਕਰ ਸਕਦੇ ਹਨ

22 ਸਾਲ ਦੇ ਐਲੇਕਸ ਸਕੀਲ ਦੀ ਗਰਲਫ੍ਰੈਂਡ ਯੂਕੇ ਵਿੱਚ ਪਹਿਲੀ ਅਜਿਹੀ ਔਰਤ ਹੈ ਜਿਸ ਨੂੰ ਆਪਣੇ ਸਾਥੀ ਮਰਦ ਦੇ ਘਰੇਲੂ ਸ਼ੋਸ਼ਣ ਲਈ ਇੱਕ ਨਵੇਂ ਕਾਨੂੰਨ ਤਹਿਤ ਜੇਲ੍ਹ ਹੋਈ ਹੈ। ਐਲੇਕਸ ਨੇ ਆਪਣੀ ਕਹਾਣੀ ਬੀਬੀਸੀ-3 ਨਾਲ ਸਾਂਝੀ ਕੀਤੀ:

ਮੈਂ ਉਹ ਪਲ ਭੁੱਲ ਨਹੀਂ ਸਕਦਾ। ਮੇਰੀ ਗਰਲਫ੍ਰੈਂਡ ਜੌਰਡਨ ਨੇ ਮੈਨੂੰ ਕਮਰੇ ਦੇ ਇੱਕ ਕੋਨੇ ਵਿੱਚ ਧੱਕਿਆ। ਉਸ ਦੇ ਹੱਥ ਵਿੱਚ ਪਾਣੀ ਦੀ ਕੇਤਲੀ ਸੀ। ਉਦੋਂ ਪਹਿਲੀ ਵਾਰ ਉਸ ਨੇ ਮੇਰੇ ਉੱਪਰ ਉੱਬਲਦਾ ਪਾਣੀ ਸੁੱਟਿਆ ਸੀ।

ਅਸੀਂ ਬੈਡਫਰਡਸ਼ਾਇਰ ਇਲਾਕੇ ਦੇ ਉਸ ਘਰ ਵਿੱਚ ਇਕੱਠੇ ਰਹਿੰਦੇ ਸੀ। ਸਾਡਾ ਰਿਸ਼ਤਾ ਉਸ ਵੇਲੇ ਤਿੰਨ ਸਾਲ ਪੁਰਾਣਾ ਸੀ ਅਤੇ ਸਾਡੀ ਛੋਟੀ-ਮੋਟੀ ਲੜਾਈ ਹੁੰਦੀ ਰਹਿੰਦੀ ਸੀ।

ਅੱਜ ਵੀ ਚਮੜੀ ਸੜਦੀ ਜਾਪਦੀ ਹੈ

ਪਹਿਲਾਂ ਉਸ ਨੇ ਮੈਨੂੰ ਕਹਿਣਾ ਸ਼ੁਰੂ ਕੀਤਾ ਕਿ ਸਲੇਟੀ ਰੰਗ ਦੇ ਕੱਪੜੇ ਨਾ ਪਹਿਨਾਂ, ਫਿਰ ਕਹਿੰਦੀ ਕਿ ਵੱਲ ਵਾਹੁਣ ਦਾ ਤਰੀਕਾ ਬਦਲਾਂ। ਮੈਨੂੰ ਇਹ ਨਹੀਂ ਪਤਾ ਸੀ ਕਿ ਇਹ ਨਿੱਕੀਆਂ ਲੜਾਈਆਂ, ਅਖੀਰ ਨੌ ਮਹੀਨੇ ਦੇ ਤਸ਼ੱਦਦ ਦੇ ਦੌਰ ਵਿੱਚ ਬਦਲ ਜਾਣਗੀਆਂ।

ਮੈਨੂੰ ਅੱਜ ਵੀ ਮਹਿਸੂਸ ਹੁੰਦਾ ਕਿ ਜਿਵੇਂ ਉਸ ਉੱਬਲਦੇ ਪਾਣੀ ਦੀ ਪਹਿਲੀ ਬੂੰਦ ਮੇਰੇ ਉੱਤੇ ਹੁਣੇ ਡਿੱਗੀ ਹੈ। ਇੰਝ ਲੱਗਦਾ ਹੈ ਕਿ ਸਾਰਾ ਕੁਝ ਸਲੋਅ-ਮੋਸ਼ਨ ਵਿੱਚ ਹੋਇਆ। ਮੇਰੀ ਚਮੜੀ ਸੜਨ ਲੱਗੀ। ਅਜਿਹਾ ਦਰਦ ਮੈਂ ਪਹਿਲਾਂ ਨਹੀਂ ਵੇਖਿਆ ਸੀ।

ਇਹ ਵੀ ਜ਼ਰੂਰ ਪੜ੍ਹੋ

ਮੈਂ ਮਿੰਨਤਾਂ ਕੀਤੀਆਂ ਕਿ ਮੈਨੂੰ ਠੰਢੇ ਪਾਣੀ ਦੇ ਟੱਬ ਵਿੱਚ ਵੜਨ ਦੇਵੇ। ਮੈਨੂੰ ਲੱਗਿਆ ਕਿ ਇਸ ਨਾਲ ਆਰਾਮ ਮਿਲੇਗਾ।

ਉਸ ਨੇ ਮੈਨੂੰ ਟੱਬ ਵਿੱਚ ਵੜਨ ਦਿੱਤਾ ਅਤੇ ਮੈਨੂੰ ਇੰਨਾ ਸਕੂਨ ਮਿਲਿਆ ਕਿ ਮੈਂ ਬਿਆਨ ਨਹੀਂ ਕਰ ਸਕਦਾ।

ਫਿਰ ਉਸ ਨੇ ਮੈਨੂੰ ਬਾਹਰ ਆਉਣ ਲਈ ਕਿਹਾ, ਧਮਕੀ ਦਿੱਤੀ ਕਿ ਉਹ ਦੁਬਾਰਾ ਮੇਰੇ ਉੱਤੇ ਗਰਮ ਪਾਣੀ ਸੁੱਟੇਗੀ।

ਜੇ ਮੈਂ ਦਰਦ ਵਿੱਚ ਕੋਈ ਆਵਾਜ਼ ਕਰਦਾ, ਕਹਿੰਦਾ ਕਿ ਮੈਨੂੰ ਦਰਦ ਹੋ ਰਿਹਾ ਹੈ, ਤਾਂ ਉਹ ਕਹਿੰਦੀ, "ਵਾਪਸ ਠੰਢੇ ਪਾਣੀ ਵਿੱਚ ਵੜ ਜਾਈਂ।" ਇਹੀ ਚੱਕਰ ਵਾਰੀ-ਵਾਰ ਚੱਲਦਾ।

ਉਸ ਮੇਰੇ ਦਿਮਾਗ ਨਾਲ ਖੇਡਦੀ। ਉਹ ਮੇਰੀ ਜ਼ਿੰਦਗੀ ਉੱਤੇ ਕਬਜ਼ਾ ਚਾਹੁੰਦੀ ਸੀ।

ਮੈਨੂੰ ਯਾਦ ਹੈ ਕਿ ਜਦੋਂ ਮੈਂ ਟੱਬ ਵਿੱਚ ਵੱੜਦਾ ਤਾਂ ਕਈ ਵਾਰ ਮੇਰੀ ਚਮੜੀ ਉਤਰਣ ਲੱਗਦੀ।

ਤਸਵੀਰ ਸਰੋਤ, BBC Three/century films

ਤਸਵੀਰ ਕੈਪਸ਼ਨ,

ਜੌਰਡਨ ਅਤੇ ਐਲੇਕਸ 16 ਸਾਲਾਂ ਦੀ ਉਮਰ 'ਚ ਮਿਲੇ।

ਸਮਾਜਕ ਸਮੱਸਿਆ

ਇੰਗਲੈਂਡ ਅਤੇ ਵੇਲਜ਼ ਦੇ ਹਾਲੀਆ ਸਰਵੇਖਣ ਮੁਤਾਬਕ ਮਾਰਚ 2018 ਵਿੱਚ ਇੱਕ ਸਾਲ 'ਚ 16-59 ਸਾਲ ਦੇ ਘੱਟੋਘੱਟ 2 ਕਰੋੜ ਲੋਕਾਂ ਨੂੰ ਘਰੇਲੂ ਸ਼ੋਸ਼ਣ ਦਾ ਸ਼ਿਕਾਰ ਹੋਣਾ ਪਿਆ। ਇਨ੍ਹਾਂ 'ਚੋਂ ਇੱਕ ਤਿਹਾਈ ਮਰਦ ਸਨ।

ਫਿਰ ਵੀ ਇਸ ਉੱਪਰ ਪੂਰਾ ਧਿਆਨ ਨਹੀਂ ਗਿਆ ਹੈ। ਇੱਕ ਸਮਾਜਸੇਵੀ ਸੰਸਥਾ ਮੁਤਾਬਕ ਇੰਗਲੈਂਡ ਵਿੱਚ ਘਰੇਲੂ ਹਿੰਸਾ ਦੇ ਸ਼ਿਕਾਰ ਹੋਏ ਲੋਕਾਂ ਲਈ ਬਣੇ ਕੇਂਦਰਾਂ ਵਿੱਚ 1 ਫੀਸਦੇ ਨਾਲੋਂ ਘੱਟ ਬਿਸਤਰ ਮਰਦਾਂ ਲਈ ਸਨ।

ਦੋਵੇਂ ਕਿੱਥੇ ਮਿਲੇ?

ਜੌਰਡਨ ਅਤੇ ਮੈਂ ਸਾਲ 2012 'ਚ 16 ਸਾਲਾਂ ਦੀ ਉਮਰ ਵਿੱਚ ਕਾਲਜ 'ਚ ਮਿਲੇ।

ਉਹ ਪੜ੍ਹਾਈ ਵਿੱਚ ਆਲਾ ਸੀ। ਉਸ ਨੂੰ ਯੂਨੀਵਰਸਿਟੀ ਵਿੱਚ ਫਾਈਨ ਆਰਟ (ਕਲਾ) ਦੀ ਪੜ੍ਹਾਈ ਲਈ ਦਾਖਲਾ ਮਿਲ ਗਿਆ ਸੀ। ਉਹ ਅਧਿਆਪਕਾ ਬਣਨਾ ਚਾਹੁੰਦੀ ਸੀ।

ਸ਼ੁਰੂ ਦੇ ਕੁਝ ਮਹੀਨਿਆਂ ਵਿੱਚ ਤਾਂ ਸਭ ਕੁਝ ਠੀਕ ਸੀ। ਅਸੀਂ ਇਕੱਠੇ ਵਧੀਆ ਸਮਾਂ ਬਿਤਾਉਂਦੇ ਸੀ, ਫ਼ਿਲਮਾਂ ਦੇਖਦੇ ਸੀ, ਮਜ਼ੇ ਕਰਦੇ ਸੀ। ਮੈਂ ਆਪਣੇ ਦੋਸਤਾਂ ਨੂੰ ਇਹ ਦੱਸ ਕੇ ਖੁਸ਼ ਹੁੰਦਾ ਸੀ ਕਿ ਮੇਰੀ ਵੀ ਇੱਕ ਗਰਲਫ੍ਰੈਂਡ ਹੈ।

ਕੁਝ ਮਹੀਨਿਆਂ ਬਾਅਦ ਅਜੀਬ ਗੱਲਾਂ ਹੋਈਆਂ। ਮੈਨੂੰ ਲੱਗਿਆ ਕਿ ਜੋਰਡਨ ਸ਼ਾਇਦ ਇਹ ਹਰਕਤਾਂ ਇਸ ਲਈ ਕਰ ਰਹੀ ਹੈ ਕਿ ਉਸ ਨੂੰ ਮੇਰੇ ਕੋਲੋਂ ਹੋਰ ਪਿਆਰ ਚਾਹੀਦਾ ਹੈ।

ਮੇਰੇ ਮਾਤਾ-ਪਿਤਾ ਨੇ ਸਾਨੂੰ ਲੰਡਨ ਲਿਜਾ ਕੇ ਫ਼ਿਲਮ ਦੇਖਣ ਉੱਪਰ ਖਾਸ ਤੌਰ 'ਤੇ ਪੈਸੇ ਖਰਚੇ ਸਨ। ਉੱਥੇ ਅਚਾਨਕ ਜੋਰਡਨ ਗੁੰਮ ਹੋ ਗਈ। ਅਸੀਂ ਸਾਰੇ ਘਬਰਾ ਗਏ, ਉਸ ਨੂੰ ਲੱਭਣ ਲਈ ਸਾਨੂੰ ਭਾਜੜਾਂ ਪੈ ਗਈਆਂ।

ਕੁਝ ਦੇਰ ਬਾਅਦ ਉਹ ਸਾਨੂੰ ਮਿਲੀ ਤਾਂ ਜ਼ੋਰ ਨਾਲ ਹੱਸਣ ਲੱਗੀ। ਇਹ ਅਜੀਬ ਜਿਹੀ ਹਰਕਤ ਸੀ।

ਹੁਣ ਮੈਨੂੰ ਜਾਪਦਾ ਹੈ ਕਿ ਉਹ ਮੇਰੇ ਉੱਪਰ ਆਪਣੀ ਜਕੜ ਹੋਰ ਪੱਕੀ ਕਰਨਾ ਚਾਹੁੰਦੀ ਸੀ, ਮੇਰਾ ਇਮਤਿਹਾਨ ਲੈਣਾ ਚਾਹੁੰਦੀ ਸੀ।

ਤਸਵੀਰ ਸਰੋਤ, BBC three/century films

ਤਸਵੀਰ ਕੈਪਸ਼ਨ,

ਐਲੇਕਸ ਆਪਣੇ 18ਵੇਂ ਜਨਮਦਿਨ ਮੌਕੇ ਮਾਂ ਅਤੇ ਭਰਾ ਨਾਲ

ਜਲਦੀ ਹੀ ਉਸ ਨੇ ਮੈਨੂੰ ਮੇਰੇ ਪਰਿਵਾਰ ਤੇ ਦੋਸਤਾਂ ਤੋਂ ਵੱਖ ਕਰ ਦਿੱਤਾ। ਉਸ ਨੇ ਮੇਰੇ ਫੇਸਬੁੱਕ ਅਕਾਊਂਟ ਉਪਰ ਵੀ ਕਬਜ਼ਾ ਕਰ ਲਿਆ, ਜੋ ਘਰੇਲੂ ਹਿੰਸਾ ਦਾ ਇੱਕ ਵੱਡਾ ਲੱਛਣ ਹੈ।

ਮੈਂ ਕਿਸੇ ਕੋਲ ਨਾ ਜਾ ਸਕਿਆ। ਮੈਂ ਉਸ ਦੇ ਅਧੀਨ ਮਹਿਸੂਸ ਕਰਨ ਲੱਗਿਆ।

ਉਸ ਨੇ ਮੈਨੂੰ ਖਾਣਾ ਦੇਣ ਤੋਂ ਮਨ੍ਹਾ ਕਰਨਾ ਸ਼ੁਰੂ ਕਰ ਦਿੱਤਾ, ਮੇਰਾ ਭਾਰ ਬਹੁਤ ਘੱਟ ਗਿਆ। ਕਈ ਵਾਰ ਮੈਂ ਉਸ ਨੂੰ ਮੁੜ ਕੇ ਜਵਾਬ ਵੀ ਦਿੰਦਾ ਪਰ ਉਹ ਮੈਨੂੰ ਇੰਝ ਮਹਿਸੂਸ ਕਰਾਉਂਦੀ ਕਿ ਜਿਵੇਂ ਮੈਂ ਹੀ ਕੋਈ ਗੁਸਤਾਖ਼ੀ ਕਰ ਦਿੱਤੀ ਹੋਵੇ।

ਜਦੋਂ ਉਸ ਨੇ ਮੈਨੂੰ ਹੇਅਰ-ਸਟਾਈਲ ਅਤੇ ਕੱਪੜਿਆਂ ਬਾਰੇ ਨਸੀਹਤਾਂ ਦੇਣੀਆਂ ਸ਼ੁਰੂ ਕੀਤੀਆਂ ਤਾਂ ਮੈਂ ਮੰਨ ਜਾਂਦਾ, ਸੋਚਦਾ ਕਿ ਉਹ ਖੁਸ਼ ਹੋਵੇਗੀ।

ਮੈਨੂੰ ਸਮਝ ਹੀ ਨਹੀਂ ਆਈ ਕਿ ਉਹ ਮੈਨੂੰ ਆਪਣੇ ਸੈਂਚੇ ਵਿੱਚ ਢਾਲ ਰਹੀ ਸੀ। ਮੇਰਾ ਆਤਮ-ਵਿਸ਼ਵਾਸ ਖ਼ਤਮ ਹੋ ਗਿਆ ਸੀ।

ਇਹ ਵੀ ਜ਼ਰੂਰ ਪੜ੍ਹੋ

ਬੱਚਿਆਂ ਲਈ ਡਰਦਾ

ਸਾਡੇ ਦੋ ਬੱਚੇ ਹੋਏ ਤੇ ਮੈਂ ਉਮੀਦ ਕਰਦਾ ਰਿਹਾ ਕਿ ਸਭ ਠੀਕ ਹੋ ਜਾਵੇਗਾ। ਬੱਚਿਆਂ ਨੂੰ ਭਾਵੇਂ ਬਹੁਤੀ ਸਮਝ ਨਹੀਂ ਸੀ ਪਰ ਜੋ ਵੀ ਹੋਇਆ ਉਹ ਉਨ੍ਹਾਂ ਨੇ ਵੀ ਦੇਖਿਆ ਹੋਣਾ ਹੈ। ਮੈਨੂੰ ਡਰ ਸੀ ਕਿ ਜੌਰਡਨ ਕਿਸੇ ਦਿਨ ਬੱਚਿਆਂ ਨਾਲ ਹਿੰਸਕ ਹੀ ਨਾ ਹੋ ਜਾਵੇ। ਇਸੇ ਕਰਕੇ ਮੈਂ ਘਰੇ ਹੀ ਰਹਿੰਦਾ ਸੀ।

ਇਹ ਵੀ ਨਹੀਂ ਕਿ ਸਾਡੇ ਕੋਈ ਖੁਸ਼ੀ ਦੇ ਪਲ ਨਹੀਂ ਆਏ — ਅਸੀਂ ਹੱਸਦੇ ਵੀ ਸੀ, ਇਕੱਠੇ ਬਹੁਤ ਮਜ਼ੇ ਵੀ ਕਰਦੇ ਸੀ।

ਇਹ ਨਹੀਂ ਕਿ ਇਹ ਡਰਾਉਣਾ ਸੁਪਨਾ ਲਗਾਤਾਰ ਚੱਲ ਰਿਹਾ ਸੀ। ਮੈਂ ਸਥਿਤੀ ’ਚ ਸੁਧਾਰ ਚਾਹੁੰਦਾ ਸੀ। ਆਖਿਰ ਮੈਂ ਉਸ ਨੂੰ ਪਿਆਰ ਕਰਦਾ ਸੀ।

ਮਾਨਸਿਕ ਸ਼ੋਸ਼ਣ 18 ਮਹੀਨਿਆਂ ਬਾਅਦ ਸ਼ਰੀਰਕ ਹਿੰਸਾ ਤੱਕ ਪਹੁੰਚ ਗਿਆ। ਉਸ ਨੇ ਸੌਣ ਵੇਲੇ ਆਪਣੇ ਕੋਲ ਇੱਕ ਕੱਚ ਦੀ ਬੋਤਲ ਰੱਖਣਾ ਸ਼ੁਰੂ ਕਰ ਦਿੱਤੀ। ਮੇਰੇ ਉੱਪਰ ਇਲਜ਼ਾਮ ਲਗਾਉਂਦੀ ਸੀ ਕਿ ਮੈਂ ਹੋਰ ਔਰਤਾਂ ਨਾਲ ਸਬੰਧ ਬਣਾ ਰਿਹਾ ਹਾਂ, ਜੋ ਸਰਾਸਰ ਝੂਠ ਸੀ।

ਉਹ ਮੈਨੂੰ ਕਹਿੰਦੀ ਕਿ ਲੋਕਾਂ ਨੇ ਉਸ ਨੂੰ ਮੈਸੇਜ ਰਾਹੀਂ ਸਭ ਕੁਝ ਦੱਸਿਆ ਹੈ, ਜਦਕਿ ਮੈਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਉਹ ਇਹ ਸਾਰਾ ਕੁਝ ਆਪਣੇ ਮਨ ਵਿੱਚ ਹੀ ਬਣਾ ਰਹੀ ਸੀ।

ਉਹ ਉਡੀਕ ਕਰਦੀ ਕਿ ਮੈਨੂੰ ਨੀਂਦ ਆ ਜਾਵੇ, ਫਿਰ ਬੋਤਲ ਮੇਰੇ ਸਿਰ ਉੱਤੇ ਮਾਰਦੀ ਤੇ ਪੁੱਛਦੀ, "ਕੀ ਸੋਚ ਰਿਹਾ ਏਂ?"

ਕੁਝ ਸਮੇਂ ਬਾਅਦ ਇਹ ਹੋ ਗਿਆ ਕਿ ਮੈਨੂੰ ਦਰਦ ਹੋਣੋਂ ਹੱਟ ਗਿਆ। ਮੈਨੂੰ ਇੰਨੀ ਆਦਤ ਹੋ ਗਈ ਕਿ ਅਹਿਸਾਸ ਹੀ ਮੁੱਕ ਗਿਆ।

ਜਦੋਂ ਅਜਿਹਾ ਸਮਾਂ ਆਉਂਦਾ ਤਾਂ ਉਹ ਤਸ਼ੱਦਦ ਨੂੰ ਹੋਰ ਮਾੜਾ ਕਰ ਦਿੰਦੀ। ਮੈਨੂੰ ਕੁੱਟਣੇ ਲਈ ਨਵੇਂ ਤਰੀਕੇ ਲੱਭ ਲੈਂਦੀ।

ਤਸਵੀਰ ਸਰੋਤ, BBC three/century films

ਤਸਵੀਰ ਕੈਪਸ਼ਨ,

ਪੁਲਿਸ ਜਦੋਂ ਗੁਆਂਢੀ ਵੱਲੋਂ ਕੀਤੇ ਫ਼ੋਨ ਤੋਂ ਬਾਅਦ ਐਲੇਕਸ ਤੇ ਜੌਰਡਨ ਦੇ ਘਰ ਪਹੁੰਚੀ ਤਾਂ ਐਲੇਕਸ ਇੰਝ ਮਿਲਿਆ ਸੀ

‘ਮਰ ਕਿਉਂ ਨਹੀਂ ਜਾਂਦਾ?’

ਬੋਤਲ ਤੋਂ ਬਾਅਦ ਹਥੌੜਾ ਵਰਤਣ ਲੱਗ ਗਈ। ਉਸ ਤੋਂ ਬਾਅਦ ਤਾਂ ਜੋ ਵੀ ਹੱਥ ਵਿੱਚ ਆਉਂਦਾ ਉਹੀ ਵਰਤ ਲੈਂਦੀ।

ਇੱਕ ਵਾਰ ਤਾਂ ਲੈਪਟਾਪ ਦਾ ਚਾਰਜਰ ਫੜ੍ਹਿਆ ਤੇ ਉਸ ਦੀ ਤਾਰ ਆਪਣੀ ਬਾਂਹ 'ਤੇ ਲਪੇਟ ਲਈ। ਫਿਰ ਘੁਮਾ-ਘੁਮਾ ਕੇ ਚਾਰਜਰ ਮੇਰੇ ਵੱਲ ਮਾਰਨ ਲੱਗ ਪਈ। ਸਟੀਲ ਦਾ ਪਲੱਗ ਮੇਰੇ ਮੱਥੇ ਉੱਤੇ ਵੱਜਿਆ, ਖ਼ੂਨ ਫੁੱਟ ਪਿਆ, ਫਰਸ਼ ਉੱਤੇ ਫੈਲਣ ਲੱਗਾ।

ਜਦੋਂ ਮੈਂ ਮਦਦ ਲਈ ਚੀਕਿਆ ਤਾਂ ਉਹ ਹੱਸਣ ਲੱਗ ਪਈ, ਪੌੜੀਆਂ ਚੜ੍ਹ ਗਈ, ਕਹਿੰਦੀ, "ਤੂੰ ਕਿਤੇ ਜਾ ਕੇ ਮਰ ਕਿਉਂ ਨਹੀਂ ਜਾਂਦਾ? ਕਿਸੇ ਨੂੰ ਕੋਈ ਫਰਕ ਨਹੀਂ ਪੈਣਾ।"

ਕੁਝ ਦਿਨਾਂ ਬਾਅਦ ਤਾਂ ਜੌਰਡਨ ਨੇ ਚਾਕੂ ਵਰਤਣੇ ਸ਼ੁਰੂ ਕਰ ਦਿੱਤੇ। ਮੇਰੇ ਵੱਲ ਚਾਕੂ ਘੁਮਾਉਂਦੀ, ਇੱਕ ਵਾਰ ਤਾਂ ਮੇਰੇ ਗੁੱਟ ਵੱਜਣੋ ਬੱਚ ਗਿਆ। ਉਸ ਤੋਂ ਬਾਅਦ ਹੀ ਉੱਬਲਦਾ ਪਾਣੀ ਵੀ ਵਰਤਣ ਲੱਗੀ। ਮੈਨੂੰ ਥਰਡ-ਡਿਗਰੀ ਜ਼ਖਮ ਸਹਿਣੇ ਪਏ।

ਤਸਵੀਰ ਸਰੋਤ, BBC three/century films

ਤਸਵੀਰ ਕੈਪਸ਼ਨ,

ਐੱਕਸ-ਰੇਅ ਵਿੱਚ ਨਜ਼ਰ ਆਉਂਦੇ ਐਲੇਕਸ ਦੇ ਟੁੱਟੇ ਦੰਦ

ਮੈਨੂੰ ਲੱਗਿਆ ਕਿ ਜੇ ਮੈਂ ਇਸ ਦਰਦ ਦਾ ਵੀ ਆਦੀ ਹੋ ਗਿਆ ਤਾਂ ਅਗਲਾ ਕਦਮ ਤਾਂ ਮੇਰਾ ਕਤਲ ਹੀ ਹੋਵੇਗਾ।

ਮੈਂ ਉਸ ਤੋਂ ਇੰਨਾ ਦਰਦ ਸੀ ਕਿ ਹਸਪਤਾਲ ਜਾ ਕੇ ਵੀ ਝੂਠ ਬੋਲਦਾ ਕਿ ਮੈਂ ਡਿੱਗ ਪਿਆ ਸੀ ਜਾਂ ਗਰਮ ਪਾਣੀ ਗਲਤੀ ਨਾਲ ਆਪਣੇ ਉੱਪਰ ਪਾ ਲਿਆ।

ਇੱਕ ਵਾਰ ਗੁਆਂਢੀ ਨੇ ਮੇਰੀਆਂ ਚੀਕਾਂ ਸੁਨ ਕੇ ਪੁਲਿਸ ਨੂੰ ਫ਼ੋਨ ਕਰ ਦਿੱਤਾ, ਮੈਂ ਉਦੋਂ ਵੀ ਝੂਠ ਬੋਲ ਕੇ ਜੌਰਡਨ ਨੂੰ ਬਚਾ ਲਿਆ। ਮੈਨੂੰ ਲੱਗਦਾ ਸੀ ਕਿ ਅਸਲ ਵਿੱਚ ਮੈਂ ਆਪਣੀ ਜਾਨ ਬਚਾ ਰਿਹਾ ਸੀ।

ਜਦੋਂ ਮੇਰੇ ਲੱਗੀਆਂ ਸੱਟਾਂ ਨਜ਼ਰ ਆਉਂਦੀਆਂ ਸਨ ਤਾਂ ਉਹ ਮੇਰੇ ਚਿਹਰੇ ਉੱਤੇ ਮੇਕ-ਅਪ ਲਗਾਉਂਦੀ ਤੇ ਨਿਸ਼ਾਨ ਲੂਕਾ ਦਿੰਦੀ।

ਮੈਨੂੰ ਇਹ ਵੀ ਲੱਗਦਾ ਸੇ ਕਿ ਮੇਰਾ ਸ਼ਰੀਰ ਖ਼ਤਮ ਹੋ ਜਾਵੇਗਾ। ਬਾਅਦ ਵਿੱਚ ਡਾਕਟਰਾਂ ਨੇ ਮੈਨੂੰ ਦੱਸਿਆ ਕਿ ਮੈਂ ਮੌਤ ਤੋਂ 10 ਦਿਨ ਦੂਰ ਸੀ।

ਇਸ ਤਸ਼ੱਦਦ ਦਾ ਅੰਤ 2018 ਵਿੱਚ ਉਦੋਂ ਹੋਇਆ ਜਦੋਂ ਇੱਕ ਪੁਲਿਸ ਅਫ਼ਸਰ ਦੁਬਾਰਾ ਸਾਡੇ ਘਰ ਆਇਆ ਅਤੇ ਮੈਨੂੰ ਗੁਆਂਢੀਆਂ ਵੱਲੋਂ ਕੀਤੀ ਪੁਰਾਣੀ ਰਿਪੋਰਟ ਬਾਰੇ ਪੁੱਛਣ ਲੱਗਾ।

ਸੱਚ ਬਾਹਰ ਆ ਗਿਆ। ਮੇਰੇ ਕੋਲੋਂ ਖੁਦ ਨੂੰ ਰੋਕਿਆ ਨਾ ਗਿਆ। ਮੈਂ ਸਾਰੀ ਗੱਲ ਬਿਆਨ ਕਰ ਦਿੱਤੀ।

ਕਿਸਮਤ ਚੰਗੀ ਸੀ ਕਿ...

ਜੇ ਪੁਲਿਸ ਉਸ ਮੌਕੇ ਨਾ ਆਉਂਦੀ ਤਾਂ ਮੈਂ ਅੱਜ ਕਬਰ ਵਿੱਚ ਹੁੰਦਾ। ਮੇਰੀ ਕਿਸਮਤ ਚੰਗੀ ਸੀ ਕਿ ਮੇਰੀਆਂ ਸੱਟਾਂ ਇੰਨੀਆਂ ਗੰਭੀਰ ਸਨ ਕਿ ਸਬੂਤ ਪੱਕੇ ਨਜ਼ਰ ਆਉਣ ਲੱਗੇ।

ਜੌਰਡਨ ਨੂੰ ਕੀ ਚੀਜ਼ ਇਹ ਸਭ ਕਰਵਾਉਂਦੀ ਸੀ? ਉਸ ਦੀ ਮਾਨਸਿਕ ਸਥਿਤੀ ਕੀ ਸੀ?

ਮੈਨੂੰ ਲੱਗਦਾ ਹੈ ਕਿ ਉਸ ਨੂੰ ਈਰਖਾ ਸੀ ਕਿ ਮੇਰੇ ਕੋਲ ਇੰਨੇ ਚੰਗੇ ਦੋਸਤ, ਇੰਨਾ ਚੰਗਾ ਪਰਿਵਾਰ ਸੀ। ਇੱਕ ਵਾਰ ਉਸ ਨੇ ਮੈਨੂੰ ਸਿੱਧਾ ਕਿਹਾ ਸੀ, "ਮੈਂ ਤੇਰੀ ਜ਼ਿੰਦਗੀ ਬਰਬਾਦ ਕਰ ਕੇ ਰਹਾਂਗੀ।"

ਉਸ ਨੂੰ ਕੋਈ ਦੁੱਖ ਨਹੀਂ ਸੀ। ਉਸ ਨੇ ਕੋਈ ਮਾਫੀ ਨਹੀਂ ਮੰਗੀ। ਅਦਾਲਤ ਵਿੱਚ ਵੀ ਜੁਰਮ ਇਸੇ ਲਈ ਕਬੂਲਿਆ ਕਿ ਉਸ ਨੂੰ ਘੱਟ ਸਜ਼ਾ ਮਿਲੇ।

ਤਸਵੀਰ ਸਰੋਤ, BBC three/century films

ਤਸਵੀਰ ਕੈਪਸ਼ਨ,

ਪੁਲਿਸ ਹਿਰਾਸਤ ਵਿੱਚ ਜੌਰਡਨ ਵਰਥ

ਇਹ ਵੀ ਜ਼ਰੂਰ ਪੜ੍ਹੋ

ਮੈਨੂੰ ਨਹੀਂ ਸਮਝ ਆਉਂਦਾ ਕਿ ਉਹ ਖੁਦ ਨੂੰ ਕੀ ਜਵਾਬ ਦਿੰਦੀ ਹੋਵੇਗੀ। ਸ਼ਾਇਦ ਅਜਿਹੇ ਲੋਕਾਂ ਲਈ ਇਹ ਕੋਈ ਨਸ਼ਾ ਹੈ, ਕੋਈ ਸੁਆਦ ਹੈ।

ਉਨ੍ਹਾਂ ਨੂੰ ਸ਼ਾਇਦ ਲੱਗਦਾ ਹੈ ਉਹ ਸਵਰਗ ਵਿੱਚ ਹਨ ਅਤੇ ਤੁਸੀਂ ਨਰਕ ਵਿੱਚ। ਉਨ੍ਹਾਂ ਦਾ ਕਬਜ਼ਾ ਪੱਕਾ ਹੈ ਅਤੇ ਜੋ ਚਾਹੁਣ ਕਰ ਸਕਦੇ ਹਨ।

ਜਦੋਂ ਫੜੇ ਜਾਂਦੇ ਹਨ ਤਾਂ ਝਟਕਾ ਜਿਹਾ ਲੱਗਦਾ ਹੈ। ਪੁਲਿਸ ਦੀ ਵੀਡੀਓ ਵਿੱਚ ਜੌਰਡਨ ਸਹਿਮੀ ਹੋਈ ਜਾਪਦੀ ਹੈ ਪਰ ਅਸਲ ਵਿੱਚ ਇਹ ਫੜੇ ਜਾਣ ਦਾ ਦੁੱਖ ਹੈ, ਨਾ ਕਿ ਮੈਨੂੰ ਦਿੱਤੇ ਤਸੀਹਿਆਂ ਦਾ।

ਮੈਂ ਜੌਰਡਨ ਨੂੰ ਮਿਲਣ ਤੋਂ ਪਹਿਲਾਂ ਹੀ ਮਰਦਾਂ ਦੇ ਘਰੇਲੂ ਸ਼ੋਸ਼ਣ ਬਾਰੇ ਸੁਣਿਆ ਹੋਇਆ ਸੀ। ਮੈਨੂੰ ਪਤਾ ਸੀ ਕਿ ਉਹ ਜੋ ਕਰ ਰਹੀ ਹੈ ਉਸੇ ਨੂੰ ਸ਼ੋਸ਼ਣ ਆਖਦੇ ਹਨ। ਫਿਰ ਵੀ ਮੈਨੂੰ ਇਹ ਨਹੀਂ ਪਤਾ ਸੀ ਕਿ ਕਰਨਾ ਕੀ ਹੈ। ਮੈਨੂੰ ਪਤਾ ਹੀ ਨਹੀਂ ਸੀ ਕਿ ਉਸ ਨੂੰ ਕਿਸ ਜੁਰਮ ਲਈ ਗ੍ਰਿਫਤਾਰ ਕੀਤਾ ਜਾ ਸਕਦਾ ਹੈ।

ਮੇਰੇ ਬੱਚਿਆਂ ਦੀ ਫਿਕਰ ਕਰਕੇ ਵੀ ਮੈਂ ਉਸ ਜ਼ਿੰਦਗੀ ਵਿੱਚੋਂ ਬਾਹਰ ਨਿਕਲਣ ਤੋਂ ਡਰਦਾ ਸੀ। ਜਿਸ ਦਿਨ ਉਹ ਮੈਨੂੰ ਜ਼ਰਾ ਘੱਟ ਕੁੱਟਦੀ ਸੀ ਤਾਂ ਮੈਨੂੰ ਲੱਗਦਾ ਸੀ ਕਿ ਅੱਜ ਦਾ ਦਿਨ ਬਹੁਤ ਚੰਗਾ ਲੰਘ ਗਿਆ।

ਅਖੀਰ ਅਪ੍ਰੈਲ 2018 ਵਿੱਚ ਜੌਰਡਨ ਨੂੰ ਸਟ ਮਹੀਨੇ ਦੀ ਜੇਲ੍ਹ ਹੋਈ। ਜਦੋਂ ਮੈਂ ਖਬਰ ਸੁਣੀ ਤਾਂ ਕੋਈ ਪ੍ਰਤੀਕਿਰਿਆ ਨਹੀਂ ਦੇ ਸਕਿਆ। ਹੁਣ ਮੈਨੂੰ ਕਿਸੇ ਵੀ ਗੱਲ ਨਾਲ ਜ਼ਿਆਦਾ ਫ਼ਰਕ ਨਹੀਂ ਪੈਂਦਾ।

ਮੈਂ ਸਾਰੇ ਕਾਨੂੰਨੀ ਦਸਤਾਵੇਜ਼ ਸਾਂਭੇ ਹੋਏ ਹਨ ਤਾਂ ਜੋ ਬੱਚੇ ਵੱਡੇ ਹੋ ਕੇ ਦੇਖ ਸਕਣ ਕਿ ਹੋਇਆ ਕੀ ਸੀ। ਮੈਨੂੰ ਤਾਂ ਇਹੀ ਚਾਹੀਦਾ ਹੈ ਕਿ ਮੈਨੂੰ ਆਖਣ, "ਡੈਡ, ਤੁਸੀਂ ਠੀਕ ਕੀਤਾ।"

ਇਹ ਵੀਡੀਓ ਵੀ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)