ਬੰਗਲਾਦੇਸ ਜਹਾਜ਼ 'ਅਗਵਾਕਾਰ' ਵਿਸ਼ੇਸ਼ ਫੌਜੀ ਦਸਤੇ ਦੀ ਗੋਲਾਬਾਰੀ 'ਚ ਹਲਾਕ

ਗਲਾਦੇਸ਼ ਵਿੱਚ ਹਵਾਈ ਜਹਾਜ਼ ਅਗਵਾ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ,

ਜਹਾਜ਼ ਬੀਜੀ 147 ਦੇ ਸਾਰੇ ਯਾਤਰੀ ਤੇ ਕਰੂ ਮੈਂਬਰ ਸੁਰੱਖਿਅਤ ਹਨ।

ਬੰਗਲਾਦੇਸ਼ ਵਿੱਚ ਇੱਕ ਹਵਾਈ ਜਹਾਜ਼ ਅਗਵਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਯਾਤਰੀ ਨੂੰ ਬੰਗਲਾਦੇਸ਼ੀ ਫੌਜ ਦੇ ਵਿਸ਼ੇਸ਼ ਦਸਤੇ ਨੇ ਹਲਾਕ ਕਰ ਦਿੱਤਾ ਹੈ। ਬੰਗਲਾਦੇਸ਼ੀ ਅਧਿਕਾਰੀਆਂ ਮੁਤਾਬਕ ਬੰਗਲਾਦੇਸ਼ੀ ਜਹਾਜ਼ ਨੂੰ ਐਮਰਜੈਂਸੀ ਹਾਲਾਤ ਵਿੱਚ ਚਿਤਗਾਂਵ ਹਵਾਈ ਅੱਡੇ 'ਤੇ ਉਤਾਰਿਆ ਗਿਆ।

ਇੱਕ ਸ਼ੱਕੀ ਵਿਅਕਤੀ ਵੱਲੋਂ ਪਿਸਤੌਲ ਹੋਣ ਦਾ ਡਰਾਵਾ ਦੇ ਕੇ ਜਹਾਜ਼ ਨੂੰ ਅਗਵਾ ਦੀ ਕੋਸ਼ਿਸ਼ ਕੀਤੇ ਜਾਣ ਤੋਂ ਬਾਅਦ ਜਦੋਂ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਤਾਂ ਸੁਰੱਖਿਆ ਬਲਾਂ ਦੇ ਵਿਸ਼ੇਸ਼ ਦਸਤੇ ਨੇ ਅੰਦਰ ਦਾਖਲ ਹੋ ਕੇ ਸ਼ੱਕੀ 'ਅਗਵਾਕਾਰ' ਨੂੰ ਮਾਰ ਦਿੱਤਾ।

ਇਹ ਜਹਾਜ਼ ਬੰਗਲਾ ਦੇਸ ਦੀ ਰਾਜਧਾਨੀ ਢਾਕਾ ਤੋਂ ਦੁਬਈ ਜਾ ਰਿਹਾ ਸੀ। ਪੁਲਿਸ ਮੁਤਾਬਕ ਜਹਾਜ਼ ਵਿਚ 142 ਯਾਤਰੀ ਸਵਾਰ ਸਨ , ਬਿਮਾਨ ਬੰਗਲਾਦੇਸ ਏਅਰਲਾਇਨਜ਼ ਦੇ ਜਹਾਜ਼ ਬੀਜੀ 147 ਨੂੰ ਬੰਗਲਾ ਦੇਸ ਦੇ ਤੱਟੀ ਸ਼ਹਿਰ ਚਿਤਗਾਂਵ ਦੇ ਹਵਾਈ ਅੱਡੇ ਉੱਤੇ ਸੁਰੱਖਿਆ ਬਲਾਂ ਨੇ ਘੇਰ ਕੇ ਸਾਰੇ ਯਾਤਰੀਆਂ ਅਤੇ ਕਰੂ ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਸੀ।

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ,

25 ਸਾਲਾ ਉਮਰ ਵਾਲਾ ਸ਼ੱਕੀ ਵਿਅਕਤੀ ਪਹਿਲਾਂ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ

ਬੰਗਲਾਦੇਸ ਦੇ ਸ਼ਹਿਰੀ ਹਵਾਬਾਜ਼ੀ ਅਤੇ ਸੈਰਸਪਾਟਾ ਮੰਤਰਾਲੇ ਦੇ ਸਕੱਤਰ ਮੁਹੰਮਦ ਮਹਿਬੁਲ ਹੱਕ ਨੇ ਬੀਬੀਸੀ ਨੂੰ ਦੱਸਿਆ ਕਿ ਜਹਾਜ਼ ਦੇ ਪਾਇਲਟ ਅਤੇ ਸਾਰੇ ਯਾਤਰੀ ਮਹਿਫ਼ੂਜ਼ ਹਨ।

ਇਹ ਵੀ ਪੜ੍ਹੋ:

ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਸ਼ੱਕੀ ਵਿਅਕਤੀ ਨੇ ਅਗਵਾ ਦੀ ਕੋਸ਼ਿਸ਼ ਕਿਉਂ ਕੀਤੀ।

ਇਸੇ ਦੌਰਾਨ ਏਐਫਪੀ ਖ਼ਬਰ ਏਜੰਸੀ ਨੇ ਫੌਜ ਦੇ ਅਧਿਕਾਰਤ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਹੈ ਕਿ 25 ਸਾਲਾ ਉਮਰ ਵਾਲਾ ਸ਼ੱਕੀ ਵਿਅਕਤੀ ਪਹਿਲਾਂ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ ਅਤੇ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਉਸ ਦੀ ਮੌਤ ਹੋ ਗਈ।

ਫੌਜ ਦੇ ਮੇਜਰ ਜਨਰਲ ਮੌਤਿਊਰ ਰਹਿਮਾਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸ਼ੱਕੀ ਵਿਅਕਤੀ ਬੰਗਲਾਦੇਸ਼ੀ ਸੀ ਅਤੇ ਉਸ ਕੋਲੋ ਇੱਕ ਪਿਸਤੌਲ ਤੋਂ ਬਿਨਾਂ ਹੋਰ ਕੁਝ ਵੀ ਬਰਾਮਦ ਨਹੀਂ ਹੋਇਆ।

ਪਹਿਲਾਂ ਇਹ ਵੀ ਖ਼ਬਰ ਆਈ ਸੀ ਕਿ ਸ਼ੱਕੀ ਅਗਵਾਕਾਰ ਮਾਨਸਿਕ ਰੋਗੀ ਹੋ ਸਕਦਾ ਹੈ ਅਤੇ ਉਹ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨਾਲ ਗੱਲ ਕਰਨ ਦੀ ਮੰਗ ਕਰ ਰਿਹਾ ਸੀ।

ਸ਼ਾਹ ਅਮਾਨਤ ਹਵਾਈ ਅੱਡੇ ਉੱਤੇ ਜਹਾਜ਼ ਨੂੰ ਘੇਰਾ ਪਾਏ ਜਾਣ ਤੋਂ ਬਾਅਦ ਪੁਲਿਸ ਨੇ ਉਸ ਨਾਲ ਗੱਲਬਾਤ ਦੀ ਕੋਸ਼ਿਸ਼ ਕੀਤੀ ਸੀ। ਸੋਸ਼ਲ ਮੀਡੀਆ ਉੱਤੇ ਸਾਹਮਣੇ ਆਈਆਂ ਤਸਵੀਰਾਂ ਵਿਚ ਹਵਾਈ ਅੱਡੇ ਉੱਤੇ ਜਹਾਜ਼ ਨੂੰ ਘੇਰਾ ਪਾਏ ਜਾਣ ਅਤੇ ਸਹਿਮੇ ਲੋਕਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ।

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)