ਪਾਕਿਸਤਾਨ ਦੇ ਬਾਲਾਕੋਟ 'ਚ ਭਾਰਤੀ ਆਪ੍ਰਸ਼ਨ ਤੋਂ ਬਾਅਦ 'ਚਸ਼ਮਦੀਦਾਂ' ਨੇ ਕੀ ਦੱਸਿਆ?

ਇਸ ਇਲਾਕੇ ਵਿੱਚ ਮੌਜੂਦ ਲੋਕਾਂ ਨੇ ਬੀਬੀਸੀ ਨੂੰ ਅੱਖੀਂ-ਡਿੱਠਾ ਹਾਲ ਦੱਸਿਆ। ਪ੍ਰਤੱਖਦਰਸ਼ੀਆਂ ਮੁਤਾਬਕ ਭਾਰਤੀ ਹਵਾਈ ਫੌਜ ਦੇ ਹਮਲੇ ਕਾਫ਼ੀ ਭਿਆਨਕ ਸਨ। ਇਸ ਕਾਰਨ ਸੁੱਤੇ ਹੋਏ ਲੋਕਾਂ ਦੀ ਨੀਂਦ ਖੁੱਲ੍ਹ ਗਈ।

ਜਾਬਾ ਟੌਪ ਬਾਲਾਕੋਟ ਦੇ ਰਹਿਣ ਵਾਲੇ ਮੁਹੰਮਦ ਆਦਿਲ ਨੇ ਬੀਬੀਸੀ ਨੂੰ ਦੱਸਿਆ ਕਿ ਧਮਾਕੇ ਇੰਨੀ ਤੇਜ਼ ਸਨ ਜਿਵੇਂ ਕੋਈ ਜ਼ਲਜ਼ਲਾ ਆ ਗਿਆ ਹੋਵੇ।

ਮੁਹੰਮਦ ਆਦਿਲ ਨੇ ਦੱਸਿਆ, "ਸਵੇਰੇ ਤਿੰਨ ਵਜੇ ਦਾ ਸਮਾਂ ਸੀ, ਬਹੁਤ ਭਿਆਨਕ ਆਵਾਜ਼ ਆਈ। ਅਜਿਹਾ ਲੱਗਿਆ ਜਿਵੇਂ ਜ਼ਲਜ਼ਲਾ ਆ ਗਿਆ ਹੋਵੇ। ਅਸੀਂ ਪੂਰੀ ਰਾਤ ਨਹੀਂ ਸੁੱਤੇ। 5-10 ਮਿੰਟ ਬਾਅਦ ਸਾਨੂੰ ਪਤਾ ਚੱਲਿਆ ਕਿ ਧਮਾਕਾ ਹੋਇਆ ਹੈ।"

ਆਦਿਲ ਨੇ ਦੱਸਿਆ ਕਿ ਪੰਜ ਧਮਾਕੇ ਇੱਕੋ ਵੇਲੇ ਹੋਏ ਅਤੇ ਕਈ ਜ਼ਖਮੀ ਹੋ ਗਏ। ਫਿਰ ਕੁਝ ਦੇਰ ਬਾਅਦ ਆਵਾਜ਼ ਆਉਣੀ ਬੰਦ ਹੋ ਗਈ।

"ਸਵੇਰੇ ਅਸੀਂ ਉਹ ਥਾਂ ਦੇਖਣ ਗਏ ਜਿੱਥੇ ਧਮਾਕੇ ਹੋਏ ਸਨ। ਕਈ ਮਕਾਨਾਂ ਨੂੰ ਨੁਕਸਾਨ ਪਹੁੰਚਿਆ ਸੀ। ਇੱਕ ਵਿਅਕਤੀ ਜ਼ਖਮੀ ਵੀ ਨਜ਼ਰ ਆਇਆ।"

ਬਾਲਾਕੋਟ ਦੇ ਇੱਕ ਹੋਰ ਪ੍ਰਤੱਖਦਰਸ਼ੀ ਵਾਜਿਦ ਸ਼ਾਹ ਨੇ ਦੱਸਿਆ ਕਿ ਉਨ੍ਹਾਂ ਨੇ ਵੀ ਧਮਾਕੇ ਦੀ ਆਵਾਜ਼ ਸੁਣੀ।

ਉਨ੍ਹਾਂ ਨੇ ਕਿਹਾ, "ਅਜਿਹਾ ਲਗਿਆ ਜਿਵੇਂ ਕਿ ਕੋਈ ਰਾਈਫਲ ਰਾਹੀਂ ਫਾਇਰ ਕਰ ਰਿਹਾ ਹੋਵੇ। ਤਿੰਨ ਵਾਰੀ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ, ਫਿਰ ਚੁੱਪੀ ਛਾ ਗਈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)