ਪਾਕਿਸਤਾਨ ਦੇ ਬਾਲਾਕੋਟ ਏਅਰ ਸਟ੍ਰਾਈਕ ਵਿੱਚ ਕਿੰਨੇ ਮਰੇ ਤੇ ਕਿੰਨਾ ਨੁਕਸਾਨ ਹੋਇਆ

ਬਾਲਾਕੋਟ Image copyright AFP

ਬਾਲਾਕੋਟ ਵਿੱਚ ਭਾਰਤੀ ਹਵਾਈ ਫੌਜ ਦੀ ਕਾਰਵਾਈ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੋਹਾਂ ਨੇ ਆਪੋ-ਆਪਣੇ ਦਾਅਵੇ ਪੇਸ਼ ਕੀਤੇ ਸਨ।

ਭਾਰਤ ਨੇ ਬਾਲਾਕੋਟ ਵਿੱਚ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਟ੍ਰੇਨਿੰਗ ਕੈਂਪ ਨੂੰ ਨਿਸ਼ਾਣਾ ਬਣਾਉਣ ਅਤੇ ਉੱਥੇ ਮੌਜੂਦ ਸਾਰੇ ਅੱਤਵਾਦੀਆਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਸੀ।

ਦੂਜੇ ਪਾਸੇ ਪਾਕਿਸਤਾਨ ਨੇ ਕਿਹਾ ਸੀ ਕਿ ਉੱਥੇ ਕੋਈ ਟ੍ਰੇਨਿੰਗ ਕੈਂਪ ਹੈ ਹੀ ਨਹੀਂ। ਭਾਰਤ ਨੇ ਖਾਲੀ ਥਾਂ 'ਤੇ ਬੰਬ ਸੁੱਟੇ ਅਤੇ ਪਾਕਿਸਤਾਨੀ ਹਵਾਈ ਫੌਜ ਦੀ ਕਾਰਵਾਈ ਤੋਂ ਬਾਅਦ ਭਾਰਤ ਦੇ ਲੜਾਕੂ ਜਹਾਜ਼ ਭੱਜ ਗਏ।

ਮੀਡੀਆ ਵੀ ਆਪੋ-ਆਪਣੀਆਂ ਗੱਲਾਂ ਕਹਿ ਰਿਹਾ ਸੀ। ਕੁਝ ਮੀਡੀਆ ਚੈਨਲਾਂ ਨੇ ਤਾਂ 300 ਅੱਤਵਾਦੀਆਂ ਤੱਕ ਦੇ ਮਾਰੇ ਜਾਣ ਦਾ ਦਾਅਵਾ ਕੀਤਾ।

ਅਜਿਹੀਆਂ ਖਬਰਾਂ ਵੀ ਸਨ ਕਿ ਬਾਲਾਕੋਟ ਵਿੱਚ ਅੱਤਵਾਦੀਆਂ ਦਾ ਛੇ ਏਕੜ ਦਾ ਕੈਂਪ ਸੀ ਜਿਸ ਵਿੱਚ ਕਈ ਸੁਵਿਧਾਵਾਂ ਸਨ ਅਤੇ ਅੱਤਵਾਦੀਆਂ ਨੂੰ ਉੱਥੇ ਟ੍ਰੇਨਿੰਗ ਮਿਲਦੀ ਸੀ। ਪਰ ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਨਹੀਂ ਹੋ ਸਕੀ।

ਇਹ ਵੀ ਪੜ੍ਹੋ:

ਆਪਣੇ ਦਾਅਵੇ ਦੀ ਪੁਸ਼ਟੀ ਲਈ ਪਾਕਿਸਤਾਨ ਨੇ ਕੌਮਾਂਤਰੀ ਮੀਡੀਆ ਨੂੰ ਹਮਲੇ ਵਾਲੀ ਥਾਂ ਜਾਬਾ ਵਿੱਚ ਆਉਣ ਲਈ ਸੱਦਿਆ ਸੀ।

ਜਾਬਾ ਬਾਲਾਕੋਟ ਵਿੱਚ ਹੈ। ਪਾਕਿਸਤਾਨੀ ਫੌਜ ਦੀ ਨਿਗਰਾਨੀ ਵਿੱਚ ਮੀਡੀਆ ਨੂੰ ਜਾਬਾ ਲਿਜਾਇਆ ਗਿਆ। ਉੱਥੇ ਦੇ ਹਾਲਾਤ 'ਤੇ ਕੀਤੀਆਂ ਗਈਆਂ ਨਿਊਜ਼ ਰਿਪੋਰਟਜ਼ ਵਿੱਚ ਕਾਫੀ ਕੁਝ ਲਿਖਿਆ ਗਿਆ।

ਬੀਬੀਸੀ ਦੀ ਗ੍ਰਾਊਂਡ ਰਿਪੋਰਟ

ਭਾਰਤੀ ਹਵਾਈ ਹਮਲੇ ਤੋਂ ਬਾਅਦ ਬੀਬੀਸੀ ਪੱਤਰਕਾਰ ਸਹਿਰ ਬਲੋਚ ਵੀ ਬਾਲਾਕੋਟ ਪੁੱਜੀ ਸਨ। ਉਨ੍ਹਾਂ ਨੇ ਹਮਲੇ ਵਿੱਚ ਜ਼ਖ਼ਮੀ ਹੋਏ ਇੱਕ ਸਥਾਨਕ ਸ਼ਖਸ ਨੂਰਾਂ ਸ਼ਾਹ ਨਾਲ ਗੱਲ ਕੀਤੀ। ਉਨ੍ਹਾਂ ਦਾ ਘਰ ਹਮਲੇ ਵਾਲੀ ਥਾਂ ਦੇ ਨੇੜੇ ਹੀ ਹੈ।

ਨੂਰਾਂ ਸ਼ਾਹ ਨੇ ਦੱਸਿਆ, ''ਪਿਛਲੀ ਰਾਤ ਮੈਂ ਸੁੱਤਾ ਪਿਆ ਸੀ। ਬਹੁਤ ਤੇਜ਼ ਆਵਾਜ਼ ਨਾਲ ਮੈਂ ਉੱਠ ਗਿਆ। ਜਦ ਉੱਠਿਆ ਤਾਂ ਬਹੁਤ ਤੇਜ਼ ਧਮਾਕਾ ਹੋਇਆ। ਜਦ ਇਹ ਧਮਾਕਾ ਹੋਇਆ ਤਾਂ ਮੈਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ।''

''ਮੈਂ ਕਿਹਾ ਕਿ ਇਹ ਕੋਈ ਖਤਰਨਾਕ ਕੰਮ ਹੈ। ਜਦ ਮੈਂ ਬੂਹੇ ਕੋਲ੍ਹ ਆਇਆ ਤਾਂ ਤੀਜਾ ਧਮਾਕਾ ਹੋਇਆ। ਇਹ ਥਾਂ 15 ਮੀਟਰ ਜਾਂ ਉਸ ਤੋਂ ਵੱਧ ਘੱਟ ਦੂਰੀ 'ਤੇ ਹੋਵੇਗੀ।''

''ਦੂਜੇ ਧਮਾਕੇ ਨਾਲ ਹੀ ਦਰਵਾਜ਼ੇ ਟੁੱਟ ਗਏ ਸਨ। ਉਦੋਂ, ਮੈਂ, ਮੇਰੀ ਧੀ ਅਤੇ ਪਤਨੀ ਉੱਥੇ ਹੀ ਬੈਠ ਗਏ। ਮੈਂ ਕਿਹਾ ਕਿ ਹੁਣ ਮਰਨਾ ਹੀ ਹੈ। ਉਸ ਤੋਂ ਬਾਅਦ ਚੌਥਾ ਧਮਾਕਾ ਹੋਇਆ।''

''ਫਿਰ ਥੋੜੀ ਦੇਰ ਬਾਅਦ ਅਸੀਂ ਉੱਠੇ, ਬਾਹਰ ਨਿਕਲੇ ਤਾਂ ਵੇਖਿਆ ਕਿ ਮਕਾਨ ਦੀਆਂ ਕੰਧਾਂ ਤੇ ਛੱਤ 'ਤੇ ਦਰਾਰਾਂ ਸਨ। ਰੱਬ ਨੇ ਸਾਨੂੰ ਬਚਾ ਲਿਆ, ਮੇਰੇ ਸਿਰ 'ਤੇ ਥੋੜ੍ਹੀ ਚੋਟ ਆਈ ਹੈ।''

ਅਲ ਜਜ਼ੀਰਾ ਨੇ ਕੀ ਲਿਖਿਆ?

ਕਤਰ ਦੇ ਨਿਊਜ਼ ਬਰੌਡਕਾਸਟਰ ਅਲ ਜਜ਼ੀਰਾ ਨੇ ਲਿਖਿਆ ਹੈ ਕਿ ਬੁੱਧਵਾਰ ਨੂੰ ਹਮਲੇ ਦੀ ਥਾਂ ’ਤੇ ਜਾਣ ਤੋਂ ਬਾਅਦ ਅਲ ਜਜ਼ੀਰਾ ਨੂੰ ਪਤਾ ਲਗਿਆ ਕਿ ਉੱਤਰੀ ਪਾਕਿਸਤਾਨ ਦੇ ਜਾਬਾ ਸ਼ਹਿਰ ਦੇ ਬਾਹਰ ਜੰਗਲ ਅਤੇ ਦੁਰਾਡੇ ਖੇਤਰਾਂ ਵਿੱਚ ਚਾਰ ਬੰਬ ਡਿੱਗੇ ਸਨ।

ਵਿਸਫੋਟ ਨਾਲ ਹੋਏ ਗੱਢਿਆਂ ਵਿੱਚ ਟੁੱਟੇ ਹੋਏ ਦਰਖਤ ਅਤੇ ਥਾਂ-ਥਾਂ ਪੱਥਰ ਪਏ ਸਨ। ਪਰ ਉੱਥੇ ਕਿਸੇ ਵੀ ਤਰ੍ਹਾਂ ਦੇ ਮਲਬੇ ਜਾਂ ਜਾਨਮਾਲ ਦੇ ਨੁਕਸਾਨ ਦਾ ਕੋਈ ਸਬੂਤ ਨਹੀਂ ਸੀ।

ਸਥਾਨਕ ਹਸਪਤਾਲਾਂ ਦੇ ਅਧਿਕਾਰੀਆਂ ਤੇ ਉਸ ਥਾਂ ਪਹੁੰਚੇ ਕਈ ਲੋਕਾਂ ਨੇ ਦੱਸਿਆ ਕਿ ਭਾਰਤੀ ਹਮਲੇ ਤੋਂ ਬਾਅਦ ਉਨ੍ਹਾਂ ਨੂੰ ਉੱਥੇ ਕੋਈ ਸਰੀਰ ਜਾਂ ਜ਼ਖ਼ਮੀ ਲੋਕ ਨਹੀਂ ਦਿੱਸੇ।

ਇਲਾਕੇ ਵਿੱਚ ਜੈਸ਼-ਏ-ਮੁਹੰਮਦ ਦੇ ਟ੍ਰੇਨਿੰਗ ਕੈਂਪ ਨੂੰ ਲੈ ਕੇ ਹਾਲਾਤ ਸਾਫ ਨਹੀਂ ਸਨ।

ਸਥਾਨਕ ਲੋਕਾਂ ਨੇ ਦੱਸਿਆ ਕਿ ਜਿੱਥੇ ਬੰਬ ਡਿੱਗੇ ਉੱਥੋਂ ਇੱਕ ਕਿਲੋਮੀਟਰ ਤੋਂ ਵੀ ਘੱਟ ਦੂਰੀ 'ਤੇ ਇੱਕ ਚੋਟੀ 'ਤੇ ਮਦਰਸਾ ਹੈ ਜਿਸ ਨੂੰ ਜੈਸ਼-ਏ-ਮੁਹੰਮਦ ਚਲਾਉਂਦਾ ਹੈ।

ਕੁਝ ਦੂਰੀ 'ਤੇ ਲੱਗੇ ਇੱਕ ਸਾਈਨਬੋਰਡ ਤੋਂ ਸਕੂਲ ਵਾਲੀ ਥਾਂ ਦੀ ਪੁਸ਼ਟੀ ਹੋਈ। ਬੋਰਡ ਵਿੱਚ ਮਸੂਦ ਅਜ਼ਹਰ ਨੂੰ ਤਲੀਮ-ਉਲ-ਕੁਰਾਨ ਮਦਰਸੇ ਦਾ ਪ੍ਰਮੁਖ ਅਤੇ ਮੁਹੰਮਦ ਯੁਸੁਫ ਅਜ਼ਹਰ ਨੂੰ ਪ੍ਰਸ਼ਾਸਕ ਦੱਸਿਆ ਗਿਆ ਸੀ।

ਇਹ ਵੀ ਪੜ੍ਹੋ:

ਇੱਥੇ ਕੁਝ ਲੋਕਾਂ ਦਾ ਕਹਿਣਾ ਸੀ ਕਿ ਇਹ ਮਦਰਸਾ ਸਥਾਨਕ ਸਕੂਲ ਦੇ ਬੱਚਿਆਂ ਨੂੰ ਪੜਾਉਂਦਾ ਸੀ ਪਰ ਕੁਝ ਨੇ ਕਿਹਾ ਕਿ ਉੱਥੇ ਜੈਸ਼ ਦੇ ਲੜਾਕਿਆਂ ਦਾ ਟ੍ਰੇਨਿੰਗ ਕੈਂਪ ਸੀ।

ਇੱਕ ਸ਼ਖਸ ਨੇ ਬਿਨਾਂ ਪਛਾਣ ਦੱਸੇ ਦੱਸਿਆ, ''ਪਹਾੜ 'ਤੇ ਬਣਿਆ ਮਦਰਸਾ ਮੁਜਾਹਿਦੀਨਾਂ ਲਈ ਟ੍ਰੇਨਿੰਗ ਕੈਂਪ ਸੀ।''

31 ਸਾਲ ਦੇ ਇੱਕ ਹੋਰ ਸ਼ਖਸ ਨੇ ਕਿਹਾ, ''ਹਰ ਕੋਈ ਜਾਣਦਾ ਸੀ ਕਿ ਉੱਥੇ ਜੈਸ਼ ਦਾ ਕੈਂਪ ਹੈ। ਉੱਥੇ ਲੋਕਾਂ ਨੂੰ ਲੜ੍ਹਣਾ ਸਿਖਾਇਆ ਜਾਂਦਾ ਸੀ।''

ਹਾਲਾਂਕਿ ਕੁਝ ਹੀ ਦੂਰੀ 'ਤੇ ਰਹਿਣ ਵਾਲੇ ਮੀਰ ਅਫਜ਼ਲ ਗੁਲਜ਼ਾਰ ਨੇ ਦੱਸਿਆ, ''ਇੱਥੇ ਕੋਈ ਕੈਂਪ ਨਹੀਂ ਸੀ ਅਤੇ ਕੋਈ ਅੱਤਵਾਦੀ ਨਹੀਂ ਸਨ। ਇੱਥੇ 1980 ਵਿੱਚ ਮੁਜਾਹਿਦੀਨ ਕੈਂਪ ਹੋਇਆ ਕਰਦਾ ਸੀ ਪਰ ਹੁਣ ਨਹੀਂ ਹੈ।''

31 ਜਨਵਰੀ 2004 ਨੂੰ ਵਿਕਿਲੀਕਸ ਵੱਲੋਂ ਕੀਤੇ ਗਏ ਅਮਰੀਕੀ ਵਿਦੇਸ਼ ਮੰਤਰਾਲੇ ਦੇ ਇੱਕ ਮੈਮੋ ਵਿੱਚ ਜ਼ਿਕਰ ਹੈ ਕਿ ਜਾਬਾ ਦੇ ਕੋਲ੍ਹ ਜੈਸ਼-ਏ-ਮੁਹੰਮਦ ਦਾ ਇੱਕ ਟ੍ਰੇਨਿੰਗ ਕੈਂਪ ਹੈ ਜਿੱਥੇ ਹਥਿਆਰਾਂ ਅਤੇ ਵਿਸਫੋਟ ਦੀ ਬੇਸਿਕ ਤੇ ਐਡਵਾਂਸ ਟ੍ਰੇਨਿੰਗ ਦਿੱਤੀ ਜਾਂਦੀ ਹੈ।

ਰਾਇਟਰਜ਼ ਦੀ ਰਿਪੋਰਟ

ਬ੍ਰਿਟੇਨ ਦੀ ਨਿਊਜ਼ ਏਜੰਸੀ ਨੇ ਜਾਬਾ ਦੇ ਦੌਰੇ ਤੋਂ ਬਾਅਦ ਲਿਖਿਆ ਹੈ ਕਿ ਉੱਥੇ ਹਮਲੇ ਤੋਂ ਜ਼ਖ਼ਮੀ ਹੋਇਆ ਸਿਰਫ ਇੱਕ ਪੀੜਤ ਹੈ, ਜਿਸਦੀ ਸੱਜੀ ਅੱਖ 'ਤੇ ਹਮਲੇ ਕਾਰਨ ਚੋਟ ਲੱਗੀ ਹੈ।

ਜਾਬਾ ਵਿੱਚ ਸਥਿਤ ਢਲਾਨਾਂ ਵੱਲ ਇਸ਼ਾਰਾ ਕਰਦੇ ਹੋਏ ਪਿੰਡ ਵਾਲਿਆਂ ਨੇ ਦੱਸਿਆ ਕਿ ਇੱਥੇ ਚਾਰ ਬੰਬਾਂ ਦੇ ਡਿੱਗਣ ਦੇ ਨਿਸ਼ਾਨ ਹਨ ਅਤੇ ਚੀੜ ਦੇ ਦਰਖਤ ਬਿਖਰੇ ਪਏ ਹਨ।

ਇਲਾਕੇ ਵਿੱਚ ਵੈਨ ਚਲਾਉਣ ਵਾਲੇ ਅਬਦੁਰ ਰਸ਼ੀਦ ਨੇ ਕਿਹਾ, ''ਇਸਨੇ ਸਭ ਕੁਝ ਹਿਲਾ ਕੇ ਰੱਖ ਦਿੱਤਾ। ਇੱਥੇ ਕੋਈ ਨਹੀਂ ਮਰਿਆ, ਇੱਕ ਕਾਂ ਮਰਿਆ ਹੈ।''

ਜਾਬਾ ਪਹਾੜਾਂ ਅਤੇ ਨਦੀਆਂ ਦੇ ਇਲਾਕੇ ਵਿੱਚ ਸਥਿਤ ਹੈ ਜਿੱਥੋਂ ਕਘਾਨ ਘਾਟੀ ਦਾ ਰਾਹ ਖੁੱਲ੍ਹਦਾ ਹੈ। ਪਾਕਿਸਤਾਨੀ ਸੈਲਾਨੀਆਂ ਦੀ ਇਹ ਪਸੰਦੀਦਾ ਥਾਂ ਹੈ।

Image copyright Reuters
ਫੋਟੋ ਕੈਪਸ਼ਨ ਨੂਰਾਂ ਸ਼ਾਹ ਨੇ ਰਾਇਟਰਜ਼ ਨਾਲ ਗੱਲ ਕੀਤੀ

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇੱਥੇ 400 ਤੋਂ 500 ਲੋਕ ਮਿੱਟੀ ਦੇ ਘਰਾਂ ਵਿੱਚ ਰਹਿੰਦੇ ਹਨ। ਰਾਇਟਰਜ਼ ਨੇ 15 ਲੋਕਾਂ ਨਾਲ ਗੱਲ ਕੀਤੀ ਪਰ ਨੂਰਾਂ ਸ਼ਾਹ ਤੋਂ ਇਲਾਵਾ ਕਿਸੇ ਦੇ ਵੀ ਜ਼ਖਮੀ ਹੋਣ ਦੀਆਂ ਖਬਰਾਂ ਨਹੀਂ ਮਿਲੀਆਂ।

ਅਬਦੁਰ ਰਸ਼ੀਦ ਨੇ ਕਿਹਾ, ''ਮੈਂ ਇੱਥੇ ਕੋਈ ਲਾਸ਼ ਨਹੀਂ ਦੇਖੀ, ਸਿਰਫ ਇੱਕ ਸਥਾਨਕ ਸ਼ਖਸ ਕਿਸੇ ਚੀਜ਼ ਨਾਲ ਜ਼ਖ਼ਮੀ ਹੋਇਆ ਹੈ।''

ਜਾਬਾ ਦੇ ਨਜ਼ਦੀਕੀ ਹਸਪਤਾਲ ਵਿੱਚ ਬੇਸਿਕ ਹੈਲਥ ਯੂਨਿਟ ਦੇ ਇੱਕ ਅਧਿਕਾਰੀ ਮੁਹੰਮਦ ਸਾਦਿਕ ਉਸ ਰਾਤ ਨੂੰ ਨਾਈਟ ਡਿਊਟੀ 'ਤੇ ਸਨ।

ਉਨ੍ਹਾਂ ਨੇ ਵੀ ਕਿਸੇ ਦੇ ਜ਼ਖ਼ਮੀ ਹੋਣ ਦੇ ਦਾਅਵਿਆਂ ਤੋਂ ਇਨਕਾਰ ਕੀਤਾ ਹੈ। ਉਹ ਕਹਿੰਦੇ ਹਨ, ''ਇਹ ਸਿਰਫ ਇੱਕ ਝੂਠ ਹੈ। ਸਾਨੂੰ ਤਾਂ ਇੱਕ ਵੀ ਜ਼ਖ਼ਮੀ ਸ਼ਖਸ ਨਹੀਂ ਮਿਲਿਆ।''

ਇਹ ਵੀ ਪੜ੍ਹੋ:

ਹਾਲਾਂਕਿ ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਉੱਥੇ ਜੈਸ਼-ਏ-ਮੁਹੁੰਦ ਦੀ ਮੌਜੂਦਗੀ ਹੈ। ਟ੍ਰੇਨਿੰਗ ਕੈਂਪ ਤਾਂ ਨਹੀਂ ਹੈ ਪਰ ਇੱਕ ਮਦਰਸਾ ਹੈ।

ਨੂਰਾਂ ਸ਼ਾਹ ਨੇ ਕਿਹਾ, ''ਇਹ ਤਾਲੀਮ-ਉਲ-ਕੁਰਾਨ ਮਦਰਸਾ ਹੈ। ਉੱਥੇ ਪਿੰਡ ਦੇ ਬੱਚੇ ਪੜ੍ਹਦੇ ਹਨ, ਕੋਈ ਟ੍ਰੇਨਿੰਗ ਨਹੀਂ ਹੁੰਦੀ।''

ਮਦਰਸਾ ਦੇ ਜੈਸ਼-ਏ-ਮੁਹੰਮਦ ਨਾਲ ਸਬੰਧ ਦੱਸਣ ਵਾਲੇ ਸਾਈਨ ਬੋਰਡ ਨੂੰ ਹਟਾ ਦਿੱਤਾ ਗਿਆ ਅਤੇ ਫੌਜ ਪੱਤਰਕਾਰਾਂ ਨੂੰ ਉੱਥੇ ਜਾਣ ਤੋਂ ਰੋਕ ਰਹੀ ਸੀ।

ਪਰ ਪਿੱਛੋਂ ਉਸ ਢਾਂਚੇ ਨੂੰ ਵੇਖਇਆ ਜਾ ਸਕਦਾ ਸੀ ਅਤੇ ਉਸਨੂੰ ਕੋਈ ਨੁਕਸਾਨ ਨਹੀਂ ਹੋਇਆ ਸੀ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)