ਅਮਰੀਕਾ ਦੀ ਪਹਿਲੀ ਮਹਿਲਾ ਫਾਈਟਰ ਪਾਇਲਟ ਨੇ ਬਲਾਤਕਾਰ ਦੀ ਸ਼ਿਕਾਇਤ ਕਿਉਂ ਨਾ ਕੀਤੀ

ਸੈਨੇਟਰ ਮਾਰਥਾ ਮੈਕਸੈਲੀ
ਫੋਟੋ ਕੈਪਸ਼ਨ ਸੈਨੇਟਰ ਮਾਰਥਾ ਮੈਕਸੈਲੀ ਨੇ 26 ਸਾਲ ਹਵਾਈ ਸੈਨਾ ਵਿੱਚ ਨੌਕਰੀ ਕੀਤੀ ਹੈ

ਅਮਰੀਕਾ ਦੀ ਪਹਿਲੀ ਮਹਿਲਾ ਫਾਈਟਰ ਪਾਇਲਟ ਅਤੇ ਮੌਜੂਦਾ ਦੌਰ ਵਿੱਚ ਸਿਆਸੀ ਆਗੂ ਮਾਰਥਾ ਮੈਕਸੈਲੀ ਨੇ ਆਪਣੇ ਸਹਿਯੋਗੀਆਂ ਨੂੰ ਕਿਹਾ ਹੈ ਕਿ ਜਦੋਂ ਉਹ ਏਅਰ ਫੋਰਸ ਵਿੱਚ ਸਨ ਤਾਂ ਇੱਕ ਉੱਚੇ ਅਹੁਦੇ 'ਤੇ ਤਾਇਨਾਤ ਏਅਰ ਫੋਰਸ ਅਧਿਕਾਰੀ ਨੇ ਉਨ੍ਹਾਂ ਦਾ ਬਲਾਤਕਾਰ ਕੀਤਾ ਸੀ।

ਸਿਨੇਟਰ ਮਾਰਥਾ ਮੈਕਸੈਲੀ ਨੇ ਸੈਨਾ ਵਿੱਚ ਜਿਣਸੀ ਸ਼ੋਸ਼ਣ ਦੇ ਇਲਜ਼ਾਮਾਂ 'ਤੇ ਹੋ ਰਹੀ ਸੁਣਵਾਈ ਦੌਰਾਨ ਇਹ ਬਿਆਨ ਦਿੱਤਾ ਹੈ।

ਦਿ ਅਰੀਜ਼ੋਨਾ ਰਿਪਬਲੀਕਨ ਮੁਤਾਬਕ, ਉਨ੍ਹਾਂ ਨੇ ਬਲਾਤਕਾਰ ਦੀ ਰਿਪੋਰਟ ਦਰਜ ਨਹੀਂ ਕਰਵਾਈ ਸੀ ਕਿਉਂਕਿ ਉਹ ਸ਼ਰਸਮਾਰ ਅਤੇ ਪ੍ਰੇਸ਼ਾਨ ਸਨ ਅਤੇ ਉਨ੍ਹਾਂ ਨੂੰ ਸਿਸਟਮ 'ਚ ਵਿਸ਼ਵਾਸ ਨਹੀਂ ਸੀ।

ਸਾਲ 2017 ਵਿੱਚ ਅਮਰੀਕੀ ਸੈਨਾ 'ਚ ਜਿਣਸੀ ਸ਼ੋਸ਼ਣ 10 ਫੀਸਦ ਤੱਕ ਵੱਧ ਗਿਆ ਹੈ।

ਮੈਕਸੈਲੀ ਨੇ ਸੀਨੇਟ ਆਰਮਡ ਸਰਵਿਸਸ ਸਬ-ਕਮੇਟੀ ਨੂੰ ਦੱਸਿਆ, "ਮੈਂ ਕਈ ਸਾਲ ਚੁੱਪ ਰਹੀ।"

"ਜਦੋਂ ਸੈਨਾ ਘੁਟਾਲਿਆਂ ਨਾਲ ਜੂਝ ਰਹੀ ਸੀ ਅਤੇ ਉਨ੍ਹਾਂ ਬਾਰੇ ਫੌਜ ਵੱਲੋਂ ਕੋਈ ਸਹੀ ਤਰੀਕੇ ਨਾਲ ਪ੍ਰਤੀਕਰਮ ਨਹੀਂ ਦਿੱਤੇ ਜਾ ਰਹੇ ਸਨ।”

“ਉਸ ਵੇਲੇ ਮੈਨੂੰ ਲੱਗਾ ਕਿ ਕੁਝ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੈਂ ਵੀ ਪੀੜਤ ਹਾਂ।"

"ਜਿਸ ਤਰ੍ਹਾਂ ਮੇਰੇ ਤਜ਼ਰਬੇ ਨੂੰ ਲਿਆ ਗਿਆ, ਮੈਂ ਹੈਰਾਨ ਸੀ।"

ਇਹ ਵੀ ਪੜ੍ਹੋ-

"ਮੈਂ ਨਿਰਾਸ਼ਾ ਕਰਕੇ 18 ਸਾਲਾਂ ਦੀ ਸਰਵਿਸ ਤੋਂ ਬਾਅਦ ਹਵਾਈ ਸੈਨਾ ਤੋਂ ਕਰੀਬ ਵੱਖ ਹੋ ਹੀ ਗਈ ਸੀ। ਹੋਰਨਾਂ ਕਈ ਪੀੜਤਾਂ ਵਾਂਗ ਮੈਨੂੰ ਲੱਗਣ ਲੱਗਾ ਇਹ ਸਿਸਟਮ ਮੇਰਾ ਮੁੜ ਬਲਾਤਕਾਰ ਕਰ ਰਿਹਾ ਹੈ।"

ਕਮੇਟੀ ਵਿੱਚ ਨਿਊ ਯਾਰਕ ਤੋਂ ਸੀਨੇਟਰ ਕ੍ਰਿਸਟਨ ਗਿਲੀਬ੍ਰਾਂਡ ਨੇ ਕਿਹਾ ਕਿ ਉਨ੍ਹਾਂ ਨੂੰ "ਮੈਕਸੈਲੀ ਦੇ ਬਿਆਨਾਂ ਨਾਲ ਕਾਫੀ ਧੱਕਾ ਲਗਿਆ ਹੈ।"

Image copyright Getty Images
ਫੋਟੋ ਕੈਪਸ਼ਨ ਮਾਰਥਾ ਅਮਰੀਕਾ ਦੇ ਪਹਿਲੀ ਮਹਿਲਾ ਫਾਈਟਰ ਪਾਇਲਟ ਸਨ।

ਮੈਕਸੈਲੀ ਨੇ ਅਮਰੀਕੀ ਹਵਾਈ ਸੈਨਾ ਵਿੱਚ 26 ਸਾਲ ਸੇਵਾ ਨਿਭਾਈ ਅਤੇ ਸਾਲ 2010 ਵਿੱਚ ਰਿਟਾਈਰਮੈਂਟ ਵੇਲੇ ਉਹ ਕਰਨਲ ਦੀ ਰੈਂਕ 'ਤੇ ਸਨ।

ਇਸ ਤੋਂ ਬਾਅਦ ਉਹ ਅਮਰੀਕਾ ਦੇ ਹਾਊਸ ਆਫ ਰਿਪ੍ਰੈਜਨਟੇਟਿਵ ਵਿੱਚ ਦੋ ਵਾਰ ਚੁਣੀ ਗਈ ਅਤੇ ਪਿਛਲੇ ਸਾਲ ਉਨ੍ਹਾਂ ਨੇ ਸੀਨੇਟ ਸੀਟ ਜਿੱਤੀ।

ਅਜਿਹਾ ਪਹਿਲੀ ਵਾਰ ਨਹੀਂ ਸੀ ਜਦੋਂ ਮੈਕਸੈਲੀ ਨੇ ਆਪਣੇ ਜਿਣਸੀ ਸ਼ੋਸ਼ਣ ਬਾਰੇ ਗੱਲ ਕੀਤੀ ਹੋਵੇ।

ਪਿਛਲੇ ਸਾਲ ਸੀਨੇਟ ਦੀ ਚੋਣ ਦੌਰਾਨ ਉਨ੍ਹਾਂ ਨੇ ਵਾਲ ਸਟ੍ਰੀਟ ਜਰਨਲ ਨੂੰ ਦੱਸਿਆ ਕਿ ਜਦੋਂ ਉਹ 17 ਸਾਲ ਦੀ ਸੀ ਤਾਂ ਸਕੂਲ ਦੇ ਐਥਲੈਟਿਕ ਕੋਚ ਨੇ ਉਨ੍ਹਾਂ 'ਤੇ ਜਿਣਸੀ ਸ਼ੋਸ਼ਣ ਦਾ ਦਬਾਅ ਬਣਾਇਆ ਸੀ।

ਜਨਵਰੀ ਵਿੱਚ ਇੱਕ ਹੋਰ ਮਹਿਲਾ ਸੀਨੇਟਰ ਨੇ ਵੀ ਕਿਹਾ ਸੀ ਕਿ ਉਨ੍ਹਾਂ ਦਾ ਬਲਾਤਕਾਰ ਹੋਇਆ ਹੈ।

ਜੋਨੀ ਅਰਨਸ ਨੇ ਦੱਸਿਆ ਕਿ ਜਦੋਂ ਉਹ ਯੂਨੀਵਰਸਿਟੀ ਵਿੱਚ ਪੜ੍ਹਦੀ ਸੀ ਤਾਂ ਉਨ੍ਹਾਂ ਦੇ ਪ੍ਰੇਮੀ ਨੇ ਉਨ੍ਹਾਂ ਦਾ ਜਿਣਸੀ ਸ਼ੋਸ਼ਣ ਕੀਤਾ ਸੀ।

ਇਹ ਵੀ ਪੜ੍ਹੋ-

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)