ਨਿਊਜ਼ੀਲੈਂਡ ਦੇ ਕਰਾਈਸਟਚਰਚ 'ਚ ਮਸਜਿਦਾਂ ’ਚ ਚੱਲੀਆਂ ਗੋਲੀਆਂ, 49 ਮੌਤਾਂ, 4 ਸ਼ੱਕੀ ਹਿਰਾਸਤ ’ਚ

ਕਰਾਈਸਟਚਰਚ ਦੀ ਮਸਜਿਦ ਵਿੱਚ ਹੋਈ ਸ਼ੂਟਿੰਗ ਤੋਂ ਬਾਅਦ ਪੁਲਿਸ ਚਸ਼ਮਦੀਦਾਂ ਨਾਲ ਗੱਲ ਕਰਦੀ ਹੋਈ Image copyright Reuters
ਫੋਟੋ ਕੈਪਸ਼ਨ ਕਰਾਈਸਟਚਰਚ ਦੀ ਮਸਜਿਦ ਵਿੱਚ ਹੋਈ ਸ਼ੂਟਿੰਗ ਤੋਂ ਬਾਅਦ ਪੁਲਿਸ ਚਸ਼ਮਦੀਦਾਂ ਨਾਲ ਗੱਲ ਕਰਦੀ ਹੋਈ

ਨਿਊਜ਼ੀਲੈਂਡ ਦੇ ਕਰਾਈਸਟਚਰਚ ਸ਼ਹਿਰ ਵਿੱਚ ਦੋ ਮਸਜਿਦਾਂ ਵਿੱਚ ਹੋਈ ਗੋਲੀਬਾਰੀ ਵਿੱਚ 49 ਲੋਕਾਂ ਦੀ ਮੌਤ ਹੋ ਗਈ ਹੈ।

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜਾਸਿੰਡਾ ਆਰਡਰਨ ਨੇ ਮ੍ਰਿਤਕਾਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹਮਲਾਵਰਾਂ ਵਿੱਚ ਇੱਕ ਆਸਟਰੇਲੀਆ ਦਾ 28 ਸਾਲਾ ਨਾਗਰਿਕ ਵੀ ਹੈ।

ਉਨ੍ਹਾਂ ਨੇ ਹਮਲਾਵਰਾਂ ਨੂੰ ‘ਅਤਿ ਸੱਜੇਪੱਖੀ ਅੱਤਵਾਦੀ’ ਦੱਸਿਆ ਹੈ। ਉਨ੍ਹਾਂ ਨੇ ਕਿਹਾ, ‘ਇਹ ਘਟਨਾ ਸਾਨੂੰ ਦੱਸਦੀ ਹੈ ਕਿ ਮਾੜੇ ਲੋਕ ਹਮੇਸ਼ਾ ਸਾਡੇ ਵਿਚਾਲੇ ਮੌਜੂਦ ਰਹਿੰਦੇ ਹਨ ਅਤੇ ਉਹ ਕਦੇ ਵੀ ਅਜਿਹੇ ਹਮਲੇ ਕਰ ਸਕਦੇ ਹਨ।”

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਨਿਊਜ਼ੀਲੈਂਡ ਸ਼ੂਟਿੰਗ: 'ਹਰ ਕੋਈ ਜਾਨ ਬਚਾਉਣ ਲਈ ਪਿੱਛੇ ਦੇ ਦਰਵਾਜ਼ੇ ਵੱਲ ਭੱਜਿਆ'

ਨਿਊਜ਼ੀਲੈਂਡ ਦੇ ਪੁਲਿਸ ਕਮਿਸ਼ਨਰ ਨੇ ਦੱਸਿਆ ਹੈ ਕਿ ਇਸ ਮਾਮਲੇ ਵਿੱਚ ਚਾਰ ਸ਼ੱਕੀ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਇਨ੍ਹਾਂ ਵਿੱਚ ਤਿੰਨ ਮਰਦ ਅਤੇ ਇੱਕ ਮਹਿਲਾ ਸ਼ਾਮਿਲ ਹੈ। ਪਰ ਹੁਣ ਤੱਕ ਇਹ ਨਹੀਂ ਕਿਹਾ ਜਾ ਸਕਦਾ ਹੈ ਕਿ ਖ਼ਤਰਾ ਘੱਟ ਹੋਇਆ ਹੈ।

ਪੁਲਿਸ ਵੱਲੋਂ ਅਜੇ ਮਸਜਿਦਾਂ ਨੂੰ ਅਗਲੇ ਨੋਟਿਸ ਤੱਕ ਦਰਵਾਜੇ ਬੰਦ ਰੱਖਣ ਲਈ ਕਿਹਾ ਗਿਆ ਹੈ।

ਇਹ ਵੀ ਜ਼ਰੂਰ ਪੜ੍ਹੋ

ਪੁਲਿਸ ਕਮਿਸ਼ਨਰ ਮਾਈਕ ਬੁਸ਼ ਨੇ ਦੋਵਾਂ ਥਾਂਵਾਂ ਉੱਤੇ ਹੀ ਮੌਤਾਂ ਦੀ ਪੁਸ਼ਟੀ ਕੀਤੀ ਹੈ ਪਰ ਅਜੇ ਗਿਣਤੀ ਨਹੀਂ ਦੱਸੀ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਲੋਕ ਅੱਜ ਕਿਸੇ ਵੀ ਮਸਜਿਦ ਵਿੱਚ ਨਾ ਜਾਣ ਕਿਉਂਕਿ ਖ਼ਤਰਾ ਹੋ ਸਕਦਾ ਹੈ।

ਭਾਰਤੀ ਸਮੇਂ ਅਨੁਸਾਰ 8 ਵਜੇ ਦੀ ਰਿਪੋਰਟ ਮੁਤਾਬਕ ਹਮਲਾਵਰ ਅਜੇ ਵੀ ਇਲਾਕੇ ਵਿੱਚ ਗੋਲੀਬਾਰੀ ਕਰ ਰਿਹਾ ਸੀ। ਘਟਨਾ ਸਭ ਤੋਂ ਪਹਿਲਾਂ 7 ਵਜੇ, ਨਿਊਜ਼ੀਲੈਂਡ ਦੇ ਸਥਾਨਕ ਸਮੇਂ ਅਨੁਸਾਰ ਦੁਪਹਿਰ 2 ਵਜੇ, ਦੇ ਕਰੀਬ ਸਾਹਮਣੇ ਆਈ ਸੀ।

ਹੁਣ ਤੱਕ ਕੀ-ਕੀ ਪਤਾ ਹੈ?

*ਕ੍ਰਾਇਸਟਚਰਚ ਦੀਆਂ ਦੋ ਮਸਜਿਦਾਂ — ਅਲ-ਨੂਰ ਮਸਜਿਦ ਅਤੇ ਲਿਨਵੁੱਡ ਐਵਿਨਿਊ ਦੀ ਮਸਜਿਦ — ਵਿੱਚ ਗੋਲੀਬਾਰੀ ਦੀਆਂ ਦੋ ਘਟਨਾਵਾਂ ਹੋਈਆਂ ਹਨ।

*ਦੋਹਾਂ ਘਟਨਾਵਾਂ ਵਿੱਚ 49 ਲੋਕਾਂ ਦੀ ਮੌਤ ਹੋ ਚੁੱਕੀ ਹੈ।

*ਬੰਗਲਾਦੇਸ਼ ਦੀ ਕ੍ਰਿਕਟ ਟੀਮ ਅਲ-ਨੂਰ ਮਸਜਿਦ ਪਹੁੰਚੀ ਹੀ ਸੀ ਕਿ ਘਟਨਾ ਵਾਪਰੀ ਤਾਂ ਬੱਸ ਵਿੱਚ ਵਾਪਸ ਚਲੀ ਗਈ ਅਤੇ ਬੰਗਲਾਦੇਸ਼ ਕ੍ਰਿਕਟ ਟੀਮ ਨੇ ਆਪਣਾ ਦੌਰਾ ਰੱਦ ਕਰ ਦਿੱਤਾ ਹੈ।

*ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਇਹ ਉਨ੍ਹਾਂ ਦੇ ਦੇਸ ਲਈ "ਸਭ ਤੋਂ ਕਾਲੇ ਦਿਨਾਂ ਵਿੱਚੋਂ ਇੱਕ" ਹੈ।

*ਪੁਲਿਸ ਨੇ ਇਸ ਮਾਮਲੇ ਵਿੱਚ 4 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ।

*ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਘਰਾਂ ਦੇ ਅੰਦਰ ਰਹਿਣ ਅਤੇ ਮਸਜਿਦਾਂ ਵੱਲ ਬਿਲਕੁਲ ਨਾ ਜਾਣ।

‘ਨਿਊਜ਼ੀਲੈਂਡ ਲਈ ਕਾਲਾ ਦਿਨ’

ਦੇਸ ਨੂੰ ਸੰਬੋਧਨ ਕਰਦੇ ਹੋਏ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜਾਸਿੰਡਾ ਆਰਡਰਨ ਨੇ ਕਿਹਾ, “ਇਹ ਨਿਊਜ਼ੀਲੈਂਡ ਦੇ ਸਭ ਤੋਂ ਕਾਲੇ ਦਿਨਾਂ ਵਿੱਚੋਂ ਇੱਕ ਹੈ।ਅਜਿਹੀ ਘਟਨਾ ਨਿਊਜ਼ੀਲੈਂਡ ਵਿੱਚ ਕਦੇ ਨਹੀਂ ਹੋਈ ਹੈ।”

“ਇਸ ਹਿੰਸਾ ਦੀ ਘਟਨਾ ਨਾਲ ਜੋ ਵੱਧ ਪ੍ਰਭਾਵਿਤ ਪਰਵਾਸੀ ਜਾਂ ਸ਼ਰਨਾਰਥੀ ਲੋਕ ਹੋਏ ਹੋਣਗੇ ਜਿਨ੍ਹਾਂ ਨੇ ਨਿਊਜ਼ੀਲੈਂਡ ਨੂੰ ਆਪਣਾ ਘਰ ਮੰਨਿਆ ਹੈ। ਨਿਊਜ਼ੀਲੈਂਡ ਉਨ੍ਹਾਂ ਦਾ ਘਰ ਹੈ। ਇਸ ਹਿੰਸਾ ਦੀ ਘਟਨਾ ਨੂੰ ਜਿਸ ਸ਼ਖਸ ਨੇ ਅੰਜਾਮ ਦਿੱਤਾ ਹੈ ਉਸ ਲਈ ਨਿਊਜ਼ੀਲੈਂਡ ਵਿੱਚ ਕੋਈ ਥਾਂ ਨਹੀਂ ਹੈ।”

ਇਹ ਵੀ ਪੜ੍ਹੋ:

ਕਰਾਈਸਟਚਰਚ ਦਾ ਗੁਰਦੁਆਰਾ ਵੀ ਬੰਦ

ਗੁਰਦੁਆਰਾ ਸਿੰਘ ਸਭਾ ਕਰਾਈਸਟਚਰਚ ਨੂੰ ਵੀ ਇਸ ਘਟਨਾ ਕਾਰਨ ਬੰਦ ਕਰ ਦਿੱਤਾ ਗਿਆ ਹੈ ਅਤੇ ਨਾਲ ਹੀ ਲੋਕਾਂ ਨੂੰ ਸਾਵਧਾਨੀ ਬਰਤਨ ਲਈ ਕਿਹਾ ਹੈ।

Image copyright facebook

ਬੰਗਲਾਦੇਸ਼ ਟੀਮ ਸੁਰੱਖਿਅਤ

ਇਸ ਵੇਲੇ ਨਿਊਜ਼ੀਲੈਂਡ ਦੇ ਦੌਰੇ 'ਤੇ ਪਹੁੰਚੀ ਹੋਈ ਬੰਗਲਾਦੇਸ਼ ਦੀ ਕ੍ਰਿਕਟ ਟੀਮ ਵੀ ਇਸੇ ਮਸਜਿਦ ਵਿੱਚੋਂ ਹਮਲੇ ਤੋਂ ਬੱਚ ਕੇ ਨਿਕਲੀ, ਇਹ ਗੱਲ ਟੀਮ ਨਾਲ ਆਏ ਇੱਕ ਰਿਪੋਰਟਰ ਨੇ ਟਵਿੱਟਰ ਉੱਪਰ ਦੱਸੀ।

ਅਜੇ ਤੱਕ ਖਬਰ ਤਾਂ ਇੱਕ ਹੀ ਸ਼ੂਟਰ ਦੀ ਹੈ ਪਰ ਬੰਗਲਾਦੇਸ਼ ਟੀਮ ਦੇ ਖਿਡਾਰੀ ਤਮੀਮ ਇਕਬਾਲ ਨੇ ਟਵੀਟ ਕਰ ਕੇ ਕਿਹਾ ਕਿ "ਸਾਰੀ ਟੀਮ ਸ਼ੂਟਰਾਂ ਤੋਂ ਬੱਚ ਗਈ"।

ਖਿਡਾਰੀਆਂ ਦੇ ਸੁਰੱਖਿਅਤ ਹੋਣ ਦੀ ਪੁਸ਼ਟੀ ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਵੀ ਕੀਤੀ ਹੈ।

ਮੋਹਨ ਇਬਰਾਹੀਮ ਨਾਂ ਦੇ ਵਿਅਕਤੀ ਨੇ ਇੱਕ ਸਥਾਨਕ ਅਖ਼ਬਾਰ ਨੂੰ ਦੱਸਿਆ, "ਪਹਿਲਾਂ ਸਾਨੂੰ ਲੱਗਿਆ ਕਿ ਕੋਈ ਬਿਜਲੀ ਦਾ ਝਟਕਾ ਹੈ ਪਰ ਫਿਰ ਲੋਕ ਭੱਜਣ ਲੱਗੇ। ਮੇਰੇ ਕੁਝ ਦੋਸਤ ਅਜੇ ਵੀ ਅੰਦਰ ਹੀ ਹਨ।"

ਪੁਲਿਸ ਇਸ ਨੂੰ "ਸੰਜੀਦਾ ਘਟਨਾ" ਆਖ ਰਹੀ ਹੈ ਪਰ ਅਜੇ ਹੋਰ ਜਾਣਕਾਰੀ ਨਹੀਂ ਦਿੱਤੀ ਗਈ ਹੈ। ਪੁਲਿਸ ਕਮਿਸ਼ਨਰ ਮਾਈਕ ਬੁਸ਼ ਨੇ ਦੱਸਿਆ ਕਿ ਸਕੂਲ ਬੰਦ ਕਰਵਾ ਦਿੱਤੇ ਗਏ ਹਨ।

ਮੀਡੀਆ ਰਿਪੋਰਟਾਂ ਮੁਤਾਬਕ ਨੇੜਲੇ ਇਲਾਕੇ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ:

ਇੱਕ ਹੋਰ ਮਸਜਿਦ ਵਿੱਚ ਵੀ ਗੋਲੀਆਂ ਚੱਲਣ ਦੀ ਖ਼ਬਰ

ਇਹ ਮਸਜਿਦ ਸ਼ਹਿਰ ਦੇ ਮੱਧ ਵਿੱਚ ਡੀਨ ਐਵਿਨਿਊ ਨਾਂ ਦੇ ਇਲਾਕੇ ਨੇੜੇ ਪੈਂਦੀ ਹੈ ਅਤੇ ਇਸ ਦੇ ਸਾਹਮਣੇ ਇਲਾਕੇ ਦਾ ਮਸ਼ਹੂਰ ਹੈਗਲੀ ਪਾਰਕ ਹੈ।

ਘਟਨਾਕ੍ਰਮ ਅਜੇ ਸਾਫ ਨਹੀਂ ਹੈ ਪਰ ਜਾਣਕਾਰੀ ਜ਼ਿਆਦਾਤਰ ਚਸ਼ਮਦੀਦਾਂ ਵੱਲੋਂ ਸਥਾਨਕ ਪੱਤਰਕਾਰਾਂ ਨੂੰ ਦਿੱਤੇ ਬਿਆਨਾਂ 'ਤੇ ਆਧਾਰਿਤ ਹੈ।

ਖ਼ਬਰਾਂ ਇਹ ਵੀ ਹਨ ਕਿ ਮਸਜਿਦ ਦੇ ਸਾਹਮਣੇ ਸੜਕ ਉੱਪਰ ਕੁਝ ਲੋਕ ਖੂਨ ਨਾਲ ਲਿਬੜੇ ਸਨ, ਹਾਲਾਂਕਿ ਇਸ ਦੀ ਪੁਸ਼ਟੀ ਬੀਬੀਸੀ ਨੂੰ ਕਿਸੇ ਅਧਿਕਾਰੀ ਨੇ ਨਹੀਂ ਕੀਤੀ।

ਨੇੜਲੇ ਕਸਬੇ ਲਿਨਵੁੱਡ ਵਿੱਚ ਇੱਕ ਮਾਜਿਦ ਨੂੰ ਖਾਲੀ ਕਰਵਾਏ ਜਾਣ ਦੀ ਵੀ ਰਿਪੋਰਟ ਸੀ, ਬਾਅਦ ਵਿੱਚ ਰਿਪੋਰਟ ਆਈ ਕਿ ਇੱਥੇ ਵੀ ਕੁਝ ਮੌਤਾਂ ਹੋਈਆਂ ਹਨ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)