ਭਾਰਤੀ ਫਿਲਮਾਂ 'ਤੇ ਪਾਬੰਦੀ ਦਾ ਪਾਕਿਸਤਾਨ ਨੂੰ ਕਿੰਨਾ ਨੁਕਸਾਨ

ਪਾਕਿਸਤਾਨ Image copyright Humsafar
ਫੋਟੋ ਕੈਪਸ਼ਨ ਭਾਰਤੀ ਫਿਲਮਾਂ ਨੂੰ ਪਾਕਿਸਤਾਨ ਵਿੱਚ ਬਹੁਤ ਲੋਕ ਪੰਸਦ ਕਰਦੇ ਹਨ ਪਰ ਦੇਸ਼ਭਗਤੀ ਕਾਰਨ ਉਹ ਇਸ ਪਾਬੰਦੀ ਦੀ ਹਮਾਇਤ ਕਰ ਰਹੇ ਹਨ।

ਜਦੋਂ ਭਾਰਤੀ ਹਵਾਈ ਫੌਜ ਨੇ ਪਾਕਿਸਤਾਨ ਵਿੱਚ ਹਵਾਈ ਹਮਲਾ ਕੀਤਾ ਤਾਂ ਪਾਕਿਸਤਾਨ ਨੇ ਨਾ ਸਿਰਫ਼ ਜਵਾਬ ਦਿੱਤਾ ਸਗੋਂ ਭਾਰਤੀ ਫਿਲਮਾਂ ਅਤੇ ਟੈਲੀਵਿਜ਼ਨ 'ਤੇ ਵੀ ਰੋਕ ਲਾ ਦਿੱਤੀ।

ਪਾਕਿਸਤਾਨ ਦਾ ਇਸ ਤਰ੍ਹਾਂ ਆਪਣਾ ਗੁੱਸਾ ਜਤਾਉਣਾ ਅਤੇ ਬਦਲਾ ਲੈਣਾ ਸੌਖਾ ਸੀ ਪਰ ਪਾਕਿਸਾਤਨ ਦਾ ਇਹ ਦਾਅ ਪੁੱਠਾ ਪੈ ਸਕਦਾ ਹੈ।

ਬੀਬੀਸੀ ਦੇ ਇਲਿਆਸ ਖ਼ਾਨ ਅਤੇ ਸ਼ੁਮਾਇਲਾ ਜਾਫ਼ਰੀ ਨੇ ਇਹੀ ਸਮਝਣ ਦੀ ਕੋਸ਼ਿਸ਼ ਕੀਤੀ। ਦੋਵੇਂ-ਦੇਸ ਸਾਲ 1947 ਦੀ ਵੰਡ ਤੋਂ ਹੀ ਇੱਕ-ਦੂਜੇ ਨਾਲ ਭਿੜਦੇ ਆ ਰਹੇ ਹਨ।

ਵੰਡ ਤੋਂ ਲੰਬਾ ਸਮਾਂ ਪਹਿਲਾਂ ਹੋਂਦ ਵਿੱਚ ਆਏ ਬਾਲੀਵੁੱਡ ਦੀਆਂ ਫਿਲਮਾਂ ਨੂੰ ਵੰਡ ਤੋਂ ਬਾਅਦ ਵੀ ਦੋਵਾਂ ਦੇਸਾਂ ਵਿੱਚ ਪਸੰਦ ਕੀਤਾ ਜਾਂਦਾ ਰਿਹਾ ਹੈ।

ਅਜਿਹਾ ਵੀ ਨਹੀਂ ਹੈ ਕਿ ਬਾਲੀਵੁੱਡ ਦੋਵਾਂ ਦੇਸਾਂ ਦੇ ਸਿਆਸੀ ਰਿਸ਼ਤਿਆਂ ਤੋਂ ਹਮੇਸ਼ਾ ਅਛੂਤਾ ਰਿਹਾ ਹੋਵੇ। ਜਦੋਂ ਵੀ ਦੋਵਾਂ ਵਿਚਕਾਰ ਸਿਆਸੀ ਪਾਰਾ ਚੜ੍ਹਦਾ ਹੈ ਤੇ ਰਿਸ਼ਤਿਆਂ ਵਿੱਚ ਤਣਾਅ ਆਉਂਦਾ ਹੈ ਤਾਂ ਪਾਕਿਸਤਾਨ ਵੱਲੋਂ ਸਭ ਤੋਂ ਪਹਿਲਾਂ ਭਾਰਤੀ ਫਿਲਮਾਂ ਤੇ ਸੀਰੀਅਲਾਂ ਦੇ ਪ੍ਰਸਾਰਣ ਤੇ ਪਾਬੰਦੀ ਲਾਈ ਜਾਂਦੀ ਹੈ।

ਰੋਜ਼ੀ-ਰੋਟੀ ਦਾ ਮਾਮਲਾ

ਪਾਕਿਸਤਾਨ ਐਸੋਸੀਏਸ਼ਨ ਆਫ਼ ਫਿਲਮ ਐਗਜ਼ੀਬਿਟਰਸ ਦਾ ਕਹਿਣਾ ਹੈ ਕਿ ਉਹ ਭਾਰਤੀ ਫ਼ਿਲਮਾਂ ਦੀ ਰਿਲੀਜ਼ 'ਤੇ ਪਾਬੰਦੀ ਲਾ ਰਹੇ ਹਨ।

ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਇੱਕ ਹੋਰ ਕਦਮ ਅੱਗੇ ਵਧਦਿਆਂ ਹੁਕਮ ਦੇ ਦਿੱਤਾ ਕਿ ਫਿਲਮਾਂ, ਟੀਵੀ ਸੀਰੀਅਲਾਂ ਅਤੇ ਇਸ਼ਿਤਿਹਾਰ ਕੋਈ ਵੀ ਭਾਰਤੀ ਸਮੱਗਰੀ ਪ੍ਰਸਾਰਿਤ ਨਾ ਕੀਤੀ ਜਾਵੇ।

ਪਾਕਿਸਤਾਨ ਦੇ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਕੌਣ ਹੋਵੇਗਾ ਜੋ ਭਾਰਤੀ ਸਮੱਗਰੀ ਦੇਖਣੀ ਚਾਹੇਗਾ ਜਦੋਂਕਿ ਭਾਰਤ ਦੇਸ ਦੀਆਂ ਸਰਹੱਦਾਂ ਵਿੱਚ ਘੁਸਪੈਠ ਕਰ ਰਿਹਾ ਹੋਵੇ?

ਇਹ ਵੀ ਪੜ੍ਹੋ:

Image copyright Getty Images
ਫੋਟੋ ਕੈਪਸ਼ਨ ਪਾਕਿਸਤਾਨੀ ਫਿਲਮ ਸਨਅਤ ਦਾ ਲਗਭਗ 70 ਫੀਸਦ ਰੈਵੇਨਿਊ ਭਾਰਤੀ ਫ਼ਿਲਮਾਂ ਤੋਂ ਆਉਂਦਾ ਹੈ।

24 ਸਾਲਾ ਵਿਦਿਆਰਥਣ ਅਕਸ਼ਾ ਖ਼ਾਨ ਇਸ ਗੱਲ ਨਾਲ ਪੂਰੇ ਦਿਲ ਤੋਂ ਸਹਿਮਤ ਹਨ।

ਅਕਸ਼ਾ ਮੁਤਾਬਕ, "ਉਹ ਸਾਡੇ ਉੱਤੇ ਜੰਗ ਥੋਪ ਰਹੇ ਹਨ ਅਤੇ ਅਜਿਹੇ ਵਿੱਚ ਅਸੀਂ ਕਿਵੇਂ ਉਨ੍ਹਾਂ ਦੀਆਂ ਫ਼ਿਲਮਾਂ ਅਤੇ ਲੜੀਵਾਰਾਂ ਨੂੰ ਇੱਥੇ ਜਾਰੀ ਹੋਣ ਦੇ ਸਕਦੇ ਹਾਂ?"

ਇਸ ਦੇ ਬਾਵਜੂਦ ਹਾਲੇ ਇਹ ਦੇਖਣਾ ਬਾਕੀ ਹੈ ਕਿ ਪਾਕਿਸਤਾਨ ਦੇ ਇਸ ਕਦਮ ਨਾਲ ਕੌਣ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਵੇਗਾ ਪਾਕਿਸਤਾਨ ਖ਼ੁਦ ਜਾਂ ਭਾਰਤ?

ਭਾਰਤੀ ਫਿਲਮਾਂ ਅਤੇ ਸੀਰੀਅਲਾਂ ਨੂੰ ਪਾਕਿਸਤਾਨ ਵਿੱਚ ਬਹੁਤ ਲੋਕ ਪੰਸਦ ਕਰਦੇ ਹਨ ਪਰ ਦੇਸ਼ਭਗਤੀ ਕਾਰਨ ਉਹ ਇਸ ਪਾਬੰਦੀ ਦੀ ਹਮਾਇਤ ਕਰ ਰਹੇ ਹਨ।

ਅਲੀ ਸ਼ਿਵਾਰੀ ਨਾਮ ਦੇ ਇੱਕ ਸ਼ਖ਼ਸ ਦਾ ਕਹਿਣਾ ਹੈ, "ਮੈਂ ਤਾਂ ਸ਼ਾਹਰੁਖ ਖ਼ਾਨ, ਆਮਿਰ ਖ਼ਾਨ ਅਤੇ ਸਲਮਾਨ ਖ਼ਾਨ ਨੂੰ ਦੇਖਦੇ ਹੋਏ ਵੱਡਾ ਹੋਇਆ ਹਾਂ।"

ਅਲੀ ਭਾਰਤੀ ਫਿਲਮਾਂ ਤੋਂ ਕਾਫ਼ੀ ਪ੍ਰਭਾਵਿਤ ਹਨ ਅਤੇ ਭਾਰਤੀ ਫਿਲਮਾਂ ਦੇਖ-ਦੇਖ ਕੇ ਹੀ ਉਨ੍ਹਾਂ ਨੇ ਫ਼ਿਲਮ ਸਟੱਡੀਜ਼ ਦੀ ਪੜ੍ਹਾਈ ਕਰਨ ਦਾ ਫੈਸਲਾ ਕੀਤਾ।

ਉਹ ਕਹਿੰਦੇ ਹਨ, "ਪਾਕਿਸਤਾਨੀ ਫਿਲਮ ਸਨਅਤ ਵਿੱਚ ਹਾਲੇ ਉਨ੍ਹਾਂ ਵਰਗਾ ਕੁਝ ਮਿਲਣ ਵਿੱਚ ਸਮਾਂ ਲੱਗੇਗਾ।"

ਕਮਾਈ ਦਾ ਸਾਧਨ

ਮਨੋਰੰਜਨ ਤੋਂ ਇਲਾਵਾ ਸਭ ਤੋਂ ਵੱਧ ਜ਼ਰੂਰੀ ਪਾਕਿਸਤਾਨ ਲਈ ਇਸ ਫੈਸਲੇ ਦੇ ਵਿੱਤੀ ਪ੍ਰਭਾਵ ਹਨ।

ਪਾਕਿਸਤਾਨੀ ਫ਼ਿਲਮ ਪੱਤਰਕਾਰ ਰਫਾਏ ਮਹਿਮੂਦ ਕਹਿੰਦੇ ਹਨ, "ਪਾਕਿਸਤਾਨੀ ਬਾਕਸ ਆਫ਼ਿਸ ਦੇ ਬਚੇ ਰਹਿਣ ਲਈ ਭਾਰਤੀ ਸਿਨੇਮੇ ਦਾ ਹੋਣਾ ਜ਼ਰੂਰੀ ਹੈ।"

ਉਨ੍ਹਾਂ ਦੱਸਿਆਕਿ ਪਾਕਿਸਤਾਨ ਵਿੱਚ ਤਕਰੀਬਨ 120 ਸਿਨੇਮਾਘਰ ਹਨ ਅਤੇ ਇੱਕ ਵਧੀਆ ਫਿਲਮ ਲਗਭਗ ਦੋ ਹਫ਼ਤੇ ਚਲਦੀ ਹੈ। ਇਸ ਅੰਦਾਜ਼ੇ ਦੇ ਹਿਸਾਬ ਨਾਲ ਇੱਕ ਸਿਨੇਮਾਘਰ ਵਿੱਚ ਸਾਲ ਵਿੱਚ 26 ਨਵੀਂਆਂ ਫਿਲਮਾਂ ਚੱਲਣੀਆਂ ਚਾਹੀਦੀਆਂ ਹਨ, ਤਾਂ ਕਿ ਸਿਨੇਮਾ ਦਾ ਕੰਮ ਚਲਦਾ ਰਹੇ।

Image copyright Getty Images
ਫੋਟੋ ਕੈਪਸ਼ਨ ਪਾਕਿਸਤਾਨੀ ਅਦਾਕਾਰ ਫਵਾਦ ਖ਼ਾਨ ਦੇ ਬਾਲੀਵੁੱਡ ਵਿੱਚ ਕੰਮ ਕਰਨ ’ਤੇ ਵੀ ਪਾਬੰਦੀ ਲਾ ਦਿੱਤੀ ਗਈ।

ਜਦ ਕਿ ਪਾਕਿਸਤਾਨ ਦੀ ਆਪਣੀ ਫਿਲਮ ਸਨਅਤ ਹਰ ਸਾਲ ਔਸਤ 12 ਤੋਂ 15 ਫਿਲਮਾਂ ਹੀ ਬਣਾਉਂਦੀ ਹੈ। ਇਨ੍ਹਾਂ ਫਿਲਮਾਂ ਨੂੰ ਦੇਖਣ ਵੀ ਕੋਈ ਬਹੁਤੇ ਦਰਸ਼ਕ ਸਿਨੇਮਾਘਰਾਂ ਵਿੱਚ ਨਹੀਂ ਪਹੁੰਚਦੇ।

ਮਨੋਰੰਜਨ ਪੱਤਰਕਾਰ ਹਸਨ ਜ਼ੈਦੀ ਕਹਿੰਦੇ ਹਨ ਕਿ ਅਸਲ ਵਿੱਚ ਪਾਕਿਸਤਾਨੀ ਫਿਲਮ ਸਨਅਤ ਦਾ ਲਗਭਗ 70 ਫੀਸਦ ਰੈਵੇਨਿਊ ਭਾਰਤੀ ਫ਼ਿਲਮਾਂ ਤੋਂ ਆਉਂਦਾ ਹੈ।

ਉਨ੍ਹਾਂ ਮੁਤਾਬਕ, “ਇਹ ਪਾਬੰਦੀ ਬਹੁਤ ਲੰਮੇ ਸਮੇਂ ਤੱਕ ਟਿਕ ਨਹੀਂ ਸਕਦੀ” ਅਤੇ "ਪਾਕਿਸਤਾਨੀ ਫ਼ਿਲਮ ਸਨਅਤ ਬਿਨਾਂ ਬਾਲੀਵੁੱਡ ਤੋਂ ਬਿਨਾਂ ਜਿਉਂਦੀ ਨਹੀ ਰਹਿ ਸਕਦੀ।"

ਅਜਿਹੀਆਂ ਪਾਬੰਦੀਆਂ ਪਾਕਿਸਤਾਨ ਨੂੰ ਕਿੰਨਾ ਨੁਕਸਾਨ ਪਹੁੰਚਾਉਂਦੀਆਂ ਹਨ। ਇਹ ਵੀ ਕੋਈ ਲੁਕੀ ਹੋਈ ਗੱਲ ਨਹੀਂ ਹੈ ਤੇ ਇਸ ਦੇ ਸਬੂਤ ਵੀ ਮੌਜੂਦ ਹਨ।

ਪਾਕਿਸਤਾਨ ਨੇ ਭਾਰਤੀ ਮਨੋਰੰਜਨ 'ਤੇ ਪਾਬੰਦੀ ਕੋਈ ਪਹਿਲੀ ਵਾਰ ਨਹੀਂ ਲਾਈ।

ਪਾਕਿਸਤਾਨ ਵਿੱਚ ਭਾਰਤੀ ਮਨੋਰੰਜਨ ’ਤੇ ਅਜਿਹੀ ਸਭ ਤੋਂ ਲੰਬੀ ਪਾਬੰਦੀ 1965 ਦੀ ਜੰਗ ਤੋਂ ਬਾਅਦ ਲਾਈ ਗਈ ਜੋ ਕਿ 2005 ਤੱਕ ਭਾਵ 40 ਸਾਲ ਜਾਰੀ ਰਹੀ।

ਇੱਕ ਵਾਰੀ ਜਦੋਂ ਇਹ ਪਾਬੰਦੀ ਹਟੀ ਤਾਂ ਪਾਕਿਸਤਾਨ ਫਿਲਮ ਇੰਡਸਟਰੀ ਜੋ ਨੱਬੇ ਦੇ ਦਹਾਕੇ ਵਿੱਚ ਤਕਰੀਬਨ ਖ਼ਤਮ ਹੀ ਹੋ ਗਈ ਸੀ ਉਹ ਹੌਲੀ-ਹੌਲੀ ਉੱਠੀ।

ਪਾਕਿਸਤਾਨ ਦਾ ਪ੍ਰਤੀਕਰਮ

ਪਾਕਿਸਤਾਨ ਦੀ ਇੱਕ ਨਿਊਜ਼ ਵੈੱਬਸਾਈਟ ਡਾਅਨ ਨਿਊਜ਼ ਦੀ ਸੰਪਾਦਕ ਅਤੇ ਸਾਬਕਾ ਮਨੋਰੰਜਨ ਪੱਤਰਕਾਰ ਅਤੀਕਾ ਦੁਰਾਨੀ ਰਹਿਮਾਨ ਦਾ ਕਹਿਣਾ ਹੈ ਕਿ ਪਾਬੰਦੀ ਹਟਣ ਤੋਂ ਬਾਅਦ ਪਾਕਿਸਤਾਨੀ ਦਰਸ਼ਕ ਸਿਨੇਮਾਘਰਾਂ ਵੱਲ ਮੁੜਨੇ ਸ਼ੁਰੂ ਹੋਏ। "ਇਸ ਨੇ ਪਾਕਿਸਤਾਨੀ ਫ਼ਿਲਮਕਾਰਾਂ ਨੂੰ ਵੀ ਫਿਲਮਾਂ ਬਣਾਉਣ ਲਈ ਉਤਸ਼ਾਹਿਤ ਕੀਤਾ।"

ਇਹ ਪਾਕਿਸਤਾਨੀ ਫ਼ਿਲਮਾਂ ਕਦੇ ਵੀ ਵਿਆਪਕਤਾ ਅਤੇ ਸਟਾਰ ਕਾਸਟ ਦੇ ਮਾਮਲੇ 'ਚ ਬਾਲੀਵੁੱਡ ਦੀ ਬਰਾਬਰੀ ਨਹੀਂ ਕਰ ਸਕੀਆਂ।

ਸਿਨੇਮੇ ਦੇ ਕਾਰੋਬਾਰ ਦੇ ਸੂਤਰ ਮੁਤਾਬਕ ਲੰਘੇ ਸਾਲਾਂ ਵਿੱਚ ਸਿਨੇਮਾਘਰਾਂ ਵਿੱਚ ਦਿਖਾਈਆਂ ਗਈਆਂ ਫਿਲਮਾਂ ਵਿੱਚੋਂ ਸੱਠ ਫੀਸਦੀ ਭਾਰਤੀ ਫਿਲਮਾਂ ਸਨ ਅਤੇ ਦੂਸਰੇ ਨੰਬਰ ਤੇ ਹਾਲੀਵੁੱਡ ਫਿਲਮਾਂ।

ਨਿਰਪੱਖ ਰੂਪ ਵਿੱਚ ਦੇਖਿਆ ਜਾਵੇ ਤਾਂ ਬਾਲੀਵੁੱਡ ਫਿਲਮਾਂ ’ਤੇ ਪਾਕਿਸਤਾਨ ਵੱਲੋਂ ਲਾਈਆਂ ਦੋ ਹਾਲੀਆ ਪਾਬੰਦੀਆਂ ਭਾਰਤ ਵੱਲੋਂ ਪਾਕਿਸਤਾਨੀ ਸਮੱਗਰੀ ’ਤੇ ਲਾਈ ਪਾਬੰਦੀ ਦੇ ਜਵਾਬ ਵਜੋਂ ਸਨ।

Image copyright MAHIRAHKHAN/INSTAGRAM
ਫੋਟੋ ਕੈਪਸ਼ਨ ਪਾਕਿਸਤਾਨੀ ਅਦਾਕਾਰ ਮਾਹਿਰਾ ਖ਼ਾਨ ਬਾਲੀਵੁੱਡ ਅਦਾਕਾਰ ਸ਼ਾਹਰੁਖ਼ ਖਾਨ ਨਾਲ ਰਈਸ ਫਿਲਮ ਵਿੱਚ ਕੰਮ ਕਰ ਚੁੱਕੇ ਹਨ।

ਤਾਜ਼ਾ ਪਾਬੰਦੀ ਭਾਰਤ ਦੀ ਆਲ ਇੰਡੀਆ ਸਿਨੇ ਵਰਕਰਜ਼ ਐਸੋਸੀਏਸ਼ਨ ਵੱਲੋਂ ਪੁਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨੀ ਅਦਾਕਾਰਾਂ ਤੇ ਬਾਲੀਵੁੱਡ ਫਿਲਮਾਂ ਵਿੱਚ ਕੰਮ ਕਰਨ ”ਤੇ ਲਾਈ ਪਾਬੰਦੀ ਦੇ ਜਵਾਬ ਵਿੱਚ ਲਾਈ ਗਈ ਹੈ।

ਭਾਰਤ ਨੇ ਅਜਿਹੀ ਪਾਬੰਦੀ ਪਹਿਲੀ ਵਾਰ ਨਹੀਂ ਲਾਈ ਹੈ। ਭਾਰਤ ਦੇ ਸੱਜੇ-ਪੱਖੀ ਸਮੂਹਾਂ ਦੀ ਮੰਗ ਮੰਨਦਿਆਂ ਪਾਕਿਸਤਾਨੀ ਅਦਾਕਾਰ ਫ਼ਵਾਦ ਖ਼ਾਨ ’ਤੇ, ਭਾਰਤ ਵੱਲੋਂ ਸਾਲ 2016 ਵਿੱਚ ਕੀਤੇ ਕਥਿਤ ਸਰਜੀਕਲ ਸਟਰਾਈਕ ਤੋਂ ਬਾਅਦ, ਬਾਲੀਵੁੱਡ ਵਿੱਚ ਕੰਮ ਕਰਨ ’ਤੇ ਪਾਬੰਦੀ ਲਾ ਦਿੱਤੀ ਗਈ ਸੀ।

ਫ਼ਵਾਦ ਖ਼ਾਨ ਖ਼ਾਨ ਨੇ ਕੁਝ ਕੁ ਭਾਰਤੀ ਫਿਲਮਾਂ ਵਿੱਚ ਕੰਮ ਕੀਤਾ ਸੀ ਤੇ ਭਾਰਤ ਵਿੱਚ ਉਨ੍ਹਾਂ ਦੇ ਕਾਫ਼ੀ ਪ੍ਰਸ਼ੰਸ਼ਕ ਹਨ।

ਇਹ ਵੀ ਪੜ੍ਹੋ:

ਇਸ ਤੋਂ ਇਲਾਵਾ ਜਦੋਂ 2017 ਵਿੱਚ ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਨੇ ਆਪਣੀ ਫ਼ਿਲਮ ਵਿੱਚ ਪਾਕਿਸਤਾਨੀ ਅਦਾਕਾਰਾ ਮਾਹਿਰਾ ਖਾਨ ਦੇ ਨਾਲ ਕੰਮ ਕੀਤਾ ਸੀ ਤਾਂ ਇਸ ’ਤੇ ਵੀ ਭਾਰਤ ਵਿੱਚ ਚੋਖਾ ਵਿਵਾਦ ਛਿੜਿਆ ਸੀ।

ਭਾਰਤ ਵਿੱਚ ਸੱਜੇ ਪੱਖੀ ਧੜਿਆਂ ਨੇ ਇਸ ਫ਼ਿਲਮ ਦੀ ਰਿਲੀਜ਼ ਰੋਕਣ ਦੀ ਮੰਗ ਕੀਤੀ ਅਤੇ ਕਾਫ਼ੀ ਵਿਵਾਦ ਖੜ੍ਹਾ ਕੀਤਾ।

ਇਸ ਤੋਂ ਬਾਅਦ ਭਾਰਤ ਵਿੱਚ ਤਾਂ ਇਸ ਫ਼ਿਲਮ ਨੂੰ ਜਾਰੀ ਕਰਨ ਦੀ ਤਰੀਕ ਟਾਲਣੀ ਪਈ ਪਰ ਪਾਕਿਸਤਾਨ ਵਿੱਚ ਵੀ ਫਿਲਮ ਸਮੇਂ ਸਿਰ ਸਿਨੇਮਾ ਘਰਾਂ ਵਿੱਚ ਨਹੀਂ ਪਹੁੰਚ ਸਕੀ ਸੀ।

ਪਾਕਿਸਤਾਨੀ ਸੈਂਸਰ ਬੋਰਡ ਨੇ ਫ਼ਿਲਮ ਉੱਤੇ ਇਤਰਾਜ਼ ਜਤਾਉਂਦੇ ਹੋਏ ਰਿਲੀਜ਼ ਰੋਕ ਦਿੱਤੀ।

ਪਾਕਿਸਤਾਨੀ ਫਿਲਮ ਨਿਰਮਾਤਾ ਨਦੀਮ ਮੰਡਵਲਾ ਨੂੰ ਉਮੀਦ ਹੈ ਕਿ ਇਹ ਪਾਬੰਦੀ ਅਸਥਾਈ ਅਤੇ "ਆਸ ਹੈ ਕਿ ਦੋਹਾਂ ਦੇਸਾਂ ਵਿੱਚ ਚੰਗੀ ਸਮਝ ਦਾ ਪਸਾਰਾ ਹੋਵੇਗਾ।"

ਇਹ ਭੁੱਲਣਾ ਨਹੀਂ ਚਾਹੀਦਾ ਕਿ ਅੱਜਕੱਲ੍ਹ ਪਾਕਿਸਤਾਨ ਵਿੱਚ ਬਾਲੀਵੁੱਡ ਨੂੰ ਪਸੰਦ ਕਰਨ ਵਾਲੇ ਨੈਟਫ਼ਲਿਕਸ ਅਤੇ ਅਜਿਹੇ ਕਈ ਹੋਰ ਪਲੈਟਫਾਰਮਾਂ 'ਤੇ ਬਾਲੀਵੁੱਡ ਫਿਲਮਾਂ ਦੇਖੇ ਸਕਦੇ ਹਨ। ਅਜਿਹੇ ਵਿੱਚ ਹਾਲਾਤ ਵਿੱਚ ਇਹ ਪਾਬੰਦੀ ਸੰਕੇਤਿਕ ਤੋਂ ਜ਼ਿਆਦਾ ਨਹੀਂ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)