ਇਮਰਾਨ ਖ਼ਾਨ ਦਾ ਦਾਅਵਾ - ਪੀਐੱਮ ਨਰਿੰਦਰ ਮੋਦੀ ਨੇ ਪਾਕਿਸਤਾਨ ਡੇਅ ਦੀ ਦਿੱਤੀ ਵਧਾਈ

ਇਮਰਾਨ ਖ਼ਾਨ ਅਤੇ ਨਰਿੰਦਰ ਮੋਦੀ Image copyright MEA/INDIA
ਫੋਟੋ ਕੈਪਸ਼ਨ ਇਮਰਾਨ ਖ਼ਾਨ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਸੰਦੇਸ਼ ਭੇਜ ਕੇ ਪਾਕਿਸਤਾਨ ਦੇ ਲੋਕਾਂ ਨੂੰ 'ਰਾਸ਼ਟਰੀ ਦਿਵਸ ਦੀ ਵਧਾਈ ਦਿੱਤੀ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਪਾਕਿਸਤਾਨ ਦਿਵਸ ਮੌਕੇ 'ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮਿਲੇ ਸੰਦੇਸ਼ ਦਾ ਸਵਾਗਤ ਕੀਤਾ ਹੈ।'

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਨੂੰ ਸੰਦੇਸ਼ ਭੇਜ ਕੇ ਪਾਕਿਸਤਾਨ ਦੇ ਲੋਕਾਂ ਨੂੰ 'ਰਾਸ਼ਟਰੀ ਦਿਵਸ ਦੀ ਵਧਾਈ ਦਿੱਤੀ ਹੈ।'

ਹਾਲਾਂਕਿ, ਭਾਰਤ ਸਰਕਾਰ ਵੱਲੋਂ ਅਜੇ ਤੱਕ ਅਧਿਕਾਰਤ ਤੌਰ 'ਤੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।

ਪਾਕਿਸਤਾਨ ਨੇ ਸ਼ੁੱਕਰਵਾਰ ਨੂੰ 'ਨੈਸ਼ਨਲ ਡੇ' ਮਨਾਇਆ। ਇਸ ਨੂੰ ਲੈ ਕੇ ਸ਼ੁੱਕਰਵਾਰ ਦੀ ਸਵੇਰ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਜਾਣਕਾਰੀ ਦਿੱਤੀ ਸੀ ਕਿ ਭਾਰਤ ਦਾ ਕੋਈ ਪ੍ਰਤੀਨਿਧੀ ਦਿੱਲੀ ਸਥਿਤ ਪਾਕਿਸਤਾਨ ਦੇ ਹਾਈ ਕਮਿਸ਼ਨ 'ਚ ਹੋਣ ਵਾਲੇ ਸਮਾਗਮ 'ਚ ਹਿੱਸਾ ਨਹੀਂ ਲਵੇਗਾ।

ਰਵੀਸ਼ ਕੁਮਾਰ ਨੇ ਕਿਹਾ ਸੀ ਕਿ ਭਾਰਤ ਦਾ ਰੁਖ਼ ਸਾਫ਼ ਹੈ ਕਿ ਜੇਕਰ ਪਾਕਿਸਤਾਨ ਭਾਰਤ ਪ੍ਰਸ਼ਾਸਿਤ ਕਸ਼ਮੀਰ ਦੇ ਵੱਖਵਾਦੀਆਂ ਨੂੰ ਪ੍ਰੋਗਰਾਮਾਂ 'ਚ ਸੱਦਾ ਦਿੰਦਾ ਹੈ ਤਾਂ ਭਾਰਤ ਉਸ ਵਿੱਚ ਸ਼ਾਮਿਲ ਨਹੀਂ ਹੋਵੇਗਾ।

ਉਧਰ, ਭਾਰਤ ਦੀ ਵਿਰੋਧੀ ਪਾਰਟੀ ਕਾਂਗਰਸ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੂੰ ਸਵਾਲ ਕੀਤਾ ਹੈ, 'ਕੀ ਇਮਰਾਨ ਖ਼ਾਨ ਦਾ ਦਾਅਵਾ ਸਹੀ ਹੈ?'

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਭਾਰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੰਦੇਸ਼ ਮਿਲਣ ਦਾ ਦਾਅਵਾ ਕਰਦਿਆਂ ਹੋਇਆ ਟਵਿੱਟਰ 'ਤੇ ਜਾਣਕਾਰੀ ਦਿੱਤੀ, "ਪੀਐਮ ਮੋਦੀ ਵੱਲੋਂ ਸੰਦੇਸ਼ ਮਿਲਿਆ ਹੈ।"

ਇਮਰਾਨ ਖ਼ਾਨ ਅੱਗੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਭੇਜੇ ਗਏ ਸੰਦੇਸ਼ ਦੀ ਜਾਣਕਾਰੀ ਦਿੱਤੀ ਹੈ।

ਉਨ੍ਹਾਂ ਮੁਤਾਬਕ ਮੋਦੀ ਨੇ ਲਿਖਿਆ, "ਪਾਕਿਸਤਾਨ ਦੇ ਨੈਸ਼ਨਲ ਡੇ ਮੌਕੇ ਮੈਂ ਪਾਕਿਸਤਾਨ ਦੇ ਲੋਕਾਂ ਨੂੰ ਆਪਣੀ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ। ਇਹ ਅਜਿਹਾ ਵੇਲਾ ਹੈ ਜਦੋਂ ਉਪ ਮਹਾਦੀਪ ਦੇ ਲੋਕਾਂ ਨੂੰ ਅੱਤਵਾਦ ਅਤੇ ਹਿੰਸਾ ਤੋਂ ਮੁਕਤ ਵਾਤਾਵਰਣ 'ਚ ਲੋਕਤਾਂਤਰਿਕ, ਸ਼ਾਂਤਮਈ, ਪ੍ਰਗਤੀਸ਼ੀਲ ਅਤੇ ਖੁਸ਼ਹਾਲ ਖੇਤਰ ਲਈ ਕੰਮ ਕਰਨਾ ਚਾਹੀਦਾ।"

ਇਮਰਾਨ ਖ਼ਾਨ ਨੇ ਇੱਕ ਹੋਰ ਟਵੀਟ ਵਿੱਚ ਲਿਖਿਆ ਹੈ ਕਿ ਉਹ ਮੰਨਦੇ ਹਨ ਕਿ ਇਹ ਮੌਕਾ "ਸਾਰੇ ਮੁੱਦਿਆਂ, ਖ਼ਾਸ ਕਰਕੇ ਕਸ਼ਮੀਰ ਦੇ ਕੇਂਦਰੀ ਮੁੱਦੇ ਨੂੰ ਸੁਲਝਾਉਣ ਲਈ ਭਾਰਤ ਦੇ ਨਾਲ ਗੱਲਬਾਤ ਸ਼ੁਰੂ ਕਰਨ ਅਤੇ ਸਾਡੇ ਲੋਕਾਂ ਦੀ ਸ਼ਾਂਤੀ ਤੇ ਖੁਸ਼ਹਾਲੀ 'ਤੇ ਆਧਾਰਿਤ ਨਵੇਂ ਰਿਸ਼ਤੇ ਬਣਾਉਣ ਦਾ ਹੈ।"

ਉਧਰ, ਕਾਂਗਰਸ ਨੇ ਇਮਰਾਨ ਖ਼ਾਨ ਦੇ ਦਾਅਵਿਆਂ 'ਤੇ ਭਾਰਤ ਸਰਕਾਰ ਕੋਲੋਂ ਹਾਲਾਤ 'ਤੇ ਸਫਾਈ ਮੰਗੀ ਹੈ।

ਕਾਂਗਰਸ ਨੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਇਹ ਸਾਫ਼ ਕਰਨ ਲਈ ਕਿਹਾ ਹੈ ਕਿ ਦਿੱਲੀ 'ਚ ਪਾਕਿਸਤਾਨ ਹਾਈ ਕਮਿਸ਼ਨ ਦੇ ਪ੍ਰਗੋਰਾਮ ਦਾ ਬਾਈਕਾਟ ਕਰਨ ਲਈ ਭਾਰਤ ਸਰਕਾਰ ਦੇ ਫ਼ੈਸਲੇ ਤੋਂ ਬਾਅਦ ਕੀ ਨਰਿੰਦਰ ਮੋਦੀ ਨੇ ਪਾਕਿਸਤਾਨ ਦੇ ਨੈਸ਼ਨਲ ਡੇ 'ਤੇ ਇਮਰਾਨ ਖ਼ਾਨ ਨੂੰ ਵਧਾਈ ਦਿੱਤੀ ਹੈ।

ਕਾਂਗਰਸ ਦੀ ਬੁਲਾਰਾ ਪ੍ਰਿਅੰਕਾ ਚਤੁਰਵੇਦੀ ਨੇ ਪੁੱਛਿਆ ਹੈ ਕਿ ਕੀ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਇਹ ਦਾਅਵਾ ਸੱਚ ਹੈ।

ਪ੍ਰਿਅੰਕਾ ਨੇ ਟਵੀਟ ਕੀਤਾ, "ਮੈਂ ਆਸ ਕਰਦੀ ਹਾਂ ਕਿ ਪ੍ਰਧਾਨ ਮੰਤਰੀ ਦਫ਼ਤਰ ਇਹ ਸਾਫ਼ ਕਰੇਗਾ ਕਿ ਵਧਾਈ ਸੰਦੇਸ਼ਾਂ ਬਾਰੇ ਇਮਰਾਨ ਖ਼ਾਨ ਦਾ ਟਵੀਟ ਸਹੀ ਹੈ। ਖ਼ਾਸ ਕਰਕੇ ਉਦੋਂ ਜਦੋਂ ਸਰਕਾਰ ਨੇ ਇਸ ਪ੍ਰੋਗਰਾਮ ਦਾ ਬਾਈਕਾਟ ਕੀਤਾ ਸੀ। ਰਾਸ਼ਟਰ ਇਹ ਜਾਣਨਾ ਚਾਹੁੰਦਾ ਹੈ..."

ਰਿਸ਼ਤਿਆਂ ' ਖੱਟਾਸ

ਕੂਟਨੀਤਕ ਵਿਸ਼ਲੇਸ਼ਕ ਮੌਜੂਦਾ ਦੌਰ ਨੂੰ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤਿਆਂ ਦੇ ਲਿਹਾਜ ਨਾਲ ਹਾਲ ਦੇ ਸਾਲਾਂ ਵਿੱਚ ਸਭ ਤੋਂ ਤਣਾਅ ਵਾਲਾ ਵੇਲਾ ਆਖ ਰਹੇ ਹਨ।

ਦੋਵਾਂ ਦੇਸਾਂ ਵਿਚਾਲੇ ਤਲਖ਼ੀ ਦੀ ਇਹ ਸ਼ੁਰੂਆਤ ਬੀਤੀ 14 ਫਰਵਰੀ ਨੂੰ ਭਾਰਤ ਪ੍ਰਸ਼ਾਸਿਤ ਕਸ਼ਮੀਰ ਦੇ ਪੁਲਵਾਮਾ 'ਚ ਸੀਆਰਪੀਐਫ ਦੇ ਕਾਫ਼ਲੇ 'ਤੇ ਹੋਏ ਹਮਲੇ ਤੋਂ ਬਾਅਦ ਹੋਈ ਸੀ।

ਇਸ ਹਮਲੇ 'ਚ 40 ਤੋਂ ਵੱਧ ਜਵਾਨਾਂ ਦੀ ਮੌਤ ਹੋਈ ਅਤੇ ਹਮਲੇ ਲਈ ਜੈਸ਼-ਏ-ਮੁਹੰਮਦ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਸੀ।

ਇਹ ਵੀ ਪੜ੍ਹੋ-

Image copyright ISPR
ਫੋਟੋ ਕੈਪਸ਼ਨ ਪਾਕਿਸਤਾਨ ਦੀ ਸੈਨਾ ਦੇ 26 ਫਰਵਰੀ ਨੂੰ ਇਹ ਤਸਵੀਰ ਟਵਿੱਟਰ 'ਤੇ ਜਾਰੀ ਕਰਕੇ ਦਾਅਵਾ ਕੀਤਾ ਕਿ ਭਾਰਤ ਹਵਾਈ ਸੈਨਾ ਨੇ ਖੁੱਲ੍ਹੀ ਥਾਂ 'ਤੇ ਬੰਬ ਸੁੱਟੇ

ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਦੇ ਪਾਕਿਸਤਾਨ 'ਚ ਹੋਣ ਅਤੇ ਜੈਸ਼ ਦੀਆਂ ਗਤੀਵਿਧੀਆਂ ਦਾ ਪਾਕਿਸਤਾਨ ਤੋਂ ਸੰਚਾਲਨ ਹੋਣ ਨੂੰ ਲੈ ਕੇ ਭਾਰਤ ਨੇ ਪਾਕਿਸਤਾਨ 'ਤੇ ਅੱਤਵਾਦ ਨੂੰ ਸੁਰੱਖਿਆ ਦੇਣ ਦਾ ਇਲਜ਼ਾਮ ਲਗਾਇਆ ਹੈ।

ਹਵਾਈ ਸੈਨਾ ਦੀ ਕਾਰਵਾਈ

ਭਾਰਤ ਨੇ ਬੀਤੀ 26 ਫਰਵਰੀ ਨੂੰ ਦਾਅਵਾ ਕੀਤਾ ਕਿ ਭਾਰਤੀ ਹਵਾਈ ਸੈਨਾ ਦੇ ਲੜਾਕੂ ਜਹਾਜ਼ਾਂ ਨੇ ਪਾਕਿਸਤਾਨ ਦੇ ਬਾਲਾਕੋਟ 'ਚ ਜੈਸ਼ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ।

ਭਾਰਤ ਨੇ ਖ਼ੁਫ਼ੀਆ ਸੂਚਨਾ ਦੇ ਆਧਾਰ 'ਤੇ ਦਾਅਵਾ ਕੀਤਾ ਕਿ ਜੈਸ਼ ਦੇ ਅੱਤਵਾਦੀ ਭਾਰਤ 'ਚ ਹਮਲੇ ਦੀ ਸਾਜਿਸ਼ ਰਚ ਰਹੇ ਸਨ।

ਪਾਕਿਸਤਾਨ ਨੇ ਭਾਰਤੀ ਜਹਾਜ਼ਾਂ ਦੇ ਆਪਣੇ ਖੇਤਰ ਵਿੱਚ ਆਉਣ ਦੀ ਗੱਲ ਮੰਨੀ ਪਰ ਭਾਰਤ ਹਵਾਈ ਸੈਨਾ ਦੇ ਮਿਸ਼ਨ ਦੇ ਸਫ਼ਲ ਹੋਣ 'ਤੇ ਸਵਾਲ ਚੁੱਕੇ।

Image copyright PTV
ਫੋਟੋ ਕੈਪਸ਼ਨ ਵਿੰਗ ਕਮਾਂਡਰ ਅਭਿਨੰਦਨ ਦੀ ਅਟਾਰੀ-ਵਾਹਗਾ ਸਰਹੱਦ ਰਾਹੀਂ ਹੋਈ ਵਤਨ ਵਾਪਸੀ

ਇਸ ਤੋਂ ਬਾਅਦ 27 ਫਰਵਰੀ ਨੂੰ ਪਕਿਸਤਾਨ ਦੀ ਹਵਾਈ ਸੈਨਾ ਵੀ ਭਾਰਤੀ ਖੇਤਰ 'ਚ ਦਾਖ਼ਲ ਹੋਈ।

ਭਾਰਤ ਦੀ ਜਵਾਬੀ ਕਾਰਵਾਈ ਦੌਰਾਨ ਭਾਰਤੀ ਹਵਾਈ ਸੈਨਾ ਦਾ ਮਿਗ ਜਹਾਜ਼ ਕ੍ਰੈਸ਼ ਹੋ ਗਿਆ ਅਤੇ ਪੈਰਾਸ਼ੂਟ ਰਾਹੀਂ ਪਾਕਿਸਤਾਨੀ ਅਧਿਕਾਰਤ ਕਸ਼ਮੀਰ 'ਚ ਉਤਰੇ ਭਾਰਤੀ ਹਵਾਈ ਸੈਨਾ ਦੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੂੰ ਪਾਕਿਸਤਾਨ ਸੈਨਾ ਨੇ ਗ੍ਰਿਫ਼ਤਾਰ ਕਰ ਲਿਆ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ 28 ਫਰਵਰੀ ਨੂੰ 'ਸ਼ਾਂਤੀ ਦੀ ਪਹਿਲ' ਦੇ ਤਹਿਤ ਉਨ੍ਹਾਂ ਨੂੰ ਰਿਹਾਅ ਕਰਨ ਦੀ ਗੱਲ ਕੀਤੀ।

ਪਾਕਿਸਤਾਨ ਨੇ 1 ਮਾਰਚ ਨੂੰ ਵਾਹਗਾ-ਅਟਾਰੀ ਸੀਮਾ 'ਤੇ ਅਭਿਨੰਦਨ ਨੂੰ ਭਾਰਤ ਦੇ ਹਵਾਲੇ ਕਰ ਦਿੱਤਾ।

ਹਾਲਾਂਕਿ, ਇਸ ਤੋਂ ਬਾਅਦ ਵੀ ਦੋਵਾਂ ਦੇਸਾਂ ਦੇ ਰਿਸ਼ਤਿਆਂ 'ਚ ਬਣੀ ਤਲਖ਼ੀ ਘੱਟ ਨਹੀਂ ਹੋਈ ਅਤੇ ਦੋਵੇਂ ਹੀ ਦੇਸ ਇੱਕ-ਦੂਜੇ 'ਤੇ ਐਲਓਸੀ 'ਤੇ ਜੰਗਬੰਦੀ ਦੀ ਉਲੰਘਣਾ ਦਾ ਇਲਜ਼ਾਮ ਲਗਾਉਂਦੇ ਰਹੇ ਹਨ।

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੀ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)