ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਟਰੰਪ ਦੀ ਟੀਮ ਨੇ 'ਰੂਸ ਨਾਲ ਮਿਲੀਭੁਗਤ ਨਹੀਂ ਕੀਤੀ'

ਟਰੰਪ Image copyright Getty Images

ਅਮਰੀਕਾ ਵਿੱਚ ਸਾਲ 2016 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਰੂਸ ਦੇ ਦਖਲ ਦੀ ਜਾਂਚ ਕਰ ਰਹੇ ਵਿਸ਼ੇਸ਼ ਵਕੀਲ ਰੌਬਰਟ ਮੂਲਰ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਰਾਸ਼ਟਰਪਤੀ ਡੌਨਲਡ ਟਰੰਪ ਦੀ ਚੋਣ ਅਭਿਆਨ ਟੀਮ ਨੇ ਰੂਸ ਨਾਲ ਗੰਢ-ਤੁੱਪ ਨਹੀਂ ਕੀਤੀ ਸੀ।

ਇਸ ਰਿਪੋਰਟ ਦਾ ਸਾਰ ਐਤਵਾਰ ਨੂੰ ਅਮਰੀਕੀ ਸੰਸਦ ਨੂੰ ਸੌਂਪਿਆ ਗਿਆ। ਵਿਸ਼ੇਸ਼ ਵਕੀਲ ਮੂਲਰ ਨੇ ਤਕਰੀਬਨ ਦੋ ਸਾਲ ਦੀ ਜਾਂਚ ਮਗਰੋਂ ਇਹ ਰਿਪੋਰਟ ਤਿਆਰ ਕੀਤੀ ਹੈ।

ਪਾਰਲੀਮੈਂਟ ਮੈਂਬਰਾਂ ਨੂੰ ਸੌਂਪੀ ਗਈ ਇਸ ਰਿਪਰੋਟ ਦੇ ਸਾਰ ਵਿੱਚ ਕਿਹਾ ਗਿਆ ਹੈ ਕਿ ਇਸ ਸਵਾਲ ਦਾ ਕੋਈ ਜਵਾਬ ਨਹੀਂ ਮਿਲਿਆ ਹੈ ਕਿ ਰਾਸ਼ਟਰਪਤੀ ਟਰੰਪ ਨੇ ਨਿਆਇਕ ਪ੍ਰਕਿਰਿਆ ਵਿੱਚ ਗ਼ੈਰ-ਕਾਨੂੰਨੀ ਤਰੀਕੇ ਨਾਲ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ ਸੀ।

ਇਹ ਵੀ ਪੜ੍ਹੋ

ਰਿਪੋਰਟ ਵਿੱਚ ਟਰੰਪ ਨੂੰ ਪਾਕ ਸਾਫ਼ ਵੀ ਨਹੀਂ ਦੱਸਿਆ ਗਿਆ ਹੈ।

ਅਮਰੀਕੀ ਕਾਂਗਰਸ ਵਿੱਚ ਰਿਪੋਰਟ ਦਾ ਸਾਰ ਅਟਾਰਨੀ ਜਨਰਲ ਵਿਲਿਅਮ ਬਾਰ ਨੇ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਇਹ ਸਾਬਿਤ ਕਰਨ ਲਈ 'ਵਾਧੂ ਸਬੂਤ ਨਹੀਂ ਹਨ ਕਿ ਰਾਸ਼ਟਰਪਤੀ ਨੇ ਨਿਆਂ ਵਿੱਚ ਵਿਘਨ ਪਾਉਣ ਦਾ ਅਪਰਾਧ ਕੀਤਾ ਹੈ।'

ਇਸ ਰਿਪੋਰਟ ਨੂੰ ਰਾਸ਼ਟਰਪਤੀ ਟਰੰਪ ਦੀ ਜਿੱਤ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। ਜਿਵੇਂ ਹੀ ਰਿਪੋਰਟ ਦੀਆਂ ਗੱਲਾਂ ਜਨਤਕ ਹੋਈਆਂ ਤਾਂ ਰਾਸ਼ਟਰਪਤੀ ਟਰੰਪ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਇੱਕ ਟਵੀਟ ਕੀਤਾ।

ਉਨ੍ਹਾਂ ਲਿਖਿਆ, ''ਕੋਈ ਮਿਲੀਭੁਗਤ ਨਹੀਂ, ਕੋਈ ਵਿਘਨ ਨਹੀਂ, ਪੂਰੇ ਤਰੀਕੇ ਨਾਲ ਦੋਸ਼ਮੁਕਤ।''

ਇਹ ਵੀ ਪੜ੍ਹੋ

ਰਿਪੋਰਟ ਦੇ ਸਾਰ ਵਿੱਚ ਕੀ ਜਾਣਕਾਰੀ ਹੈ?

ਅਟਾਰਨੀ ਜਨਰਲ ਬਾਰ ਨੇ ਰਿਪੋਰਟ ਦਾ ਜੋ ਸਾਰ ਪੇਸ਼ ਕੀਤਾ ਹੈ, ਉਸ ਵਿੱਚ ਸਾਲ 2016 ਦੀਆਂ ਰਾਸ਼ਟਰਪਤੀ ਚੋਣਾਂ ਨੂੰ ਪ੍ਰਭਾਵਿਤ ਕਰਨ ਦੀਆਂ ਰੂਸ ਦੀਆਂ ਕੋਸ਼ਿਸ਼ਾਂ ਨੂੰ ਲੈ ਕੇ ਹੋਈ ਜਾਂਚ ਦੇ ਨਤੀਜੇ ਦੀ ਜਾਣਕਾਰੀ ਦਿੱਤੀ ਗਈ ਹੈ।

ਅਟਾਰਨੀ ਜਨਰਲ ਨੇ ਕਿਹਾ, ''ਵਿਸ਼ੇਸ਼ ਵਕੀਲ ਨੂੰ ਜਾਂਚ ਵਿੱਚ ਇਹ ਨਹੀਂ ਮਿਲਿਆ ਕਿ ਕਿਸੇ ਅਮਕੀਕੀ ਨਾਗਰਿਕ ਜਾਂ ਫਿਰ ਟਰੰਪ ਦੇ ਅਭਿਆਨ ਨਾਲ ਜੁੜੇ ਅਧਿਕਾਰੀਆਂ ਨੇ ਸਾਜਿਸ਼ ਕੀਤੀ ਜਾਂ ਫਿਰ ਜਾਣਬੁੱਝ ਕੇ ਰੂਸ ਦੇ ਨਾਲ ਸਾਂਝੇਦਾਰੀ ਕੀਤੀ।''

ਇਸ ਦੇ ਦੂਜੇ ਹਿੱਸੇ ਵਿੱਚ ਨਿਆਂ ਵਿੱਚ ਵਿਘਨ ਪਾਉਣ ਦੇ ਮੁੱਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ।

ਅਟਾਰਨੀ ਜਨਰਲ ਨੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਉਹ ਇਸ ਰਿਪੋਰਟ ਨਾਲ ਜੁੜੀਆਂ ਹੋਰ ਵੀ ਜਾਣਕਾਰੀਆਂ ਜਲਦ ਹੀ ਜਾਰੀ ਕਰਨਗੇ ਪਰ ਫਿਲਹਾਲ ਕੁਝ ਗੱਲਾਂ 'ਤੇ ਰੋਕ ਹੈ।

ਇਹ ਵੀ ਪੜ੍ਹੋ

ਰਿਪੋਰਟ ਬਾਰੇ ਪ੍ਰਤੀਕਿਰਿਆ

ਟਰੰਪ ਦੇ ਵਕੀਲ ਰੂਡੀ ਜੂਲੀਆਨੀ ਨੇ ਇਸ ਰਿਪੋਰਟ ਨੂੰ ਸੋਚ ਤੋਂ ਬਿਹਤਰ ਦੱਸਿਆ ਹੈ। ਉੱਥੇ ਹੀ ਵ੍ਹਾਈਟ ਹਾਊਸ ਦੀ ਬੁਲਾਰੇ ਸਾਰਾ ਸੈਂਡਰਸ ਨੇ ਕਿਹਾ ਹੈ ਕਿ ਰਿਪੋਰਟ ਨੇ ਰਾਸ਼ਟਰਪਤੀ ਨੂੰ ਪੂਰੀ ਤਰ੍ਹਾਂ ਦੋਸ਼ਮੁਕਤ ਕੀਤਾ ਹੈ।

ਹਾਲਾਂਕਿ ਡੈਮੋਕਰੇਟਿਕ ਪਾਰਟੀ ਦੇ ਨੇਤਾ ਜੈਰੀ ਨਾਡਲਰ ਨੇ ਕਿਹਾ ਹੈ ਕਿ ਜਾਂਚ ਮਗਰੋਂ ਤਿਆਰ ਕੀਤੀ ਪੂਰੀ ਰਿਪੋਰਟ ਨੂੰ ਜਨਤਾ ਦੇ ਸਾਹਮਣੇ ਰੱਖਿਆ ਜਾਵੇ।

ਉਨ੍ਹਾਂ ਨੇ ਦਾਅਵਾ ਕੀਤਾ ਕਿ ਕੁਝ ਨਾ ਕੁਝ ਮਿਲੀਭੁਗਤ ਜ਼ਰੂਰ ਸੀ। ਉਨ੍ਹਾਂ ਨੇ ਕਿਹਾ ਹੈ ਕਿ ਅਟਾਰਨੀ ਜਨਰਲ ਦੇ ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਹੈ ਕਿ ਟਰੰਪ ਨੇ ਨਿਆਂ ਪ੍ਰਕਿਰਿਆ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਨਾ ਕੀਤੀ ਹੋਵੇ।

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ