ਪਾਕਿਸਤਾਨ ਵਿੱਚ ਹਿੰਦੂ ਕੁੜੀਆਂ ਦਾ ਮਾਮਲਾ: ਹੁਣ ਤੱਕ ਜੋ ਕੁਝ-ਕੁਝ ਹੋਇਆ

ਹਿੰਦੂ ਕੁੜੀਆਂ ਦੇ ਅਗਵਾ ਹੋਣ ਅਤੇ ਜ਼ਬਰਦਸਤੀ ਧਰਮ ਪਰਿਵਰਤਨ ਦਾ ਮਾਮਲਾ
ਫੋਟੋ ਕੈਪਸ਼ਨ ਕੁੜੀਆਂ ਦੇ ਪਿਤਾ ਹਰੀ ਲਾਲ ਨੇ ਕਿਹਾ ਕਿ ਉਨ੍ਹਾਂ ਦੀਆਂ ਕੁੜੀਆਂ ਨਾਬਾਲਿਗ ਹਨ

ਪਾਕਿਸਤਾਨ ਵਿੱਚ ਦੋ ਹਿੰਦੂ ਕੁੜੀਆਂ ਦੇ ਕਥਿਤ ਤੌਰ 'ਤੇ ਅਗਵਾ ਹੋਣ ਅਤੇ ਫਿਰ ਜ਼ਬਰਦਸਤੀ ਧਰਮ ਬਦਲਣ ਦਾ ਮਾਮਲਾ ਇਸਲਾਮਾਬਾਦ ਹਾਈ ਕੋਰਟ ਵਿੱਚ ਪਹੁੰਚ ਗਿਆ ਹੈ।

ਇਸ ਮਾਮਲੇ ਵਿੱਚ ਮੰਗਲਵਾਰ ਨੂੰ ਉਦੋਂ ਨਵਾਂ ਮੋੜ ਆਇਆ ਜਦੋਂ ਦੋਵਾਂ ਕੁੜੀਆਂ ਨੇ ਇਸਲਾਮਾਬਾਦ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਕਿਹਾ ਕਿ ਉਨ੍ਹਾਂ ਦੀ ਉਮਰ 18 ਅਤੇ 20 ਸਾਲ ਹੋ ਰਹੀ ਹੈ ਅਤੇ ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਇਸਲਾਮ ਧਰਮ ਅਪਣਾਇਆ ਹੈ।

ਬੀਬੀਸੀ ਪੱਤਰਕਾਰ ਫਰਾਨ ਰਫ਼ੀ ਨੇ ਦੱਸਿਆ ਕਿ ਦੋਵੇਂ ਪੀੜਤ ਕੁੜੀਆਂ ਨੇ ਇਸਲਾਮਾਬਾਦ ਹਾਈ ਕੋਰਟ ਵਿੱਚ ਇੱਕ ਅਰਜ਼ੀ ਦਾਖ਼ਲ ਕੀਤੀ ਸੀ ਜਿਸ ਵਿੱਚ ਉਨ੍ਹਾਂ ਨੇ ਸਰਕਾਰ ਨੂੰ ਕਿਹਾ ਸੀ ਕਿ ਸਰਕਾਰੀ ਏਜੰਸੀਆਂ ਅਤੇ ਮੀਡੀਆ ਉਨ੍ਹਾਂ ਦਾ ਸ਼ੋਸ਼ਣ ਕਰ ਰਿਹਾ ਹੈ, ਲਿਹਾਜ਼ਾ ਇਸ 'ਤੇ ਰੋਕ ਲਗਾਈ ਜਾਵੇ।

ਉਨ੍ਹਾਂ ਨੇ ਸਰਕਾਰ ਨੂੰ ਇਹ ਵੀ ਕਿਹਾ ਹੈ ਕਿ ਇਸ ਮਾਮਲੇ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਖ਼ਤਰੇ ਵਿੱਚ ਪੈ ਗਈ ਹੈ, ਲਿਹਾਜ਼ਾ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇ।

ਕੋਰਟ ਨੇ ਦੋਵਾਂ ਕੁੜੀਆਂ ਨੂੰ ਸੁਰੱਖਿਆ ਮੁਹੱਈਆ ਕਰਵਾ ਦਿੱਤੀ ਹੈ। ਹਾਈ ਕੋਰਟ ਨੇ ਇਸਲਾਮਾਬਾਦ ਦੇ ਡਿਪਟੀ ਕਮਿਸ਼ਨਰ ਨੂੰ ਹੁਕਮ ਦਿੱਤਾ ਹੈ ਕਿ ਦੋਵੇਂ ਕੁੜੀਆਂ ਨੂੰ ਸੁਰੱਖਿਆ ਦਿੱਤੀ ਜਾਵੇ ਅਤੇ ਉਨ੍ਹਾਂ ਨੂੰ ਸ਼ੈਲਟਰ ਹੋਮ ਭੇਜਿਆ ਜਾਵੇ।

ਇਹ ਵੀ ਪੜ੍ਹੋ:

ਅਦਾਲਤ ਨੇ ਇਹ ਵੀ ਕਿਹਾ ਹੈ ਕਿ ਦੋਵੇਂ ਕੁੜੀਆਂ ਡਿਪਟੀ ਕਮਿਸ਼ਨਰ ਦੀ ਇਜਾਜ਼ਤ ਤੋਂ ਬਿਨਾਂ ਇਸਲਾਮਾਬਾਦ ਤੋਂ ਬਾਹਰ ਨਹੀਂ ਜਾ ਸਕਦੀਆਂ ਹਨ। ਅਦਾਲਤ ਨੇ ਦੋਵੇਂ ਕੁੜੀਆਂ ਦੇ ਪਤੀ ਨੂੰ ਵੀ ਸੁਰੱਖਿਆ ਦੇਣ ਦੇ ਹੁਕਮ ਦਿੱਤੇ ਹਨ।

ਅਰਜ਼ੀ ਵਿੱਚ ਕੁੜੀਆਂ ਨੇ ਕਿਹਾ ਸੀ ਕਿ ਪਾਕਿਸਤਾਨ ਦੇ ਸੰਵਿਧਾਨ ਮੁਤਾਬਕ ਉਨ੍ਹਾਂ ਨੂੰ ਧਰਮ ਚੁਣਨ ਦੀ ਆਜ਼ਾਦੀ ਹੈ ਅਤੇ ਅਜਿਹਾ ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਕੀਤਾ ਹੈ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਸਾਡੇ ਦੇਸ ਲਈ ਫ਼ਿਕਰ ਚੰਗੀ, ਪਰ ਸ਼ੁਰੂਆਤ ਆਪਣੇ ਦੇਸ ਤੋਂ ਕਰੋ- ਫਵਾਦ ਚੌਧਰੀ ਦੀ ਸੁਸ਼ਮਾ ਸਵਰਾਜ ਨੂੰ ਨਸੀਹਤ।

ਇਸ ਮੌਕੇ 'ਤੇ ਇਸਲਾਮਾਬਾਦ ਹਾਈ ਕੋਰਟ ਨੇ ਚੀਫ ਜਸਟਿਸ ਅਤਹਰ ਮਿਨਅੱਲਾਹ ਨੇ ਕਿਹਾ ਕਿ ਕੁਝ ਤਾਕਤਾਂ ਪਾਕਿਸਤਾਨ ਦੇ ਅਕਸ ਨੂੰ ਖ਼ਰਾਬ ਕਰਨਾ ਚਾਹੁੰਦੀ ਹਨ।

ਉਨ੍ਹਾਂ ਦਾ ਕਹਿਣਾ ਸੀ, ''ਪਾਕਿਸਤਾਨ ਵਿੱਚ ਘੱਟ ਗਿਣਤੀਆਂ ਦੇ ਹੱਕ ਪੂਰੀ ਤਰ੍ਹਾਂ ਸੁਰੱਖਿਅਤ ਹਨ। ਪਾਕਿਸਤਾਨ ਵਿੱਚ ਘੱਟ ਗਿਣਤੀਆਂ ਦੇ ਹੱਕ ਦੂਜੇ ਦੇਸਾਂ ਦੀ ਤੁਲਨਾ ਵਿੱਚ ਵੱਧ ਹਨ।''

ਅਦਾਲਤ ਨੇ ਕਿਹਾ ਕਿ ਕੇਂਦਰ ਸਰਕਾਰ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਾਂਚ ਪੂਰੀ ਤਰ੍ਹਾਂ ਪਾਰਦਰਸ਼ੀ ਹੋਣੀ ਚਾਹੀਦੀ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 2 ਅਪ੍ਰੈਲ ਨੂੰ ਹੋਵੇਗੀ।

ਪਰ ਭਾਰਤ ਸ਼ਾਇਦ ਪਾਕਿਸਤਾਨ ਦੇ ਇਸ ਤਰਕ ਨਾਲ ਸਹਿਮਤ ਨਹੀਂ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਸ ਮਾਮਲੇ ਨੂੰ ਲੈ ਕੇ ਤਿੰਨ ਟਵੀਟ ਕੀਤੇ ਹਨ।

ਸੁਸ਼ਮਾ ਨੇ ਕਿਹਾ, ''ਪਾਕਿਸਤਾਨ ਵਿੱਚ ਹਿੰਦੂ ਕੁੜੀਆਂ ਦਾ ਜ਼ਬਰਦਸਤੀ ਧਰਮ ਪਰਿਵਰਤਨ: ਕੁੜੀਆਂ ਦੀ ਉਮਰ ਨੂੰ ਲੈ ਕੇ ਕੋਈ ਵਿਵਾਦ ਨਹੀਂ ਹੈ। ਰਵੀਨਾ ਸਿਰਫ਼ 13 ਸਾਲ ਦੀ ਹੈ ਅਤੇ ਰੀਨਾ 15 ਸਾਲ ਦੀ।”

“ਨਵੇਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵੀ ਨਹੀਂ ਮੰਨਣਗੇ ਕਿ ਇਸ ਉਮਰ ਵਿੱਚ ਇਹ ਕੁੜੀਆਂ ਖ਼ੁਦ ਧਰਮ ਬਦਲਣ ਅਤੇ ਵਿਆਹ ਦਾ ਫ਼ੈਸਲਾ ਲੈਣ। ਦੋਵਾਂ ਕੁੜੀਆਂ ਨੂੰ ਇਨਸਾਫ਼ ਮਿਲੇ ਅਤੇ ਇਨ੍ਹਾਂ ਨੂੰ ਪਰਿਵਾਰ ਕੋਲ ਵਾਪਿਸ ਭੇਜਿਆ ਜਾਵੇ।''

ਪਿਤਾ ਦਾ ਬਿਆਨ ਅਤੇ ਧੀਆਂ ਦਾ ਕਬੂਲਨਾਮਾ?

ਹਾਲਾਂਕਿ ਕੁੜੀ ਦੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਦੋਵੇਂ ਕੁੜੀਆਂ ਨਾਬਾਲਿਗ ਹਨ। ਜਿਨ੍ਹਾਂ ਦੀ ਉਮਰ 13 ਅਤੇ 15 ਸਾਲ ਹੋ ਰਹੀ ਹੈ।

ਇੱਕ ਵੀਡੀਓ ਕਲਿੱਪ ਸਾਹਮਣੇ ਆਇਆ ਹੈ ਜਿਸ ਵਿੱਚ ਕੁੜੀ ਦੇ ਪਿਤਾ ਹਰੀ ਲਾਲ ਕਹਿ ਰਹੇ ਹਨ, "ਉਹ ਬੰਦੂਕ ਲੈ ਕੇ ਆਏ ਅਤੇ ਉਨ੍ਹਾਂ ਨੇ ਮੇਰੀਆਂ ਕੁੜੀਆਂ ਨੂੰ ਅਗਵਾ ਕਰ ਲਿਆ। ਇਸ ਗੱਲ ਨੂੰ ਅੱਠ ਦਿਨ ਹੋ ਗਏ ਅਤੇ ਅਜੇ ਤੱਕ ਇਸ ਮਾਮਲੇ ਵਿੱਚ ਕੁਝ ਨਹੀਂ ਹੋਇਆ।"

"ਮੈਨੂੰ ਕੋਈ ਨਹੀਂ ਦੱਸ ਰਿਹਾ ਕਿ ਮਾਮਲਾ ਕੀ ਹੈ ਅਤੇ ਨਾ ਹੀ ਉਨ੍ਹਾਂ ਨਾਲ ਮਿਲਣ ਦਿੱਤਾ ਜਾ ਰਿਹਾ ਹੈ। ਉਨ੍ਹਾਂ ਵਿੱਚੋਂ ਇੱਕ 13 ਸਾਲ ਦੀ ਹੈ ਅਤੇ ਦੂਜੀ 15 ਸਾਲ ਦੀ।"

"ਸਾਡੇ ਨਾਲ ਕੋਈ ਗੱਲ ਤੱਕ ਨਹੀਂ ਕਰ ਰਿਹਾ। ਮੈਂ ਬਸ ਇਹ ਚਾਹੁੰਦਾ ਹਾਂ ਕਿ ਕੋਈ ਜਾਏ ਅਤੇ ਮੇਰੀਆਂ ਧੀਆਂ ਨੂੰ ਲੈ ਆਵੇ। ਪੁਲਿਸ ਕਹਿ ਰਹੀ ਹੈ ਕਿ ਅੱਜ ਨਹੀਂ ਤਾਂ ਕੱਲ ਇਸ ਮਾਮਲੇ ਦਾ ਹੱਲ ਨਿਕਲ ਆਵੇਗਾ। ਪਰ ਅਜੇ ਤੱਕ ਇਸ ਉੱਤੇ ਕੋਈ ਕਾਰਵਾਈ ਨਹੀਂ ਹੋਈ ਹੈ।"

Image copyright GETTY IMAGES/FB/FAWAD HUSSAIN

ਪਿਤਾ ਤੋਂ ਇਲਾਵਾ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਵਿੱਚ ਦਿਖਾਈ ਦੇ ਰਿਹਾ ਹੈ ਜਿਸ ਵਿੱਚ ਕਥਿਤ ਤੌਰ 'ਤੇ ਦੋਵੇਂ ਕੁੜੀਆਂ ਰੋਂਦੀਆਂ ਹੋਈਆਂ ਵਿਖਾਈ ਦੇ ਰਹੀਆਂ ਸਨ ਅਤੇ ਦੱਸ ਰਹੀਆਂ ਸਨ ਕਿ ਨਿਕਾਹ ਤੋਂ ਬਾਅਦ ਉਨ੍ਹਾਂ ਨੂੰ ਮਾਰਿਆ-ਕੁੱਟਿਆ ਜਾ ਰਿਹਾ ਹੈ।

ਪਰ ਮੰਗਲਵਾਰ ਨੂੰ ਇਸਲਾਮਾਬਾਦ ਹਾਈ ਕੋਰਟ ਵਿੱਚ ਇਸ ਵੀਡੀਓ ਬਾਰੇ ਕੋਈ ਗੱਲ ਨਹੀਂ ਹੋਈ। ਬੀਬੀਸੀ ਵੀ ਇਨ੍ਹਾਂ ਦੋਵਾਂ ਵੀਡੀਓਜ਼ ਦੇ ਸਹੀ ਹੋਣ ਦੀ ਪੁਸ਼ਟੀ ਨਹੀਂ ਕਰ ਸਕਦੀ ਹੈ।

ਪਾਕਿਸਤਾਨ ਵਿੱਚ ਬਹਿਸ ਜਾਰੀ

ਇਸ ਘਟਨਾ ਨੂੰ ਲੈ ਕੇ ਪਾਕਿਸਤਾਨ ਵਿੱਚ ਕਾਫ਼ੀ ਬਹਿਸ ਚੱਲ ਰਹੀ ਹੈ। ਕਈ ਪਾਕਿਸਤਾਨੀ ਹੀ ਪੁੱਛ ਰਹੇ ਹਨ ਕਿ ਸਿਰਫ਼ ਘੱਟ ਉਮਰ ਦੀਆਂ ਕੁੜੀਆਂ ਹੀ ਇਸਲਾਮ ਤੋਂ ਪ੍ਰਭਾਵਿਤ ਕਿਉਂ ਹੋ ਰਹੀਆਂ ਹਨ ਅਤੇ ਇਨ੍ਹਾਂ ਨੂੰ ਅਗਵਾ ਕਿਉਂ ਕੀਤਾ ਜਾਂਦਾ ਹੈ।

ਇਸਦੇ ਨਾਲ ਹੀ ਇਹ ਵੀ ਪੁੱਛਿਆ ਜਾ ਰਿਹਾ ਹੈ ਕੁੜੀਆਂ ਨੂੰ ਮੁਸਲਮਾਨ ਬਣਾ ਕੇ ਪਤਨੀ ਕਿਉਂ ਬਣਾਇਆ ਜਾਂਦਾ ਹੈ? ਉਨ੍ਹਾਂ ਨੂੰ ਭੈਣ ਦਾਂ ਧੀ ਕਿਉਂ ਨਹੀਂ ਬਣਾਇਆ ਜਾਂਦਾ?

ਇਹ ਵੀ ਪੜ੍ਹੋ:

ਪਾਕਿਸਤਾਨ ਵਿੱਚ ਹਿੰਦੂ ਸੰਗਠਨ ਦੇ ਲੋਕ ਇਸ ਘਟਨਾ ਦੇ ਵਿਰੋਧ ਵਿੱਚ ਸੜਕ 'ਤੇ ਪ੍ਰਦਰਸ਼ਨ ਕਰ ਰਹੇ ਹਨ ਅਤੇ ਦੋਸ਼ੀਆਂ ਖਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਹਨ। ਇਹ ਘਟਨਾ ਹੋਲੀ ਤੋਂ ਇੱਕ ਦਿਨ ਪਹਿਲਾਂ ਪਾਕਿਸਤਾਨ ਦੇ ਸਿੰਧ ਸੂਬੇ ਦੀ ਹੈ।

ਮੀਡੀਆ ਵਿੱਚ ਖ਼ਬਰ ਆਉਣ ਤੋਂ ਬਾਅਦ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪਾਕਿਸਤਾਨ ਵਿੱਚ ਭਾਰਤੀ ਹਾਈ ਕਮਿਸ਼ਨਰ ਤੋਂ ਇਸ 'ਤੇ ਰਿਪੋਰਟ ਮੰਗੀ ਸੀ।

ਇਸ ਉੱਤੇ ਤੁਰੰਤ ਪਾਕਿਸਤਾਨ ਦੇ ਸੂਚਨਾ ਮੰਤਰੀ ਫਵਾਦ ਚੌਧਰੀ ਦਾ ਜਵਾਬ ਆਇਆ ਅਤੇ ਉਨ੍ਹਾਂ ਨੇ ਕਿਹਾ ਕਿ "ਇਹ ਪਾਕਿਸਤਾਨ ਦਾ ਅੰਦਰੂਨੀ ਮਾਮਲਾ ਹੈ ਅਤੇ ਇਹ ਨਰਿੰਦਰ ਮੋਦੀ ਦਾ ਭਾਰਤ ਨਹੀਂ, ਜਿੱਥੇ ਘੱਟ ਗਿਣਤੀ ਭਾਈਚਾਰੇ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ।"

ਇਸ 'ਤੇ ਸੁਸ਼ਮਾ ਸਵਰਾਜ ਨੇ ਕਿਹਾ ਕਿ ਉਨ੍ਹਾਂ ਨੇ ਪਾਕਿਸਤਾਨ ਦੇ ਹਾਈ ਕਮਿਸ਼ਨਰ ਤੋਂ ਸਿਰਫ਼ ਰਿਪੋਰਟ ਹੀ ਮੰਗੀ ਸੀ ਅਤੇ ਪਾਕਿਸਤਾਨ ਦੇ ਮੰਤਰੀ ਬੇਚੈਨ ਹੋ ਗਏ, ਇਸ ਨਾਲ ਪਾਕਿਸਤਾਨ ਦੀ ਮੰਸ਼ਾ ਦਾ ਪਤਾ ਲਗਦਾ ਹੈ।

ਮਾਮਲੇ ਨੂੰ ਵਧਦਾ ਵੇਖ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ।

ਪੁਲਿਸ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਇਸ ਮਾਮਲੇ ਵਿੱਚ ਹੁਣ ਤੱਕ ਕਿਸੇ ਤਰ੍ਹਾਂ ਦੀ ਗਿਰਫ਼ਤਾਰੀ ਨਹੀਂ ਹੋਈ ਹੈ। ਐਫ਼ਆਈਆਰ ਵਿੱਚ ਤਿੰਨ ਲੋਕਾਂ ਦਾ ਨਾਮ ਹੈ ਅਤੇ ਉਨ੍ਹਾਂ ਦੀ ਤਲਾਸ਼ ਜਾਰੀ ਹੈ।

'ਮਜਹਬੀ ਰਿਆਸਤ ਸਹੀ ਮਾਅਨੇ ਵਿੱਚ ਲੋਕਤਾਂਤਰਿਕ ਰਿਆਸਤ ਨਹੀਂ ਹੋ ਸਕਦੀ'

ਫੋਟੋ ਕੈਪਸ਼ਨ ਕੋਰਟ ਤੋਂ ਬਾਅਦ ਕੁੜੀਆਂ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਇਸਲਾਮ ਕਬੂਲ ਕਰ ਲਿਆ ਹੈ

ਉਂਝ ਇਹ ਪਹਿਲੀ ਵਾਰ ਨਹੀਂ ਹੈ ਕਿ ਪਾਕਿਸਤਾਨ ਵਿੱਚ ਹਿੰਦੂ ਕੁੜੀਆਂ ਦੇ ਧਰਮ ਪਰਿਵਰਤਨ ਜਾਂ ਜ਼ਬਰਦਸਤੀ ਵਿਆਹ ਦਾ ਮਾਮਲਾ ਸਾਹਮਣੇ ਆਇਆ ਹੈ।

ਅਜਿਹੇ ਮਾਮਲੇ ਪਾਕਿਸਤਾਨ ਵਿੱਚ ਕਿਉਂ ਹੋ ਰਹੇ ਹਨ ਅਤੇ ਅਜਿਹਾ ਨਾ ਹੋਵੇ, ਇਸਦੇ ਲਈ ਕੀ ਕੁਝ ਕੀਤਾ ਜਾ ਰਿਹਾ ਹੈ?

ਇਹ ਸਵਾਲ ਬੀਬੀਸੀ ਪੱਤਰਕਾਰ ਜੁਗਲ ਪੋਰਿਹਤ ਨੇ ਪਾਕਿਸਤਾਨ ਦੇ ਮਨੁੱਖੀ ਅਧਿਕਾਰ ਆਯੋਗ ਦੇ ਪ੍ਰਧਾਨ ਡਾ. ਮਹਿੰਦੀ ਹਸਨ ਤੋਂ ਪੁੱਛਿਆ।

ਫੋਟੋ ਕੈਪਸ਼ਨ ਡਾ. ਮਹਿੰਦੀ ਹਸਨ ਦਾ ਕਹਿਣਾ ਹੈ ਕਿ ਜਿਹੜੇ ਲੋਕਾਂ ਦਾ ਮਜਹਬ ਦੇਸ ਤੋਂ ਵੱਖ ਹੋਵੇਗਾ, ਉਹ ਖ਼ੁਦ ਹੀ ਦੂਜੇ ਦਰਜੇ ਦੇ ਨਾਗਰਿਕ ਹੋ ਜਾਂਦੇ ਹਨ

ਡਾ. ਹਸਨ ਨੇ ਕਿਹਾ, "ਪਾਕਿਸਤਾਨ ਇੱਕ ਮਜਹਬੀ ਰਿਆਸਤ ਹੈ। ਅਜਿਹੀਆਂ ਹਰਕਤਾਂ ਮਜਹਬੀ ਸੋਚ ਰੱਖਣ ਵਾਲੇ ਲੋਕ ਕਰਦੇ ਹਨ ਅਤੇ ਇਸ ਵਿੱਚ ਸਿਆਸੀ ਪਾਰਟੀਆਂ ਆਪਣੀ ਭੂਮਿਕਾ ਸਹੀ ਤਰ੍ਹਾਂ ਨਹੀਂ ਨਿਭਾਉਂਦੀਆਂ ਹਨ, ਜੋ ਉਨ੍ਹਾਂ ਨੂੰ ਕਰਨਾ ਚਾਹੀਦਾ ਹੈ।"

"ਮੈਂ ਇਹ ਮਨੰਦਾ ਹਾਂ ਕਿ ਕੋਈ ਵੀ ਮਜਹਬੀ ਰਿਆਸਤ ਸਹੀ ਮਾਅਨੇ ਵਿੱਚ ਲੋਕਤਾਂਤਰਿਕ ਰਿਆਸਤ ਨਹੀਂ ਹੋ ਸਕਦੀ। ਜਿੱਥੇ ਜਿਹੜੇ ਲੋਕਾਂ ਦਾ ਮਜਹਬ ਦੇਸ ਦੇ ਲੋਕਾਂ ਤੋਂ ਵੱਖ ਹੋਵੇਗਾ, ਉਹ ਖ਼ੁਦ ਹੀ ਦੂਜੇ ਦਰਜੇ ਦੇ ਨਾਗਰਿਕ ਹੋ ਜਾਂਦੇ ਹਨ।"

"ਦੇਸ ਦੀਆਂ ਘੱਠ ਗਿਣਤੀਆਂ ਨੂੰ ਸੰਵਿਧਾਨ ਨੇ ਬਰਾਬਰ ਹੱਕ ਦਿੱਤਾ ਤਾਂ ਹੈ ਪਰ ਧਾਰਮਿਕ ਸੋਚ ਦੇ ਕਾਰਨ ਅਜਿਹੀਆਂ ਪ੍ਰੇਸ਼ਾਨੀਆਂ ਆਉਂਦੀਆਂ ਰਹਿੰਦੀਆਂ ਹਨ।"

ਇਹ ਵੀ ਪੜ੍ਹੋ:

ਮਹਿੰਦੀ ਹਸਨ ਅੱਗੇ ਕਹਿੰਦੇ ਹਨ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਨੋਟਿਸ ਤਾਂ ਲਿਆ ਹੈ ਪਰ ਐਨੇ ਨਾਲ ਕੰਮ ਨਹੀਂ ਚੱਲੇਗਾ ਜਦੋਂ ਤੱਕ ਕੋਈ ਕਾਰਵਾਈ ਨਹੀਂ ਕੀਤੀ ਜਾਵੇ।

ਉਹ ਕਹਿੰਦੇ ਹਨ ਕਿ ਮਾਮਲੇ ਵਿੱਚ ਮੁਲਜ਼ਮਾਂ ਦੀ ਗਿਰਫ਼ਤਾਰੀ ਹੋਣੀ ਚਾਹੀਦੀ ਹੈ।

ਉਹ ਯਾਦ ਕਰਵਾਉਂਦੇ ਹਨ ਕਿ ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿਨਾਹ ਨੇ ਸੰਵਿਧਾਨ ਸਭਾ ਵਿੱਚ ਆਪਣੇ ਪਹਿਲੇ ਸੰਬੋਧਨ ਵਿੱਚ ਕਿਹਾ ਸੀ ਕਿ ਮਜਹਬ ਪਾਕਿਸਤਾਨ ਦੀ ਰਿਆਸਤ ਵਿੱਚ ਕੋਈ ਕਿਰਦਾਰ ਅਦਾ ਨਹੀਂ ਕਰੇਗਾ ਅਤੇ ਅਜਿਹਾ ਨਹੀਂ ਹੁੰਦਾ ਤਾਂ ਇਹ ਜਿਨਾਹ ਦਾ ਪਾਕਿਸਤਾਨ ਨਹੀਂ ਹੋਵੇਗਾ।

ਪਾਕਿਸਤਾਨ ਵਿੱਚ ਹਿੰਦੂਆਂ ਦੀ ਤਦਾਦ ਕਰੀਬ 30 ਲੱਖ ਹੈ ਅਤੇ ਸਭ ਤੋਂ ਵੱਡੀ ਗਿਣਤੀ ਵਿੱਚ ਇਹ ਸਿੰਧ ਸੂਬੇ ਵਿੱਚ ਰਹਿੰਦੇ ਹਨ।

ਪਾਕਿਸਤਾਨ ਦੇ ਵੱਖ-ਵੱਖ ਸੰਗਠਨਾਂ ਦਾ ਦਾਅਵਾ ਕੀਤਾ ਹੈ ਕਿ ਹਾਰ ਸਾਲ ਲਗਪਗ ਇੱਕ ਹਜ਼ਾਰ ਹਿੰਦੂ ਅਤੇ ਇਸਾਈ ਕੁੜੀਆਂ ਨੂੰ ਅਗਵਾ ਕਰਕੇ ਉਨ੍ਹਾਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਇਆ ਜਾਂਦਾ ਹੈ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)