ਨੀਰਵ ਮੋਦੀ ਦਾ ਲੰਡਨ ਦੀ ਅਦਾਲਤ 'ਚ ਇਹ ਹਾਲ ਸੀ

ਨੀਰਵ ਮੋਦੀ
ਫੋਟੋ ਕੈਪਸ਼ਨ ਨੀਰਵ ਮੋਦੀ ਨੂੰ ਪਹਿਲਾਂ ਲੰਡਨ ਦੀਆਂ ਗਲੀਆਂ 'ਚ ਦੇਖਿਆ ਗਿਆ

48 ਸਾਲਾਂ ਭਾਰਤੀ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਲੰਡਨ ਵਿੱਚ ਯੂਕੇ ਵੈਸਟਮਿਨਸਟਰ ਮੈਜਿਸਟ੍ਰੇਟ ਕੋਰਟ ਨੇ ਜ਼ਮਾਨਤ ਅਰਜ਼ੀ ਖਾਰਿਜ ਕਰ ਦਿੱਤੀ ਹੈ, ਜਿਸ ਕਾਰਨ ਉਨ੍ਹਾਂ ਨੂੰ ਵਾਪਸ ਹਿਰਾਸਤ 'ਚ ਜਾਣਾ ਪਿਆ।

ਨੀਰਵ ਮੋਦੀ ਨੂੰ ਲੰਡਨ ਦੇ ਹੋਲਬੋਰਨ ਇਲਾਕੇ ਤੋਂ 19 ਮਾਰਚ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਲੰਡਨ ਦੇ ਵੈਸਟਮਿਸਟਰ ਕੋਰਟ 'ਚ ਪੇਸ਼ ਕੀਤਾ ਗਿਆ। ਉਸ ਵੇਲੇ ਅਦਾਲਤ ਨੇ ਨੀਰਵ ਮੋਦੀ ਨੂੰ 29 ਮਾਰਚ ਤੱਕ ਭੇਜਿਆ ਸੀ।

ਨੀਰਵ ਮੋਦੀ ਨੇ ਅਦਾਲਤ ਵਿੱਚ ਜ਼ਮਾਨਤ ਲਈ ਅਰਜ਼ੀ ਪਾਈ ਸੀ ਪਰ ਅਦਾਲਤ ਨੇ ਉਨ੍ਹਾਂ ਅਪੀਲ ਨੂੰ ਖਾਰਿਜ ਕਰਦਿਆਂ ਮੁੜ ਹਿਰਾਸਤ ਵਿੱਚ ਭੇਜ ਦਿੱਤਾ ਹੈ।

ਨੀਰਵ ਮੋਦੀ 'ਤੇ ਇਲਜ਼ਾਮ ਹਨ ਕਿ ਉਹ ਭਾਰਤ ਦੇ ਪੰਜਾਬ ਨੈਸ਼ਨਲ ਬੈਂਕ ਦੇ ਕਰੀਬ 13 ਹਜ਼ਾਰ ਕਰੋੜ ਰੁਪਏ ਲੈ ਕੇ ਭਾਰਤ ਤੋਂ ਫਰਾਰ ਹਨ। ਉਨ੍ਹਾਂ ਨੇ ਬੈਂਕ ਤੋਂ ਕਰਜ਼ ਲਿਆ ਸੀ ਪਰ ਉਸ ਨੂੰ ਚੁਕਾਏ ਬਿਨਾਂ ਹੀ ਉਹ ਭਾਰਤ ਤੋਂ ਭੱਜ ਗਏ।

ਮਾਮਲੇ ਦੀ ਅਗਲੀ ਸੁਣਵਾਈ 26 ਅਪ੍ਰੈਲ ਨੂੰ ਹੋਵੇਗੀ ਅਤੇ ਇਸ ਦੌਰਾਨ ਨੀਰਵ ਮੋਦੀ ਵੀਡੀਓ ਕਾਨਫਰੰਸਿਗ ਰਾਹੀਆਂ ਪੇਸ਼ ਹੋਣਗੇ।

ਇਹ ਵੀ ਪੜ੍ਹੋ-

Image copyright Getty Images
ਫੋਟੋ ਕੈਪਸ਼ਨ ਇਸ ਤੋਂ ਪਹਿਲਾਂ ਵੀ ਕੋਰਟ ਨੇ ਨੀਰਵ ਮੋਦੀ ਨੂੰ 29 ਮਾਰਚ ਤੱਕ ਹਿਰਾਸਤ 'ਚ ਭੇਜ ਦਿੱਤਾ ਹੈ

ਭਾਰਤੀ ਹਾਈ ਕਮਿਸ਼ਨ ਦੇ ਇੱਕ ਅਧਿਕਾਰੀ ਏਐਸ ਰਾਜਨ ਨੇ ਬੀਬੀਸੀ ਪੱਤਰਕਾਰ ਗਗਨ ਸੱਭਰਵਾਲ ਨੂੰ ਅਗਲੇਰੀ ਕਾਰਵਾਈ ਬਾਰੇ ਦੱਸਦਿਆਂ ਕਿਹਾ, "ਇਹ ਅਦਾਲਤ ਦੀ ਕਾਰਵਾਈ 'ਤੇ ਨਿਰਭਰ ਕਰਦਾ ਹੈ।"

ਉਨ੍ਹਾਂ ਨੇ ਕਿਹਾ ਕਿ ਉਹ ਅਦਾਲਤ ਦੇ ਫ਼ੈਸਲੇ ਤੋਂ ਖੁਸ਼ ਹਨ ਅਤੇ ਉਨ੍ਹਾਂ ਨੇ ਕਿਹਾ ਕਿ ਅਗਲੇ ਕਦਮ ਲਈ "ਇੰਤਜ਼ਾਰ ਅਤੇ ਦੇਖੋ।"

ਖ਼ਬਰ ਏਜੰਸੀ ਏਐਨਆਈ ਮੁਤਾਬਕ ਨੀਰਵ ਮੋਦੀ ਦੇ ਵਕੀਲ ਕਲੇਅਰ ਮੋਂਟਗੋਮਰੀ ਮੁਤਾਬਕ ਨੀਰਵ ਮੋਦੀ ਜਨਵਰੀ 2018 ਤੋਂ ਹੀ ਬ੍ਰਿਟੇਨ 'ਚ ਹਨ ਅਤੇ ਅਗਸਤ 2018 'ਚ ਉਨ੍ਹਾਂ ਪਤਾ ਲੱਗਾ ਕਿ ਉਨ੍ਹਾਂ ਦੀ ਸਪੁਰਦੀ ਹੋਣ ਵਾਲੀ ਹੈ।

ਉਨ੍ਹਾਂ ਕੋਲ ਸੁਰੱਖਿਅਤ ਟਿਕਾਣੇ ਵਜੋਂ ਕੋਈ ਥਾਂ ਨਹੀਂ ਹੈ। ਉਹ ਯੂਕੇ 'ਚ ਖੁੱਲ੍ਹੇਆਮ ਰਹਿੰਦੇ ਹਨ ਅਤੇ ਉਨ੍ਹਾਂ ਨੇ ਕਦੇ ਲੁਕਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ।

ਜ਼ਮਾਨਤ ਲਈ ਜੋ ਸ਼ਰਤਾਂ ਰੱਖੀਆਂ ਸਨ ਉਹ ਇਹ ਸਨ ਕਿ ਉਨ੍ਹਾਂ ਨੂੰ ਹਾਊਸ ਅਰੈਸਟ ਕੀਤਾ ਜਾਵੇ ਅਤੇ ਘਰ ਦੀ ਇਲੈਕਟ੍ਰਾਨਿਕ ਮੋਨੀਟਰਿੰਗ ਹੋਵੇ, ਜੋ ਵਧੇਰੇ ਸਖ਼ਤ ਹੈ।

ਸਾਰਾ ਦਿਨ ਘਰ ਇਲੈਕਟ੍ਰਾਨਿਕ ਮੋਨੀਟਰਿੰਗ ਦੇ ਨਾਲ-ਨਾਲ ਸਥਾਨਕ ਪੁਲਿਸ ਸਟੇਸ਼ਨ ਨੂੰ ਰਿਪੋਰਟ ਸੌਂਪੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਨੂੰ ਸਪੈਸ਼ਲ ਫੋਨ ਦਿੱਤਾ ਜਾਵੇ ਜਿਸ ਨੂੰ ਪ੍ਰਸ਼ਾਸਨ ਵੱਲੋਂ ਸੰਚਾਲਿਤ ਕੀਤਾ ਗਿਆ ਹੋਵੇ।

ਇਹ ਵੀ ਪੜ੍ਹੋ-

ਭਾਰਤ ਪ੍ਰਸ਼ਾਸਨ ਵੱਲੋਂ ਕ੍ਰਾਊਨ ਪ੍ਰੋਸੀਕਿਊਸ਼ਨ ਟੋਬੀ ਕੈਡਮਨ ਨੇ ਦਲੀਲ ਦਿੱਤੀ ਕਿ ਨੀਰਵ ਮੋਦੀ ਭਾਰਤੀ ਏਜੰਸੀਆਂ ਨਾਲ ਸਹਿਯੋਗ ਨਹੀਂ ਕਰ ਰਹੇ ਅਤੇ ਉਨ੍ਹਾਂ ਦੇ ਭੱਜਣ ਦਾ ਵੀ ਖਦਸ਼ਾ ਹੈ।

ਇਨ੍ਹਾਂ ਵੱਲੋਂ ਗਵਾਹਾਂ ਨੂੰ ਪ੍ਰਭਾਵਿਤ ਕਰਨ ਅਤੇ ਸਬੂਤਾਂ ਨੂੰ ਨਸ਼ਟ ਕਰਨ ਦਾ ਵੀ ਖਦਸ਼ਾ ਹੈ। ਜੇਕਰ ਨੀਰਵ ਮੋਦੀ ਨੂੰ ਜ਼ਮਾਨਤ ਮਿਲ ਜਾਂਦੀ ਹੈ ਤਾਂ ਉਹ ਹਾਈ ਕੋਰਟ ਵਿੱਚ ਅਪੀਲ ਕਰ ਸਕਦੇ ਹਨ ਅਤੇ ਉਨ੍ਹਾਂ ਨੇ ਕਿਹਾ ਉਹ ਨੀਰਵ ਮੋਦੀ ਨੂੰ ਅੰਦਰ ਰੱਖਣ ਲਈ ਸਭ ਕੁਝ ਕਰਾਂਗੇ।

ਬੀਬੀਸੀ ਪੱਤਰਕਾਰ ਗਗਨ ਸਭਰਵਾਲ ਵੱਲੋਂ ਅਦਾਲਤ 'ਚ ਨੀਰਵ ਮੋਦੀ ਦਾ ਅੱਖੀਂ ਡਿੱਠਾ ਹਾਲ

ਇਹ ਪਹਿਲਾ ਮੌਕਾ ਸੀ ਜਦੋਂ ਮੈਂ ਨੀਰਵ ਮੋਦੀ ਨੂੰ ਆਹਮੋ-ਸਾਹਮਣੇ ਦੇਖਿਆ, ਮੇਰੇ ਮਨ ਵਿੱਚ ਉਨ੍ਹਾਂ ਦੀ ਇੱਕ ਵੱਖਰੀ ਹੀ ਤਸਵੀਰ ਸੀ। ਜਿਹੜੇ ਨੀਰਵ ਮੋਦੀ ਨੂੰ ਮੈਂ ਅਖ਼ਬਰਾਂ ਤੇ ਟੀਵੀ ਤੇ ਦੇਖਿਆ ਸੀ ਉਹ ਮਹਿੰਗੇ ਕੱਪੜੇ ਪਾਉਂਦੇ ਅਤੇ ਮੁਸਕਰਾਉਂਦੇ ਰਹਿੰਦੇ ਸਨ। ਅਦਾਲਤ ਵਿਚਲੇ ਨੀਰਵ ਮੇਰੀ ਉਸ ਅਕਸ ਤੋਂ ਬਿਲਕੁਲ ਉਲਟ ਸਨ।

ਉਨ੍ਹਾਂ ਨੇ ਇੱਕ ਸਿਲਵਟਾਂ ਵਾਲੀ ਸਫੈਦ ਟੀ-ਸ਼ਰਟ ਪਹਿਨੀ ਹੋਈ ਸੀ। ਉਨ੍ਹਾਂ ਨੇ ਦਾੜ੍ਹੀ ਵੀ ਨਹੀਂ ਸੀ ਬਣਾਈ ਹੋਈ ਤੇ ਫਿਕਰਮੰਦ ਲੱਗ ਰਹੇ ਸਨ। ਸਾਰੀ ਸੁਣਵਾਈ ਦੌਰਾਨ ਉਹ ਨੋਟਸ ਲੈਂਦੇ ਰਹੇ, ਅਜਿਹਾ ਮੈਂ ਪਹਿਲਾਂ ਕਦੇ ਕਿਸੇ ਨੂੰ ਕਰਦੇ ਨਹੀਂ ਦੇਖਿਆ, ਵਿਜੇ ਮਾਲਿਆ ਨੂੰ ਵੀ ਨਹੀਂ। ਇਹ ਕੰਮ ਤਾਂ ਆਮ ਕਰਕੇ ਉਨ੍ਹਾਂ ਦੇ ਵਕੀਲ ਜਾਂ ਮੇਰੇ ਵਰਗੇ ਪੱਤਰਕਾਰਾਂ ਦਾ ਹੁੰਦਾ ਹੈ ਪਰ ਮੋਦੀ ਕੁਝ ਭਿੰਨ ਸਨ।

ਮੈਨੂੰ ਲਗਦਾ ਹੈ ਕਿ ਉਹ ਬਸ ਕਾਰਵਾਈ ਵਿੱਚ ਸ਼ਾਮਲ ਹੋਣਾ ਚਾਹੁੰਦੇ ਸਨ ਤੇ ਆਪਣੇ ਭਵਿੱਖ ਦੇ ਕੇਸਾਂ ਲਈ ਤਿਆਰੀ ਵਿੱਚ ਮਦਦਗਾਰ ਹੋਣ ਲਈ ਅਜਿਹਾ ਕਰ ਰਹੇ ਸਨ।

ਜਦੋਂ ਮੁੱਖ ਜੱਜ ਐਮਾ ਆਰਬਥਨੌਟ ਨੇ ਉਨ੍ਹਾਂ ਨੂੰ ਜ਼ਮਾਨਤ ਦੇਣ ਤੋਂ ਮਨ੍ਹਾਂ ਕਰ ਦਿੱਤਾ ਤਾਂ ਉਹ ਕਾਫੀ ਪ੍ਰੇਸ਼ਾਨ ਨਜ਼ਰ ਆਏ ਕਿਉਂਕਿ ਉਨ੍ਹਾਂ ਨੇ ਮੁਚਲਕੇ ਦੇ ਰੂਪ ਵਿੱਚ ਦਸ ਲੱਖ ਪੌਂਡ ਤੱਕ ਭਰਨ ਦੀ ਪੇਸ਼ਕਸ਼ ਕੀਤੀ ਸੀ।

ਜੱਜ ਨੇ ਕੇਸ ਦੀ ਗੰਭੀਰਤਾ ਅਤੇ ਉਨ੍ਹਾਂ ਖ਼ਿਲਾਫ ਲੱਗੇ ਗੰਭੀਰ ਇਲਜ਼ਾਂਮਾਂ ਕਾਰਨ ਉਨ੍ਹਾਂ ਦੀ ਜ਼ਮਾਨਤ ਰੱਦ ਕਰ ਦਿੱਤੀ। ਉਨ੍ਹਾਂ ਖ਼ਿਲਾਫ ਸਬੂਤ ਮਿਟਾਉਣ, ਝੂਠੀ ਗਵਾਹੀ ਲਈ 22,000 ਪੌਂਡ ਦੀ ਪੇਸ਼ਕਸ਼ ਕਰਨ ਅਤੇ ਗਵਾਹਾਂ ਨੂੰ ਪ੍ਰਭਾਵਿਤ ਕਰਨ ਵਰਗੇ ਇਲਜ਼ਾਮ ਹਨ। ਇਹ ਉਹੀ ਜੱਜ ਹਨ ਜਿਨ੍ਹਾਂ ਨੇ ਵਿਜੇ ਮਾਲਿਆ ਨੂੰ ਭਾਰਤ ਹਵਾਲੇ ਕਰਨ ਦਾ ਫੈਸਲਾ ਸੁਣਾਇਆ ਸੀ।

ਇਹ ਵੀ ਪੜ੍ਹੋ-

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)