ਮਰਦਾਂ ਦੀਆਂ ਨਜ਼ਰਾਂ ਤੋਂ ਬਚਾਉਣ ਲਈ ਕੁੜੀਆਂ ਦੀਆਂ ਛਾਤੀਆਂ 'ਸਾੜਨ' ਦੀ ਰਵਾਇਤ

ਛਾਤੀ 'ਤੇ ਬੰਨੀ ਕਾਲੀ ਪੱਟੀ Image copyright Getty Images
ਫੋਟੋ ਕੈਪਸ਼ਨ ਕੁਝ ਕੁੜੀਆਂ ਦੀ ਛਾਤੀ 'ਤੇ ਕੱਸੀ ਹੋਈ ਕਾਲੀ ਪੱਟੀ ਬੰਨੀ ਜਾਂਦੀ ਹੈ

ਬ੍ਰੈਸਟ ਆਇਰਨਿੰਗ ਯਾਨਿ ਛਾਤੀ ਨੂੰ ਕਿਸੇ ਗਰਮ ਚੀਜ਼ ਨਾਲ ਦਬਾ ਦੇਣਾ।

ਇਸ ਰਵਾਇਤ ਦੇ ਤਹਿਤ ਕੁੜੀਆਂ ਦੀ ਛਾਤੀ ਨੂੰ ਕਿਸੇ ਗਰਮ ਚੀਜ਼ ਨਾਲ ਦਬਾ ਦਿੱਤਾ ਜਾਂਦਾ ਹੈ ਤਾਂ ਜੋ ਉਨ੍ਹਾਂ ਦਾ ਉਭਾਰ ਦੇਰ ਨਾਲ ਹੋਵੇ। ਇਹ ਸਭ ਇਸ ਲਈ ਕੀਤਾ ਜਾਂਦਾ ਹੈ ਤਾਂ ਜੋ ਉਹ ਮਰਦਾਂ ਦਾ ਧਿਆਨ ਨਾ ਖਿੱਚ ਸਕਣ।

ਇਹ ਰਵਾਇਤ ਮੂਲ ਰੂਪ ਤੋਂ ਪੱਛਮੀ ਅਫਰੀਕਾ ਵਿੱਚ ਸ਼ੁਰੂ ਹੋਈ ਸੀ ਪਰ ਹੁਣ ਬ੍ਰਿਟੇਨ ਸਮੇਤ ਕੁਝ ਹੋਰ ਯੂਰੋਪੀ ਦੇਸਾਂ ਤੱਕ ਪਹੁੰਚ ਗਈ ਹੈ।

ਇਹੀ ਕਾਰਨ ਹੈ ਕਿ ਬ੍ਰਿਟੇਨ ਦੀ ਨੈਸ਼ਨਲ ਐਜੂਕੇਸ਼ਨ ਯੂਨੀਅਨ ਨੇ ਕਿਹਾ ਹੈ ਕਿ ਬ੍ਰੈਸਟ ਆਇਰਨਿੰਗ ਬਾਰੇ ਜਾਗਰੂਕਤਾ ਨੂੰ ਸਕੂਲੀ ਪਾਠਕ੍ਰਮ ਵਿੱਚ ਜ਼ਰੂਰੀ ਕੀਤਾ ਜਾਵੇ ਤਾਂ ਜੋ ਕੁੜੀਆਂ ਨੂੰ ਇਸ ਤੋਂ ਬਚਾਇਆ ਜਾ ਸਕੇ।

ਇਹ ਵੀ ਪੜ੍ਹੋ:

'ਰੋਣ ਨਹੀਂ ਦਿੱਤਾ ਗਿਆ'

ਕਿਆਨਾ (ਬਦਲਿਆ ਹੋਇਆ ਨਾਮ) ਬ੍ਰਿਟੇਨ ਵਿੱਚ ਰਹਿੰਦੀ ਹੈ। ਉਨ੍ਹਾਂ ਦਾ ਪਰਿਵਾਰ ਪੱਛਮੀ ਅਫਰੀਕਾ ਤੋਂ ਇੱਥੇ ਆਇਆ ਹੈ। ਬ੍ਰੈਸਟ ਆਇਰਨਿੰਗ ਦੀ ਸ਼ੁਰੂਆਤ ਵੀ ਇਸੇ ਇਲਾਕੇ ਤੋਂ ਹੋਈ ਸੀ।

ਜਦੋਂ ਉਹ 10 ਸਾਲ ਦੀ ਸੀ ਤਾਂ ਉਦੋਂ ਉਨ੍ਹਾਂ ਨੂੰ ਵੀ ਇਸ ਪ੍ਰਕਿਰਿਆ ਵਿੱਚੋਂ ਲੰਘਣਾ ਪਿਆ।

ਉਹ ਦੱਸਦੀ ਹੈ ਕਿ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਨੂੰ ਕਿਹਾ ਸੀ "ਜੇਕਰ ਮੈਂ ਇਨ੍ਹਾਂ ਨੂੰ ਨਹੀਂ ਦਬਾਇਆ ਤਾਂ ਮਰਦ ਤੁਹਾਡੇ ਕੋਲ ਸੈਕਸ ਕਰਨ ਲਈ ਆਉਣ ਲੱਗਣਗੇ।"

ਫੋਟੋ ਕੈਪਸ਼ਨ ਕਿਆਨਾ ਆਪਣੀ ਕੁੜੀ ਦੇ ਨਾਲ

ਜ਼ਿਆਦਾਤਰ ਮਾਮਲਿਆਂ ਵਿੱਚ ਮਾਵਾਂ ਹੀ ਆਪਣੀਆਂ ਧੀਆਂ ਦੀ ਬ੍ਰੈਸਟ ਆਇਰਨਿੰਗ ਕਰਦੀਆਂ ਹਨ।

ਇਸ ਪ੍ਰਕਿਰਿਆ ਦੇ ਤਹਿਤ ਇੱਕ ਪੱਥਰ ਜਾਂ ਚੱਮਚ ਨੂੰ ਅੱਗ ਦੀਆਂ ਲਪਟਾਂ 'ਤੇ ਗਰਮ ਕੀਤਾ ਜਾਂਦਾ ਹੈ ਅਤੇ ਫਿਰ ਬੱਚੀਆਂ ਦੀ ਛਾਤੀ ਨੂੰ ਇਸ ਨਾਲ ਦਬਾਅ ਦਿੱਤਾ ਜਾਂਦਾ ਹੈ ਜਿਸ ਨਾਲ ਉਹ ਪਲੇਨ ਹੋ ਜਾਂਦੀ ਹੈ।

ਇਹ ਪ੍ਰਕਿਰਿਆ ਕਈ ਵਾਰ ਕਈ ਮਹੀਨਿਆਂ ਤੱਕ ਚੱਲਦੀ ਹੈ।

ਕਿਆਨਾ ਕਹਿੰਦੀ ਹੈ, "ਇਹ ਉਹ ਦਰਦ ਹੈ ਜਿਸਦਾ ਅਹਿਸਾਸ ਸਮੇਂ ਦੇ ਨਾਲ ਵੀ ਨਹੀਂ ਜਾਂਦਾ। ਤੁਹਾਨੂੰ ਰੋਣ ਵੀ ਨਹੀਂ ਦਿੱਤਾ ਜਾਂਦਾ। ਜੇਕਰ ਤੁਸੀਂ ਰੋਂਦੇ ਹੋ ਤਾਂ ਮੰਨਿਆ ਜਾਂਦਾ ਹੈ ਕਿ ਤੁਸੀਂ ਪਰਿਵਾਰ ਨੂੰ ਸ਼ਰਮਿੰਦਾ ਕੀਤਾ ਹੈ, ਤੁਸੀਂ ਇੱਕ ਮਜ਼ਬੂਤ ਧੀ ਨਹੀਂ ਹੋ।"

ਕਿਆਨਾ ਹੁਣ ਬਾਲਗ ਹੈ ਅਤੇ ਉਸਦੀਆਂ ਆਪਣੀਆਂ ਧੀਆਂ ਹਨ। ਜਦੋਂ ਉਨ੍ਹਾਂ ਦੀ ਸਭ ਤੋਂ ਵੱਡੀ ਕੁੜੀ 10 ਸਾਲ ਦੀ ਹੋਈ ਤਾਂ ਉਨ੍ਹਾਂ ਦੀ ਮਾਂ ਨੇ ਉਸ ਨੂੰ ਬ੍ਰੈਸਟ ਆਇਰਨਿੰਗ ਦਾ ਸੁਝਾਅ ਦਿੱਤਾ।

ਉਹ ਦੱਸਦੀ ਹੈ, "ਮੈਂ ਕਹਿ ਦਿੱਤਾ ਕਿ ਮੇਰੀ ਬੱਚੀ ਨੂੰ ਕਿਸੇ ਦਰਦਨਾਕ ਪ੍ਰਕਿਰਿਆ ਵਿੱਚੋਂ ਨਹੀਂ ਲੰਘਣ ਦੇਵਾਂਗੀ ਕਿਉਂਕਿ ਮੈਨੂੰ ਅੱਜ ਵੀ ਉਸ ਦਰਦ ਦਾ ਅਹਿਸਾਸ ਹੁੰਦਾ ਹੈ।"

ਹੁਣ ਉਹ ਆਪਣੇ ਪਰਿਵਾਰ ਤੋਂ ਵੱਖ ਰਹਿੰਦੀ ਹੈ। ਉਨ੍ਹਾਂ ਨੂੰ ਲਗਦਾ ਹੈ ਕਿ ਉਨ੍ਹਾਂ ਦੀ ਮਰਜ਼ੀ ਤੋਂ ਬਿਨਾਂ ਵੀ ਉਨ੍ਹਾਂ ਦੀਆਂ ਧੀਆਂ ਨੰ ਇਸ ਰਵਾਇਤ ਦਾ ਹਿੱਸਾ ਬਣਾਇਆ ਜਾ ਸਕਦਾ ਹੈ ਅਤੇ ਇਸੇ ਡਰ ਕਾਰਨ ਹੀ ਹੁਣ ਉਹ ਸਭ ਤੋਂ ਵੱਖ ਰਹਿ ਰਹੀ ਹੈ।

ਇੱਕ ਅੰਦਾਜ਼ੇ ਮੁਤਾਬਕ ਬ੍ਰਿਟੇਨ ਵਿੱਚ ਵੀ ਕਰੀਬ ਇੱਕ ਹਜ਼ਾਰ ਕੁੜੀਆਂ ਨੂੰ ਇਸ ਪ੍ਰਕਿਰਿਆ ਤੋਂ ਲੰਘਣਾ ਪਿਆ ਹੈ।

ਪਰ ਜਿੱਥੇ ਇੱਕ ਪਾਸੇ ਫੀਮੇਲ ਜੇਨੀਟਲ ਮਿਊਟੀਲੇਸ਼ਨ ਯਾਨਿ ਐਫ਼ਜੀਐੱਮ (ਮਹਿਲਾ ਖਤਨਾ) ਖ਼ਿਲਾਫ਼ ਜਾਗਰੂਕਤਾ ਵਧ ਰਹੀ ਹੈ, ਅਜਿਹਾ ਡਰ ਵੀ ਹੈ ਕਿ ਘੱਟ ਹੀ ਲੋਕ ਬ੍ਰੈਸਟ ਆਇਰਨਿੰਗ ਬਾਰੇ ਜਾਣਦੇ ਹਨ।

ਇੱਕ ਔਰਤ ਨੇ ਬੀਬੀਸੀ ਦੇ ਪ੍ਰੋਗਰਾਮ ਵਿੱਚ ਦੱਸਿਆ ਕਿ ਉਸ ਨੂੰ ਉਦੋਂ ਇਹ ਅਹਿਸਾਸ ਹੋਇਆ ਕਿ ਬ੍ਰੈਸਟ ਆਇਰਨਿੰਗ ਆਮ ਗੱਲ ਨਹੀਂ ਹੈ ਜਦੋਂ ਉਸ ਨੇ ਦੇਖਿਆ ਕਿ ਉਸਦੀਆਂ ਸਹਿਪਾਠਣਾਂ ਦੇ ਸਰੀਰ ਉਸ ਤੋਂ ਵੱਖ ਹਨ।

Image copyright Getty Images
ਫੋਟੋ ਕੈਪਸ਼ਨ ਇਸ ਤਰ੍ਹਾਂ ਦੇ ਪੱਥਰ ਨੂੰ ਗਰਮ ਕਰਕੇ ਬ੍ਰੈਸਟ ਆਇਰਨਿੰਗ ਕੀਤੀ ਜਾਂਦੀ ਹੈ

ਇੱਕ ਔਰਤ ਦਾ ਕਹਿਣਾ ਹੈ ਕਿ ਸਰੀਰਕ ਸਿੱਖਿਆ ਕਲਾਸ ਦੇ ਦੌਰਾਨ ਇਹ ਪਤਾ ਚੱਲਣ 'ਤੇ ਉਸ ਨੂੰ ਮਾਨਸਿਕ ਡਿਪਰੈਸ਼ਨ ਹੋ ਗਿਆ ਸੀ।

ਜਦੋਂ ਉਹ ਅੱਠ ਸਾਲ ਦੀ ਸੀ ਉਦੋਂ ਤੋਂ ਉਸਦੀ ਭੈਣ ਉਸਦੀ ਬ੍ਰੈਸਟ ਨੂੰ ਆਇਰਨ ਕਰ ਰਹੀ ਸੀ, ਉਸ ਨੇ ਸਰੀਰਕ ਸਿੱਖਿਆ ਦੀ ਕਲਾਸ ਵਿੱਚ ਦਿਲਚਸਪੀ ਲੈਣੀ ਬੰਦ ਕਰ ਦਿੱਤੀ ਸੀ। ਪਰ ਉਸਦੇ ਸਿੱਖਿਅਕਾਂ ਨੂੰ ਇਸਦੇ ਬਾਰੇ ਪਤਾ ਨਹੀਂ ਲੱਗ ਸਕਿਆ।

ਉਹ ਕਹਿੰਦੀ ਹੈ, "ਜੇਕਰ ਮੇਰੀ ਸਰੀਰਕ ਸਿੱਖਿਆ ਦੀ ਅਧਿਆਪਕ ਨੂੰ ਇਸ ਬਾਰੇ ਪਤਾ ਹੁੰਦਾ ਤਾਂ ਮੈਨੂੰ ਉਸ ਦੌਰਾਨ ਮਦਦ ਮਿਲ ਸਕਦੀ ਸੀ।"

ਨੈਸ਼ਨਲ ਐਜੂਕੇਸ਼ਨ ਯੂਨੀਅਨ ਦੀ ਸਹਿ-ਪ੍ਰਧਾਨ ਕੀਰੀ ਟੁਕੰਸ ਨੇ ਹੁਣ ਸਕੂਲੀ ਕਰਮਚਾਰੀਆਂ, ਖਾਸ ਕਰਕੇ ਸਰੀਰਕ ਸਿੱਖਿਆ ਅਧਿਆਪਕਾਂ ਨੂੰ ਇਸ ਬਾਰੇ ਸਿਖਲਾਈ ਦੇਣ ਦਾ ਫ਼ੈਸਲਾ ਕੀਤਾ ਹੈ ਤਾਂ ਜੋ ਇਸਦੇ ਸੰਕੇਤ ਪਛਾਣ ਸਕਣ।

ਇਹ ਵੀ ਪੜ੍ਹੋ:

ਉਹ ਚਾਹੁੰਦੀ ਹੈ ਕਿ ਇਸ ਵਿਸ਼ੇ ਨੂੰ ਵੀ ਸਕੂਲੀ ਸਿੱਖਿਆ ਵਿੱਚ ਇਸੇ ਤਰ੍ਹਾਂ ਹੀ ਸ਼ਾਮਲ ਕੀਤਾ ਜਾਵੇ ਜਿਵੇਂ ਸਾਲ 2020 ਤੋਂ ਬਾਅਦ ਐੱਫਜੀਐੱਮ ਨੂੰ ਸ਼ਾਮਲ ਕੀਤਾ ਜਾਵੇਗਾ।

ਸਕੈਂਡਰੀ ਸਕੂਲ ਵਿੱਚ ਸੈਕਸ ਐਜੂਕੇਸ਼ਨ ਦੀ ਕਲਾਸ ਵਿੱਚ ਇਸ ਵਿਸ਼ੇ ਨੂੰ ਜ਼ਰੂਰੀ ਰੂਪ ਤੋਂ ਪੜ੍ਹਾਇਆ ਜਾਵੇਗਾ।

ਉਨ੍ਹਾਂ ਦਾ ਕਹਿਣਾ ਹੈ ਕਿ ਬ੍ਰੈਸਟ ਆਇਰਨਿੰਗ ਵਰਗੇ ਮੁੱਦੇ ਦਾ ਸਾਹਮਣਾ ਕੀਤਾ ਜਾਣਾ ਚਾਹੀਦਾ ਹੈ, ਇਸਦਾ ਹੱਲ ਲੱਭਿਆ ਜਾਣਾ ਚਾਹੀਦਾ ਹੈ ਅਤੇ ਅਜਿਹੀਆਂ ਰਵਾਇਤਾਂ ਨੂੰ ਰੋਕਿਆ ਜਾਣਾ ਚਾਹੀਦਾ ਹੈ।

ਉਹ ਕਹਿੰਦੀ ਹੈ ਕਿ ਜਿਵੇਂ-ਜਿਵੇਂ ਸ਼ੋਸ਼ਣ ਦੇ ਨਵੇਂ ਤਰੀਕੇ ਬਾਰੇ ਪਤਾ ਲਗਦਾ ਹੈ, ਸਕੂਲੀ ਪਾਠਕ੍ਰਮ ਨੂੰ ਵੀ ਉਸੇ ਹਿਸਾਬ ਨਾਲ ਬਦਲਿਆ ਜਾਣਾ ਚਾਹੀਦਾ ਹੈ।

ਸੀਮੋਨ ਨਾਮ ਦੀ ਇੱਕ ਔਰਤ ਨੇ ਵਿਕਟੋਰੀਆ ਡਰਬੀਸ਼ਾਇਰ ਪ੍ਰੋਗਰਾਮ ਵਿੱਚ ਕਿਹਾ ਕਿ 13 ਸਾਲ ਦੀ ਉਮਰ ਵਿੱਚ ਉਸਦੀ ਬ੍ਰੈਸਟ ਆਇਰਨਿੰਗ ਕੀਤੀ ਗਈ ਸੀ। ਇਸ ਦੌਰਾਨ ਉਸਦੀ ਮਾਂ ਨੂੰ ਉਸਦੇ ਗੇਅ ਹੋਣ ਬਾਰੇ ਪਤਾ ਲੱਗਿਆ ਸੀ।

ਉਨ੍ਹਾਂ ਨੇ ਦੱਸਿਆ, "ਮੈਂ ਆਪਣੀ ਬ੍ਰੈਸਟ ਕਾਰਨ ਆਕਰਸ਼ਿਤ ਲਗਦੀ ਸੀ ਅਤੇ ਜੇਕਰ ਉਹ ਮੇਰੀ ਬ੍ਰੈਸਟ ਨੂੰ ਦਬਾ ਦਿੰਦੀ ਤਾਂ ਸ਼ਾਇਦ ਮੈਂ ਭੱਦੀ ਲਗਦੀ ਅਤੇ ਫਿਰ ਮੇਰੀ ਕੋਈ ਤਾਰੀਫ਼ ਨਹੀਂ ਕਰਦਾ।"

ਸਿਮੋਨ ਦਾ ਕਹਿਣਾ ਹੈ ਕਿ ਕਈ ਮਹੀਨਿਆਂ ਤੱਕ ਉਸਦੀ ਬ੍ਰੈਸਟ ਨੂੰ ਆਇਰਿਨ ਕੀਤਾ ਗਿਆ।

ਕਈ ਹੋਰ ਕੁੜੀਆਂ ਦੀ ਤਰ੍ਹਾਂ ਉਨ੍ਹਾਂ ਨੂੰ ਵੀ ਕੱਸੀ ਹੋਈ ਪੱਟੀ ਬੰਨਣ ਲਈ ਮਜਬੂਰ ਕੀਤਾ ਜਾਂਦਾ ਸੀ ਤਾਂ ਜੋ ਛਾਤੀ ਦੇ ਉਭਾਰ ਨੂੰ ਦਬਾਇਆ ਜਾ ਸਕੇ।

ਉਹ ਦੱਸਦੀ ਹੈ ਕਿ ਇਸ ਕਾਰਨ ਉਸ ਨੂੰ ਸਾਹ ਲੈਣ ਵਿੱਚ ਬਹੁਤ ਤਕਲੀਫ਼ ਹੁੰਦੀ ਸੀ।

ਫੋਟੋ ਕੈਪਸ਼ਨ ਐਂਜੀ ਮੈਰੀਅਟ

ਕੁਝ ਸਾਲ ਬਾਅਦ, ਉਨ੍ਹਾਂ ਦਾ ਜ਼ਬਰਦਸਤੀ ਵਿਆਹ ਕਰਵਾ ਦਿੱਤਾ ਗਿਆ ਅਤੇ ਉਨ੍ਹਾਂ ਨੇ ਬੱਚੇ ਨੂੰ ਜਨਮ ਦਿੱਤਾ। ਉਦੋਂ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਉਸਦਾ ਕਿੰਨਾ ਨੁਕਸਾਨ ਹੋ ਚੁੱਕਿਆ ਹੈ।

''ਬੱਚੇ ਨੂੰ ਦੁੱਧ ਪਿਆਉਂਦੇ ਸਮੇਂ ਲਗਦਾ ਸੀ ਜਿਵੇਂ ਅੰਦਰ ਕੋਈ ਗਿਲਟੀ ਹੋਵੇ। ਅਜਿਹਾ ਲਗਦਾ ਹੈ ਜਿਵੇਂ ਕੁਝ ਨਸਾਂ ਬਰਬਾਦ ਹੋ ਗਈਆਂ ਹੋਣ।"

ਲੁਕਿਆ ਹੋਇਆ ਜੁਰਮ

ਬ੍ਰੈਸਟ ਆਇਰਨਿੰਗ ਕਾਨੂੰਨ ਦੀ ਭਾਸ਼ਾ ਵਿੱਚ ਕੋਈ ਜੁਰਮ ਨਹੀਂ ਹੈ ਪਰ ਬ੍ਰਿਤਾਨੀ ਗ੍ਰਹਿ ਮੰਤਰਾਲਾ ਇਸ ਨੂੰ ਬੱਚਿਆਂ ਦੇ ਸ਼ੋਸ਼ਣ ਦੀ ਸ਼੍ਰੇਣੀ ਵਿੱਚ ਰੱਖਦਾ ਹੈ ਅਤੇ ਅਜਿਹੇ ਮਾਮਲਿਆਂ ਵਿੱਚ ਆਮ ਕਾਨੂੰਨਾਂ ਤਹਿਤ ਮੁਕੱਦਮਾ ਚਲਾਇਆ ਜਾ ਸਕਦਾ ਹੈ।

ਬ੍ਰਿਟਿਸ਼ ਪੁਲਿਸ ਦੇ ਨਾਲ ਸੁਰੱਖਿਆ ਲੈਕਚਰਰ ਦੇ ਤੌਰ 'ਤੇ ਕੰਮ ਕਰਨ ਵਾਲੀ ਸਾਬਕਾ ਇਸਤਰੀ ਰੋਗ ਸਬੰਧੀ ਨਰਸ ਐਂਜੀ ਮੈਰੀਅਟ ਕਹਿੰਦੀ ਹੈ ਕਿ ਬ੍ਰਿਟੇਨ ਵਿੱਚ ਇਸ ਪਰੰਪਰਾ ਬਾਰੇ ਸਟੀਕ ਜਾਣਕਾਰੀ ਨਹੀਂ ਹੈ ਕਿਉਂਕਿ ਬਹੁਤ ਸਾਰੇ ਮਾਮਲੇ ਪੁਲਿਸ ਤੱਕ ਨਹੀਂ ਪਹੁੰਚਦੇ ਹਨ।

ਇਹ ਵੀ ਪੜ੍ਹੋ:

ਉਹ ਇਸ ਨੂੰ ਇੱਕ ਸੰਵੇਦਨਸ਼ੀਲ ਅਤੇ ਲੁਕਿਆ ਹੋਇਆ ਜੁਰਮ ਕਹਿੰਦੀ ਹੈ ਕਿਉਂਕਿ ਔਰਤਾਂ ਇਸ ਬਾਰੇ ਸਮਾਜਿਕ ਦਬਾਅ ਦੇ ਚਲਦੇ ਬੋਲਣ ਤੋਂ ਡਰਦੀਆਂ ਹਨ। ਉਨ੍ਹਾਂ ਨੂੰ ਡਰ ਹੁੰਦਾ ਹੈ ਕਿ ਜੇਕਰ ਉਹ ਇਸ ਬਾਰੇ ਗੱਲ ਕਰਨਗੀਆਂ ਤਾਂ ਸਮਾਜ ਉਨ੍ਹਾਂ ਨੂੰ ਵੱਖ ਕਰ ਦੇਵੇਗਾ।

ਉਹ ਕਹਿੰਦੀ ਹੈ, "ਮੈਂ ਜਾਣਦੀ ਹਾਂ ਕਿ ਇਹ ਹੋ ਰਿਹਾ ਹੈ ਕਿਉਂਕਿ ਪੀੜਤਾਵਾਂ ਨੇ ਇਸ ਬਾਰੇ ਮੈਨੂੰ ਦੱਸਿਆ ਹੈ। ਉਹ ਕਹਿੰਦੀ ਹੈ ਇਹ ਪਹਿਲੀ ਵਾਰ ਹੈ ਜਦੋਂ ਉਨ੍ਹਾਂ ਨੇ ਇਸ ਬਾਰੇ ਕਿਸੇ ਨਾਲ ਇਸ ਬਾਰੇ ਗੱਲ ਕੀਤੀ ਹੈ ਅਤੇ ਉਨ੍ਹਾਂ ਨੂੰ ਇਸ ਬਾਰੇ ਗੱਲ ਕਰਦੇ ਹੋਏ ਸ਼ਰਮ ਆਉਂਦੀ ਹੈ।"

ਸੀਮੋਨ ਦੇ ਸਰੀਰ 'ਤੇ ਅਜੇ ਵੀ ਇਸ ਸ਼ੋਸ਼ਣ ਦੇ ਨਿਸ਼ਾਨ ਹਨ ਅਤੇ ਉਹ ਚਾਹੰਦੀ ਹੈ ਕਿ ਕਿਸੇ ਹੋਰ ਨੂੰ ਇਸ ਵਿੱਚੋਂ ਨਾ ਲੰਘਣਾ ਪਵੇ।

ਉਹ ਕਹਿੰਦੀ ਹੈ, "ਇਹ ਇੱਕ ਤਰ੍ਹਾਂ ਦਾ ਸ਼ੋਸ਼ਣ ਹੈ। ਇਸ ਵਿੱਚ ਦਰਦ ਹੁੰਦਾ ਹੈ। ਅਜਿਹਾ ਲਗਦਾ ਹੈ ਕਿ ਤੁਸੀਂ ਇਨਸਾਨ ਨਹੀਂ ਹੋ।"

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)