ਭਾਰਤ ਨੇ ਦੁਹਰਾਇਆ - ਡੇਗਿਆ ਸੀ ਪਾਕਿਸਤਾਨੀ ਐੱਫ਼-16 ਲੜਾਕੂ ਜਹਾਜ਼

ਐਫ-16 Image copyright Getty Images

ਭਾਰਤੀ ਹਵਾਈ ਫੌਜ ਨੇ ਫਿਰ ਤੋਂ ਦੁਹਰਾਇਆ ਹੈ ਕਿ 27 ਫਰਵਰੀ ਨੂੰ ਹੋਈ ਡੌਗਫਾਈਟ ਦੌਰਾਨ ਉਨ੍ਹਾਂ ਨੇ ਪਾਕਿਸਤਾਨ ਦੇ ਐੱਫ-16 ਲੜਾਕੂ ਜਹਾਜ਼ ਨੂੰ ਨਸ਼ਟ ਕੀਤਾ ਸੀ।

ਖ਼ਬਰ ਏਜੰਸੀ ਪੀਟੀਆਈ ਅਨੁਸਾਰ ਭਾਰਤੀ ਹਵਾਈ ਫੌਜ ਨੇ ਇਹ ਗੱਲ ਇੱਕ ਅਮਰੀਕੀ ਮੈਗਜ਼ੀਨ ਦੀ ਉਸ ਰਿਪੋਰਟ ਦੇ ਜਵਾਬ ਵਿੱਚ ਕੀਤੀ ਹੈ ਜਿਸ ਵਿੱਚ ਭਾਰਤ ਦੇ ਦਾਅਵੇ ਨੂੰ ਗ਼ਲਤ ਦੱਸਿਆ ਗਿਆ ਹੈ।

ਅਮਰੀਕਾ ਦੇ ਇੱਕ ਵੱਡੇ ਮੈਗਜ਼ੀਨ 'ਫੌਰਨ ਪਾਲਿਸੀ'ਦਾ ਦਾਅਵਾ ਹੈ ਕਿ ਅਮਰੀਕੀ ਰੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਪਿਛਲੇ ਦਿਨੀਂ ਪਾਕਿਸਤਾਨ ਦੇ ਐੱਫ਼-16 ਲੜਾਕੂ ਜਹਾਜ਼ਾਂ ਦੀ ਗਿਣਤੀ ਕੀਤੀ ਹੈ ਅਤੇ ਉਹ ਪੂਰੇ ਹਨ।

ਪਾਕਿਸਤਾਨੀ ਫੌਜ ਦੇ ਬੁਲਾਰੇ ਨੇ ਕਿਹਾ, “ਹੁਣ ਸਮਾਂ ਆ ਗਿਆ ਹੈ ਕਿ ਭਾਰਤ ਆਪਣੇ ਨੁਕਸਾਨ ਦਾ ਸੱਚ ਦੱਸੇ।”

ਮੈਗਜ਼ੀਨ ਮੁਤਾਬਕ ਦੋ ਸੀਨੀਅਰ ਅਮਰੀਕੀ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਕੁਝ ਦਿਨ ਪਹਿਲਾਂ ਪਾਕਿਸਤਾਨ ਦੇ ਐੱਫ਼-16 ਲੜਾਕੂ ਜਹਾਜ਼ਾਂ ਦੀ ਨਰੀਖਣ ਕੀਤਾ ਅਤੇ ਉਹ ਪੂਰੇ ਦੇ ਪੂਰੇ ਸੁਰੱਖਿਅਤ ਪਾਏ ਗਏ।

ਇਸ ਪੜਤਾਲ ਦੇ ਨਤੀਜੇ ਭਾਰਤੀ ਹਵਾਈ ਫੌਜ ਦੇ ਉਸ ਦਾਅਵੇ ਦੇ ਉਲਟ ਹੈ, ਜਿਸ ਵਿਚ ਕਿਹਾ ਗਿਆ ਸੀ ਕਿ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਨੇ ਆਪਣੇ ਜਹਾਜ਼ ਡਿੱਗਣ ਤੋਂ ਪਹਿਲਾਂ ਇੱਕ ਪਾਕਿਸਤਾਨੀ ਐੱਫ਼-16 ਜਹਾਜ਼ ਮਾਰ ਸੁੱਟਿਆ ਸੀ।

ਚੇਤੇ ਰਹੇ ਕਿ ਭਾਰਤੀ ਹਵਾਈ ਫ਼ੌਜ ਨੇ 28 ਫਰਵਰੀ ਨੂੰ ਕਿਹਾ ਸੀ, 'ਸਾਡੇ ਕੋਲ ਇਸ ਦਾਅਵੇ ਦੇ ਸਬੂਤ ਹਨ ਕਿ ਫਰਬਰੀ ਦੀ ਝੜਪ ਦੌਰਾਨ ਪਾਕਿਸਤਾਨ ਦਾ ਐੱਫ-16 ਜਹਾਜ਼ ਡੇਗਿਆ ਗਿਆ ਸੀ।'

ਪਾਕਿਸਾਤਨੀ ਮਿਜ਼ਾਈਲ ਨਾਲ ਅਭਿਨੰਦਨ ਦਾ ਲੜਾਕੂ ਜਹਾਜ਼ ਨਸ਼ਟ ਹੋ ਗਿਆ ਸੀ।

ਇਹ ਵੀ ਪੜ੍ਹੋ:

ਪਾਕਿਸਤਾਨ ਕਈ ਵਾਰ ਇਸ ਦਾਅਵੇ ਨੂੰ ਰੱਦ ਕਰ ਚੁੱਕਾ ਹੈ। ਸ਼ੁੱਕਰਵਾਰ ਨੂੰ ਪਾਕਿਸਾਤਨੀ ਫੌਜ ਦੇ ਬੁਲਾਰੇ ਨੇ ਇਸ ਰਿਪੋਰਟ ਉੱਤੇ ਟਿੱਪਣੀ ਕਰਦਿਆਂ ਕਿਹਾ ਸੀ ਕਿ 'ਇਹ ਪਾਕਿਸਤਾਨ ਦਾ ਰੁਖ਼ ਹੈ ਅਤੇ ਇਹੀ ਸੱਚ ਹੈ'।

ਅਮਰੀਕੀ ਅਧਿਕਾਰੀਆਂ ਨੇ ਫੌਰਨ ਪਾਲਿਸੀ ਨੂੰ ਦੱਸਿਆ ਕਿ ਦੋਵਾਂ ਦੇਸ਼ਾਂ ਵਿਚਾਲੇ ਪਿਛਲੇ ਦਿਨੀ ਹੋਏ ਵਿਵਾਦ ਦੇ ਕਾਰਨ ਕੁਝ ਜਹਾਜ਼ਾਂ ਨੂੰ ਤੁਰੰਤ ਜਾਂਚ ਲਈ ਉਪਲੱਬਧ ਨਹੀਂ ਕਰਵਾਇਆ ਗਿਆ ਸੀ। ਇਸ ਲਈ ਗਿਣਤੀ ਕਰਨ ਵਿਚ ਕੁਝ ਹਫ਼ਤੇ ਲੱਗ ਗਏ।

Image copyright AFP

ਪਾਕਿਸਤਾਨੀ ਫੌਜ ਦੇ ਬੁਲਾਰੇ ਮੇਜਕ ਜਨਰਲ ਆਸਿਫ਼ ਗਫੂਰ ਕਹਿੰਦੇ ਹਨ, " ਭਾਰਤ ਦੇ ਹਮਲੇ ਅਤੇ ਉਸ ਦੇ ਅਸਰ ਦਾ ਦਾਅਵਾ ਵੀ ਝੂਠਾ ਹੈ ਅਤੇ ਹੁਣ ਸਮਾਂ ਆ ਗਿਆ ਹੈ ਕਿ ਭਾਰਤ ਨੂੰ ਆਪਣੇ ਖ਼ੁਦ ਦੇ ਨੁਕਸਾਨ, ਜਿਸ ਵਿਚ ਪਾਕਿਸਤਾਨ ਦੇ ਆਪਣੇ ਹੋਰ ਜਹਾਜ਼ਾਂ ਨੂੰ ਮਾਰ ਸੁੱਟਣ ਦੀ ਸੱਚਾਈ ਵੀ ਸ਼ਾਮਲ ਹੈ, ਬਾਰੇ ਵੀ ਦੱਸਣਾ ਚਾਹੀਦਾ ਹੈ।"

ਫੌਰਨ ਪਾਲਿਸੀ ਦੀ ਖ਼ਬਰ ਵਿਚ ਕਿਹਾ ਗਿਆ ਹੈ ਕਿ ਇਹ ਹੋ ਸਕਦਾ ਹੈ ਕਿ ਮਿਗ 21 ਉਡਾਉਣ ਵਾਲੇ ਪਾਇਲਟ ਅਭਿਨੰਦਨ ਨੇ ਪਾਕਿਸਤਾਨੀ ਐੱਫ਼-16 ਜਹਾਜ਼ ਨੂੰ ਨਿਸ਼ਾਨਾਂ ਬਣਾਇਆ ਹੋਵੇ, ਫਾਇਰ ਵੀ ਕੀਤਾ ਹੋਵੇ ਤੇ ਮੰਨ ਲਿਆ ਹੋਵੇ ਕਿ ਨਿਸ਼ਾਨਾਂ ਟਿਕਾਣੇ ਉੱਤੇ ਲੱਗਿਆ ਹੋਵੇ।

ਪਰ ਅਮਰੀਕੀ ਅਧਿਕਾਰੀਆਂ ਦੀ ਪਾਕਿਸਤਾਨੀ ਜਹਾਜ਼ਾਂ ਬਾਰੇ ਜਾਂਚ ਭਾਰਤ ਦੇ ਦਾਅਵਿਆਂ ਉੱਤੇ ਸ਼ੰਕੇ ਖੜ੍ਹੇ ਕਰਦੀ ਹੈ। ਇਹ ਵੀ ਦਾਅਵਾ ਕੀਤਾ ਗਿਆ ਕਿ 'ਇਹ ਵੀ ਹੋ ਸਕਦਾ ਹੈ ਕਿ ਇਸ ਬਾਰੇ ਭਾਰਤੀ ਅਧਿਕਾਰੀਆਂ ਨੇ ਕੌਮਾਂਤਰੀ ਭਾਈਚਾਰੇ ਨੂੰ ਗੁਮਰਾਹ ਕੀਤਾ ਹੋਵੇ'।

Image copyright iSPR

ਮੈਗਜ਼ੀਨ ਨੇ ਅਮਰੀਕੀ ਅਧਿਕਾਰੀਆਂ ਦੇ ਹਵਾਲੇ ਨਾਲ ਦਾਅਵਾ ਕੀਤੀ ਕਿ ਘਟਨਾ ਤੋਂ ਬਾਅਦ ਪਾਕਿਸਤਾਨ ਨੇ ਐੱਫ਼-16 ਜਹਾਜ਼ਾਂ ਦੀ ਗਿਣਤੀ ਲਈ ਅਮਰੀਕਾ ਨੂੰ ਸੱਦਾ ਦਿੱਤਾ ਸੀ।

ਐੱਫ਼-16 ਜਹਾਜ਼ਾਂ ਦੇ ਸੌਦੇ ਦੌਰਾਨ ਅਮਰੀਕਾ ਤੇ ਪਾਕਿਸਤਾਨ ਵਿਚਾਲੇ ਸਮਝੌਤਾ ਹੋਇਆ ਕਿ ਸੁਰੱਖਿਆ ਕਾਰਨ ਅਮਰੀਕਾ ਕਦੇ ਵੀ ਜਹਾਜ਼ਾਂ ਦੀ ਜਾਂਚ ਕਰ ਸਕਦਾ ਹੈ।

ਭਾਰਤ ਨੇ ਕਿਹਾ ਸਾਡੇ ਕੋਲ ਸਬੂਤ

ਭਾਰਤੀ ਹਵਾਈ ਫ਼ੌਜ ਨੇ 28 ਫਰਵਰੀ ਨੂੰ ਕਿਹਾ ਸੀ , 'ਸਾਡੇ ਕੋਲ ਇਸ ਦਾਅਵੇ ਦੇ ਸਬੂਤ ਹਨ ਕਿ ਫਰਬਰੀ ਦੀ ਝੜਪ ਦੌਰਾਨ ਪਾਕਿਸਤਾਨ ਦਾ ਐੱਫ-16 ਜਹਾਜ਼ ਡੇਗਿਆ ਗਿਆ ਸੀ।'

ਆਪਣੇ ਪ੍ਰੈਸ ਬਿਆਨ ਵਿਚ ਭਾਰਤੀ ਹਵਾਈ ਫੌਜ ਨੇ ਕਿਹਾ ਸੀ ''ਉਸ ਦਿਨ ਦੋਵਾਂ ਉੱਤੇ ਪਾਇਲਟਾਂ ਨੂੰ ਜਹਾਜ਼ ਛੱਡ ਕੇ ਬਾਹਰ ਆਉਣਾ ਪਿਆ, ਇਨ੍ਹਾਂ ਦੋਵਾਂ ਥਾਵਾਂ ਦਾ ਆਪਸ ਵਿਚ ਫਾਸਲਾ 8-10 ਕਿਲੋਮੀਟਰ ਸੀ ।

ਇਨ੍ਹਾਂ ਦੋਵਾਂ ਜਹਾਜ਼ਾਂ ਵਿੱਚੋਂ ਇੱਕ ਭਾਰਤੀ ਹਵਾਈ ਫੌਜ ਦਾ ਮਿਗ 21 ਸੀ ਅਤੇ ਦੂਜਾ ਪਾਕਿਸਤਾਨੀ ਏਅਰ ਕਰਾਫਟ ਸੀ। ਇਸ ਦੇ ਇਲੈਟ੍ਰੋਨਿਕ ਸਿਗਨੇਚਰ ਜੋ ਭਾਰਤੀ ਹਵਾਈ ਫੌਜ ਨੂੰ ਮਿਲੇ ਉਸ ਮੁਤਾਬਕ ਇਹ ਜਹਾਜ਼ ਐਫ਼-16ਸੀ।

ਭਾਰਤ ਵੱਲੋਂ ਮੀਡੀਆ ਨੂੰ AMRAAM ਮਿਜ਼ਾਈਲ ਦੇ ਟੁਕੜੇ ਦਿਖਾਏ ਸਨ, ਜੋ ਸਿਰਫ਼ ਪਾਕਿਸਤਾਨੀ ਐਫ-16 ਜਹਾਜ਼ ਉੱਤੋਂ ਹੀ ਦਾਗੀ ਜਾਂਦੀ ਹੈ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)