ਪਾਕਿਸਤਾਨ ਨੇ ਬਰਤਾਨੀਆ ਤੋਂ ਜਲ੍ਹਿਆਂਵਾਲਾ ਬਾਗ ਦੇ ਖ਼ੂਨੀ ਸਾਕੇ ਲਈ ਮਾਫੀ ਮੰਗਣ ਦੀ ਕੀਤੀ ਮੰਗ

ਫਵਾਦ ਚੌਧਰੀ

ਪਾਕਿਸਤਾਨ ਵਿੱਚ ਜਲ੍ਹਿਆਂਵਾਲਾ ਬਾਗ ਲਈ ਬਰਤਾਨੀਆ ਤੋਂ ਮਾਫੀ ਦੀ ਮੰਗ ਕੀਤੀ ਜਾ ਰਹੀ ਹੈ। ਤਾਜ਼ਾ ਸਿਲਸਿਲੇ ਵਿੱਚ ਇਸ ਬਾਰੇ ਪਾਕਿਸਤਾਨ ਦੇ ਸੂਚਨਾ ਮੰਤਰੀ ਚੌਧਰੀ ਫਵਾਦ ਹੁਸੈਨ ਨੇ ਇੱਕ ਟਵੀਟ ਕੀਤਾ।

ਉਨ੍ਹਾਂ ਨੇ ਆਪਣੇ ਟਵੀਟ ਵਿੱਚ ਲਿਖਿਆ, "(ਪਾਕਿਸਤਾਨ) ਇਸ ਮੰਗ ਦੀ ਪੂਰੀ ਹਮਾਇਤ ਕਰਦਾ ਹੈ ਕਿ ਬ੍ਰਿਟਿਸ਼ ਇੰਪਾਇਰ ਪਾਕਿਸਤਾਨ, ਭਾਰਤ ਅਤੇ ਬੰਗਾਲਦੇਸ਼ ਤੋਂ ਜਲ੍ਹਿਆਂਵਾਲੇ ਬਾਗ ਕਤਲਿਆਮ ਅਤੇ ਬੰਗਾਲ ਦੇ ਅਕਾਲ ਲਈ ਮਾਫ਼ੀ ਮੰਗੇ... ਇਹ ਦੁਖਾਂਤ ਬਰਤਾਨੀਆ 'ਤੇ ਧੱਬਾ ਹਨ। ਇਸ ਤੋਂ ਇਲਾਵਾ ਕੋਹ-ਏ-ਨੂਰ ਹੀਰਾ ਵੀ ਲਹੌਰ ਮਿਊਜ਼ੀਅਮ ਨੂੰ ਮੋੜਿਆ ਜਾਵੇ ਜੋ ਕਿ ਇਸ ਦੀ ਅਸਲੀ ਥਾਂ ਹੈ।"

ਇਹ ਵੀ ਪੜ੍ਹੋ:

ਭਾਰਤ ਵਿੱਚ ਬਰਤਾਨੀਆ ਦੇ ਰਾਜਦੂਤ ਦੇ ਅਧਿਕਾਰਿਤ ਟਵਿੱਟਰ ਹੈਂਡਲ ਨੇ ਰਾਜਦੂਤ ਡੌਮਨਿਕ ਐਸਕੁਇਥ ਦੀ ਜਲ੍ਹਿਆਂਵਾਲਾ ਬਾਗ ’ਤੇ ਸ਼ਰਧਾਂਜਲੀ ਭੇਂਟ ਕਰਦਿਆਂ ਦੀ ਤਸਵੀਰ ਪੋਸਟ ਕੀਤੀ ਅਤੇ ਲਿਖਿਆ, “ਅੱਜ ਅਸੀਂ ਡੂੰਘੇ ਦੁੱਖ ਨਾਲ 13 ਅਪ੍ਰੈਲ 1919 ਨੂੰ ਮਾਰੇ ਜਾਣ ਵਾਲਿਆਂ ਨੂੰ ਯਾਦ ਕਰਦੇ ਹਾਂ ਅਤੇ ਪਹੁੰਚੇ ਦੁੱਖ ਲਈ ਪਛਤਾਵਾ ਕਰਦੇ ਹਾਂ।”

ਅਸਲ ਵਿੱਚ ਇਹ ਉਹੀ ਸੰਦੇਸ਼ ਹੈ ਜੋ ਉਨ੍ਹਾਂ ਨੇ ਜਲ੍ਹਿਆਂਵਾਲਾ ਬਾਗ ਦੀ ਵਿਜ਼ਟਰਜ਼ ਬੁੱਕ ਵਿੱਚ ਲਿਖਿਆ ਸੀ।

ਭਾਰਤ ਵਿੱਚ ਅਮਰੀਕੀ ਰਾਜਦੂਤ ਕੈਨ ਜੈਸਟਰ ਨੇ ਆਪਣੇ ਟਵੀਟ ਵਿੱਚ ਲਿਖਿਆ, "ਅੱਜ ਜਦੋਂ ਅਸੀਂ ਜਲ੍ਹਿਆਂਵਾਲੇ ਬਾਗ ਦੇ ਪੀੜਤਾਂ ਨੂੰ ਯਾਦ ਕਰ ਰਹੇ ਹਾਂ ਤਾਂ ਸਾਡੀਆਂ ਸੰਵੇਦਨਾਵਾਂ ਅੰਮ੍ਰਿਤਸਰ ਅਤੇ ਸਮੂਹ ਭਾਰਤੀਆਂ ਨਾਲ ਹਨ।"

ਲੰਡਨ ਦੇ ਭਾਰਤੀ ਮੂਲ ਦੇ ਮੇਅਰ ਸਾਦਿਕ ਖ਼ਾਨ ਨੇ ਵੀ ਇਸ ਬਾਰੇ ਇੱਕ ਟਵੀਟ ਕਰਕੇ ਬਰਤਾਨਵੀ ਸਰਕਾਰ ਨੂੰ ਇਸ ਸਾਕੇ ਲਈ ਮਾਫੀ ਮੰਗਣ ਦੀ ਆਪਣੀ ਮੰਗ ਦੁਹਰਾਈ। ਉਨ੍ਹਾਂ ਨੇ ਲਿਖਿਆ, "ਜਲ੍ਹਿਆਂਵਾਲਾ ਬਾਗ ਕਤਲਿਆਮ ਭਾਰਤੀ ਇਤਿਹਾਸ ਦੀ ਸਭ ਤੋਂ ਭਿਆਨਕ ਘਟਨਾ ਹੈ। ਮੈਂ ਸਰਕਾਰ ਨੂੰ ਪੁਰਜ਼ੋਰ ਬੇਨਤੀ ਕਰਦਾ ਹਾਂ ਕਿ ਉਹ ਇਸ ਬਾਰੇ ਕਹੇ ਆਪਣੇ ਸ਼ਬਦਾਂ ਤੋਂ ਅਗਾਂਹ ਵਧੇ ਅਤੇ ਪੀੜਤਾਂ ਤੋਂ ਅਤੇ ਭਾਰਤ ਤੋਂ ਸਮੁੱਚੇ ਤੌਰ 'ਤੇ ਰਸਮੀ ਮਾਫੀ ਮੰਗੇ।"

ਇਹ ਵੀ ਪੜ੍ਹੋ:-

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।