ਅਮਰੀਕੀ ਡੇਰੇ ਦੇ ਸੋਸ਼ਣ ਦਾ ਸ਼ਿਕਾਰ ਬਣੀਆਂ ਔਰਤਾਂ ਨੇ ਦੱਸੀ ਹੱਡਬੀਤੀ

ਰੇਨੇ ਲਿਨੈਲ Image copyright Renee Linnell
ਫੋਟੋ ਕੈਪਸ਼ਨ ਰੇਨੇ ਲਿਨੈਲ ਨੇ ਕਿਹਾ ਕਿ ਸੰਪਰਦਾਇ ਵਿੱਚ ਜਾਣ ਤੋਂ ਬਾਅਦ ਉਹ ਮੁੜ ਤੋਂ ਖੁਸ਼ ਹੋਣ ਲੱਗੀ ਸੀ

ਹਾਲ ਹੀ ਵਿੱਚ ਅਮਰੀਕੀ ਅਦਾਕਾਰਾ ਐਲੀਸਨ ਮੈਕ ਨੂੰ ਸ਼ੱਕੀ ਸੰਪ੍ਰਦਾਇ 'ਨੈਕਸੀਅਮ' ਦੇ ਇੱਕ ਕਥਿਤ ਸੈਕਸ ਤਸਕਰੀ ਆਪਰੇਸ਼ਨ ਨਾਲ ਜੁੜੇ ਇਲਜ਼ਾਮਾਂ ਵਿੱਚ ਦੋਸ਼ੀ ਮੰਨਿਆ ਗਿਆ।

ਨੈਕਸੀਅਮ (Nxivm ਲਿਖਿਆ ਜਾਂਦਾ ਹੈ) ਆਖੇ ਜਾਣ ਵਾਲਾ ਇਹ ਸਮੂਹ ਸਵੈ-ਸਹਾਇਤਾ ਪ੍ਰੋਗਰਾਮ ਦੇ ਤੌਰ 'ਤੇ ਸ਼ੁਰੂ ਹੋਇਆ ਸੀ ਪਰ ਇਸ ਦੀ ਅਗਵਾਈ ਕਰਨ ਵਾਲੇ ਲੀਡਰ 'ਤੇ ਇਲਜ਼ਾਮ ਹੈ ਕਿ ਇਸ ਵਿੱਚ 'ਸਲੇਵ ਅਤੇ ਮਾਸਟਰ' (ਮਾਲਕ ਅਤੇ ਗੁਲਾਮ) ਦਾ ਸਿਸਟਮ ਚਲਾਇਆ ਜਾਂਦਾ ਹੈ।

ਸਰਕਾਰੀ ਵਕੀਲਾਂ ਦਾ ਇਹ ਵੀ ਇਲਜ਼ਾਮ ਹੈ ਕਿ ਕਥਿਤ ਮੈਂਬਰਾਂ ਨੂੰ ਆਪਣੇ ਰੈਂਕ ਵਿਚ ਵਾਧਾ ਕਰਨ ਲਈ ਕੋਰਸਿਜ਼ ਲਈ ਹਜ਼ਾਰਾਂ ਡਾਲਰ ਦਾ ਭੁਗਤਾਨ ਕਰਨਾ ਪੈਂਦਾ ਹੈ।

ਪਰ ਅਜਿਹਾ ਕੀ ਹੈ ਜੋ ਲੋਕਾਂ ਨੂੰ ਇਨ੍ਹਾਂ ਸਮੂਹਾਂ ਵਿੱਚ ਸ਼ਾਮਲ ਹੋਣ ਲਈ ਮਜਬੂਰ ਕਰ ਦਿੰਦਾ ਹੈ? ਇਨ੍ਹਾਂ ਸਮੂਹਾਂ ਨੂੰ ਛੱਡਣ ਤੋਂ ਬਾਅਦ ਉਹ ਮੁੜ ਸਮਾਜ ਦਾ ਹਿੱਸਾ ਕਿਵੇਂ ਬਣਦੇ ਹਨ?

ਹੇਠ ਦਿੱਤੀ ਗਈ ਜਾਣਕਾਰੀ ਤੁਹਾਡੇ ਲਈ ਪਰੇਸ਼ਾਨ ਕਰਨ ਵਾਲੀ ਹੋ ਸਕਦੀ ਹੈ।

ਇਹ ਵੀ ਪੜ੍ਹੋ:

ਅਜਿਹੇ ਸੰਪ੍ਰਦਾਇ ਦਾ ਹਿੱਸਾ ਰਹੀ ਰੇਨੇ ਲਿਨੈਲ ਨੇ ਕਿਹਾ, ''ਮੈਂ ਇੱਕ ਡਾਂਸਰ ਸੀ, ਪਰ ਇੱਕ ਮੈਡੀਟੇਸ਼ਨ ਸੈਮੀਨਾਰ ਨੇ ਮੇਰੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੱਤਾ।''

''ਬਾਹਰ ਤੋਂ ਦੇਖਣ 'ਤੇ ਇਹ ਜ਼ਿੰਦਗੀ ਬਿਲਕੁਲ ਸੰਪੂਰਨ ਦਿਖਾਈ ਦਿੰਦੀ ਸੀ।''

''ਮੈਂ ਫ਼ਲੋਰਿਡਾ ਵਿੱਚ ਵੱਡੀ ਹੋਈ। ਬਾਹਮਾਜ਼ ਵਿੱਚ ਮੈਂ ਹਮੇਸ਼ਾ ਅੰਦਰੋਂ ਖਾਲੀ ਅਤੇ ਉਦਾਸ ਮਹਿਸੂਸ ਕਰਿਆ ਕਰਦੀ। ਮੈਂਨੂੰ ਲੱਗਦਾ ਸੀ ਕਿ ਮੈਂ ਇੱਥੇ ਫਿੱਟ ਨਹੀਂ ਬੈਠਦੀ ਹਾਂ।''

''ਜਦੋਂ ਮੈਂ 15 ਸਾਲ ਦੀ ਸੀ ਤਾਂ ਮੇਰੇ ਪਰਿਵਾਰ ਦੇ ਜ਼ਿਆਦਾ ਮੈਂਬਰ ਮਰ ਚੁੱਕੇ ਸਨ ਤੇ ਫਿਰ ਮੇਰੇ ਪਿਤਾ ਦੀ ਵੀ ਮੌਤ ਹੋ ਗਈ। ਮੈਂ ਹਮੇਸ਼ਾ ਇਸ ਗੱਲ ਦਾ ਜਵਾਬ ਲੱਭਦੀ ਰਹਿੰਦੀ ਸੀ ਕਿ ਮਰਨ ਤੋਂ ਬਾਅਦ ਕੀ ਹੁੰਦਾ ਹੈ ਅਤੇ ਅਸੀਂ ਇੱਥੇ ਕਿਉਂ ਹਾਂ?''

''ਜਦੋਂ ਮੈਂ 33 ਸਾਲਾਂ ਦੀ ਸੀ ਤਾਂ ਮੈਂ ਇੱਕ ਤਾਂਤਰਿਕ ਬੋਧੀ ਮੈਡੀਟੇਸ਼ਨ ਸੈਮੀਨਾਰ 'ਤੇ ਪਹੁੰਚੀ ਅਤੇ ਮੈਂ ਬੈਠ ਕੇ ਧਿਆਨ ਲਗਾਉਣ ਦੀ ਕੋਸ਼ਿਸ਼ ਕੀਤੀ।''

''ਮੈਨੂੰ ਲੱਗਾ ਕਿ ਉੱਥੇ ਕੋਈ ਬਜ਼ੁਰਗ ਮਹਿਲਾ ਹੋਵੇਗੀ, ਜਿਸਦੇ ਵਾਲ ਚਿੱਟੇ ਹੋਣਗੇ, ਉਸਨੇ ਚਿੱਟੇ ਕਪੜੇ ਪਾਏ ਹੋਣਗੇ ਅਤੇ ਧੀਮਾ ਸੰਗੀਤ ਚੱਲ ਰਿਹਾ ਹੋਵੇਗਾ।''

''ਪਰ ਉੱਥੇ ਇੱਕ ਨੌਜਵਾਨ ਮਹਿਲਾ ਸੀ ਅਤੇ ਉਸ ਨੇ ਮਹਿੰਗੇ ਬਿਜ਼ਨਸ ਸੂਟ ਦੇ ਨਾਲ ਹੀਲ ਵਾਲੇ ਸੈਂਡਲ ਪਾਏ ਹੋਏ ਸਨ।''

''ਉਸਨੇ ਟੈਕਨੋ ਸੰਗੀਤ ਲਗਾਇਆ ਅਤੇ ਕਿਹਾ 'ਆਓ ਅਸੀਂ ਧਿਆਨ ਲਗਾਈਏ''।

'ਮੈਨੂੰ ਘਰ ਵਾਂਗ ਮਹਿਸੂਸ ਹੋਇਆ'

''ਮੈਂ ਧਿਆਨ ਲਗਾਉਣ ਲਈ ਆਪਣੀਆਂ ਅੱਖਾਂ ਬੰਦ ਕੀਤੀਆਂ ਅਤੇ ਮੈਨੂੰ ਇੱਕ ਸ਼ਾਨਦਾਰ ਤਜਰਬਾ ਹੋਇਆ।''

''ਸਭ ਕੁਝ ਚਿੱਟਾ ਹੋ ਗਿਆ ਅਤੇ ਬਹੁਤ ਸ਼ਾਂਤੀ ਸੀ। ਮੈਨੂੰ ਮਹਿਸੂਸ ਹੋਇਆ ਕਿ ਇਹ ਉਹੀ ਅਨੁਭਵ ਹੈ, ਜਿਸਦੀ ਮੈਂ ਪੂਰੀ ਜ਼ਿੰਦਗੀ ਭਾਲ ਕਰਦੀ ਰਹੀ।''

''ਮੈਂ ਸੋਚਿਆ, ਮੈਨੂੰ ਨਹੀਂ ਪਰਵਾਹ ਕਿ ਇਹ ਔਰਤ ਕੌਣ ਹੈ ਅਤੇ ਮੈਨੂੰ ਨਹੀਂ ਪਰਵਾਹ ਇਹ ਕੀ ਕਹਿੰਦੀ ਹੈ, ਪਰ ਮੈਨੂੰ ਘਰ ਵਾਂਗ ਮਹਿਸੂਸ ਹੋ ਰਿਹਾ ਹੈ।"

''ਕੁਝ ਸਮਾਂ ਲੱਗਿਆ ਪਰ ਹੁਣ ਮੈਨੂੰ ਅਹਿਸਾਸ ਹੈ ਕਿ ਇਹ ਕਿਸੇ ਜ਼ਹਿਰੀਲੇ ਰਿਸ਼ਤੇ ਵਰਗਾ ਸੀ।''

''ਜਦੋਂ ਤੁਸੀਂ ਪਹਿਲੀ ਡੇਟ 'ਤੇ ਜਾਂਦੇ ਹੋ ਅਤੇ ਤੁਹਾਡੇ 'ਤੇ ਕੋਈ ਹਮਲਾ ਕਰਦਾ ਹੈ ਤਾਂ ਤੁਸੀਂ ਦੂਸਰੀ ਡੇਟ 'ਤੇ ਨਹੀਂ ਜਾਂਦੇ। ਪਰ ਉਹ ਰੋਮਾਂਸ ਨਾਲ ਸ਼ੁਰੂਆਤ ਕਰਦੇ ਹਨ, ਤੁਹਾਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਹਨ, ਉਨ੍ਹਾਂ ਨੇ ਵੀ ਇਸ ਤਰ੍ਹਾਂ ਹੀ ਕੀਤਾ।''

''ਇਸ ਤੋਂ ਬਾਅਦ ਤੁਹਾਨੂੰ ਬਹੁਤ ਸਾਰੇ ਕੰਮ ਦਿੱਤੇ ਜਾਂਦੇ ਹਨ। ਇਹ ਕੰਮ ਇੰਨੇ ਜ਼ਿਆਦਾ ਹੁੰਦੇ ਹਨ ਕਿ ਤੁਹਾਡਾ ਪੂਰਾ ਸਮਾਂ ਸਮੂਹ ਵਿੱਚ ਹੀ ਲੰਘ ਜਾਂਦਾ ਹੈ। ਤੁਸੀਂ ਆਪਣੇ ਦੋਸਤ-ਮਿੱਤਰ, ਪਰਿਵਾਰ ਵਾਲੇ ਅਤੇ ਚਹੇਤੇ ਕੰਮਾਂ ਤੋਂ ਦੂਰ ਹੋ ਜਾਂਦੇ ਹੋ।''

''ਮੈਨੂੰ ਅਹਿਸਾਸ ਵੀ ਨਹੀਂ ਹੋਇਆ ਅਤੇ ਮੇਰਾ ਸਹਾਇਤਾ ਢਾਂਚਾ ਖ਼ਤਮ ਹੁੰਦਾ ਗਿਆ ਅਤੇ ਸਮੂਹ ਦੀ ਸੋਚ ਨੇ ਸਾਰੀ ਜਗ੍ਹਾ ਘੇਰ ਲਈ।''

''ਉਹ ਕਿਹਾ ਕਰਦੇ ਸੀ ਕਿ ਤੁਸੀਂ ਆਪਣੇ ਇੱਕ ਬਿਹਤਰ ਜਾਗਰੂਕ ਅੰਕ (ਐਨਲਾਇਟਨਡ ਵਰਜ਼ਨ) ਵਿੱਚ ਵਿਕਸਿਤ ਹੋ ਰਹੇ ਹੋ। ਤੁਹਾਡੇ ਪੁਰਾਣੇ ਵਜੂਦ ਵਿਚੋਂ ਹੁਣ ਕੁਝ ਵੀ ਲਾਗੂ ਨਹੀਂ ਹੁੰਦਾ।''

ਇਹ ਵੀ ਪੜ੍ਹੋ:

''ਉਹ ਆਖਦੇ ਸਨ ਕਿ ਇਹ ਸਭ ਇੱਕ ਸ਼ਰਾਬੀ ਵਾਂਗ ਹੈ। ਜਦੋਂ ਇੱਕ ਸ਼ਰਾਬੀ ਨਸ਼ਾ ਛੱਡ ਦਿੰਦਾ ਹੈ ਤਾਂ ਉਹ ਆਪਣੇ ਪੁਰਾਣੇ ਸ਼ਰਾਬ ਪੀਣ ਵਾਲੇ ਸਾਥੀਆਂ ਨਾਲ ਉਨ੍ਹਾਂ ਹੀ ਪੁਰਾਣੀਆਂ ਪੀਣ ਵਾਲੀਆਂ ਥਾਂਵਾਂ 'ਤੇ ਘੁੰਮਣ ਨਹੀਂ ਜਾ ਸਕਦਾ।''

''ਜਿੰਨਾਂ ਪੈਸਾ ਅਸੀਂ ਕਮਾਇਆ ਕਰਦੇ, ਉਸ ਤੋਂ ਜ਼ਿਆਦਾ ਅਸੀਂ ਦੇ ਦਿੰਦੇ ਸੀ। ਇਸ 'ਤੇ ਵੀ ਦਲੀਲ ਦਿੰਦਿਆਂ ਉਹ ਕਹਿੰਦੇ ਕਿ ਸਭ ਕੁਝ ਊਰਜਾ ਹੈ ਅਤੇ ਇਸ ਵਿਚ ਪੈਸਾ ਵੀ ਸ਼ਾਮਲ ਹੈ।''

''ਜਿੰਨੇ ਜ਼ਿਆਦਾ ਪੈਸੇ ਤੁਸੀਂ ਕਮਾਓਗੇ ਅਤੇ ਆਪਣੇ ਅਧਿਆਪਕਾਂ ਨੂੰ ਦਿਓਗੇ, ਉਨੀ ਹੀ ਵੱਧ ਸ਼ਕਤੀ ਤੁਹਾਨੂੰ ਪ੍ਰਾਪਤ ਹੋਵੇਗੀ।''

''ਇਹ ਇੱਕ ਤਰ੍ਹਾਂ ਦਾ ਸ਼ੋਸ਼ਣ ਸੀ, ਮੇਰੀ ਪੂਰੀ ਜ਼ਿੰਦਗੀ ਉਨ੍ਹਾਂ ਦੀ ਹੋ ਚੁੱਕੀ ਸੀ। ਫਿਰ ਮੇਰੇ ਗੁਰੂ ਨੇ ਮੈਨੂੰ ਸਾਥੀ ਦੇ ਤੌਰ 'ਤੇ ਭਰਮਾਇਆ, ਜਿਵੇਂ ਇੱਕ ਅਧਿਆਤਮਕ ਅਧਿਆਪਕ ਆਪਣੇ ਵਿਦਿਆਰਥੀ ਨੂੰ ਆਪਣਾ ਪ੍ਰੇਮੀ ਮੰਨਣ ਲੱਗਦਾ ਹੈ।''

''ਉਨ੍ਹਾਂ ਨੇ ਹੌਲੀ ਹੌਲੀ ਪਰ ਸਪਸ਼ਟ ਤੌਰ 'ਤੇ ਮੇਰੀ ਆਲੋਚਨਾ ਕਰਨੀ ਸ਼ੁਰੂ ਕੀਤੀ। ਮੈਂ ਜੋ ਵੀ ਕਰਦੀ, ਉਹ ਕਦੇ ਵੀ ਕਾਫ਼ੀ ਨਹੀਂ ਹੁੰਦਾ।''

ਅਧਿਆਪਕ ਕਿਹਾ ਕਰਦੇ, "ਤੁਹਾਡੀ ਹੋਮੈ ਇੰਨੀ ਵੱਡੀ ਹੈ ਕਿ ਤੁਸੀਂ ਬਦਲਣਾ ਨਹੀਂ ਚਾਹੁੰਦੇ।"

"ਮੈਂ ਸਪਸ਼ਟ ਕਰਦੀ ਕਿ ਮੈਂ ਬਦਲਨਾ ਚਾਹੁੰਦੀ ਹਾਂ ਅਤੇ ਜਾਗਰੁਕ (ਐਨਲਾਇਟਨ) ਹੋਣਾ ਚਾਹੁੰਦੀ ਹਾਂ। ਇਸ ਗੱਲ ਨੂੰ ਬਿਨ੍ਹਾਂ ਸਮਝੇ ਕਿ ਅਸਲ ਵਿੱਚ ਐਨਲਾਇਟਨਮੈਂਟ ਦਾ ਮਤਲਬ ਹੈ ਕੀ।''

''ਸ਼ਾਮਲ ਹੋਣ ਤੋਂ ਤਕਰੀਬਨ ਸੱਤ ਸਾਲਾਂ ਬਾਅਦ, ਮੈਂ ਖੁਦ ਨੂੰ ਮਹਿਸੂਸ ਕਰਨ ਦੀ ਇਜਾਜ਼ਤ ਦਿੱਤੀ। ਪਹਿਲਾਂ ਤਾਂ ਬਹੁਤ ਮੁਸ਼ਕਿਲ ਸੀ। ਮੈਂ ਨਿਊਯਾਰਕ ਛੱਡ ਦਿੱਤਾ ਅਤੇ ਕੋਲੋਰਾਡੋ ਚਲੀ ਗਈ। ਮੈਂਨੂੰ ਲੱਗਾ ਕਿ ਕਿਸੇ ਸ਼ਾਂਤ ਜਗ੍ਹਾ 'ਤੇ ਜਾ ਕੇ ਮੈਂ ਠੀਕ ਮਹਿਸੂਸ ਕਰਾਂਗੀ।''

''ਪਰ ਮੇਰੀ ਹਾਲਤ ਹੋਰ ਖਰਾਬ ਹੁੰਦੀ ਗਈ, ਮੈਂ ਘਰ ਤੋਂ ਬਾਹਰ ਵੀ ਨਹੀਂ ਜਾ ਸਕਦੀ ਸੀ। ਮੇਰਾ ਖੁਦਕੁਸ਼ੀ ਕਰਨ ਦਾ ਮੰਨ ਕਰਦਾ ਸੀ, ਬਹੁਤ ਘੱਟ ਖਾਣਾ ਖਾਇਆ ਕਰਦੀ ਅਤੇ ਛੇ ਮਹੀਨੇ ਸਾਰਾ ਦਿਨ ਸੁੱਤੀ ਰਹਿੰਦੀ।''

''ਇਸ ਤੋਂ ਬਾਅਦ ਖੁਸ਼ੀ ਫਿਰ ਮੇਰੀ ਜ਼ਿੰਦਗੀ ਵਿੱਚ ਵਾਪਸ ਆਉਣ ਲੱਗੀ। ਮੈਨੂੰ ਪੰਜ ਸਾਲ ਲੱਗੇ, ਅਤੇ ਫਿਰ ਮਹਿਸੂਸ ਹੋਇਆ ਕਿ ਹੁਣ ਮੇਰੀ ਜ਼ਿੰਦਗੀ ਬਿਹਤਰ ਹੋ ਰਹੀ ਹੈ।''

Image copyright Sarah Lionheart
ਫੋਟੋ ਕੈਪਸ਼ਨ ''ਮੈਨੂੰ ਭਾਰਤ ਵਿਚ ਇੱਕ ਗੁਰੂ ਵਲੋਂ ਕੈਦ ਕਰਕੇ ਰੱਖਿਆ ਗਿਆ ਸੀ''

ਸਾਰਾਹ ਗੁਰੂ ਦੀ ਭਾਲ 'ਚ ਭਾਰਤ ਆਈ ਸੀ

ਸਾਰਾਹ ਲਾਇਨਹਾਰਟ ਨੇ ਕਿਹਾ, ''ਮੈਨੂੰ ਭਾਰਤ ਵਿੱਚ ਇੱਕ ਗੁਰੂ ਵਲੋਂ ਕੈਦ ਕਰਕੇ ਰੱਖਿਆ ਗਿਆ ਸੀ।''

''ਮੈਂ ਰੂਹਾਨੀਅਤ ਅਤੇ ਚੇਤਨਾ (ਕਾਨਸ਼ੀਅਸਨੈੱਸ ਐਂਡ ਸਪੀਰੀਚੁਐਲਿਟੀ) ਵਿੱਚ ਪੀਐਚ.ਡੀ. ਕਰ ਰਹੀ ਸੀ। ਮੈਂ ਇੱਕ ਗੱਲਬਾਤ ਦੇ ਪ੍ਰੋਗਰਾਮ ਵਿੱਚ ਗਈ ਜਿੱਥੇ ਇੱਕ ਹਿੰਦੂ ਸਾਧੂ ਚੇਤਨਾ ਅਤੇ ਮਨ ਬਾਰੇ ਬਹੁਤ ਹੀ ਵਧੀਆ ਭਾਸ਼ਣ ਦੇ ਰਿਹਾ ਸੀ ਅਤੇ ਮੈਂ ਉਨ੍ਹਾਂ ਹੇਠ ਸਿਖਲਾਈ ਲੈਣ ਲੱਗੀ।''

''ਫਿਰ ਉਨ੍ਹਾਂ ਨੇ ਕਿਹਾ ਮੈਂ ਇਸ ਤੋਂ ਵੱਧ ਤੁਹਾਨੂੰ ਹੋਰ ਕੁਝ ਨਹੀਂ ਸਿਖਾ ਸਕਦਾ, ਤੁਹਾਨੂੰ ਭਾਰਤ ਵਿਚ ਮੇਰੇ ਗੁਰੂ ਕੋਲ ਜਾਣਾ ਹੋਵੇਗਾ, ਉਹ ਅਧਿਆਤਮਕ ਤੌਰ 'ਤੇ ਪੂਰੀ ਤਰ੍ਹਾਂ ਜਾਗਰੂਕ ਹਨ। ਤੁਹਾਡੇ ਕੋਲ ਇਹ ਇੱਕ ਮੌਕਾ ਹੈ।"

''ਮੈਂ ਕਮਜ਼ੋਰ ਪੈ ਗਈ ਕਿਉਂਕਿ ਮੇਰਾ ਬਚਪਨ ਇਸ ਤਰ੍ਹਾਂ ਦਾ ਰਿਹਾ ਹੈ, ਮੈਨੂੰ ਹਮੇਸ਼ਾ ਤੋਂ ਹੀ ਪਰਿਵਾਰ ਦੀ ਕਮੀ ਮਹਿਸੂਸ ਹੋਈ ਹੈ। ਮੈਂ ਭਾਵਨਾਤਮਕ ਤੌਰ 'ਤੇ ਹੋ ਰਹੇ ਦਰਦ ਤੋਂ ਛੁੱਟਕਾਰਾ ਚਾਹੁੰਦੀ ਸੀ।''

''ਭਾਰਤ ਦੇ ਉਸ ਆਸ਼ਰਮ ਵਿੱਚ ਇੱਕ ਦਿਨ ਖਾਣਾ ਖਾਣ ਤੋਂ ਬਾਅਦ ਮੈਂ ਬੇਹੋਸ਼ ਹੋ ਗਈ। ਉਸ ਤੋਂ ਬਾਅਦ ਮੈਂ ਇੱਕ ਕਮਰੇ ਵਿੱਚ ਸੀ ਤੇ ਉਹ ਮੇਰੇ ਉੱਤੇ ਸੀ। ਤਿੰਨ ਮਹੀਨਿਆਂ ਤੱਕ ਮੈਂ ਉਸ ਕਮਰੇ ਵਿੱਚੋਂ ਬਾਹਰ ਹੀ ਨਹੀਂ ਨਿਕਲੀ।''

''ਉਹ ਮੇਰੇ ਉੱਤੇ ਹੁੰਦਾ, ਮੈਂ ਬਿਲਕੁਲ ਫ੍ਰੀਜ਼ ਹੋ ਜਾਂਦੀ, ਬਾਅਦ 'ਚ ਬੈਠ ਕੇ ਸੋਚਦੀ ਕਿ ਮੈਂ ਇਸ ਲਈ ਇੱਥੇ ਨਹੀਂ ਆਈ ਸੀ। ਮੈਂ ਸੋਚਿਆ ਕਰਦੀ ਕਿ ਉਸ ਨੂੰ ਮੇਰੇ ਲਈ ਕੁਝ ਚੰਗਾ ਕਰਨਾ ਚਾਹੀਦਾ ਹੈ।"

''ਫਿਰ ਉਹ ਮੇਰੇ 'ਤੇ ਚੰਗਾ ਵਿਵਹਾਰ ਨਾ ਕਰਨ ਦਾ ਦੋਸ਼ ਲਗਾਇਆ ਕਰਦਾ। ਉਹ ਕਿਹਾ ਕਰਦਾ ਕਿ ਇਹ ਮੇਰੇ ਕੈਥੋਲਿਕ ਪਾਲਣ ਪੋਸ਼ਨ ਕਾਰਨ ਹੈ ਕਿ ਮੈਨੂੰ ਇਹ ਸਭ ਪਸੰਦ ਨਹੀਂ ਆ ਰਿਹਾ।"

''ਮੈਨੂੰ ਅਹਿਸਾਸ ਹੋਇਆ ਕਿ ਜੇ ਮੈਂ ਇਸ ਬਾਰੇ ਕੁਝ ਨਹੀਂ ਕੀਤਾ ਤੇ ਜਾਂ ਤਾਂ ਮੈਂ ਪਾਗਲ ਹੋ ਜਾਵਾਂਗੀ ਜਾਂ ਫਿਰ ਮਰ ਜਾਵਾਂਗੀ।''

ਗੁਰੂ ਦੇ ਚੁੰਗਲ ਤੋਂ ਇਸ ਤਰ੍ਹਾਂ ਨਿਕਲੀ ਸਾਰਾਹ

''ਭੱਜਣ ਦੀ ਮੇਰੀ ਪਹਿਲੀ ਕੋਸ਼ਿਸ਼ ਅਸਫ਼ਲ ਰਹੀ ਅਤੇ ਮੇਰੇ ਲਈ ਚੀਜ਼ਾਂ ਹੋਰ ਖਰਾਬ ਹੋ ਗਈਆਂ।''

''ਫਿਰ ਮੈਂ ਦਿਖਾਵਾ ਕੀਤਾ। ਮੈਂ ਕਿਹਾ ਦੇਖੋ, ਤੁਸੀਂ ਚਾਹੁੰਦੇ ਹੋ ਕਿ ਇੰਗਲੈਂਡ ਤੋਂ ਇਕ ਸੰਨਿਆਸੀ ਆ ਜਾਵੇ ਅਤੇ ਤੁਹਾਡਾ ਦੂਜਾ ਪਸੰਦੀਦਾ, ਬੰਗਲੌਰ ਤੋਂ ਐਨ. ਵੀ. ਰਘੂਰਾਮ, ਅਤੇ ਅਸੀਂ ਸਾਰੇ ਜਸ਼ਨ ਮਨਾਈਏ ਕਿ ਮੈਂ ਤੁਹਾਡੀ ਸਾਥੀ ਹਾਂ ਅਤੇ ਇਹ ਕਿੰਨਾ ਵਧੀਆ ਹੈ।"

''ਉਸ ਨੇ ਮੇਰੇ 'ਤੇ ਵਿਸ਼ਵਾਸ ਕਰ ਲਿਆ।''

''ਆਖਿਰਕਾਰ ਉਹ ਦੋਵੇਂ ਆਏ ਅਤੇ ਮੈਂ ਅੰਗਰੇਜ਼ ਸਾਧੂ ਨੂੰ ਦੱਸਿਆ ਕਿ ਮੇਰਾ ਵਜ਼ਨ ਬਹੁਤ ਘੱਟ ਚੁੱਕਾ ਹੈ, ਮੈਂ ਬਹੁਤ ਬੀਮਾਰ ਹਾਂ, ਮੇਰਾ ਮਨ ਮੈਨੂੰ ਇੱਥੋਂ ਜਾਣ ਲਈ ਬੇਨਤੀ ਕਰ ਰਿਹਾ ਹੈ ਅਤੇ ਮੈਨੂੰ ਮਦਦ ਦੀ ਜ਼ਰੂਰਤ ਹੈ।"

''ਉਸ ਨੇ ਜਵਾਬ ਦਿੱਤਾ ਤੁਹਾਨੂੰ ਹਮੇਸ਼ਾ ਉਹੀ ਕਰਨਾ ਚਾਹੀਦਾ ਹੈ, ਜੋ ਤੁਹਾਨੂੰ ਗੁਰੂ ਕਰਨ ਲਈ ਕਹਿੰਦਾ ਹੈ।"

''ਅਗਲੀ ਵਾਰ ਮੈਂ ਬੰਗਲੌਰ ਤੋਂ ਆਏ ਸਾਧੂ ਦੇ ਨਾਲ ਗੱਲ ਕੀਤੀ, ਐਨਵੀ ਰਘੂਰਾਮ, ਜਿੰਨ੍ਹਾਂ ਨੂੰ ਮੈਂ ਪਹਿਲਾਂ ਕਦੇ ਨਹੀਂ ਮਿਲੀ ਸੀ।''

"ਜਦੋਂ ਮੈਂ ਉਨ੍ਹਾਂ ਨੂੰ ਦੱਸਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਪਹਿਲਾਂ ਵੀ ਹੋ ਚੁੱਕਿਆ ਹੈ, ਅਤੇ ਉਨ੍ਹਾਂ ਨੂੰ ਉਮੀਦ ਸੀ ਕਿ ਗੁਰੂ ਸ਼ਾਇਦ ਇਹ ਸਭ ਬੰਦ ਕਰ ਚੁੱਕੇ ਹੋਣਗੇ। ਉਨ੍ਹਾਂ ਨੇ ਮੈਨੂੰ ਉੱਥੋਂ ਬਾਹਰ ਕੱਢਿਆ ਅਤੇ ਮੇਰਾ ਖਿਆਲ ਰੱਖਿਆ।"

''ਉਨ੍ਹਾਂ ਨੇ ਮੈਨੂੰ ਉਸ ਲੜਕੀ ਬਾਰੇ ਵੀ ਦੱਸਿਆ ਜਿਸ ਨਾਲ ਪਹਿਲਾਂ ਇਸ ਤਰ੍ਹਾਂ ਹੋ ਚੁੱਕਿਆ ਸੀ, ਉਸ ਦੀ ਉਮਰ ਵੀ ਮੇਰੇ ਜਿੰਨੀ ਹੀ ਸੀ।''

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਭਗਵਾਨ ਰਜਨੀਸ਼ ਨੇ ਕਈ ਘੁਟਾਲੇ ਕੀਤੇ ਹਨ - ਸ਼ੀਲਾ

''ਉਹ ਪਾਗਲ ਹੋ ਗਈ ਸੀ ਅਤੇ ਉਸ ਨੂੰ ਦਿਮਾਗ ਦੇ ਹਸਪਤਾਲ ਵਿੱਚ ਰੱਖਣਾ ਪਿਆ। ਉਸਦਾ ਭਰਾ ਨੇ ਉਸ ਨੂੰ ਇਸ ਹਾਲਤ 'ਚ ਵੇਖ ਕੇ ਖੁਦਕੁਸ਼ੀ ਕਰ ਲਈ।''

''ਲੋਕ ਇਹ ਗੱਲ ਨਹੀਂ ਸਮਝਦੇ ਕਿ ਜਦੋਂ ਤੁਸੀਂ ਕਿਸੀ ਔਰਤ ਜਾਂ ਆਦਮੀ ਸਾਹਮਣੇ ਬੈਠਦੇ ਹੋ ਅਤੇ ਉਹ ਆਖਦੇ ਹਨ ਕਿ ਤੁਹਾਨੂੰ ਹੋਰ ਜ਼ਿਆਦਾ ਪਿਆਰ ਕਰਨ ਵਾਲਾ ਇਨਸਾਨ ਬਨਣਾ ਹੈ ਦਿਆਲੂ ਬਨਣਾ ਹੈ।"

"ਤੁਹਾਨੂੰ ਇਹ ਸਭ ਪ੍ਰਾਰਥਨਾਵਾਂ ਕਰਨੀਆਂ ਚਾਹੀਦੀਆਂ ਹਨ, ਹੋਰ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ, ਤੁਹਾਨੂੰ ਲੱਗੇਗਾ ਕਿ ਤੁਹਾਡਾ ਦਿਲ ਖੁੱਲ੍ਹ ਗਿਆ ਹੈ।''

''ਤੁਸੀਂ ਮਹਿਸੂਸ ਕਰਦੇ ਹੋ ਹਾਂ, ਮੈਂ ਇਸੀ ਤਰ੍ਹਾਂ ਦਾ ਸ਼ੁੱਧ ਇਨਸਾਨ ਬਣਨਾ ਚਾਹੁੰਦੀ ਹਾਂ, ਮੈਂ ਬਹੁਤ ਧੰਨਵਾਦੀ ਹਾਂ।"

''ਇਹ ਪਵਿੱਤਰ ਅਹਿਸਾਸ ਤੁਹਾਡੇ ਆਪਣੇ ਅੰਦਰੋਂ ਹੀ ਆਉਂਦਾ ਹੈ, ਅਤੇ ਤੁਹਾਨੂੰ ਲੱਗਦਾ ਹੈ ਕਿ ਇਹ ਸਭ ਤੁਹਾਡਾ ਗੁਰੂ ਕਰ ਰਿਹਾ ਹੈ।''

''ਜੇਕਰ ਤੁਸੀਂ ਭਾਵਾਤਮਕ ਤੌਰ 'ਤੇ ਸੁਰੱਖਿਅਤ ਰਹੇ ਹੋਵੋ ਅਤੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਅਹਿਸਾਸ ਸੱਚੇ ਨੇ, ਤਾਂ ਮੇਰਾ ਮੰਨਣਾ ਹੈ ਕਿ ਤੁਸੀਂ ਇੰਨੀ ਜਲਦੀ ਲੋਕਾਂ ਦੀਆਂ ਗੱਲਾਂ ਵਿੱਚ ਨਹੀਂ ਫੱਸਦੇ।''

Image copyright Jane Rickards

'ਮੈਨੂੰ ਲੱਗਿਆ ਉਹ ਰੱਬ ਹੈ'

ਜੇਨ ਰਿੱਕਰਡਸ ਨੇ ਆਪਣੀ ਕਹਾਣੀ ਦੱਸੀ ਤੇ ਕਿਹਾ, ''ਮੈਨੂੰ ਲੱਗਿਆ ਕਿ ਉਹ ਰੱਬ ਹੈ।''

''ਵੱਡੇ ਹੁੰਦਿਆਂ ਮੇਰੇ ਮਾਪੇ ਆਪਸ ਵਿੱਚ ਬਹੁਤ ਲੜਿਆ ਕਰਦੇ। ਇਸ ਲਈ ਮੇਰਾ ਬਚਪਨ ਇੰਨਾ ਸੁਰੱਖਿਅਤ ਨਹੀਂ ਸੀ। ਮੈਨੂੰ ਭੂਤ-ਪ੍ਰੇਤਾਂ ਤੋਂ ਬਹੁਤ ਡਰ ਲੱਗਦਾ ਸੀ ਕਿਉਂਕਿ ਮੈਨੂੰ ਮੇਰਾ ਵੱਡਾ ਭਰਾ ਅਤੇ ਭੈਣ ਕਹਿੰਦੇ ਸਨ ਕਿ ਉਨ੍ਹਾਂ ਨੇ ਭੂਤ ਦੇਖਿਆ ਹੈ।''

''ਬਾਅਦ 'ਚ ਮੈਂ ਲੰਡਨ ਵਿੱਚ 'ਅਧਿਆਤਮਕ ਮਾਮਲਿਆਂ' 'ਤੇ ਗੱਲ ਕਰਨ ਵਾਲੇ ਇੱਕ ਸ਼ਖਸ ਨੂੰ ਮਿਲੀ। ਉਹ ਇੱਕ ਅਮਰੀਕਨ-ਭਾਰਤੀ ਸੀ। ਜਦੋਂ ਮੈਂ ਪਹਿਲੀ ਵਾਰ ਮਿਲੀ ਤਾਂ ਬਹੁਤ ਹੈਰਾਨ ਹੋਈ, ਕਿਉਂਕਿ ਮੈਨੂੰ ਲੱਗਿਆ ਸੀ ਕਿ ਚਿੱਟੀ ਦਾੜ੍ਹੀ ਵਾਲਾ ਕੋਈ ਸੂਝਵਾਨ ਬਜ਼ੁਰਗ ਸਟੇਜ 'ਤੇ ਆਵੇਗਾ।"

''ਪਰ ਇਹ ਕੋਈ ਨੌਜਵਾਨ ਮੁੰਡਾ ਸੀ, ਅਮਰੀਕੀ, ਲੰਬੀ ਦਾੜ੍ਹੀ, ਹਿੱਪੀ-ਟਾਇਪ ਦਾ, ਅਤੇ ਉਸ ਦਾ ਸੰਦੇਸ਼ ਸ਼ਾਂਤੀ ਅਤੇ ਪਿਆਰ ਦਾ ਸੀ। ਇਹ ਸਭ ਬਹੁਤ ਵਧੀਆ ਸੀ।''

''ਮੈਂ ਪਹਿਲੀ ਵਾਰ ਉਸ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਦੇਖਿਆ ਅਤੇ ਮੈਂ ਮਹਿਸੂਸ ਕੀਤਾ ਕਿ ਮੈਂ ਉਸ ਦੀਆਂ ਪਿਆਰ ਨਾਲ ਭਰੀਆਂ ਅੱਖਾਂ ਕਾਰਨ ਪਿਘਲ ਰਹੀ ਹਾਂ।''

''ਛੇਤੀ ਹੀ ਮੇਰਾ ਦਿਮਾਗ ਉਸਦੇ ਕਾਬੂ ਵਿੱਚ ਸੀ, ਮੈਂ ਬਾਹਰ ਦੀ ਦੁਨੀਆਂ ਨਾਲ ਹਰ ਸੰਪਰਕ ਤੋੜ ਦਿੱਤਾ। ਮੈਂ ਉਸ ਨੂੰ ਪੈਸੇ ਦਿੱਤੇ ਅਤੇ ਬਹੁਤ ਛੇਤੀ ਹੀ ਕਹਿ ਦਿੱਤਾ ਕਿ ਮੈਂ ਉਸਦੀ ਪਤਨੀ ਹਾਂ।''

''ਫਿਰ ਸੈਕਸ ਦੀ ਸ਼ੁਰੂਆਤ ਹੋਈ, ਜੋ ਸਪਸ਼ਟ ਤੌਰ 'ਤੇ ਮੈਂ ਨਹੀਂ ਚਾਹੁੰਦੀ ਸੀ, ਪਰ ਮੈਨੂੰ ਕਰਨਾ ਪਿਆ, ਕਿਉਂਕਿ ਉਸ ਸਮੇਂ ਤੱਕ ਮੈਨੂੰ ਇਹ ਲੱਗਣ ਲੱਗਿਆ ਸੀ ਕਿ ਉਹ ਭਗਵਾਨ ਹੈ। ਮੇਰੇ ਦਿਮਾਗ਼ ਵਿਚ ਕੋਈ ਸ਼ੱਕ ਨਹੀਂ ਸੀ ਕਿ ਉਹ ਘੱਟੋ-ਘੱਟ ਈਸਾ ਮਸੀਹ ਜਾਂ ਬੁੱਧਾ ਸੀ।''

''ਫਿਰ ਮੈਂ ਬਹੁਤ ਬਿਮਾਰ ਰਹਿਣ ਲੱਗੀ। ਮੈਂ ਇੱਕ ਵਾਰ ਖੁਦ ਨੂੰ ਮਾਰਨ ਦੀ ਵੀ ਕੋਸ਼ਿਸ਼ ਕਰ ਚੁੱਕੀ ਸੀ। ਮੈਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਸਮੂਹ ਵਿੱਚ ਪਹਿਲਾਂ ਵੀ ਕਈ ਖੁਦਕੁਸ਼ੀਆਂ ਹੋ ਚੁੱਕੀਆਂ ਸਨ।''

ਇਹ ਵੀ ਪੜ੍ਹੋ:

'ਆਜ਼ਾਦੀ ਮੈਨੂੰ ਚੰਗੀ ਨਹੀਂ ਲੱਗੀ'

''ਉਹ ਹਮੇਸ਼ਾ ਕਿਸੇ ਨਾ ਕਿਸੇ ਸ਼ੈਤਾਨ ਦਾ ਇਲਾਜ ਕਰਨ ਲਈ ਸਾਨੂੰ ਤਕਲੀਫ਼ ਦਿੰਦਾ ਤਾਂ ਜੋ ਅਸੀਂ ਪ੍ਰਭਾਵਸ਼ਾਲੀ ਇਨਸਾਨ ਬਣ ਸਕੀਏ।''

''ਜ਼ਿਆਦਾਤਰ ਸਮਾਂ ਉਸ ਨੇ ਨਸ਼ੇ ਕੀਤੇ ਹੁੰਦੇ ਸਨ ਅਤੇ ਸਾਨੂੰ ਵੀ ਨਸ਼ਾ ਕਰਨਾ ਪੈਂਦਾ ਸੀ। ਮੈਂ ਜ਼ਿਆਦਾਤਰ ਡੋਪ ਲੈਂਦੀ ਸੀ ਅਤੇ ਆਦਮੀ ਐਲਐੱਸਡੀ ਲੈਂਦੇ ਸਨ। ਇੱਕ ਵਾਰ ਮੈਂ ਵੀ ਐਲਐੱਸਡੀ ਲਿੱਤਾ ਸੀ।''

''ਪਹਿਲਾਂ-ਪਹਿਲਾਂ ਤਾਂ ਮੈਨੂੰ ਬਾਹਰ ਕੱਢ ਦਿੱਤਾ ਗਿਆ ਕਿਉਂਕਿ ਉਨ੍ਹਾਂ ਨੂੰ ਮੇਰੇ ਇਲਾਜ 'ਤੇ ਪੈਸੇ ਖਰਚਣੇ ਪੈਂਦੇ ਸਨ।''

''ਮੈਂ ਭੱਜ ਗਈ ਅਤੇ ਪੂਰੀ ਸਰਦੀਆਂ ਬਾਹਰ ਰਹੀ। ਬਸੰਤ ਰੁਤ ਦੌਰਾਨ ਮੈਂ ਵਾਪਸ ਜਾਉਣ ਲਈ ਬੇਤਾਬ ਸੀ ਕਿਉਂਕਿ ਮੈਂਨੂੰ ਅਜੇ ਵੀ ਲੱਗਦਾ ਸੀ ਕਿ ਉਹ ਭਗਵਾਨ ਹੈ।''

''ਮੈਂ ਅਸਲ ਵਿੱਚ ਵੀ ਅਜਿਹਾ ਹੀ ਕੀਤਾ ਪਰ ਫਿਰ ਮੈਨੂੰ ਅਹਿਸਾਸ ਹੋਇਆ ਕਿ ਮੇਰੇ ਕੋਲ ਬਾਹਰਲੀ ਦੁਨੀਆ ਦਾ ਕਾਫ਼ੀ ਤਜਰਬਾ ਹੈ ਅਤੇ ਮੈਂ ਜਾਣਾ ਚਾਹੁੰਦੀ ਹਾਂ।''

''ਜਾਣ ਤੋਂ ਬਾਅਦ ਤਿੰਨ ਦਿਨ ਬਹੁਤ ਵਧੀਆ ਸੀ, ਮੈਨੂੰ ਇੰਝ ਪ੍ਰਤੀਤ ਹੋ ਰਿਹਾ ਸੀ ਕਿ ਮੈਂ ਆਜ਼ਾਦ ਹਾਂ।''

''ਉਸ ਤੋਂ ਬਾਅਦ ਮੈਂ ਮਾਨਸਿਕ ਤੌਰ 'ਤੇ ਟੁੱਟਣ ਲੱਗੀ। ਕੁਝ ਮਹੀਨੇ ਤਾਂ ਮੈਂ ਆਪਣੇ ਘਰ ਦੇ ਦਰਵਾਜ਼ੇ ਤੋਂ ਵੀ ਬਾਹਰ ਨਹੀਂ ਜਾ ਸਕਦੀ ਸੀ। ਮੈਂ ਬਹੁਤ ਹੀ ਮਾੜੀ ਹਾਲਤ ਵਿੱਚ ਸੀ।''

''ਮੈਂ ਕਲੀਨਿਕਲ ਮਨੋਵਿਗਿਆਨ ਅਤੇ ਪੇਸ਼ੇਵਰ ਮਾਇੰਡ ਕੰਟ੍ਰੋਲ ਡੀ-ਪ੍ਰੋਗ੍ਰਾਮਿੰਗ ਕੀਤਾ ਜਿਸ ਨੇ ਮੇਰੀ ਕਾਫ਼ੀ ਮਦਦ ਕੀਤੀ।''

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)