ਦੂਜੇ ਮੁਲਕਾਂ 'ਤੇ ਕਬਜ਼ੇ ਲਈ ਚੀਨ ਇਹ ਕੁਝ ਕਰਦਾ ਹੈ - ਨਜ਼ਰੀਆ

  • ਪ੍ਰਤੀਕ ਜਾਖੜ
  • ਪੂਰਬੀ ਏਸ਼ੀਆ ਮਾਹਰ
ਚੀਨੀ ਮੈਰੀਟਾਈਮ ਮਿਲੀਸ਼ੀਆ

ਤਸਵੀਰ ਸਰੋਤ, Getty Images

ਚੜ੍ਹਦੇ ਅਪ੍ਰੈਲ ਵਿੱਚ ਜਦੋਂ ਚੀਨ ਅਤੇ ਮਨੀਲਾ ਦੁਵੱਲੇ ਸੰਬੰਧਾਂ ਬਾਰੇ ਗੱਲਬਾਤ ਕਰ ਰਹੇ ਸਨ ਤਾਂ ਇਸੇ ਦੌਰਾਨ ਦੱਖਣੀ ਚੀਨ ਸਾਗਰ ਵਿੱਚ ਚੀਨੀ ਹਰਿਆਵਲ ਦਸਤੇ (ਮੈਰੀਟਾਈਮ ਮਿਲੀਸ਼ੀਆ) ਦੀਆਂ ਦਰਜਨਾਂ ਕਿਸ਼ਤੀਆਂ ਵਿਵਾਦਿਤ ਸਮੁੰਦਰੀ ਖੇਤਰ ਵਿੱਚ ਫਿਲੀਪੀਨਜ਼ ਦੇ ਕਬਜ਼ੇ ਵਾਲੇ ਇੱਕ ਦੀਪ ਦੇ ਦੁਆਲੇ ਮੰਡਰਾ ਰਹੀਆਂ ਸਨ।

ਹਾਲਾਂਕਿ ਚੀਨ ਦੇ ਚੀਨੀ ਹਰਿਆਵਲ ਦਸਤਿਆਂ ਜਾਂ "ਮੈਰੀਟਾਈਮ ਮਿਲੀਸ਼ੀਆ", ਕਈ ਦਹਾਕਿਆਂ ਤੋਂ ਕਾਰਜਸ਼ੀਲ ਹਨ ਪਰ ਮਾਹਰਾਂ ਦੀ ਰਾਇ ਹੈ ਕਿ ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਦੀਆਂ ਗਤੀਵਿਧੀਆਂ ਵਧ ਗਈਆਂ ਹਨ।

ਮਾਹਿਰਾਂ ਮੁਤਾਬਕ ਇਨ੍ਹਾਂ ਦਸਤਿਆਂ ਦਾ ਚੀਨ ਲਈ ਰਣਨੀਤਿਕ ਮਹੱਤਵ ਹੈ ਅਤੇ ਇਨ੍ਹਾਂ ਦੀ ਸਮੱਰਥਾ ਵਿੱਚ ਵੀ ਵਾਧਾ ਹੋਇਆ ਹੈ।

ਆਰਐੱਸਆਈਐੱਸ ਦੇ ਸੁਰੱਖਿਆ ਮਾਹਰ ਕੋਲਿਨ ਕੋਹ ਸਵੀ ਲੀਨ ਮੁਤਾਬਕ, ਇਹ ਦਸਤੇ ਚੀਨੀ ਖਾਨਾਜੰਗੀ ਦੇ ਸ਼ੁਰੂਆਤੀ ਸਮੇਂ ਦੌਰਾਨ ਬਣਾਏ ਗਏ ਸਨ।

ਇਹ ਵੀ ਪੜ੍ਹੋ:

ਉਨ੍ਹਾਂ ਨੇ ਬੀਬੀਸੀ ਮੌਨਿਟਰਿੰਗ ਨੂੰ ਦੱਸਿਆ,"ਪੀਪਲਜ਼ ਲਿਬਰੇਸ਼ਨ ਆਰਮੀ ਨੇਵੀ ਅਤੇ ਹੋਰ ਮਿਲਟਰੀ ਇਕਾਈਆਂ ਜਿਵੇਂ ਚੀਨੀ ਕੋਸਟ ਗਾਰਡ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਵੀ ਇਹ ਦਸਤੇ ਕਾਇਮ ਰਹੇ ਹਨ।"

ਡੈਰਕ ਗਰੌਸਮੈਨ ਨੇ ਵਿਚਾਰ ਨੂੰ ਹੋਰ ਸਪਸ਼ਟ ਕੀਤਾ, ਪੀਪਲਜ਼ ਲਿਬਰੇਸ਼ਨ ਆਰਮੀ ਨੇਵੀ ਨੇ "ਮੈਰੀਟਾਈਮ ਲੜਾਕੂ ਦਸਤਿਆਂ ਨਾਲ ਨਜ਼ਦੀਕੀ ਤਾਲਮੇਲ ਰੱਖਿਆ ਹੈ ਅਤੇ ਉਨ੍ਹਾਂ ਨੂੰ ਸਿਖਲਾਈ, ਉਪਕਰਨ ਅਤੇ ਫੰਡਿੰਗ ਮੁਹਈਆ ਕੀਤੀ ਹੈ।"

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਪਿਛਲੇ ਸਮੇਂ ਦੌਰਾਨ ਫਿਲੀਪੀਨਜ਼ ਵਿੱਚ ਚੀਨ ਵਿਰੋਧੀ ਭਾਵਾਨਾ ਵਿੱਚ ਵਾਧਾ ਹੋਇਆ ਹੈ

ਚੀਨ ਆਪਣੀ ਜਲ ਸੈਨਾ ਦਾ ਆਧੁਨੀਕੀਕਰਨ ਪੂਰੀ ਦੁਨੀਆਂ ਦੀਆਂ ਅੱਖਾਂ ਦੇ ਸਾਹਮਣੇ ਕਰਦਾ ਰਿਹਾ ਹੈ ਅਤੇ ਉਸਦੀ ਸ਼ਕਤੀ ਨੂੰ ਲਗਾਤਾਰ ਵਧਾਉਂਧਾ ਰਿਹਾ ਹੈ। ਦੂਸਰੇ ਪਾਸੇ ਉਹ ਲੁਕਵੇਂ ਰੂਪ ਵਿੱਚ ਇਨ੍ਹਾਂ ਲੜਾਕੂ ਦਸਤਿਆਂ ਦੀ ਸ਼ਕਤੀ ਵੀ ਸੌਖਿਆਂ ਅਤੇ ਤੇਜ਼ੀ ਨਾਲ ਤਿਆਰ ਕੀਤੀਆਂ ਜਾ ਸਕਣ ਵਾਲੀਆਂ ਛੋਟੀਆਂ ਕਿਸ਼ਤੀਆਂ ਦੀ ਮਦਦ ਨਾਲ ਵਧਾਉਂਦਾ ਰਿਹਾ ਹੈ।

ਕੋਲਿਨ ਮੁਤਾਬਕ, ਇਹ ਦਸਤੇ ਆਪਣੇ ਕੰਮ ਵਿੱਚ ਸਮੇਂ ਦੇ ਨਾਲ ਮਾਹਰ ਹੋਏ ਹਨ। ਇਨ੍ਹਾਂ ਲਈ ਮਜ਼ਬੂਤ ਕਿਸ਼ਤੀਆਂ ਦੀ ਖ਼ਰੀਦ ਕੀਤੀ ਗਈ। ਇਹ ਕਿਸ਼ਤੀਆਂ ਕਠੋਰ ਸਮੁੰਦਰੀ ਹਾਲਾਤ ਨੂੰ ਝੱਲ ਸਕਦੀਆਂ ਹਨ ਅਤੇ ਇਨ੍ਹਾਂ ਕਿਸ਼ਤੀਆਂ ਸਦਕਾ ਲੜਾਕੂ ਦਸਤੇ ਲੰਬੇ ਸਮੇਂ ਤੱਕ ਸਮੁੰਦਰ ਵਿੱਚ ਰਹਿ ਕੇ ਕਾਰਵਾਈ ਕਰ ਸਕਦੇ ਹਨ।

ਚੀਨੀ ਸਰਕਾਰ ਇਨ੍ਹਾਂ ਦਸਤਿਆਂ ਦੀ ਹੋਂਦ ਤੋਂ ਮਨ੍ਹਾਂ ਕਰਦੀ ਰਹੀ ਹੈ ਪਰ ਫਿਰ ਵੀ ਚੀਨ ਦਾ ਸਰਕਾਰੀ ਮੀਡੀਆ ਗਾਹੇ-ਬਗਾਹੇ ਇਨ੍ਹਾਂ ਦੇ ਕਾਰਜਸ਼ੀਲ ਹੋਣ ਬਾਰੇ ਰਿਪੋਰਟ ਕਰਦਾ ਰਹਿੰਦਾ ਹੈ। ਸਰਕਾਰੀ ਮੀਡੀਆ ਇਸ ਨੂੰ "ਸਮੁੰਦਰੀ ਗੜ੍ਹੀ" ਜਾਂ "ਹਲਕੀ ਕੈਵਲਰੀ" ਕਹਿੰਦਾ ਹੈ।

ਪੀਪਲਜ਼ ਲਿਬਰੇਸ਼ਨ ਆਰਮੀ ਨੇ ਵੀ ਸਮੇਂ ਨਾਲ ਆਪਣੀ ਸਮੁੰਦਰੀ ਸ਼ਕਤੀ ਵਧਾਈ ਹੈ। ਚੀਨ ਦੀ ਅਧਿਕਾਰਿਤ ਜਲ ਸੈਨਾ ਦੇ ਮੁਕਾਬਲੇ ਇਨ੍ਹਾਂ ਲੜਾਕੂ ਦਸਤਿਆਂ ਉੱਪਰ ਦੁਨੀਆਂ ਦੀ ਨਿਗ੍ਹਾ ਘੱਟ ਜਾਂਦੀ ਹੈ ਪਰ ਚੀਨ ਨੇ ਇਨ੍ਹਾਂ ਦਸਤਿਆਂ ਦੀ ਕਾਰਜ ਸਮਰੱਥਾ ਵੀ ਸੁਧਾਰੀ ਹੈ। ਇਸ ਦੇ ਬਾਵਜੂਦ ਚਾਈਨਾ ਡੇਲੀ ਦੇ ਸਾਲ 2016 ਵਿੱਚ ਪ੍ਰਕਾਸ਼ਿਤ ਇੱਕ ਆਰਟੀਕਲ ਮੁਤਾਬਕ "ਇਹ ਸਥਾਨਕ ਮਛੇਰਿਆਂ ਦੇ ਦਸਤੇ ਹਨ।"

ਚੀਨੀ ਮਿਲਟਰੀ ਦੇ ਅਧਿਕਾਰਿਤ ਅਖ਼ਬਾਰ ਪੀਐੱਲਏ ਡੇਲੀ ਦੇ 2014 ਦੇ ਇੱਕ ਆਰਟੀਕਲ ਵਿੱਚ ਇਸ ਨੂੰ ਹੋਰ ਸਪਸ਼ਟਤਾ ਨਾਲ ਬਿਆਨ ਕੀਤਾ ਗਿਆ, "ਮਖੌਟੇ ਨਾਲ ਤਾਂ ਇਹ ਫੌਜੀ ਹਨ ਨਹੀਂ ਤਾਂ ਇਹ ਕਾਨੂੰਨ ਦੇ ਪਾਬੰਦ ਮਛੇਰੇ ਹਨ।"

ਇਹ ਵੀ ਪੜ੍ਹੋ:

ਅਮਰੀਕਾ ਦੇ ਨੇਵਲ ਵਾਰ ਕਾਲਜ ਦੇ ਐਂਡਰਿਊ ਇਰਿਕਸਨ ਇਨ੍ਹਾਂ ਦਸਤਿਆਂ ਲਈ "ਲਿਟਲ ਬਲਿਊ ਮੈੱਨ" ਸ਼ਬਦ ਵਰਤਦੇ ਹਨ। ਉਨ੍ਹਾਂ ਅਨੁਸਾਰ ਇਹ ਦਸਤੇ ਰੂਸ ਵੱਲੋਂ ਕ੍ਰੀਮੀਆ ਅਤੇ ਯੂਕਰੇਨ ਖਿਲਾਫ਼ ਵਰਤੇ "ਲਿਟਲ ਗਰੀਨ ਮੈੱਨ" ਵਾਂਗ ਹੀ ਕੰਮ ਕਰਦੇ ਹਨ। ਇਹ ਸ਼ਬਦ ਉਨ੍ਹਾਂ ਫੌਜੀ ਦਸਤਿਆਂ ਲਈ ਵਰਤਿਆਂ ਜਾਂਦਾ ਹੈ ਜਿਨ੍ਹਾਂ ਦੀ ਕੋਈ ਸਪਸ਼ਟ ਫੌਜੀ ਪਛਾਣ ਨਾ ਹੋਵੇ।

ਉਨ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ ਦਸਤਿਆਂ ਬਾਰੇ ਸਭ ਤੋਂ ਵਧੀਆ ਪ੍ਰਤੀਕਿਰਿਆ ਇਨ੍ਹਾਂ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਫੈਲਾਉਣਾ ਹੈ। ਜਿਵੇਂ ਕਹਾਵਤ ਹੈ ਕਿ, "ਧੁੱਪ ਸਭ ਤੋਂ ਵਧੀਆ ਕੀਟਨਾਸ਼ਕ ਹੈ।"

ਥੀਟੂ ਦੀਪ (ਇਸ ਨੂੰ ਫਿਲੀਪੀਨੀਜ਼ ਵਿੱਚ ਪਗਾਸਾ ਅਤੇ ਚੀਨੀ ਵਿੱਚ ਜ਼ੋਂਗਿਆ ਦੀਪ ਕਿਹਾ ਜਾਂਦਾ ਹੈ।) ਦੇ ਨਾਲ ਲਗਦੇ ਸਮੁੰਦਰੀ ਖੇਤਰਾਂ ਵਿੱਚ, ਜਨਵਰੀ ਤੋਂ ਹੁਣ ਤੱਕ ਫਿਲੀਪੀਨ ਦੀ ਮਿਲਟਰੀ ਨੇ 275 ਅਜਿਹੀਆਂ ਕਿਸ਼ਤੀਆਂ ਨੂੰ ਦੇਖਿਆ ਹੈ।

ਫਿਲੀਪੀਨਜ਼ ਦੇ ਅਧਿਕਾਰੀਆਂ ਦਾ ਕਹਿਣਾ ਕਿ ਕਿਸ਼ਤੀਆਂ ਕਥਿਤ ਚੀਨੀ ਦਸਤਿਆਂ ਦੀਆਂ ਸਨ। ਇਹ ਮਛੇਰਿਆਂ ਦੀਆਂ ਕਿਸ਼ਤੀਆਂ ਸਨ ਜੋ ਮੱਛੀਆਂ ਫੜਨ ਤੋਂ ਇਲਾਵਾ ਵੀ ਹੋਰ ਬਹੁਤ ਕੁਝ ਕਰਦੀਆਂ ਹਨ।

ਇਨ੍ਹਾਂ ਦਸਤਿਆਂ ਨੂੰ ਚੀਨ ਦੀ ਤੀਸਰੀ ਜਲ ਸੈਨਾ ਕਿਹਾ ਜਾਂਦਾ ਹੈ, ਜੋ ਕਿ ਚੀਨ ਦੀ ਅਧਿਕਾਰਿਤ ਜਲ ਸੈਨਾ ਅਤੇ ਚੀਨੀ ਕੋਸਟ ਗਾਰਡ ਨਾਲ ਮਿਲ ਕੇ ਕੰਮ ਕਰਦੀ ਹੈ। ਫਿਰ ਵੀ ਚੀਨ ਦੀ ਸਰਕਾਰ ਇਨ੍ਹਾਂ ਦਸਤਿਆਂ ਦੀ ਹੋਂਦ ਤੋਂ ਇਨਕਾਰ ਕਰਦੀ ਰਹਿੰਦੀ ਹੈ। ਇਨ੍ਹਾਂ ਦੀਆਂ ਕਿਸ਼ਤੀਆਂ ਕਾਰਨ ਵੀ ਚੀਨ ਨੂੰ ਇਨ੍ਹਾਂ ਦਸਤਿਆਂ ਦੀ ਕਿਸੇ ਵੀ ਕਿਸਮ ਦੀ ਸ਼ਮੂਲੀਅਤ ਤੋਂ ਟਾਲਾ ਵੱਟਣਾ ਸੌਖਾ ਹੋ ਜਾਂਦਾ ਹੈ।

ਫਿਲੀਪੀਨਜ਼ ਦੇ ਚੀਨ ਨਾਲ ਰਿਸ਼ਤੇ ਰਾਸ਼ਟਰਪਤੀ ਰੌਡਰਿਗੋ ਡੂਟਰਟੇ ਦੀ ਅਗਵਾਈ ਵਿੱਚ ਨਾਟਕੀ ਰੂਪ ਵਿੱਚ ਸੁਧਰੇ ਹਨ ਅਤੇ ਇਨ੍ਹਾਂ ਦਸਤਿਆਂ ਕਾਰਨ ਵਧ ਰਿਹਾ ਤਣਾਅ ਹੈਰਾਨੀ ਪੈਦਾ ਕਰਦਾ ਹੈ।

ਫਿਲੀਪੀਨਜ਼ ਨੇ ਆਪਣੇ ਖੇਤਰ ਵਿੱਚ ਇਨ੍ਹਾਂ ਦਸਤਿਆਂ ਦੀ ਮੈਜੂਦਗੀ ਬਾਰੇ ਆਪਣੀ ਨਾਖ਼ੁਸ਼ੀ ਚੀਨ ਕੋਲ ਜਤਾਉਣ ਲਈ ਹਮਲਾਵਰਾਨਾ ਰਵਾਈਆ ਅਪਣਾਇਆ ਹੈ। ਫਿਲੀਪੀਨਜ਼ ਦਾ ਕਹਿਣਾ ਹੈ ਕਿ ਇਨ੍ਹਾਂ ਦਸਤਿਆਂ ਦਾ ਉਸ ਦੇ ਖੇਤਰ ਵਿੱਚ ਵਿਚਰਨਾ ਚੀਨ ਦੀ ਨੀਅਤ ਬਾਰੇ ਸ਼ੰਕੇ ਖੜ੍ਹੇ ਕਰਦਾ ਹੈ।

ਮਨੀਲਾ ਨੇ 4 ਅਪ੍ਰੈਲ ਨੂੰ ਜਾਰੀ ਆਪਣੇ ਬਿਆਨ ਵਿੱਚ ਕਿਹਾ ਕਿ ਚੀਨ ਵੱਲੋਂ ਅਜਿਹੀਆਂ ਕਾਰਵਾਈਆਂ ਤੋਂ ਇਨਕਾਰ ਨਾ ਕਰਨਾ ਇਸ ਗੱਲ ਨੂੰ ਸਪਸ਼ਟ ਕਰਦਾ ਹੈ ਕਿ ਉਹੀ ਇਹ ਕਾਰਵਾਈਆਂ ਕਰਵਾ ਰਿਹਾ ਹੈ।

ਫਿਲੀਪੀਨਜ਼ ਦੇ ਮੀਡੀਆ ਨੇ ਫਿਲੀਪੀਨਜ਼ ਦੇ ਦੋ ਹੋਰ ਦੀਪਾਂ (ਕੋਟਾ ਅਤੇ ਪਨਟਾਗ ਦੀਪ) ਕੋਲ ਵੀ ਇਨ੍ਹਾਂ ਲੜਾਕੂ ਦਸਤਿਆਂ ਦੀਆਂ ਗਤੀਵਿਧੀਆਂ ਬਾਰੇ ਖ਼ਬਰਾਂ ਨਸ਼ਰ ਕੀਤੀਆਂ ਹਨ।

ਯੂਨੀਵਰਸਿਟੀ ਆਫ਼ ਫਿਲੀਪੀਨਜ਼ ਇਨਸਟੀਚੀਊਟ ਆਫ ਮੈਰੀਟਾਈਮ ਅਫੇਅਰਸ ਐਂਡ ਲਾਅ ਆਫ਼ ਸੀਅ ਦੇ ਨਿਰਦੇਸ਼ਕ ਜੈਅ ਬੈਟੋਂਗਬਕਲ ਮੁਤਾਬਕ, "ਇਨ੍ਹਾਂ ਲੜਾਕੂ ਦਸਤਿਆਂ ਨੂੰ ਚੀਨੀ ਸਰਕਾਰ ਦੀ ਸ਼ਹਿ ਹਾਸਲ ਹੈ ਅਤੇ ਇਨ੍ਹਾਂ ਦਸਤਿਆਂ ਨੂੰ ਚੀਨ ਦੀ ਮਿਲਟਰੀ ਕਮਾਂਡ ਹੀ ਕੰਟਰੋਲ ਕਰਦੀ ਹੈ।"

ਏਬੀਐੱਸ-ਸੀਬੀਐੱਨ ਚੈਨਲ ਨੂੰ 4 ਅਪ੍ਰੈਲ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਬੈਟੋਂਗਬਕਲ ਨੇ ਇਸ ਨੂੰ "ਸਮੁੰਦਰੀ ਗੁਰੀਲਾ ਲੜਾਈ" ਦੱਸਿਆ ਅਤੇ ਕਿਹਾ ਕਿ ਜੇ "ਚੀਨ ਨੇ ਟੀਥੂ ਦੀਪ ਤੱਕ ਫਿਲੀਪੀਨਜ਼ ਦੀ ਪਹੁੰਚ ਰੋਕਣ ਦੇ ਯਤਨ ਜਾਰੀ ਰੱਖੇ ਤਾਂ ਇਹ ਦੀਪ ਫਿਲੀਪੀਨਜ਼ ਦੇ ਹੱਥੋਂ ਨਿਕਲ ਸਕਦਾ ਹੈ।"

ਫਿਲੀਪੀਨਜ਼ ਵਿੱਚ ਚੀਨੀ ਰਾਜਦੂਤ ਜ਼ਹਾਓ ਜਿਨਹੂਆ ਦਾ ਕਹਿਣਾ ਹੈ ਕਿ ਉਹ ਸਿਰਫ਼ ਮਛੇਰਿਆਂ ਦੀਆਂ ਕਿਸ਼ਤੀਆਂ ਹਨ ਅਤੇ ਇਨ੍ਹਾਂ ਕੋਲ ਕੋਈ ਹਥਿਆਰ ਨਹੀਂ ਹਨ।

ਮੈਰੀਟਾਈਮ ਮਾਹਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਲੜਾਕੂ ਦਸਿਤਿਆ ਦੀ ਵਰਤੋਂ ਰਣਨੀਤਿਕ ਮੰਤਵਾਂ ਦੀ ਪੂਰਤੀ ਜਿਵੇਂ ਆਪਣੇ ਸਰਹੱਦੀ ਦਾਅਵਿਆਂ ਨੂੰ ਮਜ਼ਬੂਤ ਕਰਨ, ਫੌਜੀ ਨਿਗਰਾਨੀ ਰੱਖਣ, ਵਿਰੋਧੀਆਂ ਨੂੰ ਡਰਾਉਣ ਅਤੇ ਵਿਵਾਦਿਤ ਖੇਤਰਾਂ ਦੂਸਰਿਆਂ ਦੀ ਪਹੁੰਚ ਰੋਕਣ ਲਈ ਕੀਤੀ ਜਾਂਦੀ ਹੈ।

ਤਸਵੀਰ ਸਰੋਤ, Getty Images

ਚੀਨ ਅਤੇ ਫਿਲੀਪੀਨਜ਼ ਦਾ ਮੌਜੂਦਾ ਤਣਾਅ ਅਜਿਹੇ ਲੜਾਕੂ ਦਸਤਿਆਂ ਨਾਲ ਨਜਿੱਠਣ ਵਿੱਚ ਸਾਹਮਣੇ ਆਉਣ ਵਾਲੀਆਂ ਦਿੱਕਤਾਂ ਨੂੰ ਵੀ ਉਜਾਗਰ ਕਰਦਾ ਹੈ।

ਇਹ ਕਿਸ਼ਤੀਆਂ ਇੱਕ ਟਰਿਪ ਵਾਇਰ ਵਜੋਂ ਵਾ ਕੰਮ ਕਰ ਸਕਦੀਆਂ ਹਨ। ਭਾਵ ਕਿ ਜੇ ਕੋਈ ਵਿਦੇਸ਼ੀ ਤਾਕਤ ਇਨ੍ਹਾਂ ਖ਼ਿਲਾਫ ਕਾਰਵਾਈ ਕਰੇ ਤਾਂ ਚੀਨ ਦੀ ਸਮੁੰਦਰੀ ਫੌਜ ਇਨ੍ਹਾਂ ਦੀ ਰੱਖਿਆ 'ਤੇ ਆ ਖੜ੍ਹੀ ਹੋਵੇਗੀ। ਅਜਿਹੀ ਘਟਨਾ 2012 ਵਿੱਚ ਵੀ ਹੋ ਚੁੱਕੀ ਹੈ ਜਦੋਂ ਚੀਨ ਨੇ ਸਕਾਰਬਰੋਹ ਸ਼ੋਅਲ ਉੱਪਰ ਅਜਿਹੀ ਹੀ ਇੱਕ ਕਾਰਵਾਈ ਤੋਂ ਬਾਅਦ ਕਬਜ਼ਾ ਕਰ ਲਿਆ ਸੀ।

ਇਸ ਦੇ ਉਲਟ ਜੇ ਕੋਈ ਦੇਸ਼ ਇਨ੍ਹਾਂ ਖ਼ਿਲਾਫ ਕਾਰਵਾਈ ਨਾ ਕਰੇ ਤਾਂ ਇਹ ਦਸਤੇ ਵਿਵਾਦਿਤ ਖੇਤਰ ਵਿੱਚ ਦਾਖ਼ਲ ਹੋ ਜਾਂਦੇ ਹਨ ਅਤੇ ਦੂਸਰਿਆਂ ਦੇ ਰਾਹ ਬੰਦ ਕਰ ਦਿੰਦੇ ਹਨ। ਰੱਖਿਆ ਮਾਹਰ ਇਸ ਨੂੰ "ਗ੍ਰੇਅ ਜ਼ੋਨ ਐਕਟੀਵਿਟੀ" ਕਹਿੰਦੇ ਹਨ, ਕਿ ਗੋਲੀ ਚਲਾਏ ਬਿਨਾਂ ਰਣਨੀਤਿਕ ਮਜ਼ਬੂਤੀ ਹਾਸਲ ਕਰ ਲਈ ਜਾਂਦੀ ਹੈ।

ਅਮਰੀਕਾ ਦੇ ਰੱਖਿਆ ਥਿੰਕ ਟੈਂਕ 'ਰੈਂਡ ਕਾਰਪੋਰੇਸ਼ਨ' ਦੇ ਡਰੈਕ ਗਰੌਸਮੈਨ ਨੇ ਬੀਬੀਸੀ ਮੌਨੀਟਰਿੰਗ ਨੂੰ ਦੱਸਿਆ, "ਮੇਛੇਰਿਆਂ ਦੇ ਭੇਸ ਵਿੱਚ ਹੋਣ ਕਾਰਨ ਇਹ ਦਸਤੇ ਸਾਹਮਣੇ ਵਾਲੇ ਨੂੰ ਇਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਬਾਰੇ ਸ਼ਸ਼ੋਪੰਜ ਵਿੱਚ ਪਾ ਦਿੰਦੇ ਹਨ। ਇਸੇ ਆੜ ਵਿੱਚ ਇਹ ਆਪਣੀਆਂ "ਗ੍ਰੇਅ ਜ਼ੋਨ ਕਾਰਵਾਈਆਂ" ਕਰਦੀਆਂ ਹਨ।"

ਫਿਲੀਪੀਨਜ਼ ਦੇ ਸੰਸਦ ਮੈਂਬਰ ਗੈਰੀ ਅਲੇਜਾਨੋ ਚੀਨ ਦੀ ਰਾਸ਼ਟਰਪਤੀ ਦੀ ਚੀਨ ਪ੍ਰਤੀ ਮਿੱਤਰਤਾ ਦੀ ਨੀਤੀ ਦੇ ਕੱਟੜ ਆਲੋਚਕ ਹਨ। ਉਹ ਇਨ੍ਹਾਂ ਦਸਤਿਆਂ ਨੂੰ ਚੀਨ ਦੀ "ਪੱਤਾ-ਗੋਭੀ ਰਣਨੀਤੀ" ਕਹਿੰਦੇ ਹਨ।

ਉਨ੍ਹਾਂ ਨੇ 9 ਫਰਵਰੀ ਨੂੰ ਐੱਸਸੀਐੱਮਪੀ ਦੱਸਿਆ ਕਿ, ਪੱਤਾ-ਗੋਭੀ ਵਾਂਗ ਕਈ ਚੀਨੀ ਕਿਸ਼ਤੀਆਂ ਸਾਡੇ ਖੇਤਰਾਂ ਨੂੰ ਘੇਰ ਲੈਣਗੀਆਂ ਅਤੇ ਸਾਡੀਆਂ ਫੌਜਾਂ ਦੇ ਉੱਥੇ ਪਹੁੰਚਣ ਦੇ ਰਸਤੇ ਨੂੰ ਬੰਦ ਕਰ ਦੇਣਗੀਆਂ। ਅਤੇ ਅਸੀਂ ਆਪਣੇ ਦੀਪਾਂ ਉੱਪਰ ਪੂਰਾ ਕੰਟਰੋਲ ਨਹੀਂ ਰੱਖ ਸਕਾਂਗੇ।

ਚੀਨ ਨੇ ਅਜਿਹੀ ਖੇਡ 2014 ਵਿੱਚ ਵੀ ਖੇਡੀ ਸੀ। ਉਸ ਸਮੇਂ ਲੜਾਕੂ ਦਸਤਿਆਂ ਨੇ PLAN ਅਤੇ ਚੀਨੀ ਕੋਸਟ ਗਾਰਡ ਨਾਲ ਮਿਲ ਕੇ ਵੀਅਤਨਾਮੀ ਕਿਸ਼ਤੀਆਂ ਦਾ ਰਾਹ ਰੋਕ ਲਿਆ ਸੀ, ਜੋ ਵੀਅਤਨਾਮ ਦੇ ਵਿਸ਼ੇਸ਼ ਆਰਥਿਕ ਖੇਤਰ ਵਿੱਚ ਚੀਨ ਦੇ ਔਇਲ ਰਿੱਜ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀਆਂ ਸਨ।

ਹਾਲਾਂਕਿ ਸਿੰਗਾਪੁਰ ਦੇ S. Rajaratnam School of International Studies ਸਾਰੇ ਮਛੇਰਿਆਂ ਨੂੰ ਲੜਾਕੂ ਦਸਤੇ ਕਹਿਣ ਦੇ ਖ਼ਤਰਿਆਂ ਬਾਰੇ ਵੀ ਸੁਚੇਤ ਕਰਦੇ ਹਨ।

ਉਨ੍ਹਾਂ ਨੇ ਤਿੰਨ ਮਾਰਚ ਨੂੰ ਐੱਸਸੀਐੱਮਪੀ ਨੂੰ ਦੱਸਿਆ ਕਿ ਸਾਰੇ "ਮਛੇਰਿਆਂ ਨੂੰ ਲੜਾਕੂ ਦਸਤਿਆਂ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ।"

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)