ਅੱਤਵਾਦੀ ਸੰਗਠਨ ਕਿਵੇਂ ਬਣਾਉਂਦੇ ਨੇ ਔਰਤਾਂ ਨੂੰ 'ਗੁਪਤ ਹਥਿਆਰ'

  • ਮਾਰਟਿਨ ਜ਼ੂਥੇਨ ਤੇ ਗਾਇਤਰੀ ਸੰਘਲ
  • ਬੀਬੀਸੀ ਲਈ
Shamima Begum

ਤਸਵੀਰ ਸਰੋਤ, PA

ਤਸਵੀਰ ਕੈਪਸ਼ਨ,

ਸ਼ਮੀਮਾ ਬੇਗਮ 15 ਸਾਲ ਦੀ ਸੀ ਜਦੋਂ ਸਾਲ 2015 ਵਿਚ ਉਸ ਨੇ ਯੂਕੇ ਛੱਡ ਦਿੱਤਾ

ਜਦੋਂ ਵੀ ਔਰਤਾਂ ਅੱਤਵਾਦ ਕਾਰਨ ਖ਼ਬਰਾਂ ਵਿੱਚ ਆਉਂਦੀਆਂ ਹਨ, ਤਾਂ ਅਕਸਰ ਧਿਆਨ ਪੀੜਤਾਂ ਜਾਂ ਸੰਭਾਵੀ ਸਹਿਯੋਗੀਆਂ ਵਜੋਂ ਉਨ੍ਹਾਂ ਦੀ ਭੂਮਿਕਾ 'ਤੇ ਹੁੰਦਾ ਹੈ।

ਇਸ ਦੇ ਉਲਟ ਜੋ ਔਰਤਾਂ ਅੱਤਵਾਦੀ ਕਾਰਵਾਈਆਂ ਵਿਚ ਹਿੱਸਾ ਲੈਂਦੀਆਂ ਹਨ ਅਤੇ ਸਮਰਥਨ ਕਰਦੀਆਂ ਹਨ, ਉਨ੍ਹਾਂ ਨੂੰ ਕਈ ਵਾਰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ।

ਇਹ ਵਿਚਾਰਧਾਰਾ ਉਦੋਂ ਬਦਲੀ ਜਦੋਂ ਯੂਕੇ ਤੋਂ ਭੱਜੀ ਸ਼ਮੀਮਾ ਬੇਗਮ ਨੂੰ ਸੀਰੀਆਈ ਸ਼ਰਨਾਰਥੀ ਕੈਂਪ ਵਿੱਚ ਟਰੈਕ ਕੀਤੇ ਜਾਣ ਤੋਂ ਬਾਅਦ ਆਈਐੱਸ ਲਈ "ਪੋਸਟਰ ਗਰਲ" ਦੇ ਰੂਪ ਵਿੱਚ ਦਰਸਾਇਆ ਗਿਆ।

ਚਾਰ ਸਾਲ ਪਹਿਲਾਂ ਉਹ ਆਪਣੀਆਂ ਦੋ ਸਹੇਲੀਆਂ ਦੇ ਨਾਲ ਯੂਕੇ ਛੱਡ ਕੇ ਆਈਐੱਸ ਵਿੱਚ ਸ਼ਾਮਿਲ ਹੋਣ ਲਈ ਚਲੀ ਗਈ ਸੀ ਪਰ ਉਹ 'ਸਿਰਫ਼ ਘਰੇਲੂ ਔਰਤ' ਹੋਣ ਦਾ ਦਾਅਵਾ ਕਰਦੀ ਹੈ।

ਇਹ ਵੀ ਪੜ੍ਹੋ:

ਫਿਰ ਵੀ ਯੂਕੇ ਦੇ ਗ੍ਰਹਿ ਮੰਤਰੀ ਨੇ ਉਸ ਦੀ ਯੂਕੇ ਦੀ ਨਾਗਰਿਕਤਾ ਨੂੰ ਖਾਰਜ ਕਰ ਦਿੱਤਾ, ਜਿਸ ਵਿੱਚ ਕਿਹਾ ਗਿਆ ਸੀ, "ਜੇ ਤੁਸੀਂ ਅੱਤਵਾਦ ਦਾ ਸਮਰਥਨ ਕਰੋਗੇ ਤਾਂ ਇਸ ਦੇ ਨਤੀਜੇ ਜ਼ਰੂਰ ਹੋਣਗੇ।"

ਹੁਣ ਉਸ ਨੂੰ ਫੈਸਲੇ ਖਿਲਾਫ਼ ਅਪੀਲ ਕਰਨ ਲਈ ਕਾਨੂੰਨੀ ਮਦਦ ਦੇਣ ਦੀ ਤਿਆਰੀ ਹੈ।

ਅੱਤਵਾਦ ਵਿੱਚ ਔਰਤਾਂ

ਸ਼ਮੀਮਾ ਬੇਗਮ ਦੇ ਮਾਮਲੇ ਨੇ ਹਿੰਸਕ ਅੱਤਵਾਦ ਵਿੱਚ-ਆਈਐੱਸ ਅਤੇ ਹੋਰਨਾਂ ਜਥੇਬੰਦੀਆਂ ਵਿੱਚ ਔਰਤਾਂ ਦੀ ਸਰਗਰਮ ਅਤੇ ਆਪਣੀ ਇੱਛਾ ਨਾਲ ਨਿਭਾਈ ਭੂਮਿਕਾ ਉੱਤੇ ਸਵਾਲ ਖੜ੍ਹੇ ਕਰ ਦਿੱਤੇ ਹਨ।

ਯੂਕੇ ਦੀ ਇੱਕ ਰੱਖਿਆ ਮਾਮਲਿਆਂ ਬਾਰੇ ਰਿਸਰਚ ਕਰਨ ਵਾਲੀ ਏਜੰਸੀ ਰੂਸੀ (ਰਾਇਲ ਯੁਨਾਈਟਡ ਸਰਵਿਸਿਜ਼ ਇੰਸਟੀਚਿਊਟ) ਦੇ ਵਿਸ਼ਲੇਸ਼ਣ ਮੁਤਾਬਕ ਅਫ਼ਰੀਕਾ ਵਿੱਚ ਅੱਤਵਾਦੀ ਜਥੇਬੰਦੀਆਂ ਵਿੱਚ ਭਰਤੀ ਹੋਣ ਵਾਲਿਆਂ ਵਿੱਚ 17 ਫੀਸਦੀ ਔਰਤਾਂ ਹਨ।

ਇੱਕ ਹੋਰ ਰਿਸਰਚ ਮੁਤਾਬਕ ਇਰਾਕ ਅਤੇ ਸੀਰੀਆ ਵਿੱਚ ਆਈਐੱਸ ਵਿਚ ਭਰਤੀ ਹੋਣ ਵਾਲੇ ਵਿਦੇਸ਼ੀਆਂ ਵਿਚ 13 ਫੀਸਦੀ ਔਰਤਾਂ ਹਨ। ਹਾਲਾਂਕਿ ਅਸਲ ਅੰਕੜਿਆਂ ਬਾਰੇ ਜਾਣਕਾਰੀ ਨਹੀਂ ਮਿਲੀ ਹੈ ਪਰ ਇਹ ਅੰਕੜੇ ਕਾਫ਼ੀ ਜ਼ਿਆਦਾ ਹੋ ਸਕਦੇ ਹਨ।

ਤਸਵੀਰ ਸਰੋਤ, Met Police

ਤਸਵੀਰ ਕੈਪਸ਼ਨ,

ਸਾਲ 2015 ਦੀ ਤਸਵੀਰ-ਦੋ ਸਹੇਲੀਆਂ ਅਮੀਰਾ ਤੇ ਕਾਦੀਜ਼ਾ ਸੁਲਤਾਨਾ ਦੇ ਨਾਲ ਸ਼ਮੀਮਾ ਬੇਗਮ (ਸੱਜੇ)

ਰੂਸੀ ਅਤੇ ਕਈ ਹੋਰ ਸੰਸਥਾਵਾਂ ਨੇ ਆਈਐੱਸ ਅਤੇ ਅਲ-ਸ਼ਬਾਬ (ਅਫ਼ਰੀਕਾ ਦੀ ਅੱਤਵਾਦੀ ਜਥੇਬੰਦੀ) ਵਿੱਚ ਔਰਤਾਂ ਦੀ ਭੂਮਿਕਾ ਬਾਰੇ ਜਾਂਚ ਕੀਤੀ।

ਰਿਸਰਚਰਾਂ ਨੇ ਉਨ੍ਹਾਂ ਔਰਤਾਂ ਨਾਲ ਗੱਲਬਾਤ ਕੀਤੀ ਜੋ ਕਿ ਸਿੱਧੇ ਜਾਂ ਅਸਿੱਧੇ ਤੌਰ 'ਤੇ ਅਲ-ਸ਼ਬਾਬ ਵਿੱਚ ਸ਼ਾਮਿਲ ਸਨ। ਇਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਉਨ੍ਹਾਂ ਦੀ ਭਰਤੀ ਕਿਵੇਂ ਹੋਏ ਅਤੇ ਹਿੰਸਕ ਅੱਤਵਾਦੀ ਕਾਰਵਾਈਆਂ ਵਿੱਚ ਹਿੱਸਾ ਲੈਣ 'ਤੇ ਔਰਤਾਂ ਉੱਤੇ ਇਸ ਦਾ ਕੀ ਅਸਰ ਹੁੰਦਾ ਹੈ।

ਕੀਨੀਆ ਦੇ ਅਕਾਦਮਿਕ ਮਾਹਿਰਾਂ ਨੇ ਇਹ ਗੱਲਬਾਤ ਕੀਤੀ। ਉਨ੍ਹਾਂ ਦੇ ਆਪਣੇ ਲੰਬੇ ਤਜਰਬੇ ਅਤੇ ਵੱਖ-ਵੱਖ ਭਾਈਚਾਰਿਆਂ ਵਿੱਚ ਨੈਟਵਰਕ ਹੋਣ ਕਰਕੇ ਸੰਭਵ ਹੋ ਸਕਿਆ।

ਆਈਐਸ ਤੇ ਅਲ-ਸ਼ਬਾਬ ਵਿਚ ਫਰਕ

ਇਨ੍ਹਾਂ ਸੰਗਠਨਾਂ ਵਿੱਚ ਔਰਤਾਂ ਦੀ ਵੱਖ-ਵੱਖ ਭੂਮਿਕਾ ਹੁੰਦੀ ਹੈ।

ਅਲ-ਸ਼ਬਾਬ ਵਿੱਚ ਔਰਤਾਂ ਅਕਸਰ ਰਵਾਇਤੀ ਭੂਮਿਕਾ ਨਿਭਾਉਂਦੀਆਂ ਹਨ ਜਿਵੇਂ ਕਿ ਲੜਾਕਿਆਂ ਦੀ ਪਤਨੀ ਜਾਂ ਘਰ ਦੇ ਕੰਮ ਕਰਨ ਵਾਲੀ। ਉਨ੍ਹਾਂ ਨੂੰ ਕਈ ਵਾਰੀ ਸੈਕਸ ਗੁਲਾਮ ਵੀ ਬਣਾਇਆ ਜਾਂਦਾ ਹੈ।

ਉਨ੍ਹਾਂ ਦੀ ਵਰਤੋਂ ਨਵੇਂ ਮੈਂਬਰਾਂ ਨੂੰ ਆਪਣੇ ਵੱਲ ਖਿੱਚਣ ਲਈ ਵੀ ਕੀਤੀ ਜਾ ਸਕਦੀ ਹੈ। ਕੀਨੀਆ ਵਿੱਚ ਕੀਤੇ ਇੱਕ ਸਰਵੇਖਣ ਮੁਤਾਬਕ ਔਰਤਾਂ ਨੂੰ ਨੌਕਰੀ ਦਾ ਵਾਅਦਾ, ਵਿੱਤੀ ਮਦਦ ਜਾਂ ਕਾਉਂਸਲਿੰਗ ਦਾ ਭਰੋਸਾ ਦੇਣ 'ਤੇ ਉਹ ਉਸ ਵੱਲ ਖਿੱਚੀਆਂ ਜਾਂਦੀਆਂ ਸਨ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਅਲ-ਸ਼ਬਾਬ ਅੱਤਵਾਦੀ ਜਥੇਬੰਦੀ ਵਿੱਚ ਔਰਤਾਂ ਅਕਸਰ ਰਵਾਇਤੀ ਭੂਮਿਕਾ ਨਿਭਾਉਂਦੀਆਂ ਹਨ

ਜਿਵੇਂ ਕਿ ਹਿਦਾਇਆ (ਨਕਲੀ ਨਾਮ), ਜੋ ਕੱਪੜੇ ਦਾ ਕੰਮ ਕਰਦੀ ਸੀ ਉਸ ਨੂੰ ਇੱਕ ਸ਼ਖਸ ਨੇ ਇਹ ਕਹਿ ਕੇ ਭਰਤੀ ਹੋਣ ਲਈ ਕਿਹਾ ਕਿ ਉਹ ਉਸ ਦੇ ਵਪਾਰ ਵਿਚ ਨਿਵੇਸ਼ ਕਰੇਗਾ ਅਤੇ ਇਸ ਨੂੰ ਵਧਾਏਗਾ।

ਉਸ ਨੂੰ ਇੱਕ ਸਰਹੱਦੀ ਖੇਤਰ ਵਿੱਚ ਜਾਣ ਲਈ ਭਰੋਸੇ ਵਿੱਚ ਲੈ ਲਿਆ ਗਿਆ ਸੀ। ਉੱਥੋਂ ਹੀ ਉਸ ਦੀ ਸੋਮਾਲੀਆ ਵਿੱਚ ਤਸਕਰੀ ਕਰ ਦਿੱਤੀ ਗਈ ਸੀ।

ਜਦਕਿ ਆਈਐੱਸ ਵਿੱਚ ਔਰਤਾਂ ਦੀ ਭਰਤੀ ਅਕਸਰ ਆਨਲਾਈਨ ਹੁੰਦੀ ਹੈ ਅਤੇ ਉਹ ਆਈਐੱਸ ਦੀ ਵਿਚਾਰਧਾਰਾ ਨੂੰ ਅੱਗੇ ਵਧਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ।

ਸ਼ਮੀਮਾ ਬੇਗਮ ਦੇ ਮਾਮਲੇ ਵਿੱਚ ਉਸ ਦੀ ਭਰਤੀ ਨੂੰ ਆਈਐੱਸ ਦੀ ਪ੍ਰਾਪੇਗੈਂਡਾ ਜਿੱਤ ਵਜੋਂ ਦੇਖਿਆ ਜਾ ਰਿਹਾ ਹੈ। ਹਾਲਾਂਕਿ ਸ਼ਮੀਮਾ ਮੁਤਾਬਕ ਉਹ ਆਪਣੇ ਪਤੀ ਅਤੇ ਬੱਚਿਆਂ ਦਾ ਧਿਆਨ ਰੱਖਦੀ ਸੀ।

ਔਰਤਾਂ ਆਈਐੱਸ ਵਿਚ ਡਾਕਟਰ, ਸਿਹਤ ਵਰਕਰ ਵਜੋਂ ਵੀ ਕੰਮ ਕਰਦੀਆਂ ਹਨ ਪਰ ਕੁਝ ਪਾਬੰਦੀਆਂ ਦੇ ਨਾਲ। ਆਈਐੱਸ ਵਿੱਚ ਔਰਤਾਂ ਦੀ ਪੁਲਿਸ ਫੋਰਸ ਹੈ।

ਇਹ ਵੀ ਪੜ੍ਹੋ:

ਹੁਣ ਜਦੋਂ ਆਈਐਸ ਨੂੰ ਇਰਾਕ ਅਤੇ ਸੀਰੀਆ ਤੋਂ ਭਜਾ ਦਿੱਤਾ ਗਿਆ ਹੈ, ਉਹ ਔਰਤਾਂ ਨੂੰ ਸਰਗਰਮ ਭੂਮਿਕਾ ਵਿਚ ਰੱਖਣਾ ਚਾਹੁੰਦੇ ਹਨ।

ਉਹ ਆਪਣੇ ਅਖ਼ਬਾਰ ਅਲ-ਨਾਬਾ ਰਾਹੀਂ ਔਰਤਾਂ ਨੂੰ ਜਿਹਾਦ ਵਿੱਚ ਸ਼ਾਮਿਲ ਹੋਣ ਦਾ ਸੱਦਾ ਦੇ ਰਹੇ ਹਨ। ਪਿਛਲੇ ਸਾਲ ਉਨ੍ਹਾਂ ਨੇ ਇੱਕ ਵੀਡੀਓ ਵੀ ਜਾਰੀ ਕੀਤਾ ਸੀ ਜਿਸ ਵਿਚ ਸੀਰੀਆ ਵਿੱਚ ਔਰਤਾਂ ਲੜਾਈ ਵਿੱਚ ਸ਼ਾਮਿਲ ਸਨ।

ਸੋਮਾਲੀਆ ਵਿੱਚ ਅਲ-ਸ਼ਬਾਬ ਸ਼ਰੀਆ ਕਾਨੂੰਨ ਰਾਹੀਂ ਇਸਲਾਮੀ ਦੇਸ ਬਣਾਉਣ ਦੀ ਤਿਆਰੀ ਕਰ ਰਿਹਾ ਹੈ। ਔਰਤਾਂ ਨੂੰ ਮੋਹਰੀ ਕਤਾਰ ਵਿੱਚ ਰੱਖਣ ਜਾਂ ਸੁਸਾਈਡ ਫਾਈਟਰ ਬਣਾਉਣ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ।

ਅਲ-ਸ਼ਬਾਬ ਵੱਲੋਂ ਸਾਲ 2007 ਤੋਂ 2016 ਵਿਚਾਲੇ ਕੀਤੇ ਆਤਮਘਾਤੀ ਹਮਲਿਆਂ ਵਿੱਚੋਂ 5 ਫੀਸਦੀ ਹਮਲੇ ਔਰਤਾਂ ਵੱਲੋਂ ਕੀਤੇ ਗਏ ਸਨ।

ਇਸੇ ਤਰ੍ਹਾਂ ਅਫ਼ਰੀਕਾ ਦੇ ਹੋਰ ਖੇਤਰਾਂ ਵਿੱਚ ਵੀ ਔਰਤਾਂ ਦੀ ਵਰਤੋਂ ਕੀਤੀ ਗਈ ਹੈ। ਨਾਈਜੀਰੀਆ ਵਿੱਚ ਅੱਤਵਾਦੀ ਸੰਗਠਨ ਬੋਕੋ ਹਰਮ ਨੇ ਆਤਮਘਾਤੀ ਹਮਲਿਆਂ ਲਈ ਔਰਤਾਂ ਦੀ ਵਰਤੋਂ ਕੀਤੀ ਹੈ।

ਔਰਤਾਂ ਜਿਹਾਦੀ ਜਥੇਬੰਦੀਆਂ ਵਿੱਚ ਕਿਉਂ ਸ਼ਾਮਿਲ ਹੁੰਦੀਆਂ ਹਨ?

ਇਸ ਦੇ ਕਈ ਕਾਰਨ ਹਨ। ਕੁਝ ਹੱਦ ਤੱਕ ਜੋ ਮਰਦਾਂ ਨੂੰ ਖਿੱਚਦਾ ਹੈ ਉਹ ਔਰਤਾਂ ਨੂੰ ਖਿੱਚਣ ਲਈ ਵੀ ਕਾਮਯਾਬ ਹੈ। ਜਿਵੇਂ ਕਿ ਮਜ਼ਬੂਤ ਵਿਚਾਰਧਾਰਾ ਅਤੇ ਵਿੱਤੀ ਲਾਹੇ।

ਹਾਲਾਂਕਿ ਕੁਝ ਸੰਗਠਨ ਔਰਤਾਂ ਨੂੰ ਰਵਾਇਤੀ ਭੂਮਿਕਾ ਨਿਭਾਉਣ ਲਈ ਵੀ ਖਿੱਚਦੇ ਹਨ।

ਤਸਵੀਰ ਕੈਪਸ਼ਨ,

ਸੈਲੀ ਜੋਨਸ ਆਈਐਸ ਲਈ ਭਰਤੀ ਕਰਨ ਵਾਲੀ ਬਣੀ ਤੇ ਸੀਰੀਆ ਗਈ ਜਿੱਥੇ ਉਸ ਨੂੰ ਸਾਲ 2017 ਵਿਚ ਡਰੋਨ ਹਮਲੇ ਨਾਲ ਮਾਰਨ ਦੀ ਤਿਆਰੀ ਸੀ

ਜਿਵੇਂ ਕਿ ਕੁਝ ਨੌਜਵਾਨ ਕੁੜੀਆਂ ਸੋਚਦੀਆਂ ਹਨ ਕਿ ਉਚੇਰੀ ਪੜ੍ਹਾਈ ਕਾਰਨ ਉਨ੍ਹਾਂ ਦੇ ਵਿਆਹ ਵਿਚ ਦੇਰੀ ਹੋ ਜਾਵੇਗੀ। ਅਲ-ਸ਼ਬਾਬ ਇਸੇ ਦਾ ਫਾਇਦਾ ਚੁੱਕਦਾ ਹੈ।

ਨੈਰੋਬੀ ਯੂਨੀਵਰਸਿਟੀ ਦੀ ਵਿਦਿਆਰਥਣ ਦਾ ਕਹਿਣਾ ਹੈ, "ਜੇ ਕੋਈ ਮਰਦ ਮੇਰੇ ਨਾਲ ਵਿਆਹ ਕਰਵਾ ਲਏ ਅਤੇ ਮੇਰੀ ਰੱਖਿਆ ਕਰੇ ਤਾਂ ਮੈਨੂੰ ਪੜ੍ਹਾਈ ਦਾ ਬੋਝ ਝੱਲਣ ਦੀ ਕੀ ਲੋੜ ਹੈ?"

ਕੁਝ ਔਰਤਾਂ ਨੌਕਰੀ, ਪੈਸੇ ਅਤੇ ਹੋਰ ਕਈ ਮੌਕੇ ਮਿਲਣ ਦੇ ਲਾਲਚ ਵਿੱਚ ਇਨ੍ਹਾਂ ਸੰਗਠਨਾਂ ਵਿੱਚ ਸ਼ਾਮਿਲ ਹੋ ਜਾਂਦੀਆਂ ਹਨ।

ਹਾਲਾਂਕਿ ਕਈ ਔਰਤਾਂ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਦੀ ਮਰਜ਼ੀ ਖਿਲਾਫ਼ ਭਰਤੀ ਹੋਈ ਹੈ।

ਔਰਤਾਂ ਲਈ ਵੀ ਮੁੜ-ਵਸੇਬਾ?

ਅਜਿਹੇ ਸੰਗਠਨਾਂ ਤੋਂ ਵਾਪਸ ਪਰਤ ਰਹੇ ਲੜਾਕਿਆਂ ਦੇ ਮੁੜ ਵਸੇਬੇ ਲਈ ਕਈ ਕੋਸ਼ਿਸ਼ਾਂ ਹੋ ਰਹੀਆਂ ਹਨ ਪਰ ਕੁਝ ਹੀ ਕੋਸ਼ਿਸ਼ਾਂ ਔਰਤਾਂ ਦੇ ਮੁੜ ਵਸੇਬੇ ਲਈ ਹਨ।

ਪ੍ਰਸ਼ਾਸਨ ਅਤੇ ਸੁਰੱਖਿਆ ਮੁਲਾਜ਼ਮਾਂ ਨੂੰ ਖਾਸ ਤੌਰ 'ਤੇ ਉਨ੍ਹਾਂ ਔਰਤਾਂ ਦੇ ਮੁੱਦਿਆਂ ਵੱਲ ਧਿਆਨ ਦੇਣਾ ਚਾਹੀਦਾ ਹੈ ਜੋ ਕਿ ਅੱਤਵਾਦੀ ਸੰਗਠਨ ਛੱਡ ਕੇ ਮੁੜ ਵਸੇਬੇ ਲਈ ਆਉਂਦੀਆਂ ਹਨ।

ਜਿਵੇਂ ਕਿ ਕੁਝ ਔਰਤਾਂ ਦੇ ਬੱਚੇ ਹੋਣਗੇ ਜਾਂ ਲੜਾਕੇ ਪਤੀ ਦੀ ਮੌਤ ਹੋ ਚੁੱਕੀ ਹੋਵੇਗੀ ਜਾਂ ਉਹ ਲਾਪਤਾ ਹੋ ਸਕਦਾ ਹੈ। ਰੇਪ ਜਾਂ ਸਰੀਰਕ ਸ਼ੋਸ਼ਣ ਦੀਆਂ ਸ਼ਿਕਾਰ ਕੁਝ ਔਰਤਾਂ ਨੂੰ ਕਾਉਂਸਲਿੰਗ ਦੀ ਲੋੜ ਹੋ ਸਕਦੀ ਹੈ।

ਜੇ ਸਰਕਾਰ ਇਨ੍ਹਾਂ ਮੁੱਦਿਆਂ ਵੱਲ ਖਾਸ ਤੌਰ 'ਤੇ ਧਿਆਨ ਦੇਵੇ ਤਾਂ ਇਸ ਤਰ੍ਹਾਂ ਉਨ੍ਹਾਂ ਦੇ ਭਾਈਚਾਰੇ ਨੂੰ ਫਾਇਦਾ ਹੋਏਗਾ ਅਤੇ ਔਰਤਾਂ ਦੇ ਅੱਤਵਾਦੀ ਸੰਗਠਨ ਵਿੱਚ ਸ਼ਾਮਿਲ ਹੋਣ 'ਤੇ ਰੋਕ ਲੱਗ ਸਕੇਗੀ।

ਇਹ ਵੀ ਪੜ੍ਹੋ:

ਇਹ ਵਿਸ਼ਲੇਸ਼ਣ ਬੀਬੀਸੀ ਨੇ ਇੱਕ ਬਾਹਰੀ ਸੰਗਠਨ ਨਾਲ ਕੰਮ ਕਰਨ ਵਾਲੇ ਮਾਹਿਰਾਂ ਤੋਂ ਲਿਖਵਾਇਆ ਹੈ।

ਮਾਰਟਿਨ ਜ਼ੂਥੇਨ ਮਨੁੱਖੀ ਵਿਗਿਆਨੀ ਹੈ ਅਤੇ ਰੂਸੀ ਦੇ ਯੂਰਪੀ ਯੂਨੀਅਨ ਵੱਲੋਂ ਫੰਡ ਆਧਾਰਿਤ ਪ੍ਰੋਗਰਾਮ ਦੀ ਅਗਵਾਈ ਕਰ ਰਹੇ ਹਨ। ਇਸ ਪ੍ਰੋਗਰਾਮ ਦਾ ਮਕਸਦ ਅਫ਼ਰੀਕਾ ਵਿੱਚ ਕੱਟੜਪੰਥੀ ਸੰਗਠਨਾਂ ਵਿੱਚ ਭਰਤੀ ਨੂੰ ਘਟਾਉਣਾ ਹੈ।

ਗਾਇਤਰੀ ਸੰਘਲ ਰੂਸੀ ਵਿੱਚ ਰਿਸਰਚ ਮੈਨੇਜਰ ਹੈ।

ਰਾਇਲ ਯੁਨਾਈਟਡ ਸਰਵਿਸਿਜ਼ ਇੰਸਟੀਚਿਊਟ (ਰੂਸੀ) ਇੱਕ ਆਜ਼ਾਦ ਸੰਸਥਾ ਹੈ ਜੋ ਕਿ ਰੱਖਿਆ ਅਤੇ ਸੁਰੱਖਿਆ ਰਿਸਰਚ ਕਰਦੀ ਹੈ।

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)