ਇੱਕ ਦਿਨ 'ਚ ਕਿੰਨਾ ਪਾਣੀ ਪੀਣਾ ਚਾਹੀਦਾ ਹੈ
- ਜੇਸਿਕਾ ਬ੍ਰਾਉਨ
- ਬੀਬੀਸੀ ਪੱਤਰਕਾਰ

ਤਸਵੀਰ ਸਰੋਤ, Getty Images
'ਸਾਨੂੰ ਬਹੁਤ ਸਾਰਾ ਪਾਣੀ ਪੀਣਾ ਚਾਹੀਦਾ ਹੈ। ਰੋਜ਼ 8 ਗਿਲਾਸ ਜਾਂ 2 ਲੀਟਰ ਪਾਣੀ ਤਾਂ ਪੀਣਾ ਹੀ ਚਾਹੀਦਾ ਹੈ।'
ਅਜਿਹੇ ਬਿਨ੍ਹਾਂ ਮੰਗੇ ਮਸ਼ਵਰੇ ਸਾਨੂੰ ਬੜੇ ਮਿਲ ਜਾਂਦੇ ਹਨ।
ਜਲ ਹੀ ਜੀਵਨ ਹੈ।
ਪਾਣੀ ਸਾਡੀ ਜ਼ਿੰਦਗੀ ਲਈ ਬੜਾ ਅਹਿਮ ਹੈ, ਇਸ ਲਈ ਸਾਨੂੰ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ।
ਪਰ ਪਾਣੀ ਨੂੰ ਲੈ ਕੇ ਅਜਿਹੀਆਂ ਗੱਲਾਂ ਹਮੇਸ਼ਾ ਨਹੀਂ ਸੀ।
19ਵੀਂ ਸਦੀ ਦੀ ਸ਼ੁਰੂਆਤ ਤੱਕ ਪਾਣੀ ਪੀਣਾ ਬੁਰਾ ਮੰਨਿਆ ਜਾਂਦਾ ਸੀ। ਸਮਾਜ ਦੇ ਉੱਪਰਲੇ ਤਬਕੇ ਦੇ ਲੋਕ ਪਾਣੀ ਪੀਣਾ ਆਪਣੀ ਬੇਇਜ਼ਤੀ ਸਮਝਦੇ ਸਨ।
ਉਨ੍ਹਾਂ ਨੂੰ ਲਗਦਾ ਸੀ ਕਿ ਢਿੱਡ ਨੂੰ ਪਾਣੀ ਨਾਲ ਭਰਨਾ ਤਾਂ ਗ਼ਰੀਬਾਂ ਦਾ ਕੰਮ ਹੈ। ਇਹ ਤਾਂ ਉਨ੍ਹਾਂ ਦੀ ਸ਼ਾਨ ਦੇ ਖ਼ਿਲਾਫ਼ ਹੈ।
ਇਹ ਵੀ ਜ਼ਰੂਰ ਪੜ੍ਹੋ:
ਪਰ ਅੱਜ ਬ੍ਰਿਟੇਨ 'ਚ ਲੋਕ ਚੰਗੀ ਮਾਤਰਾ ਵਿੱਚ ਪਾਣੀ ਪੀ ਰਹੇ ਹਨ। ਉਧਰ ਅਮਰੀਕਾ 'ਚ ਬੋਤਲਬੰਦ ਪਾਣੀ ਮੰਗ ਸੋਡੇ ਨਾਲੋਂ ਵੀ ਵੱਧ ਹੋ ਗਈ ਹੈ। ਭਾਰਤ ਦੇ ਲੋਕ ਵੀ ਖ਼ੂਬ ਪਾਣੀ ਪੀ ਰਹੇ ਹਨ।
ਪੀਣ ਵੀ ਕਿਉਂ ਨਾ। ਦਿਨ ਰਾਤ ਵੱਧ ਤੋਂ ਵੱਧ ਪਾਣੀ ਪੀਣ ਦੀ ਸਲਾਹ ਜੋ ਦਿੱਤੀ ਜਾ ਰਹੀ ਹੈ।
ਵੱਧ ਪਾਣੀ ਪੀਣ ਨੂੰ ਚੰਗੀ ਸਿਹਤ ਦਾ ਰਾਜ਼, ਚਮਕਦੀ ਚਮੜੀ ਦਾ ਕਾਰਨ ਦੱਸਿਆ ਜਾ ਰਿਹਾ ਹੈ।
ਇਸ ਤੋਂ ਇਲਾਵਾ ਢੇਰ ਸਾਰਾ ਪਾਣੀ ਪੀ ਕੇ ਕੈਂਸਰ ਅਤੇ ਭਾਰ ਤੋਂ ਛੁਟਕਾਰਾ ਪਾਉਣ ਦੇ ਨੁਸਖ਼ੇ ਵੀ ਚਰਚਾ ਵਿੱਚ ਹਨ।
ਲੰਡਨ ਵਿੱਚ ਮੈਟਰੋ 'ਚ ਚੱਲਣ ਵਾਲਿਆਂ ਨੂੰ ਪਾਣੀ ਨਾਲ ਲੈ ਕੇ ਚੱਲਣ ਦੀ ਸਲਾਹ ਦਿੱਤੀ ਜਾ ਰਹੀ ਹੈ ਤੇ ਉੱਥੋਂ ਦੇ ਕਈ ਸਕੂਲਾਂ ਅਤੇ ਦਫ਼ਤਰਾਂ ਵਿੱਚ ਬਿਨ੍ਹਾਂ ਪਾਣੀ ਦੇ ਗੱਲ ਅੱਗੇ ਤੁਰ ਹੀ ਨਹੀਂ ਸਕਦੀ।
ਲੋਕ ਦੱਸਦੇ ਹਨ ਕਿ ਹਰ ਦਿਨ ਘੱਟੋ-ਘੱਟ 8 ਗਿਲਾਸ ਯਾਨਿ 240 ਮਿਲੀਲੀਟਰ ਪਾਣੀ ਦੇ 8 ਗਿਲਾਸ ਖ਼ਾਲ੍ਹੀ ਕਰਨੇ ਚਾਹੀਦੇ ਹਨ।
ਪਰ ਇਹ ਨਿਯਮ ਆਇਆ ਕਿੱਥੋਂ ਹੈ? ਇਸਦੀ ਸਲਾਹ ਕਿਸਨੇ ਦਿੱਤੀ? ਕਿਉਂਕਿ ਕਦੇ ਕਿਸੇ ਰਿਸਰਚ ਜਾਂ ਵਿਗਿਆਨੀ ਨੇ ਤਾਂ ਇਹ ਦਾਅਵਾ ਨਹੀਂ ਕੀਤਾ।
ਫ਼ਿਰ ਵੱਡੀ ਮਾਤਰਾ 'ਚ ਪਾਣੀ ਪੀਣ ਦੇ ਪਿੱਛੇ ਲੋਕ ਇੰਨੇ ਦਿਵਾਨੇ ਕਿਉਂ ਹਨ।
ਇਸਦਾ ਰਾਜ਼ 2 ਪੁਰਾਣੇ ਮਸ਼ਵਰਿਆਂ 'ਚ ਲੁਕਿਆ ਹੈ।
ਤਸਵੀਰ ਸਰੋਤ, Getty Images
ਉਹ ਮਸ਼ਵਰਾ
1945 ਵਿੱਚ ਅਮਰੀਕਾ ਦੇ ਫ਼ੂਡ ਐਂਡ ਨਿਊਟ੍ਰਿਸ਼ਨ ਬੋਰਡ ਆਫ਼ ਨੈਸ਼ਨਲ ਰਿਸਰਚ ਕਾਉਂਸਲ ਨੇ ਬਾਲਗਾਂ ਨੂੰ ਸਲਾਹ ਦਿੱਤੀ ਕਿ ਉਹ ਹਰ ਕੈਲਰੀ ਖਾਣੇ ਨੂੰ ਪਚਾਉਣ ਲਈ ਇੱਕ ਮਿਲੀਲੀਟਰ ਪਾਣੀ ਪੀਣ।
ਇਸਦਾ ਮਤਲਬ ਹੋਇਆ ਕਿ ਤੁਸੀਂ 2 ਹਜ਼ਾਰ ਕੈਲਰੀ ਲੈਣ ਵਾਲੀ ਮਹਿਲਾ ਹੋ ਤਾਂ ਤੁਹਾਨੂੰ 2 ਲੀਟਰ ਪਾਣੀ ਪੀਣਾ ਚਾਹੀਦਾ ਹੈ। 2500 ਕੈਲਰੀ ਲੈਣ ਵਾਲੇ ਮਰਦਾਂ ਨੂੰ 2 ਲੀਟਰ ਤੋਂ ਵੀ ਜ਼ਿਆਦਾ ਪਾਣੀ ਪੀਣਾ ਹੋਵੇਗਾ।
ਇਸ ਵਿੱਚ ਸਿਰਫ਼ ਸਾਦਾ ਪਾਣੀ ਨਹੀਂ, ਸਗੋਂ ਫ਼ਲ, ਸਬਜ਼ੀਆਂ ਅਤੇ ਦੂਜੇ ਪੀਣ ਵਾਲੇ ਪਦਾਰਥਾਂ ਤੋਂ ਮਿਲਣ ਵਾਲਾ ਪਾਣੀ ਸ਼ਾਮਿਲ ਹੈ। ਫ਼ਲਾਂ ਅਤੇ ਸਬਜ਼ੀਆਂ 'ਚ 98 ਫ਼ੀਸਦ ਤੱਕ ਪਾਣੀ ਹੋ ਸਕਦਾ ਹੈ।
ਇਸ ਤੋਂ ਇਲਾਵਾ 1974 ਵਿੱਚ ਮਾਰਗਰੇਟ ਮੈਕਿਲਿਯਮਸ ਅਤੇ ਫ੍ਰੈਡਰਿਕ ਸਟੇਅਰ ਦੀ ਕਿਤਾਬ ਨਿਊਟ੍ਰਿਸ਼ਨ ਫ਼ੌਰ ਗੁਡ ਹੈਲਥ 'ਚ ਸਿਫ਼ਾਰਿਸ਼ ਕੀਤੀ ਗਈ ਸੀ ਕਿ ਹਰ ਬਾਲਗ ਨੂੰ ਰੋਜ਼ 8 ਗਿਲਾਸ ਪਾਣੀ ਪੀਣਾ ਚਾਹੀਦਾ ਹੈ।
ਪਰ ਇਨ੍ਹਾਂ ਦੋਵਾਂ ਲੇਖਕਾਂ ਨੇ ਵੀ ਇਹ ਕਿਹਾ ਸੀ ਕਿ ਇਸ ਖ਼ੁਰਾਕ 'ਚ ਫ਼ਲਾਂ ਤੇ ਸਬਜ਼ੀਆਂ ਤੋਂ ਮਿਲਣ ਵਾਲੇ ਪਾਣੀ ਨੂੰ ਹੀ ਨਹੀਂ, ਸੌਫ਼ਟ ਡ੍ਰਿੰਕ ਅਤੇ ਇੱਥੋਂ ਤੱਕ ਕਿ ਬੀਅਰ ਤੋਂ ਮਿਲਣ ਵਾਲਾ ਪਾਣੀ ਵੀ ਸ਼ਾਮਿਲ ਹੈ।
ਇਸ 'ਚ ਕੋਈ ਦੋ ਰਾਇ ਨਹੀਂ ਕਿ ਪਾਣੀ ਬਹੁਤ ਜ਼ਰੂਰੀ ਹੈ। ਸਾਡੇ ਸਰੀਰ ਦੇ ਕੁੱਲ ਭਾਰ ਦਾ ਦੋ ਤਿਹਾਈ ਹਿੱਸਾ ਪਾਣੀ ਹੀ ਹੁੰਦਾ ਹੈ।
ਇਸ ਜ਼ਰੀਏ ਸਾਨੂੰ ਪੋਸ਼ਕ ਤੱਤ ਮਿਲਦੇ ਹਨ। ਪਾਣੀ ਸਰੀਰ ਦੇ ਖ਼ਰਾਬ ਤੱਤਾਂ ਨੂੰ ਬਾਹਰ ਕੱਢਣ ਵਿੱਚ ਵੀ ਅਹਿਮ ਭੂਮਿਕਾ ਅਦਾ ਕਰਦਾ ਹੈ।
ਸਾਡੇ ਸਰੀਰ ਦਾ ਤਾਪਮਾਨ ਰੈਗੂਲਰ ਕਰਨ ਤੋਂ ਲੈ ਕੇ, ਜੋੜਾਂ ਨੂੰ ਸਹੀ ਰੱਖਣ ਤੱਕ, ਪਾਣੀ ਬਹੁਤ ਸਾਰੇ ਕੰਮ ਕਰਦਾ ਹੈ। ਸਰੀਰ ਅੰਦਰ ਹੋਣ ਵਾਲੇ ਬਹੁਤ ਸਾਰੇ ਕੈਮਿਕਲ ਰਿਐਕਸ਼ਨ ਪਾਣੀ ਤੋਂ ਬਿਨ੍ਹਾਂ ਮੁਮਕਿਨ ਨਹੀਂ।
ਇਸ ਤੋਂ ਇਲਾਵਾ ਅਸੀਂ ਪਸੀਨਾ, ਪੇਸ਼ਾਬ ਅਤੇ ਸਾਹ ਰਾਹੀਂ ਪਾਣੀ ਨੂੰ ਸਰੀਰ ਵਿੱਚੋਂ ਕੱਢਦੇ ਵੀ ਰਹਿੰਦੇ ਹਾਂ। ਅਜਿਹੇ 'ਚ ਜ਼ਰੂਰੀ ਹੈ ਕਿ ਸਰੀਰ ਵਿੱਚ ਪਾਣੀ ਦੀ ਜ਼ਰੂਰੀ ਮਾਤਰਾ ਬਣੀ ਰਹੇ।
ਸਾਨੂੰ ਪਾਣੀ ਦੀ ਘਾਟ ਨਾ ਹੋਵੇ। ਜਦੋਂ ਵੀ ਸਰੀਰ 'ਚ ਇੱਕ ਤੋਂ ਦੋ ਫ਼ੀਸਦ ਪਾਣੀ ਘੱਟ ਹੋ ਜਾਂਦਾ ਹੈ, ਅਸੀਂ ਡਿਹਾਇਡ੍ਰੇਸ਼ਨ ਭਾਵ ਪਾਣੀ ਦੀ ਕਮੀ ਦੇ ਸ਼ਿਕਾਰ ਹੋ ਜਾਂਦੇ ਹਾਂ।
ਇਹ ਵੀ ਜ਼ਰੂਰ ਪੜ੍ਹੋ:
ਮੁੜ ਜਦੋਂ ਤੱਕ ਅਸੀਂ ਪਾਣੀ ਦੀ ਲੋੜੀਂਦਾ ਮਾਤਰਾ ਦੁਬਾਰਾ ਨਹੀਂ ਲੈ ਲੈਂਦੇ, ਸਾਡੀ ਹਾਲਤ ਖ਼ਰਾਬ ਹੁੰਦੀ ਜਾਂਦੀ ਹੈ। ਕਈ ਵਾਰ ਤਾਂ ਪਾਣੀ ਦੀ ਘਾਟ ਘਾਤਕ ਵੀ ਸਾਬਿਤ ਹੋ ਸਕਦੀ ਹੈ।
ਤਸਵੀਰ ਸਰੋਤ, Getty Images
ਭਰਮ
ਰੋਜ਼ 8 ਗਿਲਾਸ ਪਾਣੀ ਪੀਣ ਦਾ ਭਰਮ ਪੂਰੀ ਦੁਨੀਆਂ 'ਚ ਹੈ। ਕਈ ਦਹਾਕਿਆਂ ਤੋਂ ਚੱਲੀ ਆ ਰਹੀ ਸੋਚ ਇਸ ਕਦਰ ਹਾਵੀ ਹੋ ਗਈ ਹੈ ਕਿ ਅਸੀਂ ਇਸ ਪੈਮਾਨੇ ਦੇ ਹਿਸਾਬ ਨਾਲ ਪਾਣੀ ਦੀ ਭਾਰੀ ਕਮੀ ਦੇ ਸ਼ਿਕਾਰ ਹਾਂ।
ਹਾਲਾਂਕਿ ਜਾਣਕਾਰ ਮੰਨਦੇ ਹਨ ਕਿ ਸਾਨੂੰ ਪਾਣੀ ਦੀ ਉੰਨੀ ਹੀ ਲੋੜ ਹੈ, ਜਿੰਨੀ ਸਰੀਰ ਮੰਗ ਕਰੇ।
ਅਮਰੀਕਾ ਦੀ ਫਫ਼ਟਸ ਯੂਨੀਵਰਸਿਟੀ ਦੇ ਮਾਹਿਰ ਇਰਵੀਨ ਰੋਜ਼ੇਨਬਰਗ ਕਹਿੰਦੇ ਹਨ, ''ਪਾਣੀ ਦੇ ਸੰਤੁਲਨ ਨੂੰ ਬਣਾਉਣਾ ਇਨਸਾਨ ਦੇ ਸਰੀਰ ਨੇ ਹਜ਼ਾਰਾਂ ਸਾਲ ਦੀ ਵਿਕਾਸ ਦੀ ਪ੍ਰਕਿਰਿਆ ਤੋਂ ਲੰਘ ਕੇ ਸਿੱਖਿਆ ਹੈ।"
"ਇਸਦੀ ਸ਼ੁਰੂਆਤ ਉਦੋਂ ਹੋਈ ਸੀ ਜਦੋਂ ਸਮੰਦਰ ਤੋਂ ਪਹਿਲਾ ਜੀਵ ਜ਼ਮੀਨ 'ਤੇ ਰਹਿਣ ਪਹੁੰਚਿਆ ਸੀ। ਅੱਜ ਇਨਸਾਨਾਂ ਦੇ ਸਰੀਰ 'ਚ ਪਾਣੀ ਦਾ ਸੰਤੁਲਨ ਬਣਾਉਣ ਦੀ ਬੇਹੱਦ ਵਿਕਸਿਤ ਅਤੇ ਪੇਚੀਦਾ ਵਿਵਸਥਾ ਹੈ।''
ਕਿਸੇ ਵੀ ਸਿਹਤਮੰਦ ਸਰੀਰ 'ਚ ਪਾਣੀ ਦੀ ਲੋੜ ਹੁੰਦੇ ਹੀ ਦਿਮਾਗ ਨੂੰ ਪਤਾ ਚਲ ਜਾਂਦਾ ਹੈ ਤਾਂ ਉਹ ਇਨਸਾਨ ਨੂੰ ਪਿਆਸ ਲੱਗਣ ਦਾ ਇਸ਼ਾਰਾ ਦਿੰਦਾ ਹੈ।
ਦਿਮਾਗ ਤੋਂ ਇੱਕ ਹਾਰਮੋਨ ਗੁਰਦਿਆਂ ਨੂੰ ਵੀ ਨਿਰਦੇਸ਼ ਦਿੰਦਾ ਹੈ ਕਿ ਉਹ ਪੇਸ਼ਾਬ ਨੂੰ ਗਾੜਾ ਕਰਕੇ ਸਰੀਰ ਤੋਂ ਪਾਣੀ ਕੱਢਣ ਦਾ ਕੰਮ ਕਰੇ ਅਤੇ ਪਾਣੀ ਬਚਾਏ।
ਬ੍ਰਿਟੇਨ ਦੀ ਡਾਕਟਰ ਅਤੇ ਖਿਡਾਰੀਆਂ ਦੀ ਸਲਾਹਕਰ ਕੋਰਟਨੀ ਕਿਪਸ ਕਹਿੰਦੀ ਹੈ ਕਿ, "ਜੇ ਤੁਸਾਂ ਆਪਣੇ ਸਰੀਰ ਦੀ ਗੱਲ ਸੁਣੋਗੇ, ਤਾਂ ਇਹ ਦੱਸ ਦਿੰਦਾ ਹੈ ਕਿ ਤੁਹਾਨੂੰ ਪਿਆਸ ਕਦੋਂ ਲੱਗੀ ਹੈ।"
"ਲੋਕਾਂ ਦਾ ਇਹ ਸੋਚਣਾ ਕਿ ਪਿਆਸ ਲੱਗਣ ਦਾ ਮਤਲਬ ਪਾਣੀ ਦੀ ਕਮੀ ਹੁੰਦੇ ਹੋਏ ਬਹੁਤ ਦੇਰ ਹੋ ਗਈ ਹੈ, ਗਲਤ ਹੈ। ਹਜ਼ਾਰਾਂ ਸਾਲ ਤੋਂ ਇਨਸਾਨ ਅਜਿਹੇ ਹੀ ਸੰਕੇਤ ਤੋਂ ਬਾਅਦ ਪਿਆਸ ਬੁਝਾਉਂਦਾ ਆਇਆ ਹੈ। ਅਜਿਹੇ 'ਚ ਸਰੀਰ ਪਾਣੀ ਦੀ ਕਮੀ ਦਾ ਗ਼ਲਤ ਸੰਕੇਤ ਦੇਵੇਗਾ, ਇਹ ਸੋਚਣਾ ਗ਼ਲਤ ਹੈ।"
ਪਿਆਸ ਲੱਗਣ 'ਤੇ ਪਾਣੀ ਪੀਣਾ ਸਭ ਤੋਂ ਚੰਗਾ ਵਿਕਲਪ ਹੈ ਕਿਉਂਕਿ ਇਸ 'ਚ ਕੈਲਰੀ ਨਹੀਂ ਹੁੰਦੀ। ਪਰ ਅਸੀਂ ਪਿਆਸ ਲੱਗਣ 'ਤੇ ਚਾਹ, ਕੌਫ਼ੀ, ਕੋਲਡ ਡ੍ਰਿੰਕ ਜਾਂ ਦੂਜੇ ਪੀਣ ਵਾਲੇ ਪਦਾਰਥ ਲੈ ਕੇ ਵੀ ਪਾਣੀ ਦੀ ਕਮੀ ਪੂਰੀ ਕਰ ਸਕਦੇ ਹਾਂ।
ਕੈਫ਼ੀਨ ਦੇ ਕੁਝ ਸਾਈਡ ਇਫ਼ੈਕਟ ਭਾਵੇਂ ਹੋਣ ਪਰ ਕਈ ਰਿਸਰਚ ਇਹ ਦਸਦੀਆਂ ਹਨ ਕਿ ਚਾਹ-ਕੌਫ਼ੀ ਨਾਲ ਸਾਡੇ ਸਰੀਰ ਨੂੰ ਪਾਣੀ ਮਿਲਦਾ ਹੈ। ਇਸੇ ਤਰ੍ਹਾਂ ਸ਼ਰਾਬ ਅਤੇ ਬੀਅਰ ਨਾਲ ਵੀ ਸਰੀਰ ਨੂੰ ਪਾਣੀ ਮਿਲਦਾ ਹੈ।
ਤਸਵੀਰ ਸਰੋਤ, BBC/getty images
ਪਾਣੀ ਪੀਣਾ ਸਿਹਤ ਲਈ ਚੰਗਾ
ਵਿਗਿਆਨੀਆਂ ਨੂੰ ਹੁਣ ਤਕ ਅਜਿਹੇ ਕੋਈ ਸਬੂਤ ਨਹੀਂ ਮਿਲੇ, ਜੋ ਇਹ ਕਹਿਣ ਕਿ ਖ਼ੂਬ ਪਾਣੀ ਪੀਣਾ ਚਾਹੀਦਾ ਹੈ। ਪੀਂਦੇ ਹੀ ਰਹਿਣਾ ਚਾਹੀਦਾ ਹੈ। ਜਦੋਂ ਤੁਹਾਨੂੰ ਪਿਆਸ ਮਹਿਸੂਸ ਹੋਵੇ, ਉਦੋਂ ਪਾਣੀ ਪੀਓ।
ਹਾਲਾਂਕਿ ਥੋੜ੍ਹਾ-ਬਹੁਤ ਪਾਣੀ ਵੱਧ ਪੀਣ ਨਾਲ ਕੋਈ ਨੁਕਸਾਨ ਨਹੀਂ ਹੈ। ਇਹ ਸਾਨੂੰ ਡੀਹਾਈਡ੍ਰੇਸ਼ਨ ਯਾਨਿ ਪਾਣੀ ਦੀ ਕਮੀ ਤੋਂ ਬਚਾਉਂਦਾ ਹੈ।
ਇਸ ਨਾਲ ਦਿਮਾਗ ਨੂੰ ਕੰਮ ਕਰਨ 'ਚ ਆਸਾਨੀ ਹੁੰਦੀ ਹੈ। ਅਸੀਂ ਕਾਫ਼ੀ ਮਾਤਰਾ 'ਚ ਪਾਣੀ ਨੂੰ ਸਰੀਰ ਵਿੱਚ ਬਣਾਏ ਰੱਖ ਕੇ ਕਈ ਚੁਣੌਤੀਆਂ ਦਾ ਹੱਲ ਆਸਾਨੀ ਨਾਲ ਲੱਭ ਸਕਦੇ ਹਾਂ।
ਨਿਯਮਿਤ ਰੂਪ 'ਚ ਪਾਣੀ ਪੀ ਕੇ ਅਸੀਂ ਸਰੀਰ ਦਾ ਭਾਰ ਵਧਾਉਣ ਤੋਂ ਵੀ ਰੋਕ ਸਕਦੇ ਹਾਂ।
ਅਮਰੀਕਾ ਦੇ ਵਰਜੀਨੀਆ ਪਾਲੀਟੈਕਨਿਕ ਇੰਸਟੀਟਿਊਟ ਦੀ ਬ੍ਰੇਂਡਾ ਡੇਵੀ ਕਹਿੰਦੀ ਹੈ ਕਿ ਘੱਟ ਪਾਣੀ ਪੀਣ ਵਾਲਿਆਂ ਦੇ ਮੁਕਾਬਲੇ, ਵੱਧ ਪਾਣੀ ਪੀਣ ਵਾਲਿਆਂ ਦਾ ਭਾਰ ਤੇਜ਼ੀ ਨਾਲ ਘਟਦਾ ਹੈ।
ਉਧਰ ਯੂਨੀਵਰਸਿਟੀ ਕਾਲਜ ਲੰਡਨ ਦੀ ਬਾਰਬਰਾ ਰੌਲਜ਼ ਕਹਿੰਦੀ ਹੈ ਕਿ ਜੇ ਅਸੀਂ ਪਾਣੀ ਦੇ ਮਿੱਠੇ ਪਦਾਰਥ ਦੀ ਥਾਂ ਸਾਦਾ ਪਾਣੀ ਪੀਵਾਂਗੇ ਤਾਂ ਜ਼ਾਹਿਰ ਹੈ, ਸਾਡਾ ਭਾਰ ਘਟੇਗਾ ਹੀ।
ਇਸੇ ਤਰ੍ਹਾਂ ਸੂਪ ਜਾਂ ਸ਼ਰਬਤ ਦੀ ਥਾਂ ਜੇ ਪਾਣੀ ਲੈ ਲਵੇਗਾ ਤਾਂ ਸਰੀਰ 'ਚ ਘੱਟ ਕੈਲਰੀਜ਼ ਜਾਣਗੀਆਂ।
ਇੱਕ ਸੋਚ ਇਹ ਵੀ ਹੈ ਕਿ ਢੇਰ ਸਾਰਾ ਪਾਣੀ ਪੀਣ ਨਾਲ ਚਮੜੀ ਚਮਕਦਾਰ ਰਹਿੰਦੀ ਹੈ। ਪਰ ਵਿਗਿਆਨੀਆਂ ਨੂੰ ਹੁਣ ਤੱਕ ਇਸ ਬਾਰੇ ਸਬੂਤ ਨਹੀਂ ਮਿਲੇ।
ਤਸਵੀਰ ਸਰੋਤ, Getty Images
ਜ਼ਿਆਦਾ ਪਾਣੀ ਸਿਹਤ ਲਈ ਚੰਗਾ?
ਜੋ ਲੋਕ ਦਿਨ ਭਰ 'ਚ 8 ਗਿਲਾਸ ਪਾਣੀ ਪੀਣ ਦੀ ਕੋਸ਼ਿਸ਼ ਕਰਦੇ ਹਨ, ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਹੈ। ਪਰ, ਹਰ ਸਮੇਂ ਪਾਣੀ ਹੀ ਪੀਂਦੇ ਰਹਿਣ ਦੇ ਕੁਝ ਨੁਕਸਾਨ ਜ਼ਰੂਰ ਹੋ ਸਕਦੇ ਹਨ।
ਇਸ ਨਾਲ ਸਰੀਰ 'ਚ ਸੋਡੀਅਮ ਦੀ ਕਮੀ ਹੋ ਜਾਂਦੀ ਹੈ। ਸੋਡੀਅਮ ਦੀ ਕਮੀ ਹੋਣ ਨਾਲ ਦਿਮਾਗ ਅਤੇ ਫ਼ੇਫੜਿਆਂ 'ਚ ਸੋਜ ਆ ਜਾਂਦੀ ਹੈ।
ਡਾਕਟਰ ਕੋਰਟਨੀ ਕਿਪਸ ਕਹਿੰਦੀ ਹੈ ਕਿ ਅਸੀਂ ਸਰੀਰ ਦੇ ਸੰਕੇਤ ਨੂੰ ਦਰਕਿਨਾਰ ਕਰ ਕੇ ਆਪਣੇ ਮਨ ਨਾਲ ਪਾਣੀ ਪੀਣ ਲਗਦੇ ਹਾਂ, ਤਾਂ ਇਹ ਨੁਕਸਾਨ ਕਰ ਸਕਦਾ ਹੈ।
ਇਹ ਵੀ ਜ਼ਰੂਰ ਪੜ੍ਹੋ:
ਜੋਹਾਨਾ ਪੈਕੇਨਹੈਮ ਬ੍ਰਿਟੇਨ ਦੀ ਐਥਲੀਟ ਹਨ। ਉਨ੍ਹਾਂ ਨੇ 2018 ਦੀ ਲੰਡਨ ਮੈਰਾਥਨ 'ਚ ਹਿੱਸਾ ਲਿਆ ਸੀ।
ਉਸ ਦੌਰਾਨ ਉਨ੍ਹਾਂ ਚੰਗੀ ਮਾਤਰਾ ਵਿੱਚ ਪਾਣੀ ਪੀਤਾ ਕਿਉਂਕਿ ਤੇਜ਼ ਗਰਮੀ ਸੀ। ਦੌੜ ਖ਼ਤਮ ਹੋਣ ਤੋਂ ਬਾਅਦ ਵੀ ਉਨ੍ਹਾਂ ਦੇ ਦੋਸਤਾਂ ਨੇ ਉਨ੍ਹਾਂ ਨੂੰ ਪਾਣੀ ਪਿਆ ਦਿੱਤਾ।
ਫ਼ਿਰ ਉਹ ਜ਼ਿਆਦਾ ਪਾਣੀ ਪੀਣ ਕਰਕੇ ਬੇਹੋਸ਼ ਹੋ ਗਈ ਅਤੇ ਏਅਰ ਐਂਬੂਲੈਂਸ ਨਾਲ ਹਲਪਤਾਲ ਪਹੁੰਚਾਇਆ ਗਿਆ।
ਉਹ ਇੱਕ ਦਿਨ ਤੱਕ ਬੇਹੋਸ਼ ਰਹੀ ਸੀ। ਜੋਹਾਨਾ ਕਹਿੰਦੀ ਹੈ ਕਿ ਉਨ੍ਹਾਂ ਦਾ ਹਰ ਦੋਸਤ ਅਤੇ ਜਾਣਕਾਰ ਮੈਰਾਥਨ ਦੌੜਣ ਲਈ ਇੱਕ ਹੀ ਸਲਾਹ ਦਿੰਦਾ ਸੀ - ਬਹੁਤ ਸਾਰਾ ਪਾਣੀ ਪੀਂਦੇ ਰਹੋ।
ਉਹ ਹੁਣ ਲੋਕਾਂ ਨੂੰ ਕਹਿੰਦੀ ਹੈ ਕਿ ਵੱਧ ਪਾਣੀ ਪੀਣ ਵਰਗੇ ਬਿਨ੍ਹਾਂ ਮੰਗੇ ਮਸ਼ਵਰੇ ਵੀ ਘਾਤਕ ਹੋ ਸਕਦੇ ਹਨ।
ਤਸਵੀਰ ਸਰੋਤ, Getty Images
ਕਿੰਨਾ ਪਾਣੀ ਪੀਣਾ ਚਾਹੀਦਾ ਹੈ?
ਬਹੁਤ ਸਾਰਾ ਪਾਣੀ ਪੀਂਦੇ ਰਹਿਣ ਦੀ ਸਲਾਹ ਇਸ ਕਦਰ ਹਾਵੀ ਹੈ ਕਿ ਅਸੀਂ ਜਿੱਥੇ ਵੀ ਜਾਂਦੇ ਹਾਂ, ਪਾਣੀ ਲਈ ਜਾਂਦੇ ਹਾਂ ਤਾਂ ਜੋ ਪਾਣੀ ਪੀਂਦੇ ਰਹੀਏ। ਅਕਸਰ ਅਸੀਂ ਆਪਣੀ ਜ਼ਰੂਰਤ ਤੋਂ ਜ਼ਿਆਦਾ ਪਾਣੀ ਸਰੀਰ ਨੂੰ ਦਿੰਦੇ ਹਾਂ।
ਲੰਡਨ ਦੇ ਮਾਹਿਰ ਹਯੂ ਮਾਂਟੀਗੋਮਰੀ ਕਹਿੰਦੇ ਹਨ ਕਿ ਤੇਜ਼ ਗ਼ਰਮੀ ਵਾਲੇ ਇਲਾਕੇ 'ਚ ਰਹਿਣ ਵਾਲਿਆਂ ਨੂੰ ਵੀ ਦਿਨ ਭਰ 'ਚ ਵੱਧ ਤੋਂ ਵੱਧ ਦੋ ਲੀਟਰ ਪਾਣੀ ਦੀ ਲੋੜ ਹੁੰਦੀ ਹੈ।
ਅੱਧੇ ਘੰਟੇ ਦੇ ਸਫ਼ਰ ਲਈ ਪਾਣੀ ਦੀ ਬੋਤਲ ਨਾਲ ਲੈ ਕੇ ਚੱਲਣ ਦੀ ਲੋੜ ਨਹੀਂ ਹੈ। ਭਾਵੇਂ ਤੁਸੀਂ ਪਸੀਨੇ ਨਾਲ ਲੱਥਪੱਥ ਹੀ ਕਿਉਂ ਨਾ ਹੋਵੋ।
ਬ੍ਰਿਟੇਨ ਦੀ ਨੈਸ਼ਨਲ ਹੈਲਥ ਸਰਵਿਸ ਦੀ ਐਡਵਾਇਜ਼ਰੀ ਕਹਿੰਦੀ ਹੈ ਕਿ ਤੁਸੀਂ ਰੋਜ਼ 6 ਤੋਂ 8 ਗਿਲਾਸ ਪਾਣੀ ਪੀਓ। ਇਸ 'ਚ ਦੁੱਧ, ਸੌਫ਼ਟ ਡ੍ਰਿੰਕ, ਚਾਹ-ਕੌਫ਼ੀ ਸ਼ਾਮਿਲ ਹੈ।
ਸਾਡੇ ਲਈ ਇਹ ਜਾਣਨਾ ਵੀ ਜ਼ਰੂਰੀ ਹੈ ਕਿ 60 ਸਾਲ ਦੀ ਉਮਰ ਦੇ ਬਾਅਦ ਪਿਆਸ ਮਹਿਸੂਸ ਕਰਨ ਦੀ ਸਾਡੀ ਸ਼ਕਤੀ ਖ਼ਤਮ ਹੋ ਜਾਂਦੀ ਹੈ।
ਇਸ ਦੌਰਾਨ ਡੀਹਾਈਡ੍ਰੇਸ਼ਨ ਹੋਣ ਦਾ ਖ਼ਦਸ਼ਾ ਵੱਧ ਹੁੰਦਾ ਹੈ, ਭਾਵ ਬੁਢਾਪੇ 'ਚ ਸਾਨੂੰ ਪਾਣੀ ਪੀਣ 'ਤੇ ਵੱਧ ਧਿਆਨ ਦੇਣਾ ਹੋਵੇਗਾ।
ਸਾਨੂੰ ਆਪਣੇ ਬਜ਼ੁਰਗਾਂ ਦਾ ਵੀ ਖ਼ਿਆਲ ਰੱਖਣਾ ਹੋਵੇਗਾ ਕਿ ਉਹ ਨਿਯਮਿਤ ਰੂਪ 'ਚ ਪਾਣੀ ਲੈਂਦੇ ਰਹਿਣ।
ਹਰ ਇਨਸਾਨ ਦੀ ਪਾਣੀ ਦੀ ਜ਼ਰੂਰਤ ਵੱਖ-ਵੱਖ ਹੁੰਦੀ ਹੈ। ਇਸ ਲਈ ਰੋਜ਼ 8 ਗਿਲਾਸ ਪਾਣੀ ਪੀਣ ਦਾ ਫ਼ਾਰਮੂਲਾ ਸਭ 'ਤੇ ਲਾਗੂ ਨਹੀਂ ਹੁੰਦਾ। ਜਦੋਂ ਲੋੜ ਮਹਿਸੂਸ ਹੋਵੇ ਉਦੋਂ ਪਾਣੀ ਪੀਓ।
ਜ਼ਿਆਦਾ ਪਾਣੀ ਪੀਣ ਦਾ ਇੱਕ ਹੀ ਲਾਭ ਮਿਲ ਸਕਦਾ ਹੈ। ਤੁਸੀਂ ਵਾਰ-ਵਾਰ ਟੌਇਲੇਟ ਜਾਓਗੇ, ਤਾਂ ਕੁਝ ਕੈਲਰੀ ਆਉਣ-ਜਾਣ 'ਚ ਖ਼ਰਚ ਕਰੋਗੇ।
(ਮੂਲ ਲੇਖ ਅੰਗਰੇਜ਼ੀ 'ਚ ਪੜ੍ਹਨ ਲਈ ਇੱਥੇ ਕਲਿੱਕ ਕਰੋ, ਜੋ ਬੀਬੀਸੀ ਫ਼ਿਊਚਰ 'ਤੇ ਮੌਜੂਦ ਹੈ।)
ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆ ਸਕਦੇ ਹਨ -