ਅਫ਼ਗਾਨਿਸਤਾਨ ਦੀਆਂ ਔਰਤਾਂ ਜੋ ਆਪਣੇ ਹੱਕ ਦੁਬਾਰਾ ਗੁਆਉਣਾ ਨਹੀਂ ਚਾਹੁੰਦੀਆਂ
- ਲੀਸ ਦੂਸੈਟ
- ਬੀਬੀਸੀ ਪੱਤਰਕਾਰ

ਜ਼ੈਨ ਟੀਵੀ ਦੀਆਂ ਔਰਤਾਂ ਨੇ ਆਪਣੇ ਹੱਕਾਂ ਲਈ ਲੜਾਈ ਦਾ ਅਹਿਦ ਲਿਆ
18 ਸਾਲ ਦੀ ਓਗਾਈ ਵਾਰਦਾਕ ਦਾ ਜਦੋਂ ਤਾਲੀਬਾਨ ਲੜਾਕਿਆਂ ਨਾਲ ਆਹਮੋ-ਸਾਹਮਣੇ ਹੋਇਆ ਤਾਂ ਉਸ ਦਾ ਡਰ ਤੁਰੰਤ ਹੀ ਇੱਕ ਸੰਭਾਵਨਾ ਵਿੱਚ ਬਦਲ ਗਿਆ।
ਜਦੋਂ ਮੈਂ ਉਸ ਨੂੰ ਕਾਬੁਲ 'ਚ ਸਿਰਫ਼ ਔਰਤਾਂ ਲਈ ਚਲਾਏ ਜਾਂਦੇ ਟੈਲੀਵਿਜ਼ਨ ਚੈਨਲ ਜ਼ੈਨ ਟੀਵੀ ਸਟੂਡੀਓ 'ਚ ਮਿਲੀ ਤਾਂ ਉਸ ਨੇ ਮੈਨੂੰ ਦੱਸਿਆ , "ਉਨ੍ਹਾਂ ਦੇ ਚਿਹਰੇ 'ਤੇ ਡਰ ਸੀ ਪਰ ਉਹ ਦਿਆਲੂ ਸਨ।"
ਇੱਕ ਨੌਜਵਾਨ ਕੁੜੀ ਦੱਸਦੀ ਹੈ, "ਹੁਣ ਦਾ ਇਹ ਤਾਲਿਬਾਨ ਅਤੀਤ ਵਰਗਾ ਨਹੀਂ ਹੈ ਅਤੇ ਨਾ ਹੀ ਮੈਨੂੰ ਸੁਣਾਈਆਂ ਗਈਆਂ ਡਰਾਉਣੀਆਂ ਕਹਾਣੀਆਂ ਵਾਲਾ।"
ਉਸ ਦਾ ਜਨਮ ਸਾਲ 2001 'ਚ ਹੋਇਆ ਅਤੇ ਇਸੇ ਸਾਲ 'ਚ ਤਾਲਿਬਾਨ ਪੂਰੇ ਜ਼ੋਰ 'ਤੇ ਸੀ।
ਵਾਰਦਕ ਪਿਛਲੇ ਸਾਲ ਤਿੰਨ ਦਿਨ ਚੱਲਣ ਵਾਲੀ ਗੋਲੀਬਾਰੀ ਦੌਰਾਨ ਕੁਝ ਲੜਾਕਿਆਂ ਨੂੰ ਕਾਬੁਲ ਦੀਆਂ ਸੜਕਾਂ 'ਤੇ ਮਿਲੀ।
ਇਸ ਦੌਰਾਨ ਉਹ ਲੜਾਕੇ ਆਈਸ ਕ੍ਰਾਈਮ ਖਾ ਰਹੇ ਸਨ ਅਤੇ ਸੈਲਫੀਆਂ ਲੈ ਰਹੇ ਸਨ।
ਪਰ ਜੇਕਰ ਤਾਲਿਬਾਨ ਵਾਪਸ ਆਉਂਦਾ ਹੈ ਤਾਂ ਕੀ ਉਨ੍ਹਾਂ ਨੂੰ ਜ਼ੈਨ ਟੀਵੀ ਦੇ ਪ੍ਰਸਾਰਣ ਜਾਰੀ ਰੱਖਣ ਦੇਵੇਗਾ?
"ਨਹੀਂ" ਉਸ ਨੇ ਤੁਰੰਤ ਜਵਾਬ ਦਿੱਤਾ। "ਪਰ ਮੈਨੂੰ ਉਨ੍ਹਾਂ ਨਾਲ ਲੜਨਾ ਪਵੇਗਾ, ਇਹ ਮੇਰਾ ਸੁਪਨਾ ਹੈ ਅਤੇ ਮੈ ਆਪਣੀਆਂ ਭੈਣਾਂ ਲਈ ਕੰਮ ਕਰਨਾ ਹੈ।"
ਅਫ਼ਗਾਨ ਇਸ ਵਾਰ ਗਲਫ਼ ਸਟੇਟ ਕਤਰ 'ਚ ਤਾਲਿਬਾਨ ਨਾਲ ਫਿਰ ਗੱਲਬਾਤ ਕਰਨ ਲਈ ਕੰਮ ਕਰ ਰਿਹਾ ਹੈ।
ਇਹ ਵੀ ਪੜ੍ਹੋ-
ਔਰਤਾਂ ਦੇ ਦਿਲ ਜ਼ਹਿਨ ਵਿੱਚ ਇਹ ਸਵਾਲ ਹੈ ਕਿ ਇਸ ਨਾਲ ਉਨ੍ਹਾਂ ਦੀ ਜਿੱਤ ਹੋਵੇਗੀ ਜਾਂ ਹਾਰ।
ਸਿਆਸਤਦਾਨ ਫਾਅਜ਼ੀਆ ਕੂਫੀ ਇਕੋ ਇੱਕ ਅਜਿਹੀ ਔਰਤ ਸੀ, ਜਿਨ੍ਹਾਂ ਨੇ ਫਰਵਰੀ 'ਚ ਤਾਲਿਬਾਨ ਨਾਲ ਪਹਿਲੇ ਦੌਰ ਦੀ ਗੱਲਬਾਤ 'ਚ ਹਿੱਸਾ ਲਿਆ ਸੀ।
ਉਨ੍ਹਾਂ ਨੇ ਦੱਸਿਆ, "ਉਹ ਕੋਈ ਸੌਖਾ ਵੇਲਾ ਨਹੀਂ ਸੀ।"
ਉਨ੍ਹਾਂ ਨੇ ਦੱਸਿਆ, "ਜਦੋਂ ਮੈਂ ਕਮਰੇ 'ਚ ਆਈ ਤਾਂ ਉਨ੍ਹਾਂ ਵੱਲੋਂ ਅਫ਼ਗਾਨਿਸਤਾਨ 'ਚ ਕੀਤੀ ਹੋਈ ਹਰ ਵਾਰਦਾਤ ਮੇਰੇ ਜ਼ਹਿਨ 'ਚ ਸੀ।"
ਉਸ ਦੀ ਕਹਾਣੀ ਹਰੇਕ ਉਸ ਔਰਤ ਦੀ ਕਹਾਣੀ ਵਾਂਗ ਹੈ ਜਿਸ ਨੂੰ ਸਕੂਲ ਜਾਣ ਤੋਂ ਰੋਕਿਆ ਗਿਆ ਅਤੇ ਸੜਕਾਂ 'ਤੇ ਤੁਰਨ ਵੇਲੇ ਪੱਥਰ ਮਾਰੇ ਗਏ।
ਉਨ੍ਹਾਂ ਨੇ ਦੱਸਿਆ, "ਅਸੀਂ ਇੱਕ-ਦੂਜੇ ਨੂੰ ਸੁਣਿਆ ਅਤੇ ਅਸੀਂ ਵਧੇਰੇ ਸਹਿਮਤ ਨਹੀਂ ਸੀ ਪਰ ਉਸ ਵੇਲੇ ਮੈਨੂੰ ਲੱਗਾ ਕਿ ਅਸੀਂ ਵਾਪਸ ਨਹੀਂ ਜਾ ਸਕਦੇ।"
ਅਫ਼ਗਾਨਿਸਤਾਨ ਦਾ ਮਿਜ਼ਾਈਲਾਂ ਵਾਲਾ ਪਿੰਡ
ਅਫ਼ਗਾਨਿਸਤਾਨ ਦਾ ਅਤੀਤ ਕਿਸੇ ਵੱਖਰੇ ਦੇਸ ਵਾਂਗ ਸੀ, ਤਾਲਿਬਾਨ ਦੇ ਸਖ਼ਤ ਸ਼ਾਸਨ ਤੋਂ ਬਾਅਦ ਇਹ ਸਖ਼ਤ ਰੂੜੀਵਾਦੀ ਸਮਾਜ ਬਦਲ ਗਿਆ ਹੈ।
ਇਹ ਇੱਕ ਅਜਿਹੀ ਕਹਾਣੀ ਹੈ ਜੋ ਪ੍ਰੇਰਿਤ ਤਾਂ ਕਰਦੀ ਹੈ ਪਰ ਨਾਲ ਹੀ ਡਰਾਵਨੀ ਵੀ ਹੈ।
ਦੇਸ ਨੂੰ ਅਜੇ ਵੀ ਅਕਸਰ "ਔਰਤਾਂ ਲਈ ਬੇਹੱਦ ਖ਼ਰਾਬ ਕਿਹਾ ਜਾਂਦਾ ਹੈ"।
ਇੱਥੇ ਔਰਤਾਂ ਦੀ ਸਾਖਰਤਾ ਦਰ 17 ਫੀਸਦ ਹੈ ਅਤੇ ਇਸ ਦੇ ਬਾਵਜੂਦ ਔਰਤਾਂ ਨੇ ਪਿਛਲੀ ਅਫ਼ਗਾਨ ਸੰਸਦ 'ਚ ਕਰੀਬ ਇੱਕ ਚੌਥਾਈ ਸੀਟਾਂ ਆਪਣੇ ਕੋਲ ਰੱਖੀਆਂ।
'ਅਸੀਂ ਅਜੇ ਵੀ ਸੰਘਰਸ਼ ਕਰ ਰਹੇ ਹਾਂ'
ਦਫ਼ਤਰਾਂ 'ਚ ਔਰਤਾਂ ਦੀ ਗਿਣਤੀ 'ਚ ਮਹੱਤਵਪੂਰਨ ਵਾਧਾ ਹੋਇਆ ਹੈ ਪਰ ਅਜੇ ਬਹੁਤ ਸਾਰੀਆਂ ਔਰਤਾਂ ਕੈਦ ਵਿੱਚ ਹੀ ਜੀਵਨ ਬਿਤਾ ਰਹੀਆਂ ਹਨ ਤੇ ਆਪਣੀ ਜ਼ਿੰਦਗੀ ਬਾਰੇ ਘਟ ਹੀ ਬੋਲਦੀਆਂ ਹਨ।
ਆਪਣਾ ਨਾਮ ਲੈਂਦਿਆਂ ਹੋਇਆ ਡਰਨ ਵਾਲੀ ਇੱਕ ਨੌਜਵਾਨ ਕੁੜੀ, ਜਿਸ ਨੇ ਗੁਲਾਬੀ ਸਕਾਰਫ ਪਾਇਆ ਹੋਇਆ ਸੀ, ਨੇ ਮੈਨੂੰ ਦੱਸਿਆ, "ਜਦੋਂ ਮੈਂ ਆਪਣੀ ਕਲਾਸ 'ਚ ਪਹਿਲੇ ਨੰਬਰ 'ਤੇ ਆਈ ਤਾਂ ਮੈਂ ਆਪਣੇ ਪਿਤਾ ਨੂੰ ਕਿਹਾ ਕਿ ਮੈਂ ਭਵਿੱਖ ਬਣਾਉਣ ਲਈ ਯੂਨੀਵਰਸਿਟੀ ਜਾਣਾ ਚਾਹੁੰਦੀ ਹਾਂ"
"ਪਰ ਉਨ੍ਹਾਂ ਨੇ ਮੈਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ ਅਤੇ ਕਿਹਾ ਤੈਨੂੰ ਉਹੀ ਮੰਨਣਾ ਪਵੇਗਾ ਜੋ ਤੇਰੇ ਪਿਤਾ ਕਹਿਣਗੇ।"
ਇਸ ਤੋਂ ਇਲਾਵਾ ਅਸੀਂ ਕਾਬੁਲ ਦੀਆਂ ਹੋਰ ਅਜਿਹੀਆਂ ਔਰਤਾਂ ਨਾਲ ਮਿਲੇ, ਜਿਨ੍ਹਾਂ ਨੇ ਜ਼ਬਰੀ ਵਿਆਹ, ਘਰੇਲੂ ਹਿੰਸਾ ਤੇ ਅਖ਼ੀਰ ਬਚ ਨਿਕਲਣ ਵਾਲੀਆਂ ਕਹਾਣੀਆਂ ਦੱਸੀਆਂ।
ਉਨ੍ਹਾਂ 'ਚੋਂ ਇੱਕ ਨੇ ਦੱਸਿਆ, "ਮੈਂ ਤਾਲਿਬਾਨ ਵੇਲੇ ਆਪਣੇ ਘਰ ਦੇ ਇੱਕ ਗੁਪਤ ਕਮਰੇ 'ਚ ਕੁੜੀਆਂ ਨੂੰ ਪੜਾਇਆ।"
ਇਹ ਵੀ ਪੜ੍ਹੋ-
ਹੋਰੀਆ (ਸੱਜਿਓ ਦੂਜੀ) ਨੇ ਆਪਣੇ ਸੁਪਨਿਆਂ ਲਈ ਆਪਣੇ ਪਰਿਵਾਰ ਨਾਲ ਸੰਘਰਸ਼ ਕੀਤਾ
ਹਾਲਾਂਕਿ, ਉਹ ਵੀ ਆਪਣਾ ਨਾਮ ਲੈਣ ਤੋਂ ਡਰ ਰਹੀ ਸੀ। ਉਨ੍ਹਾਂ ਨੇ ਅੱਗੇ ਦੱਸਿਆ, "ਅਸੀਂ ਅਜੇ ਵੀ ਸੰਘਰਸ਼ ਕਰ ਰਹੇ ਹਾਂ।"
ਪਰ ਉਨ੍ਹਾਂ ਦਾ ਇਹ ਡਰ ਉਨ੍ਹਾਂ ਦੇ ਅੰਦਰ ਸੰਘਰਸ਼ਮਈ ਜਜ਼ਬਾ ਭਰ ਰਿਹਾ।
ਗੁਲਾਬੀ ਸਕਾਰਫ ਵਾਲੀ ਕੁੜੀ ਨੇ ਦੱਸਿਆ ਕਿ ਕਿਵੇਂ ਉਸ ਦੇ ਪਿਤਾ ਨੇ ਉਸ ਨੂੰ ਕਰੀਬ ਡੇਢ ਮਹੀਨੇ ਤੱਕ ਹਨੇਰੇ ਕਮਰੇ 'ਚ ਉਦੋਂ ਤੱਕ ਕੈਦ ਕਰਕੇ ਰੱਖਿਆ ਸੀ, ਜਦੋਂ ਤੱਕ ਉਸ ਨੇ ਉਨ੍ਹਾਂ ਦੀ ਮਰਜ਼ੀ ਵਾਲੇ ਆਦਮੀ ਨਾਲ ਵਿਆਹ ਕਰਵਾਉਣ ਲਈ ਹਾਂ ਨਹੀਂ ਕੀਤੀ।
ਉਨ੍ਹਾਂ ਨੇ ਕਿਹਾ, "ਮੈਨੂੰ ਲਗਦਾ ਹੈ ਔਰਤਾਂ ਨੂੰ ਸੰਘਰਸ਼ ਦੀ ਲੋੜ ਹੈ।"
"ਅਫ਼ਗਾਨਿਸਤਾਨ 'ਚ ਕਈ ਪੜ੍ਹੇ-ਲਿਖੇ ਲੋਕ ਹਨ ਅਤੇ ਮੇਰੇ ਵਰਗੀਆਂ ਪੜ੍ਹੀਆਂ-ਲਿਖੀਆਂ ਕੁੜੀਆਂ ਨੂੰ ਆਵਾਜ਼ ਚੁੱਕਣੀ ਚਾਹੀਦੀ ਹੈ ਅਤੇ ਆਪਣੇ ਪਰਿਵਾਰ ਤੇ ਸਮਾਜ ਨੂੰ ਸਮਝਾਉਣ ਦੀ ਲੋੜ ਹੈ।"
ਕਾਬੁਲ ਦੀ ਹੋਰੀਆਨਾ ਫਿਟਨੈਸ ਜਿਮ 'ਚ ਕਿਸੇ ਤਰ੍ਹਾਂ ਬੇਲੋੜੀਂਦੇ ਲੋਕਾਂ ਨੂੰ ਅੰਦਰ ਆਉਣ ਤੋਂ ਰੋਕਣ ਲਈ ਇੱਕ ਲੋਹੇ ਦਾ ਦਰਵਾਜ਼ਾ ਲਗਾਇਆ ਗਿਆ ਹੈ।
ਜਿਮ ਚਲਾਉਣ ਵਾਲੀ 19 ਸਾਲਾ ਹੋਰੀਆ ਕੁਰਬਾਨੀ ਦੱਸਦੀ ਹੈ, "ਸਾਨੂੰ ਕਈ ਵਾਰ ਧਮਕੀਆਂ ਮਿਲੀਆਂ ਅਤੇ ਚਿਤਾਵਨੀ ਦਿੱਤੀ ਗਈ ਕਿ ਜੇਕਰ ਅਸੀਂ ਜਿਮ ਬੰਦ ਨਾ ਕੀਤੀ ਤਾਂ ਇਸ ਦੀ ਸਜ਼ਾ ਭੁਗਤਣੀ ਪਵੇਗੀ।
ਹੋਰੀਆ ਔਰਤਾਂ ਲਈ ਬਾਡੀਬਿਲਡਿੰਗ, ਯੋਗਾ ਅਤੇ ਡਾਂਸ ਕਲਾਸਾਂ ਚਲਾਉਂਦੀ ਹੈ।
ਛੋਟੇ ਤੇ ਸੁਨਿਹਰੀ ਵਾਲ ਉਸ ਦੇ ਸਕਾਰਫ ਵਿੱਚੋਂ ਦਿਖ ਰਹੇ ਸਨ ਅਤੇ ਇਸ ਦੇ ਨਾਲ ਹੀ ਉਹ ਪੂਰੀ ਤਰ੍ਹਾਂ ਮਜ਼ਬੂਤ ਅਤੇ ਸੁਡੋਲ ਸਰੀਰ ਵਾਲੀ ਲੱਗ ਰਹੀ ਸੀ।
ਉਸ ਨੇ ਦੱਸਿਆ, "ਪਹਿਲੀ ਆਲੋਚਨਾ ਮੈਨੂੰ ਆਪਣੇ ਪਰਿਵਾਰ ਵੱਲੋਂ ਝੱਲਣੀ ਪਈ। ਉਨ੍ਹਾਂ ਨੇ ਮੈਨੂੰ ਕਿਹਾ ਕਿ ਤੂੰ ਰੂੜੀਵਾਦੀ ਸਮਾਜ 'ਚ ਰਹਿੰਦੀ ਹੈ ਅਤੇ ਤੂੰ ਇਹ ਸਭ ਨਹੀਂ ਕਰ ਸਕਦੀ ਤੇ ਨਾ ਹੀ ਤੇਰੇ ਕੋਲ ਇਹ ਸਭ ਕਰਨ ਦੀ ਸਮਰਥਾ ਹੈ।"
ਤਾਲਿਬਾਨ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਤਾਲਿਬਾਨ ਨਾਲ ਗੱਲਬਾਤ ਜਾਂ ਫੌਜੀ ਕਬਜ਼ਾ, ਇਹ ਇੱਕ ਵੱਖਰਾ ਅਧਿਆਇ ਹੈ।
6 ਸਾਲ ਬਾਅਦ ਪਾਕ ਪਰਤੀ ਮਲਾਲਾ ਦਾ ਬੀਬੀਸੀ ਨੂੰ ਖ਼ਾਸ ਇੰਟਰਵਿਊ
ਉਸ ਨੇ ਦੱਸਿਆ, "ਮੈਂ ਡਰ ਨਾਲ ਸਹਿਮੇ ਹੋਏ ਸਮਾਜ 'ਚ ਆਪਣੀ ਉਮਰ ਬਿਤਾਈ ਹੈ। ਅਸੀਂ ਹਮੇਸ਼ਾ ਖਤਰੇ 'ਚ ਹਾਂ ਅਤੇ ਇਸ ਲਈ ਹੁਣ ਮੈਂ ਇਸ ਦੀ ਆਦੀ ਹੋ ਗਈ ਹਾਂ।"
ਤਾਲਿਬਾਨੀ ਆਗੂ ਅਜੇ ਅਫ਼ਗਾਨ ਅਤੇ ਅਮਰੀਕੀ ਸਰਕਾਰ ਨਾਲ ਗੱਲਬਾਤ ਦੇ ਸ਼ੁਰੂਆਤੀ ਪੱਧਰ 'ਤੇ ਹਨ ਤੇ ਆਪਣੇ ਆਪ ਦੇ ਬਦਲਣ ਦਾ ਦਾਅਵਾ ਕਰ ਰਹੇ ਹਨ।
ਪਰ ਅਫ਼ਗਾਨਿਸਤਾਨ ਦੀਆਂ ਔਰਤਾਂ ਅਜੇ ਵੀ ਉਨ੍ਹਾਂ ਕੋਲੋਂ ਪੁੱਛ ਰਹੀਆਂ ਹਨ, "ਹੁਣ ਤੱਕ ਕਿੰਨਾ ਬਦਲੇ ਹੋ?"
ਮਾਈਨਸ, ਪੈਟ੍ਰੋਲੀਅਮ ਅਤੇ ਇੰਡਸਟਰੀ ਮਹਿਕਮੇ 'ਚ ਮਹੱਤਵਪੂਰਨ ਅਹੁਦੇ 'ਤੇ ਕਾਬਿਜ਼ 38 ਸਾਲਾਂ ਨਰਗਿਸ ਨੇਹਾਨ ਮੁਤਾਬਕ, "ਜਦੋਂ ਉਹ ਪਹਿਲੀ ਵਾਰ ਸੱਤਾ 'ਚ ਆਏ ਤਾਂ ਔਰਤਾਂ ਨੂੰ ਸਿੱਖਿਆ ਅਤੇ ਸਿਹਤ ਸੈਕਟਰ 'ਚ ਕੰਮ ਕਰਨ ਦੀ ਮਨਜ਼ੂਰੀ ਦੇਣਾ ਹੀ ਕਾਫੀ ਸੀ, ਪਰ ਕਰੀਬ 18 ਸਾਲਾਂ ਵਿੱਚ ਅਸੀਂ ਬਹੁਤ ਤਰੱਕੀ ਕੀਤੀ ਹੈ।"
ਨਰਗਿਸ ਸਰਕਾਰ ਵਿੱਚ ਔਰਤ ਮੰਤਰੀਆਂ ਅਤੇ ਉੱਪ ਮੰਤਰੀਆਂ ਦੀ ਛੋਟੀ ਪਰ ਵੱਧਦੀ ਗਿਣਤੀ ਵਿੱਚੋਂ ਇੱਕ ਹਨ।
ਊਰਜਾ ਦੇ ਖੇਤਰ 'ਚ ਕੰਮ ਕਰਨ ਵਾਲੀਆਂ ਔਰਤਾਂ ਦੇ ਇਕੱਠ ਦੌਰਾਨ ਉਨ੍ਹਾਂ ਨੇ ਪੁੱਛਿਆ, "ਕੀ ਅਸੀਂ ਰਾਸ਼ਟਰਪਤੀ ਅਹੁਦੇ ਦੇ ਕਾਬਿਲ ਹਾਂ? ਕੀ ਅਸੀਂ ਨਿਆਂਪਾਲਿਕਾ 'ਚ ਜੱਜ ਬਣਨ ਦੇ ਕਾਬਿਲ ਹਾਂ? ਕੀ ਅਸੀਂ ਆਪਣੇ ਕਰੋੜਾਂ ਦੇ ਕਾਰੋਬਾਰ ਨੂੰ ਚਲਾ ਸਕਦੀਆਂ ਹਾਂ? ਕੀ ਅਸੀਂ ਦੇਸ ਦੀ ਸਿਆਸਤ 'ਚ ਪੂਰੀ ਤਰ੍ਹਾਂ ਅਤੇ ਸਾਰਥਕ ਢੰਗ ਨਾਲ ਭਾਗੀਦਾਰੀ ਨਿਭਾ ਸਕਦੇ ਹਾਂ?"
ਫਾਅਜ਼ੀਆਂ ਕੂਫੀ ਨੇ ਇਸ ਦੇ ਜਵਾਬ 'ਚ ਕਿਹਾ, "ਤਾਲੀਬਾਨ ਪ੍ਰਤੀਨਿਧੀ ਮੰਡਲ ਦੇ ਇੱਕ ਵਿਅਕਤੀ ਨੇ ਮੇਰੇ ਭਾਸ਼ਣ ਤੋਂ ਬਾਅਦ ਕਰੀਬ 15 ਮਿੰਟ ਗੱਲ ਕੀਤੀ ਅਤੇ ਕਿਹਾ ਔਰਤਾਂ ਨੂੰ ਕੰਮ ਕਰਨ, ਜਾਇਦਾਦ ਬਣਾਉਣ, ਜੀਵਨ ਸਾਥੀ ਚੁਣਨ ਅਤੇ ਸਕੂਲ ਜਾਣ ਦੀ ਆਗਿਆ ਹੈ ਪਰ ਜੋ ਵੀ ਤਾਲੀਬਾਨ ਵੇਲੇ ਪਾਬੰਦੀਸ਼ੁਦਾ ਸਨ ਉਹ ਰਾਸ਼ਟਰਪਤੀ ਨਹੀਂ ਬਣ ਸਕਦੇ।"
ਫਾਅਜ਼ੀਆਂ ਕੂਫੀ ਇਕੱਲੀ ਔਰਤ ਹੈ ਜਿਸ ਨੇ ਪਿਛਲੀ ਵਾਰ ਤਾਲਿਬਾਨ ਨਾਲ ਗੱਲਬਾਤ ਵਿੱਚ ਹਿੱਸਾ ਲਿਆ ਸੀ
ਇਸ ਤੋਂ ਬਾਅਦ ਉਨ੍ਹਾਂ ਨੇ ਚਿਤਾਵਨੀ ਦਿੱਤੀ: "ਇਹ ਵਿਚਾਰ ਵਿਆਪਕ ਤੌਰ 'ਤੇ ਤਾਲੀਬਾਨ ਨਾਲ ਸਾਂਝੇ ਨਹੀਂ ਕੀਤੇ ਜਾ ਸਕਦੇ, ਖ਼ਾਸ ਕਰਕੇ ਉਨ੍ਹਾਂ ਲੋਕਾਂ ਨਾਲ ਜੋ ਅਜੇ ਵੀ ਜ਼ਮੀਨੀ ਪੱਧਰ 'ਤੇ ਲੜ ਰਹੇ ਹਨ।"
ਤਾਲਿਬਾਨ ਤੋਂ ਪਹਿਲਾਂ ਔਰਤਾਂ ਅਫ਼ਗਾਨਿਸਤਾਨ 'ਚ ਪੁਰਸ਼ ਦੇ ਦਬਦਬੇ ਵਾਲੇ ਪ੍ਰਤੀਨਿਧੀ ਮੰਡਲ 'ਚ ਔਰਤਾਂ ਦੇ ਵੱਡੇ ਹਿੱਸੇ 'ਤੇ ਜ਼ੋਰ ਦਿੰਦੀਆਂ ਹਨ।
ਟਵਿੱਟਰ 'ਤੇ ਆਫ਼ਗਾਨ ਵੂਮੈਨਸ ਨੈਟਵਰਕ ਦੀ ਮੈਰੀ ਅਕਰਮੀ ਨੇ ਐਲਾਨਿਆ, "ਨੌਜਵਾਨ ਅਫ਼ਗਾਨ ਪੀੜ੍ਹੀ ਅਤੇ ਔਰਤਾਂ ਦੀ ਭਾਗੀਦਾਰੀ ਤੋਂ ਬਿਨਾਂ ਕੋਈ ਸਥਾਈ ਸ਼ਾਂਤੀ ਕਾਇਮ ਨਹੀਂ ਹੋਵੇਗੀ - ਇਸ ਤੋਂ ਇਲਾਵਾ ਕੋਈ ਰਸਤਾ ਨਹੀਂ ਹੈ।"
ਔਰਤਾਂ ਲਈ ਹਰ ਵੇਲੇ ਜਦੋਜਿਹਦ ਰਹਿੰਦੀ ਹੈ।
ਜ਼ੈਨ ਟੀਵੀ ਦੀ ਮੁੱਖ ਨਿਊਜ਼ ਪ੍ਰੇਜ਼ੈਂਟਰ 28 ਸਾਲਾ ਸਲਮਾ ਸਾਖੀ ਮੁਤਾਬਕ, "ਔਰਤਾਂ ਦੀ ਜ਼ਿੰਦਗੀ ਬੇਹੱਦ ਮੁਸ਼ਕਿਲ ਹੈ। ਸਾਨੂੰ ਦਿਖਾਉਣ ਦੀ ਲੋੜ ਹੈ ਕਿ ਔਰਤਾਂ ਕੰਮ ਕਰ ਰਹੀਆਂ ਹਨ।"
ਉਨ੍ਹਾਂ ਨੇ ਦੱਸਿਆ ਕਿ ਚੈਨਲ ਵਿੱਚ ਉਨ੍ਹਾਂ ਦੀ ਜ਼ਿੰਮੇਵਾਰੀ ਔਰਤਾਂ ਨੂੰ ਪੱਤਰਕਾਰੀ ਪੇਸ਼ੇ 'ਚ ਹਰ ਭੂਮਿਕਾ ਲਈ ਤਿਆਰ ਕਰਨਾ ਹੈ।
ਦੋ ਸਾਲ ਪਹਿਲਾਂ ਜ਼ੈਨ ਟੀਵੀ ਦੀ ਸ਼ੁਰੂਆਤ ਕਰਨ ਵਾਲੇ ਮੀਡੀਆ ਐਗਜ਼ੈਕਟਿਵ ਹਾਮਿਦ ਸਮਰ ਦਾ ਕਹਿਣਾ ਹੈ ਕਿ 80-85 ਫੀਸਦ ਸਟਾਫ ਔਰਤਾਂ ਦਾ ਹੈ।
ਉਨ੍ਹਾਂ ਨੇ ਕਿਹਾ, "ਸਾਨੂੰ ਮਰਦਾਂ ਦੀ ਵੀ ਲੋੜ ਹੈ ਤਾਂ ਅਸੀਂ ਦੱਸ ਸਕੀਏ ਕਿ ਅਸੀਂ ਮੋਢੇ ਨਾਲ ਮੋਢਾ ਮਿਲਾ ਕੇ ਇੱਕ ਦੂਜੇ ਦੇ ਨਾਲ ਖੜੇ ਹਾਂ।"
ਅਫ਼ਗਾਨਿਸਤਾਨ ਦੀਆਂ ਔਰਤਾਂ ਲਈ ਹਨੇਰੇ ਕੋਨੇ 'ਚ ਰੌਸ਼ਨੀ ਦੀ ਕਿਰਨ ਜਾਗੀ ਹੈ ਅਤੇ ਅਜਿਹੇ ਵਿੱਚ ਸਾਖੀ ਨੇ ਐਲਾਨਿਆ, "ਮੈਂ ਆਪਣੀ ਨੌਕਰੀ ਨੂੰ ਬਹੁਤ ਪਿਆਰ ਕਰਦੀ ਹਾਂ ਅਤੇ ਇਸ ਨੂੰ ਗੁਆਉਣਾ ਨਹੀਂ ਚਾਹੁੰਦੀ।"
ਇਹ ਵੀ ਪੜ੍ਹੋ-
ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ