ਜਲ੍ਹਿਆਂਵਾਲਾ ਕਾਂਡ ਤੋਂ ਦੂਜੇ ਦਿਨ ਗੁਜਰਾਂਵਾਲਾ 'ਚ ਹੋਈ ਸੀ ਲੋਕਾਂ 'ਤੇ ਹਵਾਈ ਬੰਬਾਰੀ

  • ਸਕਲੈਨ ਇਮਾਮ
  • ਬੀਬੀਸੀ ਉਰਦੂ ਸੇਵਾ
ਪਾਕਿਸਤਾਨ ਦਾ ਗੁਜਰਾਂਵਾਲਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਪਾਕਿਸਤਾਨ ਦੇ ਗਜਰਾਂਵਾਲਾ ਦੇ ਲੋਕਾਂ 'ਤੇ ਬਰਤਾਨਵੀ ਜਹਾਜ਼ਾਂ ਨੇ ਬੰਬ ਵਰਸਾਏ ਸਨ

ਵੈਸੇ ਤਾਂ ਦੁਸ਼ਮਣ ਦੇ ਖੇਤਰ 'ਚ ਹਵਾਈ ਬੰਬਾਰੀ ਦਾ ਬਹੁਤ ਪੁਰਾਣਾ ਇਤਿਹਾਸ ਹੈ, ਪਰ ਸ਼ਾਇਦ ਪਾਕਿਸਤਾਨ ਦੇ ਗੁਜਰਾਂਵਾਲਾ ਨੂੰ ਦੁਨੀਆਂ ਦਾ ਪਹਿਲਾ ਸ਼ਹਿਰ ਕਰਾਰ ਦਿੱਤਾ ਜਾ ਸਕਦਾ ਹੈ ਜਿੱਥੇ ਨਿਹੱਥੀ ਜਨਤਾ ਦੇ ਵਿਰੋਧ ਪ੍ਰਦਰਸ਼ਨਾਂ ਨੂੰ ਦਬਾਉਣ ਲਈ ਪਹਿਲੀ ਵਾਰ "ਏਰੀਅਲ ਪੋਲੀਸਿੰਗ" (aerial policing) ਯਾਨਿ ਕਿ ਹਵਾਈ ਬੰਬਾਰੀ ਦੀ ਵਰਤੋਂ ਕੀਤੀ ਗਈ ਸੀ।

ਲਹਿੰਦੇ ਪੰਜਾਬ ਭਾਵ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਗੁਜਰਾਵਾਂਲਾ ਸ਼ਹਿਰ 'ਚ 14 ਅਪ੍ਰੈਲ 1919 ਦੀ ਦੁਪਹਿਰ ਨੂੰ ਲਾਹੌਰ ਵਾਲਟਨ ਦੇ ਹਵਾਈ ਅੱਡੇ ਤੋਂ ਉਡਾਣ ਭਰਨ ਵਾਲੇ ਤਿੰਨ ਫੌਜੀ ਜਹਾਜ਼ਾਂ ਨੇ ਨਿਹੱਥੇ ਅਤੇ ਨਿਰਦੋਸ਼ ਰੋਸ ਪ੍ਰਦਰਸ਼ਨ ਕਰ ਰਹੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਲਈ ਹਵਾਈ ਬੰਬਾਰੀ ਦਾ ਸਹਾਰਾ ਲਿਆ।

ਇਸ ਤੋਂ ਪਹਿਲਾਂ ਹਵਾਈ ਬੰਬਾਰੀ ਜ਼ਮੀਨੀ ਫੌਜ ਦੀ ਮਦਦ ਨਾਲ ਦੁਸ਼ਮਣ ਦੀ ਫੌਜ 'ਤੇ ਜਿੱਤ ਹਾਸਿਲ ਕਰਨ ਲਈ ਕੀਤੀ ਜਾਂਦੀ ਸੀ।

ਗੁਜਰਾਂਵਾਲਾ 'ਚ ਕੀਤੀ ਗਈ ਬੰਬਾਰੀ ਤੋਂ ਬਾਅਦ ਇਸ ਹਵਾਈ ਸ਼ਕਤੀ ਦਾ ਪ੍ਰਦਰਸ਼ਨ ਸਿਆਸੀ ਉਦੇਸ਼ਾਂ ਦੀ ਪੂਰਤੀ ਲਈ ਨਿਹੱਥੇ ਨਾਗਰਿਕਾਂ ਦੇ ਵਿਰੋਧੀ ਸੁਰ ਨੂੰ ਦਬਾਉਣ ਲਈ ਕੀਤਾ ਜਾਣ ਲੱਗਾ ਅਤੇ ਇਹ ਰੀਤ ਬ੍ਰਿਟੇਨ ਨੀਤੀ ਦਾ ਇੱਕ ਅਹਿਮ ਹਿੱਸਾ ਬਣ ਗਈ ਸੀ।

"ਏਰੀਅਲ ਪੋਲੀਸਿੰਗ" ਸ਼ਬਦ ਦੀ ਸਭ ਤੋਂ ਪਹਿਲਾਂ ਵਰਤੋਂ ਬਰਤਾਨੀਆ ਦੇ ਸਿਆਸਤਦਾਨ ਵਿੰਸਟਨ ਚਰਚਿਲ ਨੇ ਕੀਤੀ ਸੀ।

ਇਹ ਗੱਲ 1920 ਦੀ ਹੈ ਜਦੋਂ ਇਰਾਕ 'ਚ ਨਿਹੱਥੇ ਸ਼ੀਆ ਅਤੇ ਸੁੰਨੀ ਲੋਕਾਂ ਨੇ ਬ੍ਰਿਟੇਨ ਦੀ ਹਕੂਮਤ ਖ਼ਿਲਾਫ ਰੋਸ ਪ੍ਰਦਰਸ਼ਨ ਕੀਤਾ ਸੀ।

ਇਸ ਤੋਂ ਬਾਅਦ ਹਵਾਈ ਬੰਬਾਰੀ ਨੂੰ ਇੱਕ ਹਥਿਆਰ ਵੱਜੋਂ ਸੋਮਾਲੀਆ 'ਚ ਵੀ ਇਸਤੇਮਾਲ ਕੀਤਾ ਗਿਆ ਅਤੇ ਮੌਜੂਦਾ ਸਮੇਂ 'ਚ ਵੀ ਇਸ ਦੀ ਵੱਖ-ਵੱਖ ਸਥਿਤੀਆਂ 'ਚ ਵਰਤੋਂ ਕੀਤੀ ਜਾ ਰਹੀ ਹੈ।

ਤਸਵੀਰ ਸਰੋਤ, BBC

ਇਹ ਵੀ ਪੜ੍ਹੋ-

ਜਲ੍ਹਿਆਂਵਾਲਾ ਬਾਗ਼ ਦਾ ਕਤਲੇਆਮ ਜ਼ੁਲਮ ਦੇ ਲਿਹਾਜ਼ ਨਾਲ ਬਰਤਾਨਵੀ ਗ਼ੁਲਾਮੀ ਦੇ ਦੌਰ ਦੀ ਇੱਕ ਬਹੁਤ ਹੀ ਦਰਦਨਾਕ ਘਟਨਾ ਹੈ, ਜਿਸ ਨੂੰ ਕਿ ਆਉਂਦੀਆਂ ਕਈਆਂ ਨਸਲਾਂ ਵੀ ਭੁੱਲ ਨਹੀਂ ਸਕਣਗੀਆਂ।

ਬਰਤਾਨਵੀ ਸ਼ਾਸਕ ਰੌਲਟ ਐਕਟ 1919 ਦੇ ਵਿਰੋਧ 'ਚ ਹੋਣ ਵਾਲੇ ਰੋਸ ਪ੍ਰਦਰਸ਼ਨ ਦੀ ਵੱਧਦੀ ਹੋਈ ਤਾਕਤ ਨੂੰ ਵੇਖ ਕੇ ਖੌਫ਼ਜ਼ਦਾ ਹੋ ਗਏ ਸਨ।

ਬ੍ਰਿਟਿਸ਼-ਇੰਡੀਅਨ ਸ਼ਾਸਕ ਆਪਣੀ ਪੂਰੀ ਤਾਕਤ ਦੀ ਵਰਤੋਂ ਕਰਕੇ ਉਸ ਸਮੇਂ ਦੀ ਆਮ ਜਨਤਾ ਵੱਲੋਂ ਕੀਤੀ ਬਗ਼ਾਵਤ ਨੂੰ ਦਬਾਉਣਾ ਚਾਹੁੰਦੇ ਸਨ।

ਇਸ ਸ਼ਕਤੀ ਦੀ ਵਰਤੋਂ ਨਾਲ ਕਈ ਸ਼ਹਿਰੀਆਂ ਦੀਆਂ ਜਾਨਾਂ ਗਈਆਂ, ਕਈ ਜ਼ਖ਼ਮੀ ਹੋਏ ਅਤੇ ਇਸ ਦੇ ਨਾਲ ਹੀ ਰਾਜਨੀਤਕ ਅਸਥਿਰਤਾ 'ਚ ਵੀ ਵਾਧਾ ਹੋਇਆ।

ਤਸਵੀਰ ਕੈਪਸ਼ਨ,

ਬਰਤਾਨਵੀ ਸ਼ਾਸਕ ਰਾਲੇਟ ਐਕਟ 1919 ਦੇ ਵਿਰੋਧ 'ਚ ਹੋਣ ਵਾਲੇ ਰੋਸ ਪ੍ਰਦਰਸ਼ਨ ਦੀ ਵੱਧਦੀ ਹੋਈ ਤਾਕਤ ਨੂੰ ਵੇਖ ਕੇ ਖੌਫ਼ਜ਼ਦਾ ਹੋ ਗਏ ਸਨ

ਭਾਰਤ ਦੀ ਬ੍ਰਿਟਿਸ਼ ਡੇਮੋਗ੍ਰਾਫ਼ਿਕ ਲੇਜਿਸਲੇਟਿਵ ਕੌਂਸਲ ਨੇ ਪਹਿਲੇ ਵਿਸ਼ਵ ਯੁੱਧ ਤੋਂ ਤੁਰੰਤ ਬਾਅਦ ਇੱਕ ਅਜਿਹੇ ਕਾਨੂੰਨ ਨੂੰ ਆਪਣੀ ਮਨਜ਼ੂਰੀ ਦਿੱਤੀ, ਜਿਸ ਦੇ ਤਹਿਤ ਤਮਾਮ ਨਾਗਰਿਕ ਅਧਿਕਾਰਾਂ ਅਤੇ ਪ੍ਰੈਸ ਦੀ ਆਜ਼ਾਦੀ ਨੂੰ ਕੁਚਲਿਆ ਗਿਆ।

ਇਸ ਕਾਨੂੰਨ ਮੁਤਾਬਕ, ਕਾਨੂੰਨ ਬਣਾਉਣ ਵਾਲੀਆਂ ਸੰਸਥਾਵਾਂ ਨੂੰ ਲੋੜ ਤੋਂ ਵੱਧ ਅਧਿਕਾਰ ਦੇ ਦਿੱਤੇ ਗਏ ਸਨ। ਸਿਆਸੀ ਵਰਕਰਾਂ ਨੂੰ ਜੇਲ੍ਹਾਂ 'ਚ ਬੰਦ ਕਰਨ ਦੀ ਖੁੱਲੀ ਤਾਕਤ ਵੀ ਇਸ ਕਾਨੂੰਨ ਤਹਿਤ ਹੀ ਮਿਲੀ ਸੀ।

ਇਸ ਕਾਨੂੰਨ ਦਾ ਨਾਮ 'ਅਨਾਰਕਿਕਲ ਐਂਡ ਰਿਵਲਿਊਸ਼ਨਰੀ ਕ੍ਰਾਈਮ ਐਕਟ 1919' , Anarchical and revolutionary Crimes Act (ਅਰਾਜਕਤਾ ਅਤੇ ਕ੍ਰਾਂਤੀਕਾਰੀ ਅਪਰਾਧ ਕਾਨੂੰਨ) ਸੀ।

ਪਰ ਇਸ ਕਾਨੂੰਨ ਦੇ ਬਿੱਲ ਨੂੰ ਤਿਆਰ ਕਰਨ ਵਾਲੇ ਬਰਤਾਨਵੀ ਜੱਜ ਸਰ ਸਿਡਨੀ ਰੌਲਟ ਦੇ ਨਾਂਅ 'ਤੇ ਹੀ ਇਸ ਐਕਟ ਦਾ ਨਾਂਅ ਵੀ ਰੌਲਟ ਐਕਟ ਮਸ਼ਹੂਰ ਹੋ ਗਿਆ।

ਭਾਰਤ ਦੀਆਂ ਕਈ ਪ੍ਰਮੁੱਖ ਸਖਸ਼ੀਅਤਾਂ ਵੱਲੋਂ ਇਸ ਕਾਨੂੰਨ ਦਾ ਸਖ਼ਤ ਵਿਰੋਧ ਕੀਤਾ ਗਿਆ ਸੀ। ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿਨਾਹ ਨੇ ਤਾਂ ਇਸ ਕਾਨੂੰਨ ਦੇ ਵਿਰੋਧ 'ਚ ਵਿਧਾਨਕ ਕੌਂਸਲ ਤੋਂ ਅਸਤੀਫ਼ਾ ਵੀ ਦੇ ਦਿੱਤਾ ਸੀ।

ਇਸ ਕਾਨੂੰਨ ਦੇ ਖ਼ਿਲਾਫ਼ ਹੋਣ ਵਾਲੇ ਰੋਸ ਪ੍ਰਦਰਸ਼ਨ ਨੂੰ ਵੇਖਦਿਆਂ ਬਰਤਾਨਵੀ ਸਰਕਾਰ ਨੇ ਸਾਰੀ ਸਥਿਤੀ ਦਾ ਜਾਇਜ਼ਾ ਲੈਣ ਲਈ ਇੱਕ ਜਾਂਚ ਕਮੇਟੀ ਦਾ ਗਠਨ ਵੀ ਕੀਤਾ ਸੀ।

ਇਸ ਕਮੇਟੀ ਦਾ ਨਾਂਅ 'ਡਿਸ ਆਰਡਰ ਇੰਕੁਆਇਰੀ ਕਮੇਟੀ' ਰੱਖਿਆ ਗਿਆ ਸੀ। ਇਸ ਕਮੇਟੀ ਦੇ ਮੁੱਖੀ ਸਾਬਕਾ ਸੌਲਿਸਟਰ ਜਨਰਲ ਲਾਰਡ ਹੰਟਰ ਸਨ।

ਗੁਜਰਾਂਵਾਲਾ 'ਤੇ ਹੋਈ ਬੰਬਾਰੀ ਦੀ ਘਟਨਾ ਦਾ ਜ਼ਿਕਰ ਪਾਕਿਸਤਾਨ ਅਤੇ ਭਾਰਤ ਦੇ ਇਤਿਹਾਸ 'ਚ ਬਹੁਤ ਹੀ ਘੱਟ ਵੇਖਣ ਤੇ ਸੁਣਨ ਨੂੰ ਮਿਲਦਾ ਹੈ।

ਇਸ ਲਈ ਇਸ ਘਟਨਾ ਸਬੰਧੀ ਵਿਆਪਕ ਜਾਣਕਾਰੀ ਇਸ ਜਾਂਚ ਕਮੇਟੀ ਤੋਂ ਹੀ ਹਾਸਿਲ ਕੀਤੀ ਗਈ ਹੈ।

ਇਸ ਜਾਂਚ ਕਮੇਟੀ ਦੀ ਰਿਪੋਰਟ 'ਚ ਸੰਯੁਕਤ ਭਾਰਤ ਦੀ ਸਾਲ 1919 ਦੀ ਰਾਜਨਿਤਕ ਸਥਿਤੀ 'ਤੇ ਵੀ ਨਜ਼ਰ ਪਾਈ ਗਈ ਹੈ।

ਪਰ ਇੱਥੇ ਸਿਰਫ਼ ਗੁਜਰਾਂਵਾਲਾ ਹਵਾਈ ਹਮਲੇ ਨਾਲ ਸਬੰਧੀ ਕੀਤੀ ਗਈ ਜਾਂਚ ਤੋਂ ਪ੍ਰਾਪਤ ਹੋਏ ਤੱਥਾਂ ਦੀ ਹੀ ਗੱਲ ਕਰ ਰਹੇ ਹਾਂ।

ਬੰਬਾਰੀ ਤੋਂ ਪਹਿਲਾਂ ਦਾ ਗੁਜਰਾਂਵਾਲਾ

ਲਾਹੌਰ ਤੋਂ ਲਗਭਗ 40 ਮੀਲ ਦੂਰ 30 ਹਜ਼ਾਰ ਲੋਕਾਂ ਦੀ ਆਬਾਦੀ ਵਾਲੇ ਗੁਜਰਾਂਵਾਲਾ ਸ਼ਹਿਰ 'ਚ ਹੰਗਾਮਿਆਂ ਦੀ ਗੂੰਜ ਸੁਣਾਈ ਦੇਣ ਲੱਗ ਪਈ ਸੀ।

5 ਅਪ੍ਰੈਲ 1919 'ਚ ਇੱਕ ਸਥਾਨਕ ਸਿਆਸੀ ਬੈਠਕ ਦੌਰਾਨ ਰੌਲਟ ਐਕਟ ਨੂੰ ਨਾਮਨਜ਼ੂਰ ਕੀਤਾ ਗਿਆ।

ਇਸ ਬੈਠਕ 'ਚ ਦਿੱਲੀ ਦੇ ਸ਼ਾਸਕਾਂ ਵੱਲੋਂ ਰੌਲਟ ਐਕਟ ਦੇ ਖ਼ਿਲਾਫ ਕੱਢੇ ਰੋਸ ਪ੍ਰਦਰਸ਼ਨ 'ਤੇ ਗੋਲੀਬਾਰੀ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਗਈ ਸੀ। ਇਸ ਘਟਨਾ 'ਚ ਕਈ ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਸਨ।

ਇਸ ਤੋਂ ਇਲਾਵਾ ਇਸ ਮਿਲਣੀ ਦੌਰਾਨ ਇਹ ਵੀ ਸੰਕਲਪ ਲਿਆ ਗਿਆ ਸੀ ਕਿ 6 ਅਪ੍ਰੈਲ ਨੂੰ ਕੌਮੀ ਪੱਧਰ 'ਤੇ ਵਿਰੋਧ ਦਿਵਸ ਵੱਜੋਂ ਮਨਾਇਆ ਜਾਵੇ ਅਤੇ ਹਰ ਵਿਅਕਤੀ 24 ਘੰਟਿਆਂ ਭਾਵ ਇੱਕ ਪੂਰੇ ਦਿਨ ਲਈ ਰੋਜ਼ਾ ਰੱਖੇ ਅਤੇ ਨਾਲ ਹੀ ਕਾਰੋਬਾਰ ਵੀ ਬੰਦ ਰੱਖੇ ਜਾਣ।

ਇਸ ਮੌਕੇ ਗੁਜਰਾਂਵਾਲਾ ਦੇ ਡਿਪਟੀ ਕਮਿਸ਼ਨਰ, ਕਰਨਲ ਓਬਰਾਇਨ ਨੇ ਇਸ ਹੜਤਾਲ ਦੇ ਵਿਰੁੱਧ ਸਖ਼ਤ ਕਾਰਵਾਈ ਦਾ ਐਲਾਨ ਕੀਤਾ ਸੀ।

ਹਾਲਾਂਕਿ ਇਹ ਹੜਤਾਲ ਸ਼ਾਂਤੀਪੂਰਨ ਢੰਗ ਨਾਲ ਸਿਰੇ ਚੜ੍ਹੀ ਸੀ। 12 ਅਪ੍ਰੈਲ ਨੂੰ ਕਰਨਲ ਓਬਰਾਇਨ ਦਾ ਤਬਾਦਲਾ ਹੋ ਗਿਆ ਅਤੇ ਉਸ ਦੀ ਥਾਂ 'ਤੇ ਖ਼ਾਨ ਬਹਾਦੁਰ ਮਿਰਜ਼ਾ ਸੁਲਤਾਨ ਅਹਿਮਦ ਨੂੰ ਗੁਜਰਾਂਵਾਲਾ ਜ਼ਿਲ੍ਹੇ ਦਾ ਅਸਥਾਈ ਕਾਰਜਭਾਰ ਸੌਂਪਿਆ ਗਿਆ।

ਇਸ ਦੌਰਾਨ ਭਾਰਤ ਦੇ ਤਕਰੀਬਨ ਸਾਰੇ ਵੱਡੇ ਸ਼ਹਿਰਾਂ ਦੀ ਤਰ੍ਹਾਂ ਹੀ ਪੰਜਾਬ 'ਚ ਵੀ ਰੌਲਟ ਐਕਟ ਦੇ ਵਿਰੋਧ 'ਚ ਰੋਸ ਪ੍ਰਦਰਸ਼ਨਾਂ ਦਾ ਸਿਲਸਿਲਾ ਲਗਾਤਾਰ ਜਾਰੀ ਸੀ।

ਇੱਕ ਪਾਸੇ 10 ਅਪ੍ਰੈਲ ਤੱਕ ਗੁਜਰਾਂਵਾਲਾ 'ਚ ਹੋਰ ਪ੍ਰਦਰਸ਼ਨਾਂ ਦੀ ਕੋਈ ਜਾਣਕਾਰੀ ਨਹੀਂ ਸੀ ਪਰ ਲਾਹੌਰ ਅਤੇ ਅੰਮ੍ਰਿਤਸਰ 'ਚ ਪ੍ਰਦਰਸ਼ਨਕਾਰੀਆਂ 'ਤੇ ਚੱਲੀਆਂ ਗੋਲੀਆਂ ਕਾਰਨ ਲੋਕਾਂ 'ਚ ਗੁੱਸਾ ਹੋਰ ਵੱਧਣਾ ਸ਼ੁਰੂ ਹੋ ਗਿਆ ਸੀ।

ਤਸਵੀਰ ਸਰੋਤ, SAQLAIN IMAM

ਤਸਵੀਰ ਕੈਪਸ਼ਨ,

ਹੋ ਰਹੇ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਬਰਤਾਨਵੀ ਸਰਕਾਰ ਨੇ ਹਾਲਾਤ ਦਾ ਜਾਇਜ਼ਾ ਲੈਣ ਲਈ 'ਦਿਸਆਰਡਰ ਇੰਕਵਾਇਰੀ ਕਮੇਟੀ' ਦਾ ਗਠਨ ਕੀਤਾ

ਹਾਲਾਂਕਿ ਜਦੋਂ 13 ਅਪ੍ਰੈਲ ਵਾਲੇ ਦਿਨ ਜਲ੍ਹਿਆਂਵਾਲਾ ਬਾਗ਼ ਦੇ ਕਤਲੇਆਮ ਦੀਆਂ ਖ਼ਬਰਾਂ ਅਫ਼ਵਾਹਾਂ ਬਣ ਕੇ ਫੈਲਣ ਲੱਗੀਆਂ ਤਾਂ ਉਸ ਸਮੇਂ ਲੋਕਾਂ ਵੱਲੋਂ ਕੋਈ ਸਖ਼ਤ ਪ੍ਰਤੀਕਿਰਿਆ ਆਉਣੀ ਸੁਭਾਵਿਕ ਹੀ ਸੀ।

ਪਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਗੱਲ ਦੀ ਭੋਰਾ ਵੀ ਖ਼ਬਰ ਨਹੀਂ ਸੀ ਕਿ ਲੋਕਾਂ ਦੀ ਪ੍ਰਤੀਕਿਰਿਆ ਇੰਨੇ ਵੱਡੇ ਪੱਧਰ 'ਤੇ ਆ ਸਕਦੀ ਹੈ, ਜਿਸ 'ਤੇ ਕਾਬੂ ਪਾਉਣਾ ਵੀ ਮੁਸ਼ਕਿਲ ਹੋ ਜਾਵੇਗਾ।

ਫਿਰ ਵੀ ਵੱਧ ਤੋਂ ਵੱਧ ਪੁਲਿਸ ਨੂੰ ਜ਼ਿਲ੍ਹਾ ਮੁੱਖ ਦਫ਼ਤਰ 'ਚ ਇੱਕੱਠਾ ਕਰ ਲਿਆ ਗਿਆ ਸੀ। ਪ੍ਰਸ਼ਾਸਨ ਨੂੰ ਵਿਗੜਦੀ ਸਥਿਤੀ ਦਾ ਅਹਿਸਾਸ ਹੋ ਗਿਆ

ਸੀ। ਇਹੀ ਕਾਰਨ ਹੈ ਕਿ ਡਿਪਟੀ ਕਮਿਸ਼ਨਰ ਨੇ ਗੁਜਰਾਂਵਾਲਾ 'ਚ ਅਮਰੀਕੀ ਮਿਸ਼ਨਰੀਜ਼ ਨੂੰ ਇਹ ਸੰਦੇਸ਼ ਭੇਜਿਆ ਕਿ ਜਲ੍ਹਿਆਂਵਾਲਾ ਬਾਗ਼ ਘਟਨਾ 'ਤੇ ਲੋਕਾਂ ਦੇ ਵੱਧ ਰਹੇ ਗੁੱਸੇ ਨੂੰ ਧਿਆਨ 'ਚ ਰੱਖਦਿਆਂ ਇਹ ਤਾਕੀਦ ਕੀਤੀ ਜਾਂਦੀ ਹੈ ਕਿ ਇਸ 'ਚ ਕੰਮ ਕਰਨ ਵਾਲੀਆਂ ਔਰਤਾਂ ਨੂੰ ਅਸਥਾਈ ਤੌਰ 'ਤੇ ਸ਼ਹਿਰ ਤੋਂ ਬਾਹਰ ਸੁਰੱਖਿਅਤ ਭੇਜ ਦਿੱਤਾ ਜਾਵੇ।

ਦੂਜੇ ਪਾਸੇ ਅਮਰੀਕੀ ਮਿਸ਼ਨਰੀ ਦੇ ਵੱਡੇ ਅਹੁਦੇਦਾਰਾਂ ਨੇ ਇਸ ਪ੍ਰਸਤਾਵ ਨੂੰ ਅਮਲ 'ਚ ਲਿਆਉਣ ਤੋਂ ਇਨਕਾਰ ਕਰ ਦਿੱਤਾ।

ਪਰ ਗੁਜਰਾਂਵਾਲਾ 'ਚ ਸੁਪਰੀਡੈਂਟ ਪੁਲਿਸ ਹਿਰੋਨ ਨੇ ਇਸ ਗੱਲ 'ਤੇ ਮੁੜ ਜ਼ੋਰ ਦਿੱਤਾ।

ਇਸ ਮਿਸ਼ਨਰੀ ਦੇ ਇੱਕ ਸੀਨੀਅਰ ਅਧਿਕਾਰੀ ਕੈਪਟਨ ਗੁੱਡਫ੍ਰੇ ਦਾ ਗੁਜਰਾਂਵਾਲਾ ਜਾਣ ਦਾ ਸਫ਼ਰ ਪਹਿਲਾਂ ਤੋਂ ਹੀ ਤੈਅ ਸੀ।

ਉਨ੍ਹਾਂ ਨੇ ਆਪਣੇ ਪਰਿਵਾਰ ਨੂੰ ਵੀ ਨਾਲ ਲੈ ਕੇ ਜਾਣ ਦਾ ਫ਼ੈਸਲਾ ਕੀਤਾ ਅਤੇ ਫਿਰ ਰਾਤ ਨੂੰ ਅਮਰੀਕੀ ਮਿਸ਼ਨਰੀ ਦਾ ਸਾਰਾ ਅਮਲਾ ਰਵਾਨਾ ਹੋ ਗਿਆ।

ਬੰਬਾਰੀ ਵਾਲੇ ਦਿਨ ਦੀ ਸਵੇਰ

14 ਅਪ੍ਰੈਲ ਦੀ ਸਵੇਰ ਗੁਜਰਾਂਵਾਲਾ ਰੇਲਵੇ ਸਟੇਸ਼ਨ ਨਜ਼ਦੀਕ ਕੱਚੇ ਪੁੱਲ 'ਤੇ ਕਿਸੇ ਨੇ ਗਾਂ ਦੇ ਵੱਛੇ ਨੂੰ ਹਲਾਕ ਕਰਕੇ ਲਟਕਾ ਦਿੱਤਾ ਸੀ।

ਜਿਵੇਂ ਹੀ ਇਹ ਖ਼ਬਰ ਅੱਗ ਵਾਂਗ ਫੈਲੀ ਤਾਂ ਤਤਕਾਲੀ ਪੁਲਿਸ ਡਿਪਟੀ ਸੁਪਰੀਡੈਂਟ ਚੌਧਰੀ ਗ਼ੁਲਾਮ ਰਸੂਲ ਮੌਕੇ ਵਾਲੀ ਥਾਂ 'ਤੇ ਪਹੁੰਚੇ ਅਤੇ ਸਾਰੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਮ੍ਰਿਤਕ ਵੱਛੇ ਨੂੰ ਮਿੱਟੀ 'ਚ ਦਫ਼ਨਾ ਦਿੱਤਾ।

ਪਰ ਸ਼ਹਿਰ 'ਚ ਇਹ ਅਫ਼ਵਾਹ ਫੈਲ ਗਈ ਸੀ ਕਿ ਹਿੰਦੂ-ਮੁਸਲਿਮ ਏਕਤਾ ਨੂੰ ਭੰਗ ਕਰਨ ਲਈ ਪ੍ਰਸ਼ਾਸਨ ਵੱਲੋਂ ਇਹ ਅਣਮਨੁੱਖੀ ਕਾਰਾ ਕੀਤਾ ਗਿਆ ਸੀ।

ਇਸ ਤੋਂ ਬਾਅਦ ਗੁਜਰਾਂਵਾਲਾ ਸ਼ਹਿਰ ਦੇ ਕਈ ਹਿੱਸਿਆਂ 'ਚ ਭੀੜ ਦਾ ਇੱਕਠ ਹੋਣਾ ਸ਼ੁਰੂ ਹੋ ਗਿਆ। ਭੀੜ ਵੱਲੋਂ ਦੁਕਾਨਾਂ ਬੰਦ ਕਰਵਾਈਆਂ ਗਈਆਂ।

ਭੀੜ ਦਾ ਹਿੱਸਾ ਬਣੇ ਲੋਕਾਂ ਵੱਲੋਂ ਜਿੱਥੇ ਰੌਲਟ ਐਕਟ ਦੇ ਵਿਰੋਧ 'ਚ ਨਾਅਰੇਬਾਜ਼ੀ ਕੀਤੀ ਜਾ ਰਹੀ ਸੀ, ਉੱਥੇ ਹੀ ਹਿੰਦੂ-ਮੁਸਲਿਮ ਏਕਤਾ ਦੇ ਨਾਅਰੇ ਵੀ ਲਗਾਏ ਜਾ ਰਹੇ ਸਨ।

ਹੌਲੀ-ਹੌਲੀ ਲੋਕਾਂ ਵੱਲੋਂ ਸ਼ੁਰੂ ਕੀਤੇ ਇਸ ਪ੍ਰਦਰਸ਼ਨ ਨੇ ਵੱਡੇ ਵਿਦਰੋਹ ਦਾ ਰੂਪ ਧਾਰਨ ਕਰ ਲਿਆ।

ਰੇਲ ਗੱਡੀਆਂ 'ਤੇ ਪੱਥਰਾਅ ਕੀਤਾ ਗਿਆ ਅਤੇ ਨਾਲ ਹੀ ਗੁਰੂਕੁਲ ਦੇ ਨਾਂਅ ਨਾਲ ਮਸ਼ਹੂਰ ਇੱਕ ਪੁੱਲ ਨੂੰ ਵੀ ਅੱਗ ਲਗਾ ਦਿੱਤੀ ਗਈ।

ਟੈਲੀਗ੍ਰਾਫ ਅਤੇ ਟੈਲੀਫ਼ੋਨ ਵਿਵਸਥਾ ਦਾ ਲਾਹੌਰ ਨਾਲੋਂ ਰਾਬਤਾ ਟੁੱਟ ਗਿਆ। ਜਿਸ ਕਾਰਨ ਪ੍ਰਸ਼ਾਸਨ ਨੂੰ ਆਪਣੇ ਹੱਥਾਂ-ਪੈਰਾਂ ਦੀ ਪੈ ਗਈ।

ਭੀੜ ਵੱਲੋਂ ਕੱਚੇ ਪੁੱਲ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ ਗਿਆ, ਜਿਸ ਨਾਲ ਪੁੱਲ ਕਾਫ਼ੀ ਨੁਕਸਾਨਿਆ ਗਿਆ।

ਪੁਲਿਸ ਰੱਖਿਅਕਾਂ 'ਤੇ ਵੀ ਹਮਲੇ ਹੋਏ, ਜਿੰਨ੍ਹਾਂ ਦੀ ਮਦਦ ਲਈ ਪੁਲਿਸ ਦੇ ਡਿਪਟੀ ਸੁਪਰੀਡੈਂਟ ਵੱਲੋਂ ਸੁਰੱਖਿਆ ਬਲਾਂ ਨੂੰ ਭੇਜਿਆ ਗਿਆ।

ਇਸ ਕਾਰਵਾਈ 'ਚ ਵਧੀਕ ਸਹਾਇਕ ਕਮਿਸ਼ਨਰ ਆਗ਼ਾ ਗ਼ੁਲਾਮ ਹੁਸੈਨ ਦੀ ਕਾਰਵਾਈ ਨੂੰ ਵੀ ਸ਼ਾਮਿਲ ਕੀਤਾ ਗਿਆ।

ਕੱਚੇ ਪੁੱਲ ਨੇੜੇ ਭੀੜ ਦਾ ਇੱਕ ਵੱਡਾ ਹਜ਼ੂਮ ਇੱਕਠਾ ਸੀ। ਸੁਪਰੀਡੈਂਟ ਪੁਲਿਸ ਹਿਰੋਨ ਵੀ ਇਸ ਮੌਕੇ ਮੌਜੂਦ ਸਨ।

ਭੀੜ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਉਹ ਭਾਰਤੀ ਲੋਕਾਂ ਦੇ ਸਤਿਕਾਰ 'ਚ ਆਪਣੀ ਹੈੱਟ ਉਤਾਰ ਕੇ ਸਲਾਮ ਕਰਨ।

ਇਸ ਦੌਰਾਨ ਮੁਠਭੇੜ ਦਾ ਖ਼ਤਰਾ ਵੱਧ ਗਿਆ ਅਤੇ ਪੁਲਿਸ ਨੇ ਮੌਕਾ ਵੇਖਦਿਆਂ ਹੀ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ 'ਚ ਕਈ ਲੋਕ ਜ਼ਖਮੀ ਹੋ ਗਏ।

ਇਸ ਘਟਨਾ ਤੋਂ ਬਾਅਦ ਸ਼ਹਿਰ 'ਚ ਤਣਾਅ ਦੀ ਸਥਿਤੀ ਚਰਮ ਸੀਮਾ 'ਤੇ ਪਹੁੰਚ ਗਈ। ਸਟੇਸ਼ਨ 'ਤੇ ਤਕਰੀਰਾਂ ਦਾ ਦੌਰ ਸ਼ੁਰੂ ਹੋ ਗਿਆ, ਜਿਸ 'ਚ ਰਾਲੇਟ ਐਕਟ ਦੇ ਖ਼ਿਲਾਫ ਚਰਚਾ ਹੋਣ ਲੱਗੀ ਅਤੇ ਹਿੰਦੂ-ਮੁਸਲਿਮ ਏਕਤਾ ਦੇ ਪੱਖ 'ਚ ਨਾਅਰੇ ਲੱਗਣ ਲੱਗੇ।

ਇਸ ਦੌਰਾਨ ਸ਼ਹਿਰ ਦੇ ਕੇਂਦਰੀ ਡਾਕਘਰ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਹੰਟਰ ਜਾਂਚ ਕਮਿਸ਼ਨ ਨੇ ਇਸ ਹਾਲਾਤ ਲਈ ਡਿਪਟੀ ਕਮਿਸ਼ਨਰ ਨੂੰ ਜ਼ਿੰਮੇਵਾਰ ਮੰਨਿਆ।

ਜਾਂਚ 'ਚ ਕਿਹਾ ਗਿਆ ਸੀ ਕਿ ਡਿਪਟੀ ਕਮਿਸ਼ਨਰ ਤਜ਼ਰਬੇ ਦੀ ਘਾਟ ਕਰਕੇ ਉਸ ਮੌਕੇ ਅਹਿਮ ਕਦਮ ਨਾ ਚੁੱਕ ਸਕੇ।

ਇਸ ਦੌਰਾਨ ਸ਼ਹਿਰ 'ਚ ਵੱਖ-ਵੱਖ ਟੋਲੀਆਂ ਨੇ ਤਹਿਸੀਲਦਾਰ ਦਫ਼ਤਰ ਨੂੰ ਜਾ ਘੇਰਿਆ। ਬਾਅਦ 'ਚ ਇਹ ਭੀੜ ਜ਼ਿਲ੍ਹਾ ਅਦਾਲਤਾਂ ਅਤੇ ਦੂਜੀਆਂ ਸਰਕਾਰੀ ਇਮਰਤਾਂ ਵੱਲ ਵਧੀ। ਇੰਨ੍ਹਾਂ ਇਮਾਰਤਾਂ ਨੂੰ ਰਾਖ਼ ਦਾ ਢੇਰ ਬਣਾ ਦਿੱਤਾ ਗਿਆ।

ਤਸਵੀਰ ਸਰੋਤ, BBC

ਇਹ ਵੀ ਪੜ੍ਹੋ-

ਤਸਵੀਰ ਸਰੋਤ, BBC

ਪੁਲਿਸ ਲਾਈਨ 'ਤੇ ਵੀ ਹਮਲੇ ਹੋਏ। ਹਾਲਾਂਕਿ, ਭੀੜ ਵੱਲੋਂ ਕੀਤੇ ਗਏ ਹਮਲਿਆਂ 'ਚ ਸਿਰਫ਼ ਮਾਲ ਦਾ ਨੁਕਸਾਨ ਹੋਇਆ ਸੀ।

ਸਥਾਨਕ ਜੇਲ੍ਹ 'ਤੇ ਵੀ ਹਮਲਾ ਕਰਨ ਦੀ ਤਿਆਰੀ ਕੀਤੀ ਗਈ। ਪਰ ਪੁਲਿਸ ਵੱਲੋਂ ਕੀਤੀ ਗਈ ਗੋਲੀਬਾਰੀ ਕਾਰਨ ਹਮਲੇ ਨੂੰ ਅੰਜ਼ਾਮ ਨਾ ਦਿੱਤਾ ਗਿਆ।

ਜਦੋਂ ਸੂਰਜ ਚੜ੍ਹ ਚੁੱਕਾ ਸੀ

ਸਵੇਰ ਦੀ ਇਸ ਕਾਰਵਾਈ ਦੇ ਬਾਵਜੂਦ ਭੀੜ 'ਤੇ ਕਾਬੂ ਪਾਉਣਾ ਮੁਸ਼ਕਲ ਹੋ ਗਿਆ ਸੀ।

ਆਮ ਲੋਕਾਂ ਨਾਲ ਹੋ ਰਹੇ ਟਕਰਾਅ ਦੀ ਸਥਿਤੀ 'ਚ ਪੁਲਿਸ ਵੱਲੋਂ ਵਾਰ-ਵਾਰ ਗੋਲੀਬਾਰੀ ਦਾ ਸਹਾਰਾ ਲਿਆ ਜਾ ਰਿਹਾ ਸੀ।

ਜਿਸ ਦੇ ਸਿੱਟੇ ਵੱਜੋਂ ਵੱਖ-ਵੱਖ ਖੇਤਰਾਂ ਦੀ ਭੀੜ ਨੇ ਵੀ ਸਟੇਸ਼ਨ ਦਾ ਰੁਖ਼ ਕਰ ਲਿਆ। ਸਟੇਸ਼ਨ ਨੂੰ ਅੱਗ ਲਗਾ ਦਿੱਤੀ ਗਈ, ਗੁਦਾਮ 'ਚ ਪਏ ਮਾਲ ਨੂੰ ਲੁੱਟ ਲਿਆ ਗਿਆ।

ਇਸ ਦੇ ਨਾਲ ਹੀ 'ਸੇਸ਼ਨ ਇੰਡਸਟ੍ਰੀਅਲ ਸਕੂਲ' ਨੂੰ ਵੀ ਅੱਗ ਲਗਾ ਦਿੱਤੀ ਗਈ। ਗਿਰਜਾ ਘਰਾਂ 'ਤੇ ਵੀ ਹਮਲੇ ਹੋਏ ਅਤੇ ਉਨ੍ਹਾਂ ਨੂੰ ਵੀ ਅੱਗ ਲਗਾਈ ਗਈ।

ਹੁਣ ਪ੍ਰਸ਼ਾਸਨ ਨੂੰ ਇਸ ਗੱਲ ਦਾ ਅੰਦਾਜ਼ਾ ਲੱਗ ਗਿਆ ਸੀ ਕਿ ਹਾਲਾਤ ਕਾਬੂ ਤੋਂ ਬਾਹਰ ਹੁੰਦੇ ਜਾ ਰਹੇ ਹਨ।

ਸ਼ਹਿਰ 'ਚ ਫੌਜ ਤਲਬ ਕਰਨ ਦਾ ਫ਼ੈਸਲਾ ਲਿਆ ਗਿਆ ਪਰ ਫੌਰੀ ਤੌਰ 'ਤੇ ਫੌਜ ਦਾ ਇੱਥੇ ਪਹੁੰਚਣਾ ਅਸੰਭਵ ਸੀ।

ਸਭ ਤੋਂ ਨਜ਼ਦੀਕੀ ਫੌਜੀ ਦਸਤਾ ਸਿਆਲਕੋਟ 'ਚ ਮੌਜੂਦ ਸੀ, ਜਿੰਨ੍ਹਾਂ ਨੂੰ ਪਹੁੰਚਣ 'ਚ ਵੀ ਕਈ ਘੰਟੇ ਲੱਗ ਰਹੇ ਸਨ। ਇਸ ਲਈ ਅਖ਼ੀਰ ਹਵਾਈ ਫੌਜ ਦੀ ਮਦਦ ਲਈ ਗਈ।

ਤਸਵੀਰ ਕੈਪਸ਼ਨ,

ਇਸ ਨਕਸ਼ੇ ਵਿੱਚ ਉਨ੍ਹਾਂ 4 ਥਾਵਾਂ ਦਾ ਜ਼ਿਕਰ ਹੈ ਜਿੱਥੇ ਬੰਬ ਸੁੱਟੇ ਗਏ ਸਨ

ਦੁਪਹਿਰ ਨੂੰ ਲਗਭਗ ਤਿੰਨ ਵੱਜ ਕੇ ਦੱਸ ਮਿੰਟ 'ਤੇ ਲਾਹੌਰ ਦੇ ਵਾਲਟਨ ਹਵਾਈ ਅੱਡੇ ਤੋਂ ਰਾਇਲ ਹਵਾਈ ਫੌਜ ਦੇ ਤਿੰਨ ਹਵਾਈ ਜਹਾਜ਼ਾਂ ਨੇ ਗੁਜਰਾਂਵਾਲਾ ਲਈ ਉਡਾਣ ਭਰੀ।

ਗੁਜਰਾਂਵਾਲਾ 'ਚ ਬੰਬਾਰੀ ਦਾ ਆਗਾਜ਼

ਤਿੰਨ ਜਹਾਜ਼ਾਂ ਦੇ ਇਸ ਮਿਸ਼ਨ ਦੀ ਅਗਵਾਈ ਉਸ ਸਮੇਂ ਦੇ ਮੇਜਰ ਕਾਰਬੇਰੀ ਕਰ ਰਹੇ ਸਨ, ਜੋ ਕਿ 31 ਐਸਕਵਾਡਰਨ ਦੇ ਕਮਾਂਡਰ ਸਨ।

ਉਨ੍ਹਾਂ ਦਾ ਜਹਾਜ਼ ਗੁਜਰਾਂਵਾਲਾ ਦੀ ਹੱਦ 'ਚ ਸਭ ਤੋਂ ਪਹਿਲਾਂ ਦਾਖ਼ਲ ਹੋਇਆ ਅਤੇ ਉਨ੍ਹਾਂ ਨੇ 700 ਫੁੱਟ ਤੋਂ ਲੈ ਕੇ ਸਿਰਫ਼ 300 ਫੁੱਟ ਹੇਠਾਂ ਤੱਕ ਦੀ ਉਡਾਣ ਭਰੀ ਤਾਂ ਜੋ ਗੁਜਰਾਂਵਾਲਾ ਸ਼ਹਿਰ ਅਤੇ ਇਸ ਦੇ ਨਜ਼ਦੀਕੀ ਖੇਤਰ ਦਾ ਹਵਾਈ ਜਾਇਜ਼ਾ ਲਿਆ ਜਾ ਸਕੇ।

ਮੇਜਰ ਕਾਰਬੇਰੀ ਅਨੁਸਾਰ ਉਨ੍ਹਾਂ ਨੇ ਰੇਲਵੇ ਸਟੇਸ਼ਨ ਅਤੇ ਗੁਦਾਮਾਂ ਨੂੰ ਅੱਗ ਦੀਆਂ ਲਪਟਾਂ 'ਚ ਘਿਰਿਆ ਦੇਖਿਆ।

ਸਟੇਸ਼ਨ ਤੋਂ ਬਾਹਰ ਇੱਕ ਰੇਲ ਗੱਡੀ ਵੀ ਨਜ਼ਰ ਆ ਰਹੀ ਸੀ, ਜਿਸ ਨੂੰ ਅੱਗ ਲੱਗੀ ਹੋਈ ਸੀ। ਸਟੇਸ਼ਨ 'ਤੇ ਅਤੇ ਸਟੇਸ਼ਨ ਤੋਂ ਬਾਹਰ ਸਿਵਿਲ ਲਾਈਨ ਤੱਕ ਇਸ ਨਾਲ ਜੁੜੀਆਂ ਸੜਕਾਂ ਅਤੇ ਗਲੀਆਂ 'ਚ ਲੋਕਾਂ ਦੀ ਭੀੜ ਸੀ।

ਸਿਵਲ ਲਾਈਨ 'ਚ ਇੰਗਲਿਸ਼ ਚਰਚ ਅਤੇ ਚਾਰ ਘਰਾਂ ਨੂੰ ਵੀ ਅੱਗ ਲੱਗੀ ਹੋਈ ਸੀ।

ਬੰਬਾਰੀ ਕਰਨ ਵਾਲੇ ਜਹਾਜ਼ਾਂ ਦੇ ਪਾਇਲਟਾਂ ਨੂੰ ਜ਼ੁਬਾਨੀ ਹੁਕਮ ਦੇ ਦਿੱਤੇ ਗਏ ਸਨ ਕਿ ਭੀੜ 'ਤੇ ਜੇਕਰ ਬੰਬਾਰੀ ਕਰਨ ਦੀ ਨੌਬਤ ਆਵੇ ਤਾਂ ਖੁੱਲ੍ਹੇ ਮੈਦਾਨਾਂ 'ਚ ਹੀ ਕੀਤੀ ਜਾਵੇ।

ਇਸ ਤੋਂ ਇਲਾਵਾ ਜੇਕਰ ਪਾਇਲਟ ਸ਼ਹਿਰ ਤੋਂ ਬਾਹਰ ਕੋਈ ਅਜਿਹੀ ਭੀੜ ਵੇਖਣ ਜੋ ਕਿ ਸ਼ਹਿਰ ਵੱਲ ਵੱਧ ਰਹੀ ਹੋਵੇ, ਉਸ ਨੂੰ ਤਿੱਤਰ-ਬਿੱਤਰ ਕਰਨ ਲਈ ਵੀ ਬੰਬਾਰੀ ਕੀਤੀ ਜਾ ਸਕਦੀ ਹੈ।

ਮੇਜਰ ਕਾਰਬੇਰੀ ਦੇ ਜਹਾਜ਼ ਵੱਲੋਂ ਕੀਤੀ ਗਈ ਬੰਬਾਰੀ

ਮੇਜਰ ਕਾਰਬੇਰੀ ਨੇ ਪਹਿਲੀ ਬੰਬਾਰੀ ਸ਼ਹਿਰ ਤੋਂ ਬਾਹਰ ਇੱਕ ਭੀੜ 'ਤੇ ਕੀਤੀ। ਇਸ ਭੀੜ 'ਚ 150 ਲੋਕ ਸ਼ਾਮਿਲ ਸਨ।

ਇਹ ਪਿੰਡ ਸ਼ਹਿਰ ਦੇ ਉੱਤਰ-ਪੱਛਮੀ ਖੇਤਰ ਵੱਲ ਸਥਿਤ ਸੀ ਅਤੇ ਜਾਣਕਾਰੀ ਅਨੁਸਾਰ ਇਸ ਪਿੰਡ ਦਾ ਨਾਂਅ 'ਦੁੱਲ੍ਹਾ' ਸੀ।

ਤਸਵੀਰ ਸਰੋਤ, BRITISH PATHE

ਤਸਵੀਰ ਕੈਪਸ਼ਨ,

ਮੇਜਰ ਕਾਰਬੇਰੀ ਦੀ ਅਗਵਾਈ ਵਿੱਚ ਹੋਈ ਸੀ ਹਵਾਈ ਕਾਰਵਾਈ

ਇਸ ਤੋਂ ਬਾਅਦ 'ਚ ਇਸ ਘਟਨਾ ਸਬੰਧੀ ਕਈ ਅਨੁਮਾਨ ਲਗਾਏ ਗਏ। ਬੰਬ ਡਿੱਗਣ ਤੋਂ ਬਾਅਦ ਮੌਕੇ ਵਾਲੀ ਥਾਂ ਤੋਂ ਬੱਚ ਕੇ ਭੱਜਣ ਵਾਲੇ ਦਿਹਾਤੀਆਂ 'ਤੇ ਮਸ਼ੀਨਗਨ ਨਾਲ 50 ਗੋਲੀਆਂ ਚਲਾਈਆਂ ਗਈਆਂ।

ਇਸ ਤੋਂ ਬਾਅਦ ਮੇਜਰ ਕਾਰਬੇਰੀ ਨੇ ਸ਼ਹਿਰ ਦੇ ਦੱਖਣ ਵੱਲ ਇੱਕ ਮੀਲ ਦੇ ਫ਼ਾਸਲੇ 'ਤੇ 'ਘਰਜਾਖ' ਨਾਮਕ ਪਿੰਡ 'ਤੇ ਦੋ ਬੰਬ ਸੁੱਟੇ।

ਹਾਲਾਂਕਿ ਇੱਕ ਬੰਬ ਫਟਿਆ ਹੀ ਨਹੀਂ। ਇਹ ਲੋਕ ਗੁਜਰਾਂਵਾਲਾ ਤੋਂ ਪਰਤ ਰਹੇ ਸਨ।

ਜਿਵੇਂ ਹੀ ਬੰਬ ਡਿੱਗਿਆ ਲੋਕ ਇੱਧਰ ਉੱਧਰ ਭੱਜਣਾ ਸ਼ੁਰੂ ਹੋ ਗਏ। ਇਸ ਭੀੜ 'ਤੇ ਵੀ 25 ਗੋਲੀਆਂ ਮਸ਼ੀਨਗਨ ਨਾਲ ਚਲਾਈਆਂ ਗਈਆਂ।

ਜਾਂਚ ਕਮੇਟੀ ਅਨੁਸਾਰ ਇਸ ਬੰਬਾਰੀ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ।

ਖਾਲਸਾ ਹਾਈ ਸਕੂਲ 'ਤੇ ਬੰਬਾਰੀ

ਇੰਨ੍ਹਾਂ ਕਾਰਵਾਈਆਂ ਤੋਂ ਬਾਅਦ ਇੰਨ੍ਹਾਂ ਜਹਾਜ਼ਾਂ ਨੇ ਗੁਜਰਾਂਵਾਲਾ ਸ਼ਹਿਰ ਵੱਲ ਆਪਣਾ ਮੂੰਹ ਮੋੜਿਆ।

ਮੇਜਰ ਕਾਰਬੇਰੀ ਨੇ ਇੱਕ ਲਾਲ ਇਮਾਰਤ ਨਜ਼ਦੀਕ ਖੇਤਾਂ 'ਚ 200 ਲੋਕਾਂ ਨੂੰ ਲੁਕੇ ਹੋਏ ਵੇਖਿਆ। ਇਹ ਇਮਾਰਤ ਖਾਲਸਾ ਹਾਈ ਸਕੂਲ ਦੀ ਸੀ ਅਤੇ ਉਸ ਦਾ ਹੋਸਟਲ ਸੀ।

ਇੱਥੇ ਇੱਕ ਬੰਬ ਸੁੱਟਿਆ ਗਿਆ ਅਤੇ ਮਸ਼ੀਨਗਨ ਨਾਲ ਲਗਭਗ 30 ਗੋਲੀਆਂ ਚਲਾਈਆਂ ਗਈਆਂ।

ਜਾਂਚ ਕਮੇਟੀ ਨੂੰ ਇਸ ਕਾਰਵਾਈ 'ਚ ਇੱਕ ਹੀ ਵਿਅਕਤੀ ਦੇ ਹਲਾਕ ਹੋਣ ਦੀ ਸੂਚਨਾ ਬਾਅਦ 'ਚ ਮਿਲੀ। ਇਸ ਤੋਂ ਇਲਾਵਾ ਸ਼ਹਿਰ 'ਚ ਦੋ ਹੋਰ ਬੰਬ ਸੁੱਟੇ ਗਏ।

ਮੇਜਰ ਕਾਰਬੇਰੀ ਨੇ ਕਿਹਾ ਸੀ ਕਿ ਉਨ੍ਹਾਂ ਨੇ ਇੰਨ੍ਹਾਂ ਬੰਬਾਂ ਨੂੰ ਫੱਟਦਿਆਂ ਨਹੀਂ ਵੇਖਿਆ ਸੀ। ਪਰ ਇਸ ਗੱਲ ਦੀ ਪੁਸ਼ਟੀ ਨਾ ਹੋ ਸਕੀ।

ਇਸ ਕਮੇਟੀ ਦੀ ਜਾਂਚ ਅਨੁਸਾਰ ਮੇਜਰ ਕਾਰਬੇਰੀ ਨੇ ਕੁੱਲ ਮਿਲਾ ਕੇ ਅੱਠ ਬੰਬ ਸੁੱਟੇ ਸਨ।

ਵੀਡੀਓ ਕੈਪਸ਼ਨ,

ਯੂਕੇ ਦੀਆਂ ਉਹ ਥਾਵਾਂ ਜਿਥੋਂ ਊਧਮ ਸਿੰਘ ਨੇ ਲਈ ਰਿਵਾਲਰ ਤੇ ਜਿੱਥੇ ਮਾਰੀਆਂ ਮਾਈਕਲ ਓਡਵਾਇਰ ਨੂੰ ਗੋਲੀਆਂ

ਜਾਂਚ ਕਮੇਟੀ ਦਾ ਮੰਨਣਾ ਹੈ ਕਿ ਦੋ ਬੰਬ ਸ਼ਹਿਰ ਦੇ ਅੰਦਰ ਸੁੱਟੇ ਗਏ ਸਨ, ਜਿੰਨਾਂ ਦਾ ਨਿਸ਼ਨਾ ਭੀੜ ਸੀ।

ਇਸ ਤੋਂ ਇਲਾਵਾ ਮੇਜਰ ਕਾਰਬੇਰੀ ਨੇ ਸਟੇਸ਼ਨ ਵੱਲ ਆ ਰਹੀ ਭੀੜ ਨੂੰ ਖਿਲਾਰਨ ਲਈ ਕੁੱਲ ਮਿਲਾ ਕੇ 150 ਗੋਲੀਆਂ ਚਲਾਈਆਂ ਸਨ।

ਬਾਕੀ ਦੋ ਜਹਾਜ਼ਾਂ ਵੱਲੋਂ ਕੀਤੀ ਗਈ ਬੰਬਾਰੀ

ਇਸ ਤੋਂ ਇਲਾਵਾ ਜਾਂਚ ਕਮੇਟੀ ਮੁਤਾਬਕ ਦੋ ਹੋਰ ਜਹਾਜ਼, ਜਿੰਨ੍ਹਾਂ ਨੂੰ ਲਾਹੌਰ ਤੋਂ ਗੁਜਰਾਂਵਾਲਾ 'ਤੇ ਬੰਬਾਰੀ ਕਰਨ ਲਈ ਭੇਜੇ ਗਏ ਸਨ, ਉਨ੍ਹਾਂ 'ਚੋਂ ਇੱਕ ਨੇ ਤਾਂ ਕੋਈ ਕਾਰਵਾਈ ਨਹੀਂ ਕੀਤੀ ਅਤੇ ਦੂਜੇ ਜਹਾਜ਼ ਨੇ ਆਪਣੀ ਮਸ਼ੀਨਗਨ ਰਾਹੀਂ 50 ਗੋਲੀਆਂ ਚਲਾਈਆਂ ਸਨ।

ਜਾਂਚ ਕਮੇਟੀ ਇੰਨ੍ਹਾਂ ਜਹਾਜ਼ਾਂ ਵੱਲੋਂ ਸੁੱਟੇ ਗਏ ਬੰਬਾਂ ਅਤੇ ਗੋਲੀਆਂ ਦੀ ਗਿਣਤੀ ਤੋਂ ਸਤੁੰਸ਼ਟ ਨਹੀਂ ਸੀ। ਇਸ ਲਈ ਕਮੇਟੀ ਨੇ ਇੱਕ ਹੋਰ ਸੂਤਰ ਰਾਹੀਂ ਅੰਦਾਜ਼ਾ ਲਗਾਇਆ ਕਿ ਤਾਕਤ ਤੋਂ ਵੱਧ ਵਰਤੋਂ ਕੀਤੀ ਗਈ ਸੀ।

ਉਸ ਸਮੇਂ ਰਾਵਲਪਿੰਡੀ 'ਚ ਤੈਨਾਤ ਦੂਜੇ ਦਰਜੇ ਦੀ 'ਵਾਰ ਡਾਅਰੀ' 'ਚ 14 ਅਪ੍ਰੈਲ ਨੂੰ ਸ਼ਾਮ ਦੇ 6 ਵਜੇ ਇੱਕ ਰਿਪੋਰਟ ਦਰਜ ਹੋਈ ਸੀ।

ਰਾਇਲ ਏਅਰ ਫੋਰਸ ਦੇ ਲੈਫਟੀਨੈਂਟ ਕਰਬੀ ਨੇ ਗੁਜਰਾਂਵਾਲਾ 'ਚ ਅੱਗ ਲੱਗਣ ਦੀਆਂ ਘਟਨਾਵਾਂ ਦੀ ਪੁਸ਼ਟੀ ਕੀਤੀ ਸੀ ਅਤੇ ਨਾਲ ਹੀ ਉਨ੍ਹਾਂ ਕਿਹਾ ਸੀ ਕਿ ਹੰਗਾਮਾ ਕਰਨ ਵਾਲਿਆਂ 'ਤੇ ਕਾਮਯਾਬੀ ਨਾਲ ਗੋਲੀਬਾਰੀ ਵੀ ਕੀਤੀ ਗਈ ਸੀ।

ਇਸ ਤੋਂ ਬਾਅਦ ਉਹ ਜਹਾਜ਼ ਨੂੰ ਵਜ਼ੀਰਾਬਾਦ ਦੇ ਇੱਕ ਖੁੱਲ੍ਹੇ ਮੈਦਾਨ 'ਚ ਉਤਾਰਨਾ ਪਿਆ।

ਕੁਝ ਹੀ ਸਮੇਂ 'ਚ ਪ੍ਰਦਰਸ਼ਨਕਾਰੀਆਂ ਦੀ ਭੀੜ ਨੇ ਜਹਾਜ਼ ਨੂੰ ਘੇਰ ਲਿਆ ਅਤੇ ਜਿਵੇਂ ਹੀ ਭੀੜ ਜਹਾਜ਼ 'ਤੇ ਹਮਲਾ ਕਰਨ ਲਈ ਅੱਗੇ ਵਧੀ ਜਹਾਜ਼ ਨੂੰ ਮੁੜ ਚਾਲੂ ਕੀਤਾ ਗਿਆ ਅਤੇ ਜਹਾਜ਼ ਉਡਾਣ ਭਰਨ 'ਚ ਸਫ਼ਲ ਰਿਹਾ।

ਮੌਤਾਂ ਦੀ ਸਰਕਾਰੀ ਗਿਣਤੀ

ਇੰਨ੍ਹਾਂ ਘਟਨਾਵਾਂ ਤੋਂ ਬਾਅਦ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਕਰਨਲ ਓਬਰਾਇਨ ਨੇ ਜਾਂਚ ਕਮੇਟੀ ਨੂੰ ਦੱਸਿਆ ਕਿ 14 ਅਪ੍ਰੈਲ ਨੂੰ ਰਾਇਲ ਏਅਰਫੋਰਸ ਵੱਲੋਂ ਕੀਤੀ ਗਈ ਬੰਬਾਰੀ 'ਚ ਗੁਜਰਾਂਵਾਲਾ 'ਚ 11 ਲੋਕਾਂ ਦੀ ਮੌਤ ਹੋ ਗਈ ਸੀ ਅਤੇ 27 ਲੋਕ ਜ਼ਖਮੀ ਹੋਏ ਸਨ।

ਗੁਜਰਾਂਵਾਲਾ 'ਚ ਬੰਬਾਰੀ ਕਰਨ ਦਾ ਫ਼ੈਸਲਾ ਉਸ ਸਮੇਂ ਦੇ ਪੰਜਾਬ ਦੇ ਲੈਫਟੀਨੈਂਟ ਗਵਰਨਰ ਸਰ ਮਾਈਕਲ ਅਡਵਾਇਰ ਨੇ ਕੀਤਾ ਸੀ।

ਉਨ੍ਹਾਂ ਲਈ ਗੁਜਰਾਂਵਾਲਾ ਦਾ ਪ੍ਰਦਰਸ਼ਨ ਇੱਕ ਵੱਡਾ ਝਟਕਾ ਸੀ।

ਉਨ੍ਹਾਂ ਕਿਹਾ ਸੀ ਕਿ, "ਸਾਨੂੰ ਇਸ ਸ਼ਹਿਰ 'ਚ ਵਿਰੋਧ ਪ੍ਰਦਰਸ਼ਨ ਦੀ ਖ਼ਬਰ 14 ਅਪ੍ਰੈਲ ਨੂੰ ਮਿਲੀ ਜਦੋਂ ਪੰਜਾਬ ਭਰ 'ਚ ਬਗ਼ਾਵਤ ਦੇ ਸੁਰ ਅੱਗ ਵਾਂਗ ਫੈਲ ਚੁੱਕੇ ਸਨ।"

ਉਨ੍ਹਾਂ ਨੂੰ ਸੂਬੇ ਦੇ ਹਰ ਹਿੱਸੇ 'ਚੋਂ ਹਮਲਿਆਂ ਦੀ ਖ਼ਬਰ ਆ ਰਹੀ ਸੀ। ਅੰਮ੍ਰਿਤਸਰ ਨੇੜੇ ਇੱਕ ਰੇਲ ਗੱਡੀ ਨੂੰ ਭੜਕੀ ਭੀੜ ਨੇ ਲੀਹੋਂ ਉਤਾਰ ਦਿੱਤਾ ਸੀ।

ਸਰ ਮਾਈਕਲ ਅਨੁਸਾਰ ਗੁਜਰਾਂਵਾਲਾ 'ਚ ਸਥਿਤੀ 'ਤੇ ਕਾਬੂ ਪਾਉਣ ਲਈ ਫੌਜ ਰਵਾਨਾ ਕਰਨਾ ਅਸੰਭਵ ਸੀ, ਇਸ ਲਈ ਹਵਾਈ ਫੌਜ ਤੋਂ ਮਦਦ ਲਈ ਗਈ।

ਅਗਲੇ ਦਿਨ ਮੁੜ ਹੋਈ ਬੰਬਾਰੀ

15 ਅਪ੍ਰੈਲ ਨੂੰ ਏਅਰ ਫੋਰਸ ਦੇ ਇੱਕ ਹੋਰ ਅਧਿਕਾਰੀ ਲੈਫਟੀਨੈਂਟ ਡੋਡਕੇਨਿਜ਼ ਨੂੰ ਉਪਰੋਂ ਹੁਕਮ ਹੋਇਆ ਕਿ ਗੁਜਰਾਂਵਾਲਾ ਵੱਲ ਉਡਾਣ ਭਰੀ ਜਾਵੇ ਅਤੇ ਲਾਹੌਰ ਅਤੇ ਗੁਜਰਾਂਵਾਲਾ ਵਿਚਾਲੇ ਰੇਲਵੇ ਲਾਈਨ ਦਾ ਜਾਇਜ਼ਾ ਲਿਆ ਜਾਵੇ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਰੇਲਵੇ ਲਾਈਨ ਤਬਾਹ ਤਾਂ ਨਹੀਂ ਹੋਈ ਹੈ।

ਉਨ੍ਹਾਂ ਨੂੰ ਵੀ ਇਹ ਹੁਕਮ ਦਿੱਤੇ ਗਏ ਸਨ ਕਿ ਗੁਜਰਾਂਵਾਲਾ ਦੀ ਤਾਜ਼ਾ ਹਾਲਾਤ ਦਾ ਵੀ ਹਵਾਈ ਜਾਇਜ਼ਾ ਲਿਆ ਜਾਵੇ ਅਤੇ ਨਾਲ ਹੀ ਵੱਡੀ ਤਾਦਾਦ 'ਚ ਇਕੱਠ ਨੂੰ ਵੇਖਦਿਆਂ ਹੀ ਉਸ 'ਤੇ ਕਾਰਵਾਈ ਕਰਨ ਦੇ ਹੁਕਮ ਵੀ ਦਿੱਤੇ ਗਏ ਸਨ।

ਇਸ ਅਫ਼ਸਰ ਨੂੰ ਤਾਂ ਗੁਜਰਾਂਵਾਲਾ 'ਚ ਕੋਈ ਗੜਬੜੀ ਨਜ਼ਰ ਨਹੀਂ ਆਈ ਪਰ ਸ਼ਹਿਰ ਤੋਂ ਇੱਕ ਮੀਲ ਬਾਹਰ ਵੱਲ ਪੱਛਮੀ ਇਲਾਕੇ 'ਚ 30-40 ਲੋਕ ਨਜ਼ਰ ਆਏ।

ਉਸ ਨੇ ਉਨ੍ਹਾਂ 'ਤੇ ਮਸ਼ੀਨਗਨ ਨਾਲ ਗੋਲੀਬਾਰੀ ਕੀਤੀ। ਉਸ ਤੋਂ ਬਾਅਦ 'ਚ ਇੱਕ ਹੋਰ ਪਿੰਡ 'ਚ 30 ਤੋਂ 50 ਲੋਕਾਂ ਦੇ ਇਕੱਠ ਨੂੰ ਵੇਖਦਿਆਂ ਹੀ ਅਫ਼ਸਰ ਨੇ ਉਨ੍ਹਾਂ 'ਤੇ ਬੰਬ ਸੁੱਟਿਆ, ਜੋ ਕਿ ਇੱਕ ਘਰ 'ਚ ਡਿੱਗਿਆ ਅਤੇ ਫੱਟ ਗਿਆ।

ਜਾਂਚ ਕਮੇਟੀ ਨੇ ਸਵੀਕਾਰ ਕੀਤਾ ਹੈ ਕਿ ਇੰਨ੍ਹਾਂ ਦੋਵਾਂ ਬੰਬਾਂ ਨਾਲ ਮਰਨ ਵਾਲਿਆਂ ਅਤੇ ਜ਼ਖਮੀ ਲੋਕਾਂ ਦੀ ਕੋਈ ਪੁਖ਼ਤਾ ਜਾਣਕਾਰੀ ਪ੍ਰਾਪਤ ਨਹੀਂ ਹੋਈ ਹੈ।

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।