ਯੂਕਰੇਨ : ਰਾਸ਼ਟਰਪਤੀ ਦਾ ਕਿਰਦਾਰ ਨਿਭਾਉਣ ਵਾਲਾ ਕਾਮੇਡੀਅਨ ਬਣਿਆ ਸੱਚਮੁੱਚ ਰਾਸ਼ਟਰਪਤੀ

ਵੋਲੋਡੀਮੀਅਰ ਜ਼ੈਲੇਂਸਕੀ

ਤਸਵੀਰ ਸਰੋਤ, Getty Images

ਯੂਕਰੇਨ ਵਿੱਚ ਕਾਮੇਡੀਅਨ ਵੋਲੋਡੀਮੀਅਰ ਜ਼ੈਲੇਂਸਕੀ ਨੇ ਰਾਸ਼ਟਰਪਤੀ ਚੋਣਾਂ ਵਿੱਚ ਵੱਡੀ ਜਿੱਤ ਹਾਸਿਲ ਕੀਤੀ ਹੈ। ਐਗਜ਼ਿਟ ਪੋਲਜ਼ ਮੁਤਾਬਕ ਸਿਆਸਤ ਵਿੱਚ ਨਵੇਂ ਵੋਲੋਡੀਮੀਅਰ ਨੂੰ 70 ਫੀਸਦੀ ਸਨਰਥਨ ਹਾਸਿਲ ਹੋਇਆ ਹੈ।

41 ਸਾਲਾ ਟੀਵੀ ਕਾਮੇਡੀਅਨ ਵੋਲੋਡੀਮੀਅਰ ਜ਼ੈਲੇਂਸਕੀ ਦਾ ਮੁਕਾਬਲਾ ਵੱਡੇ ਸਨਅਤਕਾਰ ਅਤੇ ਮੌਜੂਦਾ ਰਾਸ਼ਟਰਪਤੀ ਪੈਟਰੋ ਪੋਰੋਸ਼ੈਂਕੋ ਦੇ ਨਾਲ ਸੀ ਜਿਨ੍ਹਾਂ ਨੇ ਹਾਰ ਮੰਨ ਲਈ ਹੈ।

ਐਗਜ਼ਿਟ ਪੋਲਜ਼ ਦੇ ਇਹ ਨਤੀਜੇ ਰਾਸ਼ਟਰਪਤੀ ਪੈਟਰੋ ਪੋਰੋਸ਼ੈਂਕੋ ਦੇ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।

ਤਸਵੀਰ ਸਰੋਤ, Volodymyr Zelensky /FB

ਵੋਲੋਡੀਮੀਅਰ ਨੇ ਜਿੱਤ ਤੋਂ ਬਾਅਦ ਕਿਹਾ, "ਮੈਂ ਤੁਹਾਡਾ ਕਦੇ ਵੀ ਭਰੋਸਾ ਨਹੀਂ ਤੋੜਾਂਗਾ। ਮੈਂ ਹਾਲੇ ਅਧਿਕਾਰਿਕ ਤੌਰ ਤੇ ਰਾਸ਼ਟਰਪਤੀ ਨਹੀਂ ਹਾਂ ਪਰ ਯੂਕਰੇਨ ਦਾ ਨਾਗਰਿਕ ਹੋਣ ਦੇ ਨਾਤੇ ਮੈਂ ਸੋਵੀਅਤ ਯੂਨੀਅਨ ਤੋਂ ਬਾਅਦ ਦੇ ਦੇਸਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਸਾਡੇ ਵੱਲ ਦੇਖੋ। ਸਭ ਕੁਝ ਸੰਭਵ ਹੈ।"

ਜੇ ਐਗਜ਼ਿਟ ਪੋਲ ਦੇ ਨਤੀਜੇ ਸਹੀ ਹਨ ਤਾਂ ਵੋਲੋਡੀਮੀਅਰ ਪੰਜ ਸਾਲ ਦੇ ਲਈ ਦੇਸ ਦੇ ਰਾਸ਼ਟਰਪਤੀ ਚੁਣੇ ਜਾਣਗੇ।

ਐਗਜ਼ਿਟ ਪੋਲਜ਼ ਮੁਤਾਬਕ ਸਾਲ 2014 ਤੋਂ ਸੱਤਾ ਵਿੱਚ ਕਾਇਮ ਪੋਰੋਸ਼ੈਂਕੋ ਨੂੰ 25 ਫੀਸਦੀ ਵੋਟਿੰਗ ਹਾਸਿਲ ਹੋਈ ਹੈ। ਐਗਜ਼ਿਟ ਪੋਲਜ਼ ਦੇ ਨਤੀਜੇ ਆਉਣ ਤੋਂ ਬਾਅਦ ਪੋਰੋਸ਼ੈਂਕੋ ਨੇ ਕਿਹਾ, "ਮੈਂ ਦਫ਼ਤਰ ਛੱਡ ਦੇਵਾਂਗਾ ਪਰ ਮੈਂ ਜ਼ੋਰ ਦੇ ਕੇ ਕਹਿਣਾ ਚਾਹੁੰਦਾ ਹਾਂ ਕਿ ਮੈਂ ਸਿਆਸਤ ਨਹੀਂ ਛੱਡਾਂਗਾ।"

ਇਹ ਵੀ ਪੜ੍ਹੋ:

ਰਾਸ਼ਟਰਪਤੀ ਚੋਣਾਂ

ਸਿਆਸਤ ਵਿੱਚ ਨਵੇਂ ਵੋਲੋਡੀਮੀਅਰ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਦੂਜੇ ਗੇੜ ਦੌਰਾਨ ਵੋਟ ਫੀਸਦੀ 62.07 ਰਿਹਾ। ਵੋਲੋਡੀਮੀਅਰ ਨੂੰ 73 ਫਸੀਦੀ ਅਤੇ ਪੈਟਰੋ ਪੋਰੋਸ਼ੈਂਕੋ ਨੂੰ 24.66 ਫੀਸਦੀ ਵੋਟਾਂ ਹਾਸਿਲ ਹੋਈਆਂ।

ਤਿੰਨ ਹਫ਼ਤੇ ਪਹਿਲਾਂ ਹੋਈ ਪਹਿਲੇ ਗੇੜ ਦੀ ਵੋਟਿੰਗ ਦੌਰਾਨ 39 ਉਮੀਦਵਾਰਾਂ ਵਿੱਚੋਂ ਵੋਲੋਡੀਮੀਅਰ ਦਾ ਦਬਦਬਾ ਰਿਹਾ।

ਤਸਵੀਰ ਸਰੋਤ, EPA

ਹਾਲਾਂਕਿ ਵੋਲੋਡੀਮੀਅਰ ਖਿਲਾਫ਼ ਦਾਇਰ ਇੱਕ ਮਾਮਲੇ ਨੂੰ ਰਾਜਧਾਨੀ ਕੀਵ ਦੀ ਅਦਾਲਤ ਨੇ ਰੱਦ ਕਰ ਦਿੱਤਾ ਹੈ। ਇੱਕ ਵਿਅਕਤੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਰਾਸ਼ਟਰਪਤੀ ਬਹਿਸ ਲਈ ਵੋਲੋਡੀਮੀਅਰ ਵਲੋਂ ਲੋਕਾਂ ਨੂੰ ਮੁਫ਼ਤ ਟਿਕਟਾਂ ਵੰਡਣਾਂ ਰਿਸ਼ਵਤ ਹੈ।

ਸ਼ੁੱਕਰਵਾਰ ਨੂੰ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੋਨੋਂ ਆਗੂ ਬਹਿਸ ਲਈ ਕੀਵ ਦੇ ਓਲੰਪਿਕ ਸਟੇਡੀਅਮ ਵਿੱਚ ਪਹਿਲੀ ਵਾਰੀ ਆਹਮੋ-ਸਾਹਮਣੇ ਹੋਏ।

ਵੋਲੋਡੀਮੀਅਰ ਨੇ ਵੋਟਰਾਂ ਦੇ ਨਾਲ ਰਾਬਤਾ ਕਾਇਮ ਕਰਨ ਲਈ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ ਹੈ।

ਕਾਮੇਡੀਅਨ ਵੋਲੋਡੀਮੀਅਰ ਜ਼ੈਲੇਂਸਕੀ ਕੌਣ ਹਨ

41 ਸਾਲਾ ਵੋਲੋਡੀਮੀਅਰ ਜ਼ੈਲੇਂਸਕੀ ਨੂੰ ਸਿਆਸੀ ਵਿਅੰਗ ਪ੍ਰੋਗਰਾਮ 'ਸਰਵੈਂਟ ਆਫ਼ ਦਿ ਪੀਪਲ' ਲਈ ਜਾਣਿਆ ਜਾਂਦਾ ਹੈ।

ਇਸ ਨਾਟਕ ਵਿੱਚ ਉਹ ਇੱਕ ਅਧਿਆਪਕ ਦੀ ਭੂਮਿਕਾ ਨਿਭਾਉਂਦੇ ਹਨ ਜੋ ਕਿ ਅਣਜਾਨੇ ਵਿੱਚ ਯੂਕਰੇਨ ਦਾ ਰਾਸ਼ਟਰਪਤੀ ਬਣ ਜਾਂਦਾ ਹੈ। ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਹ ਰਾਸ਼ਟਰਪਤੀ ਬਣ ਜਾਂਦੇ ਹਨ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਰਾਸ਼ਟਰਪਤੀ ਪੈਟਰੋ ਪੋਰੋਸ਼ੈਂਕੋ ਵੱਡੇ ਵਪਾਰੀ ਹਨ ਜਦੋਂਕਿ ਵੋਲੋਡੀਮੀਅਰ ਟੀਵੀ ਕਲਾਕਾਰ

ਹੁਣ ਉਨ੍ਹਾਂ ਦੀ ਪਾਰਟੀ ਦਾ ਨਾਮ ਵੀ ਇਸ ਨਾਟਕ ਦੇ ਨਾਮ ਉੱਤੇ ਹੀ ਆਧਾਰਿਤ ਹੈ।

ਕੋਈ ਵੀ ਸਿਆਸੀ ਤਜ਼ੁਰਬਾ ਨਾ ਹੋਣ ਕਾਰਨ ਉਨ੍ਹਾਂ ਦੀ ਚੋਣ ਮੁਹਿੰਮ ਹੋਰਨਾਂ ਨਾਲੋਂ ਵੱਖਰੀ ਸੀ। ਉਨ੍ਹਾਂ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਪਰ ਇਸ ਵਿੱਚ ਕਿਸੇ ਵੀ ਨੀਤੀ ਦਾ ਜ਼ਿਕਰ ਨਹੀਂ ਸੀ।

ਇੰਸਟਾਗਰਾਮ 'ਤੇ ਉਨ੍ਹਾਂ ਦੇ 36 ਲੱਖ ਤੋਂ ਵੱਧ ਫੌਲੋਅਰਸ ਹਨ ਜਦਿਕ ਉਨ੍ਹਾਂ ਦੇ ਵਿਰੋਧੀ ਪੋਰੋਸ਼ੈਂਕੋ ਦੇ ਫੌਲੋਅਰਸ 10 ਗੁਣਾ ਘੱਟ ਹਨ।

ਵੋਲੋਡੀਮੀਅਰ ਜ਼ੈਲੇਂਸਕੀ ਦੇ ਨੌਜਵਾਨ ਕਾਰਕੁਨ ਉਨ੍ਹਾਂ ਦੀ ਚੋਣ ਮੁਹਿੰਮ ਨੂੰ ਸਾਂਭ ਰਹੇ ਹਨ। 20 ਸਾਲ ਦੇ ਨੌਜਵਾਨਾਂ ਨੇ ਵੋਲੋਡੀਮੀਅਰ ਦੇ ਇੰਸਟਾਗਰਾਮ, ਫੇਸਬੁੱਕ ਅਤੇ ਯੂਟਿਊਬ ਰਾਹੀਂ ਉਨ੍ਹਾਂ ਦੇ ਚੋਣ ਪ੍ਰਚਾਰ ਨੂੰ ਨੇਪਰੇ ਚਾੜ੍ਹਿਆ।

ਜਦੋਂ ਪੂਰਬੀ ਯੂਕਰੇਨ ਵਿੱਚ ਰੂਸ ਦੇ ਸਮਰਥਨ ਹਾਸਿਲ ਵੱਖਵਾਦੀਆਂ ਨੇ ਸਿਰ ਚੁੱਕਿਆ ਤਾਂ ਉਨ੍ਹਾਂ ਵਲੰਟੀਅਰ ਬਟਾਲੀਅਨਾ ਨੂੰ ਪੱਲਿਓਂ ਪੈਸੇ ਦੇ ਕੇ ਵਿਵਾਦ ਸ਼ਾਂਤ ਕਰਨ ਵਿੱਚ ਮਦਦ ਕੀਤੀ।

ਤਸਵੀਰ ਸਰੋਤ, AFP/EPA

ਤਸਵੀਰ ਕੈਪਸ਼ਨ,

ਵੋਲੋਡੀਮੀਅਰ ਜ਼ੈਲੇਂਸਕੀ (ਖੱਬੇ) ਅਤੇ ਉਨ੍ਹਾਂ ਦੇ ਵਿਰੋਧੀ ਪੈਟਰੋ ਪੋਰੋਸ਼ੈਂਕੋ

ਉਹ ਖੁੱਲ੍ਹ ਕੇ ਕਹਿ ਚੁੱਕੇ ਹਨ 'ਨਾ ਕੋਈ ਵਾਅਦਾ ਅਤੇ ਨਾ ਨਿਰਾਸ਼ਾ'।

ਚੋਣਾਂ ਤੋਂ ਪਹਿਲਾਂ ਟੀਵੀ ਡਿਬੇਟ ਵਿੱਚ ਉਨ੍ਹਾਂ ਕਿਹਾ, ''ਮੈਂ ਸਿਆਸਤਦਾਨ ਨਹੀਂ ਹਾਂ। ਮੈਂ ਇੱਕ ਆਮ ਇਨਸਾਨ ਹਾਂ ਜੋ ਸਿਸਟਮ ਨੂੰ ਚੁਣੌਤੀ ਦੇਣ ਆਇਆ ਹੈ।''

ਇਸ ਦੇ ਬਾਵਜੂਦ ਉਨ੍ਹਾਂ ਨੇ 30 ਫੀਸਦੀ ਵੋਟਿੰਗ ਦੇ ਨਾਲ ਪਹਿਲੇ ਗੇੜ ਦੀਆਂ ਚੋਣਾਂ ਜਿੱਤੀਆਂ। ਉਨ੍ਹਾਂ ਪੋਰੋਸ਼ੈਂਕੋ ਨਾਲੋਂ ਦੁਗਣੇ ਵੋਟ ਹਾਸਿਲ ਕੀਤੇ। ਪੋਰੋਸ਼ੈਂਕੋ 15.95 ਫੀਸਦੀ ਵੋਟਿੰਗ ਦੇ ਨਾਲ ਦੂਜੇ ਨੰਬਰ ਉੱਤੇ ਰਹੇ ਸਨ।

ਵੋਲੋਡੀਮੀਅਰ ਜ਼ੈਲੇਂਸਕੀ ਨੇ ਦਰਜਨਾਂ ਫਿਲਮਾਂ ਅਤੇ ਸ਼ੋਅ ਵਿੱਚ ਕੰਮ ਕੀਤਾ ਹੈ।

ਕਾਨੂੰਨ ਦੀ ਪੜ੍ਹਾਈ ਕਰਨ ਵਾਲੇ ਵੋਲੋਡੀਮੀਅਰ ਜ਼ੈਲੇਂਸਕੀ ਨੇ ਐਕਟਿੰਗ ਵਿੱਚ ਕਰੀਅਰ ਬਣਾਉਣ ਨੂੰ ਤਰਜੀਹ ਦਿੱਤੀ।

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ,

ਦੋਹਾਂ ਉਮੀਦਵਾਰਾਂ ਦੀ ਟੀਵੀ ਡਿਬੇਟ ਦੇਖਦੇ ਲੋਕ

ਪੈਟਰੋ ਪੋਰੋਸ਼ੈਂਕੋ ਕੌਣ ਹਨ

ਮੌਜੂਦਾ ਰਾਸ਼ਟਰਪਤੀ ਪੈਟਰੋ ਪੋਰੋਸ਼ੈਂਕੋ ਸਾਲ 2014 ਤੋਂ ਸੱਤਾ ਵਿੱਚ ਹਨ। ਉਨ੍ਹਾਂ ਨੇ ਇਸ ਚੋਣ ਨਤੀਜੇ ਨੂੰ ਇੱਕ 'ਸਖ਼ਤ ਸਿੱਖ' ਕਰਾਰ ਦਿੱਤਾ।

53 ਸਾਲਾ ਪੈਟਰੋ ਪੋਰੋਸ਼ੈਂਕੋ ਅਰਬਪਤੀ ਹਨ ਜਿਨ੍ਹਾਂ ਨੇ ਸ਼ੁਰੂਆਤ ਵਿੱਚ ਆਪਣਾ ਭਵਿੱਖ ਬਣਾਇਆ ਮਠਿਆਈ ਦੇ ਵਪਾਰ ਅਤੇ ਟੀਵੀ ਤੋਂ।

ਉਨ੍ਹਾਂ ਦੀ ਚੋਣ ਪਹਿਲਾਂ ਵਾਲੀ ਰੂਸੀ ਪੱਖੀ ਸਰਕਾਰ ਦੇ ਵਿਰੋਧ ਵਿੱਚ ਲੋਕਾਂ ਦੇ ਵਿਦਰੋਹ ਤੋਂ ਬਾਅਦ ਹੋਈ ਸੀ।

ਇਹ ਵੀ ਪੜ੍ਹੋ:

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ,

ਸ਼ੁੱਕਰਵਾਰ ਨੂੰ ਬਹਿਸ ਦੌਰਾਨ ਪੋਰੋਸ਼ੈਂਕੋ ਦੇ ਸਮਰਥਕ ਵੱਡੀ ਗਿਣਤੀ ਵਿੱਚ ਜੁਟੇ

ਸਟੇਡੀਅਮ ਵਿੱਚ ਸ਼ੁੱਕਰਵਾਰ ਨੂੰ ਦੋਹਾਂ ਉਮੀਦਵਾਰਾਂ ਵਿਚਾਲੇ ਹੋਈ ਬਹਿਸ ਉੱਤੇ ਸਭ ਦੀ ਨਜ਼ਰ ਸੀ ਕਿਉਂਕਿ ਕਾਮੇਡੀਅਨ ਵੋਲੋਡੀਮੀਅਰ ਨੇ ਰਾਸ਼ਟਰਪਤੀ ਨੂੰ ਗੈਰ-ਰਵਾਇਤੀ ਪ੍ਰੋਗਰਾਮ ਦੇ ਲਈ ਚੁਣੌਤੀ ਦਿੱਤੀ ਸੀ।

ਰਾਸ਼ਟਰਪਤੀ ਪੋਰੋਸ਼ੈਂਕੋ ਵਲੋਂ ਇੱਹ ਚੁਣੌਤੀ ਸਵੀਕਾਰ ਕਰਨ ਤੋਂ ਬਾਅਦ ਦੋਹਾਂ ਵਿਚਾਲੇ ਤਰੀਕ ਨੂੰ ਲੈ ਕੇ ਮਤਭੇਦ ਸਨ।

ਪਿਛਲੇ ਹਫ਼ਤੇ ਪੋਰੋਸ਼ੈਂਕੋ ਸਮੇਂ 'ਤੇ ਪਹੁੰਚ ਗਏ ਪਰ ਖਾਲੀ ਮੰਚ ਉੱਤੇ ਹੀ ਚਰਚਾ ਕਰਕੇ ਚਲੇ ਗਏ ਕਿਉਂਕਿ ਵਿਰੋਧੀ ਵੋਲੋਡੀਮੀਅਰ ਪਹੁੰਚੇ ਹੀ ਨਹੀਂ ਸਨ।

ਅਣਪਛਾਤੇ ਉਮੀਦਵਾਰ ਉੱਤੇ ਦਾਅ

ਬੀਬੀਸੀ ਪੱਤਰਕਾਰ ਜੋਨਾਹ ਫਿਸ਼ਰ ਮੁਤਾਬਕ ਵੋਟਰਾਂ ਲਈ ਚੁਣੌਤੀ ਇਹ ਸੀ ਕਿ ਪੰਜ ਸਾਲ ਤੱਕ ਅਹੁਦੇ 'ਤੇ ਰਹਿ ਚੁੱਕੇ ਪੋਰੋਸ਼ੈਂਕੋ ਨੂੰ ਹੀ ਮੁੜ ਤੋਂ ਚੁਣਿਆ ਜਾਵੇ ਜਾਂ ਫਿਰ ਪਹਿਲੀ ਵਾਰੀ ਸਿਆਸਤ ਵਿੱਚ ਉਤਰੇ ਕਾਮੇਡੀਅਨ ਵੋਲੋਡੀਮੀਅਰ ਨੂੰ।

ਵੋਲੋਡੀਮੀਅਰ ਜ਼ੈਲੇਂਸਕੀ ਮਸ਼ਹੂਰ ਮਨੋਰੰਜਨ ਕਲਾਕਾਰ ਹਨ ਪਰ ਉਨ੍ਹਾਂ ਦੀ ਵਿਚਾਰਧਾਰਾ ਚੋਣ ਮੁਹਿੰਮ ਦੌਰਾਨ ਸਪਸ਼ਟ ਨਹੀਂ ਹੋਈ ਹੈ।

ਹਾਲਾਂਕਿ ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਉਹ ਰਾਸ਼ਟਰਪਤੀ ਬਣ ਸਕਦੇ ਹਨ ਪਰ ਟੀਵੀ ਦੇ ਇੱਕ ਨਾਟਕ ਵਿੱਚ ਭੂਮਿਕਾ ਨਿਭਾ ਕੇ।

ਯੂਕਰੇਨ ਪੂਰਬ ਵਿੱਚ ਰੂਸ ਦੀਆਂ ਹਮਾਇਤੀ ਫ਼ੌਜਾਂ ਦੇ ਵਿਰੁੱਧ ਜੰਗ ਲੜ ਰਿਹਾ ਹੈ। ਰਾਸ਼ਟਰਪਤੀ ਪੋਰੋਸ਼ੈਂਕੋ ਨੇ ਲਗਾਤਾਰ ਕਿਸੇ ਸਿਆਸੀ ਤਜ਼ੁਰਬੇ ਵਾਲੇ ਰਾਸ਼ਟਰਪਤੀ ਉੱਤੇ ਜ਼ੋਰ ਦਿੱਤਾ ਹੈ।

ਪਰ ਸਾਰੇ ਹੀ ਸਰਵੇਖਣ ਦਰਸਾਉਂਦੇ ਹਨ ਕਿ ਯੂਕਰੇਨ ਦੇ ਲੋਕ ਉਨ੍ਹਾਂ ਸਿਆਸਤਦਾਨਾਂ ਤੋਂ ਅੱਕ ਚੁੱਕੇ ਹਨ ਜੋ ਕਿ ਭ੍ਰਿਸ਼ਟਾਚਾਰੀ ਅਤੇ ਅਮੀਰ ਹਨ।

ਯੂਕਰੇਨ ਬਾਰੇ 5 ਅਹਿਮ ਗੱਲਾਂ

  • 1991 ਵਿੱਚ ਸੋਵੀਅਤ ਯੂਨੀਅਨ ਦੇ ਖ਼ਤਮ ਹੋ ਜਾਣ ਤੋਂ ਬਾਅਦ ਯੂਕਰੇਨ ਨੇ ਆਜ਼ਾਦੀ ਹਾਸਿਲ ਕੀਤੀ। ਉਦੋਂ ਤੋਂ ਹੀ ਯੂਕਰੇਨ ਪੱਛਮੀ ਯੂਰਪ ਦੇ ਨਾਲ ਨੇੜਤਾ ਕਾਇਮ ਕਰਨ ਅਤੇ ਰੂਸ ਦੇ ਘੇਰੇ ਵਿੱਚ ਲਟਕਦਾ ਰਿਹਾ ਹੈ, ਜਿਸ ਨੂੰ ਪੱਛਮੀ ਝੁਕਾਅ ਵਾਲੇ ਯੂਕਰੇਨ ਤੋਂ ਖਤਰਾ ਮਹਿਸੂਸ ਹੁੰਦਾ ਰਹਿੰਦਾ ਹੈ।
  • ਯੂਰਪ ਦਾ ਦੂਜਾ ਸਭ ਤੋਂ ਵੱਡਾ ਦੇਸ ਹੈ ਯੂਕਰੇਨ ਅਤੇ ਇੱਥੇ ਦੀ ਧਰਤੀ ਉਪਜਾਊ ਹੈ।
  • ਯੂਕਰੇਨਦੀ ਆਬਾਦੀ ਤਕਰੀਬਨ ਪੰਜ ਕਰੋੜ ਹੈ ਅਤੇ ਇੱਥੇ ਅਹਿਮ ਧਰਮ ਇਸਾਈ ਹੈ।
  • ਯੂਕਰੇਨ ਅਤੇ ਰੂਸ ਦਾ ਸਾਂਝਾ ਇਤਿਹਾਸ ਹੈ। ਪੱਛਮੀ ਯੂਕਰੇਨ ਦੇ ਯੂਰਪੀ ਗੁਆਂਢੀ ਦੇਸਾਂ ਦੇ ਨਾਲ ਗੂੜ੍ਹੇ ਸਬੰਧ ਹਨ ਖਾਸ ਕਰਕੇ ਪੋਲੈਂਡ ਅਤੇ ਰਾਸ਼ਟਰਵਾਦੀ ਭਾਵਨਾ ਕਾਫ਼ੀ ਮਜ਼ਬੂਤ ਹੈ।
  • ਯੂਖਰੇਨ ਵਿੱਚ ਮੁੱਖ ਭਾਸ਼ਾਵਾਂ ਯੂਕਰੇਨੀਅਨ ਅਤੇ ਰੂਸੀ ਹੈ। ਇੱਥੇ ਕਾਫ਼ੀ ਘੱਟ-ਗਿਣਤੀਆਂ ਦੀ ਪਹਿਲੀ ਭਾਸ਼ਾ ਰੂਸੀ ਹੈ ਖਾਸ ਕਰਕੇ ਸ਼ਹਿਰਾਂ ਅਤੇ ਪੂਰਬ ਵਿੱਚ ਸਨਅਤਕਾਰ ਰੂਸੀ ਬੋਲਦੇ ਹਨ।

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)