ਸ੍ਰੀ ਲੰਕਾ ਧਮਾਕੇ: ਡੈੱਨਮਾਰਕ ਦੇ ਅਰਬਪਤੀ ਦੇ ਤਿੰਨ ਬੱਚਿਆਂ ਨੇ ਗੁਆਈ ਜਾਨ

ਤਸਵੀਰ ਸਰੋਤ, Getty Images
ਸ੍ਰੀ ਲੰਕਾ ਵਿੱਚ ਹੋਏ ਧਮਾਕਿਆਂ ਵਿੱਚ 290 ਲੋਕ ਮਾਰੇ ਗਏ ਹਨ। ਵਧੇਰੇ ਲੋਕ ਸ੍ਰੀ ਲੰਕਾ ਦੇ ਹੀ ਸਨ ਪਰ ਮਰਨ ਵਾਲਿਆਂ ਵਿੱਚ ਕੁਝ ਭਾਰਤੀ, ਬਿਰਤਾਨਵੀ, ਡੈੱਨਮਾਰਕ ਦੇ ਤੇ ਚੀਨੀ ਮੂਲ ਦੇ ਵੀ ਸਨ।
ਸਰਕਾਰ ਨੇ ਗਲਤ ਜਾਣਕਾਰੀ ਨੂੰ ਰੋਕਣ ਲਈ ਸੋਸ਼ਲ ਮੀਡੀਆ 'ਤੇ ਰੋਕ ਲਗਾ ਰੱਖੀ ਹੈ। ਹੁਣ ਤੱਕ ਮਰਨ ਵਾਲਿਆਂ ਬਾਰੇ ਇਹ ਜਾਣਕਾਰੀ ਹੈ।
ਸੈਲੇਬ੍ਰਿਟੀ ਸ਼ੈੱਫ
ਸ੍ਰੀ ਲੰਕਾ ਦੀ ਮਸ਼ਹੂਰ ਸੈਲੇਬ੍ਰਿਟੀ ਸ਼ੈੱਫ ਸ਼ਾਂਥਾ ਮਾਯਾਡੂਨ ਦੀ ਇਸ ਹਮਲੇ ਵਿੱਚ ਮੌਤ ਹੋ ਗਈ ਹੈ।
ਉਨ੍ਹਾਂ ਦੀ ਧੀ ਨਿਸੰਗਾ ਨੇ ਧਮਾਕੇ ਤੋਂ ਕੁਝ ਦੇਰ ਪਹਿਲਾਂ ਹੀ ਸ਼ੰਗ੍ਰੀਲਾ ਹੋਟਲ ਵਿੱਚ ਪਰਿਵਾਰ ਨਾਲ ਨਾਸ਼ਤਾ ਕਰਦੇ ਦੀ ਤਸਵੀਰ ਪੋਸਟ ਕੀਤੀ ਸੀ।
ਬਾਅਦ 'ਚ ਉਨ੍ਹਾਂ ਦੇ ਪਰਿਵਾਰ ਦੇ ਕਿਸੇ ਮੈਂਬਰ ਨੇ ਫੇਸਬੁੱਕ 'ਤੇ ਲਿਖਿਆ ਕਿ ਧਮਾਕੇ ਵਿੱਚ ਦੋਵੇਂ ਸ਼ਾਂਥਾ ਤੇ ਨਿਸੰਗਾ ਦੀ ਮੌਤ ਹੋ ਗਈ ਹੈ।
ਉਨ੍ਹਾਂ ਇਹ ਵੀ ਲਿਖਿਆ ਕਿ ਇਸ ਦਰਦ ਨੂੰ ਬਿਆਨ ਕਰਨ ਲਈ ਕੋਈ ਵੀ ਸ਼ਬਦ ਨਹੀਂ ਹਨ।
ਇਹ ਵੀ ਪੜ੍ਹੋ:
ਹੋਟਲ ਦੇ 4 ਕਰਮਚਾਰੀ
ਸਿਨੇਮਨ ਗ੍ਰੈਂਡ ਹੋਟਲ ਦੇ ਰੈਸਟੌਰੰਟ ਵਿੱਚ ਕੰਮ ਕਰਨ ਵਾਲੇ ਚਾਰ ਸਟਾਫ ਮੈਂਬਰ ਵੀ ਹਮਲਿਆਂ ਵਿੱਚ ਮਾਰੇ ਗਏ ਹਨ।
ਹੋਟਲ ਦੇ ਬੁਲਾਰੇ ਨੇ ਬੀਬੀਸੀ ਨੂੰ ਦੱਸਿਆ, ''ਬਹੁਤ ਵਿਅਸਤ ਸਵੇਰ ਸੀ। ਐਤਵਾਰ ਨੂੰ ਨਾਸ਼ਤੇ ਵਿੱਚ ਬਫੇ ਹੁੰਦਾ ਹੈ, ਇਸਲਈ ਉਹ ਸਮਾਂ ਬਹੁਤ ਵਿਅਸਤ ਹੁੰਦਾ ਹੈ।''
''ਉਹ ਖਾਣਾ ਪਰੋਸ ਰਹੇ ਸਨ। ਉਨ੍ਹਾਂ 'ਚੋਂ ਇੱਕ ਲਾਈਵ ਪੈਨਕੇਕ ਬਣਾ ਰਿਹਾ ਸੀ।''
ਉਨ੍ਹਾਂ ਦੇ ਨਾਂ ਸ਼ਾਂਥਾ, ਸੰਜੀਵਨੀ, ਇਬਰਾਹਿਮ ਤੇ ਨਿਸਥਾਰ ਸਨ।
ਅਰਬਪਤੀ ਦੇ ਤਿੰਨ ਬੱਚੇ
ਡੈੱਨਮਾਰਕ ਦੇ ਅਰਬਪਤੀ ਐਨਡਰਸ ਹੋਚ ਪੋਲਸਨ ਦੇ ਤਿੰਨ ਬੱਚੇ ਵੀ ਹਮਲਿਆਂ ਵਿੱਚ ਮਾਰੇ ਗਏ ਹਨ।
ਕੰਪਨੀ ਦੇ ਇੱਕ ਬੁਲਾਰੇ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ। ਫਿਲਹਾਲ ਕੰਪਨੀ ਨੇ ਹੋਰ ਕਈ ਜਾਣਕਾਰੀ ਨਹੀਂ ਦਿੱਤੀ ਹੈ ਤੇ ਪਰਿਵਾਰ ਦੀ ਨਿੱਜਤਾ ਕਾਇਮ ਰੱਖਣ ਦੀ ਗੁਜ਼ਾਰਿਸ਼ ਕੀਤੀ ਹੈ।
ਉਨ੍ਹਾਂ 'ਚੋਂ ਇੱਕ ਬੱਚੇ ਨੇ ਚਾਰ ਦਿਨ ਪਹਿਲਾਂ ਇੰਸਟਾਗ੍ਰਾਮ 'ਤੇ ਤਸਵੀਰ ਪੋਸਟ ਕੀਤੀ ਸੀ ਜਿਸਦੀ ਲੋਕੇਸ਼ਨ ਸ੍ਰੀ ਲੰਕਾ ਸੀ।
46 ਸਾਲ ਦੇ ਪੋਲਸਨ ਦੀ ਕੱਪੜਿਆਂ ਦੀ ਚੇਨ ਹੈ, ਤੇ ਉਹ ਆਨਲਾਈਨ ਰਿਟੇਲਰ ASOS ਵਿੱਚ ਸਟੇਕਹੋਲਡਰ ਹਨ।
ਭਾਰਤੀ ਜੋ ਹੋਏ ਹਮਲੇ ਦੇ ਸ਼ਿਕਾਰ
ਲੋਕਲ ਮੀਡੀਆ ਮੁਤਾਬਕ ਕੇਰਲ ਤੋਂ 58 ਸਾਲ ਦੀ ਰਸੀਨਾ ਵੀ ਮਾਰੀ ਗਈ ਹੈ। ਉਹ ਦੁਬਈ ਵਿੱਚ ਆਪਣੇ ਪਤੀ ਨਾਲ ਰਹਿੰਦੀ ਸੀ ਪਰ ਰਿਸ਼ਤੇਦਾਰਾਂ ਨੂੰ ਮਿਲਣ ਲਈ ਕੋਲੰਬੋ ਗਈ ਹੋਈ ਸੀ।
ਉਨ੍ਹਾਂ ਦੇ ਪਤੀ ਐਤਵਾਰ ਸਵੇਰ ਦੁਬਈ ਲਈ ਨਿਕਲ ਗਏ ਤੇ ਉਹ ਵੀ ਉਸੇ ਦਿਨ ਦੁਪਹਿਰ ਦੀ ਫਲਾਈਟ ਤੋਂ ਦੁਬਈ ਜਾਣ ਵਾਲੀ ਸੀ।
ਪਰ ਸ਼ੰਗ੍ਰੀਲਾ ਤੋਂ ਚੈੱਕ ਆਊਟ ਕਰਨ ਤੋਂ ਕੁਝ ਸਮੇਂ ਬਾਅਦ ਹੀ ਉਸ ਦੀ ਮੌਤ ਹੋ ਗਈ।
ਉਨ੍ਹਾਂ ਦੇ ਦੇਵਰ ਉਸਮਾਨ ਕੁੱਕਡੀ ਨੇ 'ਦਿ ਨਿਊ ਇੰਡੀਅਨ ਐਕਸਪ੍ਰੈਸ' ਨੂੰ ਦੱਸਿਆ, ''ਕੁਝ ਪਲਾਂ ਵਿੱਚ ਹੀ ਉਨ੍ਹਾਂ ਦੀ ਜ਼ਿੰਦਗੀ ਚਲੀ ਗਈ।''
ਉਨ੍ਹਾਂ ਇਹ ਵੀ ਲਿਖਿਆ ਕਿ ਜੋੜੇ ਦੇ ਦੋ ਬੱਚੇ ਹਨ ਜੋ ਅਮਰੀਕਾ ਵਿੱਚ ਰਹਿੰਦੇ ਹਨ।
ਸ੍ਰੀ ਲੰਕਾ ਹਮਲੇ ਦੇ ਇਲਜ਼ਾਮ ਹੇਠ 24 ਲੋਕ ਗ੍ਰਿਫ਼ਤਾਰ
ਭਾਰਤੀ ਸਿਆਸਤਦਾਨ
ਕਿਹਾ ਜਾ ਰਿਹਾ ਹੈ ਕਿ ਜਨਤਾ ਦਲ ਪਾਰਟੀ ਦੇ ਦੋ ਵਰਕਰ ਕੇ ਜੀ ਹਨੁਮਾਨਥਾਰਾਯੱਪਾ ਤੇ ਐਮ ਰੰਗੱਪਾ ਵੀ ਹਮਲੇ ਵਿੱਚ ਮਾਰੇ ਗਏ।
ਕਰਨਾਟਕਾ ਦੇ ਸੀਐਮ ਨੇ ਇੱਕ ਟਵੀਟ ਵਿੱਚ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਲਿਖਿਆ ਹੈ ਕਿ ਉਹ ਦੋਹਾਂ ਨੂੰ ਚੰਗੀ ਤਰ੍ਹਾਂ ਜਾਣਦੇ ਸੀ ਤੇ ਬੇਹੱਦ ਸਦਮੇ ਵਿੱਚ ਹਨ।
ਵਿਦੇਸ਼ੀ ਮੰਤਰੀ ਸੁਸ਼ਮਾ ਸਵਰਾਜ ਨੇ ਬਾਕੀ ਪੀੜਤਾਂ ਦੀ ਪਛਾਣ ਲਕਸ਼ਮੀ, ਨਾਰਾਇਣ, ਚੰਦਰਸ਼ੇਖਰ ਤੇ ਰਮੇਸ਼ ਵਜੋਂ ਕੀਤੀ।
ਤੁਰਕੀ ਤੋਂ ਇੰਜੀਨੀਅਰ
ਨਿਊਜ਼ ਏਜੰਸੀ ਅਨਾਡੋਲੂ ਨੇ ਕਿਹਾ ਕਿ ਤੁਰਕੀ ਦੇ ਦੋ ਨਾਗਰਿਕ ਮਾਰੇ ਗਏ।
ਇੰਜੀਨੀਅਰ ਸਰਹਾਨ ਦੀ ਫੇਸਬੁੱਕ ਮੁਤਾਬਕ ਉਹ ਮਾਰਚ 2017 ਵਿੱਚ ਕੋਲੰਬੋ ਆਏ ਸਨ।
ਉਨ੍ਹਾਂ ਦੇ ਪਿਤਾ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਉਨ੍ਹਾਂ ਦਾ ਬੇਟੇ ਇਲੈਕਟ੍ਰੀਕਲ ਇੰਜੀਨੀਅਰ ਸੀ। ਉਹ ਸ੍ਰੀ ਲੰਕਾ ਵਿੱਚ ਅਮਰੀਕੀ ਐਮਬੈਸੀ ਵਿੱਚ ਕੁਝ ਕੰਮ ਕਰਦੇ ਸੀ।
ਉਨ੍ਹਾਂ ਕਿਹਾ, ''ਉਸ ਨੇ ਮੈਨੂੰ ਐਤਵਾਰ ਸਵੇਰ 5 ਵਜੇ ਗੁੱਡ ਮੌਰਨਿੰਗ ਦਾ ਮੈਸੇਜ ਭੇਜਿਆ ਸੀ, ਉਹ ਆਖਰੀ ਵਾਰ ਸੀ ਜਦ ਮੈਂ ਉਸ ਨਾਲ ਗੱਲ ਕੀਤੀ।''
ਇਹ ਵੀ ਪੜ੍ਹੋ:
ਦੂਜਾ ਪੀੜਤ ਯਿਜਿਤ ਵੀ ਇੰਜੀਨੀਅਰ ਸੀ।
ਉਸਦੇ ਪਿਤਾ ਨੇ ਕਿਹਾ, ''ਉਹ ਬੇਹੱਦ ਹੁਸ਼ਿਆਰ ਸੀ। ਉਹ ਇਸਤਾਨਬੁਲ ਟੈਕਨਿਕਲ ਯੂਨੀਵਰਸਿਟੀ ਤੋਂ ਪੜ੍ਹਿਆ ਸੀ ਤੇ ਦੋ ਭਾਸ਼ਾਵਾਂ ਬੋਲਦਾ ਸੀ।''
ਇਹ ਸਾਫ ਨਹੀਂ ਹੋਇਆ ਹੈ ਕਿ ਧਮਾਕਿਆਂ ਵੇਲੇ ਇਹ ਦੋਵੇਂ ਕਿੱਥੇ ਸਨ।
ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰਿਸਨ ਨੇ ਪੁਸ਼ਤੀ ਕੀਤੀ ਕਿ ਇਸ ਹਮਲੇ ਵਿੱਚ ਆਸਟਰੇਲੀਆ ਦੇ ਵੀ ਦੋ ਲੋਕ ਮਾਰੇ ਗਏ ਹਨ।
ਬੰਗਲਾਦੇਸ਼ੀ ਸਿਆਸਤਦਾਨ ਦਾ ਪੋਤਾ
ਬੰਗਲੇਦੇਸ਼ੀ ਐਮਪੀ ਸ਼ੇਖ ਫਜ਼ਲੂਲ ਕਰੀਨ ਸੇਲਿਮ ਦਾ ਪੋਤਾ ਵੀ ਇਨ੍ਹਾਂ ਹਮਲਿਆਂ ਵਿੱਚ ਮਾਰੇ ਗਏ ਹਨ।
ਉਹ ਖੁਦ ਵੀ ਆਵਾਮੀ ਲੀਗ ਸਿਆਸੀ ਪਾਰਟੀ ਦੇ ਮੈਂਬਰ ਸਨ। ਲੋਕਲ ਮੀਡੀਆ ਮੁਤਾਬਕ ਉਹ ਹੋਟਲ ਦੇ ਇੱਕ ਧਮਾਕੇ ਵਿੱਚ ਮਾਰੇ ਗਏ, ਹੋਟਲ ਕਿਹੜਾ ਸੀ, ਇਹ ਸਾਫ ਨਹੀਂ ਹੋਇਆ ਹੈ।
ਉਨ੍ਹਾਂ ਦੇ ਨਿਜੀ ਅਸਿਸਟੈਂਟ ਨੇ 'ਦਿ ਢਾਕਾ ਟ੍ਰਿਬਿਊਨ' ਨੂੰ ਦੱਸਿਆ ਕਿ ਮੁੰਡੇ ਦੇ ਪਿਤਾ ਵੀ ਧਮਾਕੇ ਵਿੱਚ ਮਾਰੇ ਗਏ ਸਨ।
ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ: