ਜਗਮੀਤ ਸਿੰਘ ਨੇ ਆਪਣੇ ਬਚਪਨ ਵਿੱਚ ਹੋਏ ਜਿਣਸੀ ਸ਼ੋਸ਼ਣ ਦਾ ਕੀਤਾ ਖੁਲਾਸਾ

ਜਗਮੀਤ ਸਿੰਘ

ਤਸਵੀਰ ਸਰੋਤ, Reuters

ਕੈਨੇਡਾ ਦੀ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਨੇ ਕਿਹਾ ਹੈ ਕਿ ਬਚਪਨ ਵਿੱਚ ਉਨ੍ਹਾਂ ਦੇ ਇੱਕ ਕੋਚ ਨੇ ਉਨ੍ਹਾਂ ਦਾ ਜਿਣਸੀ ਸ਼ੋਸ਼ਣ ਕੀਤਾ ਸੀ।

ਚਾਲੀ ਸਾਲਾ ਜਗਮੀਤ ਸਿੰਘ ਨੇ ਆਪਣੀ ਤਾਜ਼ਾ ਮੈਮੋਇਰ ਵਿੱਚ ਲਿਖਿਆ ਹੈ ਕਿ ਉਸ ਸਮੇਂ 1980 ਦੇ ਦਹਾਕੇ ਵਿੱਚ ਉਹ ਓਨਾਟਾਰੀਓ ਦੇ ਵਿੰਡਸਰ ਵਿੱਚ ਰਹਿ ਰਹੇ ਸਨ।

ਸਿੱਖ ਸਿਆਸਤਦਾਨ ਨੇ ਇਸ ਤੋਂ ਪਹਿਲਾਂ ਨਸਲਵਾਦ ਅਤੇ ਬੁਲਿੰਗ ਬਾਰੇ ਵੀ ਆਪਣੀ ਆਵਾਜ਼ ਚੁੱਕੀ ਸੀ, ਜਿਸ ਦਾ ਸਾਹਮਣਾ ਉਨ੍ਹਾਂ ਨੂੰ ਆਪਣੇ ਬਚਪਨ ਵਿੱਚ ਕਰਨਾ ਪਿਆ ਸੀ।

ਇਹ ਵੀ ਪੜ੍ਹੋ:

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉਨ੍ਹਾਂ ਦੀ ਇਸ ਬਾਰੇ ਖੁੱਲ੍ਹ ਕੇ ਬੋਲਣ ਲਈ ਸ਼ਲਾਘਾ ਕੀਤੀ ਹੈ।

ਜਗਮੀਤ ਕੈਨੇਡਾ ਵਿੱਚ ਕਿਸੇ ਕੌਮੀ ਪਾਰਟੀ ਦੀ ਅਗਵਾਈ ਕਰਨ ਵਾਲੇ ਪਹਿਲੇ ਘੱਟ ਗਿਣਤੀ ਆਗੂ ਹਨ।

ਲਵ ਐਂਡ ਕਰੇਜ ਨਾਮ ਦੇ ਇਸ ਮੈਮੋਇਰ ਵਿੱਚ ਉਨ੍ਹਾਂ ਨੇ ਲਿਖਿਆ ਹੈ ਕਿ ਉਨ੍ਹਾਂ ਦੇ ਪਟਕੇ ਅਤੇ ਲੰਬੇ ਵਾਲਾਂ ਕਾਰਨ ਉਨ੍ਹਾਂ ਨੂੰ ਆਂਢ-ਗੁਆਂਢ ਦੇ ਦੂਸਰੇ ਬੱਚਿਆਂ ਵੱਲੋਂ ਪਰੇਸ਼ਾਨ ਕੀਤਾ ਗਿਆ ਸੀ।

ਉਨ੍ਹਾਂ ਦੀ ਕਿਤਾਬ ਦਾ ਇੱਕ ਹਿੱਸਾ ਮੰਗਲਵਾਰ ਨੂੰ ਜਾਰੀ ਕੀਤਾ ਗਿਆ, ਜਿਸ ਨੂੰ ਟੋਰਾਂਟੋ ਸਟਾਰ ਨੇ ਛਾਪਿਆ ਹੈ।

ਬਚਪਨ ਵਿੱਚ ਆਪਣੇ ਬੇਟੇ ਦੀ ਪਰੇਸ਼ਾਨੀ ਨੂੰ ਸਮਝਦਿਆਂ ਜਗਮੀਤ ਦੇ ਮਾਂ-ਬਾਪ ਨੇ ਉਨ੍ਹਾਂ ਨੂੰ ਟਾਇਕਵਾਂਡੋ ਦੀਆਂ ਕਲਾਸਾਂ ਦਾ ਪ੍ਰਬੰਧ ਕਰਵਾ ਦਿੱਤਾ।

ਜਗਮੀਤ ਨੇ ਆਪਣੇ ਟਾਇਕਵਾਂਡੋ ਅਧਿਆਪਕ ਦਾ ਨਾਮ ਸਿਰਫ਼ -ਐੱਨ ਲਿਖਿਆ ਹੈ। ਜਗਮੀਤ ਦਾ ਕਹਿਣਾ ਹੈ ਕਿ ਉਸ ਅਧਿਆਪਕ ਦੀ ਮੌਤ ਹੋ ਚੁੱਕੀ ਹੈ। ਅਧਿਆਪਕ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਘਰੇ ਆ ਕੇ ਨਿੱਜੀ ਕਲਾਸਾਂ ਦੀ ਪੇਸ਼ਕਸ਼ ਕੀਤੀ ਸੀ।

ਹਾਲਾਂਕਿ ਜਗਮੀਤ ਨੇ ਇਸ ਸ਼ੋਸ਼ਣ ਬਾਰੇ ਬਹੁਤੇ ਵੇਰਵੇ ਤਾਂ ਨਹੀਂ ਦਿੱਤੇ ਪਰ ਉਨ੍ਹਾਂ ਲਿਖਿਆ ਹੈ ਕਿ ਬਹੁਤ ਜਲਦੀ ਉਨ੍ਹਾਂ ਨੂੰ ਇਹ ਸਭ ਸਾਧਾਰਣ ਲੱਗਣ ਲਗਿਆ ਸੀ।

ਤਸਵੀਰ ਸਰੋਤ, Reuters

“ਸ਼ੋਸ਼ਣ ਦੀ ਇਹੀ ਖ਼ਾਸੀਅਤ ਹੈ- ਇਹ ਪੀੜਤ ਨੂੰ ਬਹੁਤ ਜ਼ਿਆਦਾ ਸ਼ਰਮ ਦੀ ਭਾਵਨਾ ਨਾਲ ਭਰ ਦਿੰਦਾ ਹੈ। ਇਹ ਸ਼ਰਮ ਉਸ ਨੂੰ ਅਪੰਗ ਬਣਾ ਦਿੰਦੀ ਹੈ ਕਿ ਉਹ ਸਭ ਕੁਝ ਚੁੱਪ-ਚਾਪ ਸਹੀ ਜਾਂਦਾ ਹੈ।”

“ਮੈਂ ਕਿਸੇ ਨੂੰ ਨਹੀਂ ਦੱਸਿਆ, ਮੈਂ ਆਪਣੇ-ਆਪ ਨੂੰ ਇਸ ਬਾਰੇ ਸੋਚਣ ਤੋਂ ਰੋਕਿਆ। ਇਸ ਤਰ੍ਹਾਂ ਮੈਂ ਸਚਾਈ ਨੂੰ ਸਵੀਕਾਰ ਕਰਨ ਤੋਂ ਖ਼ੁਦ ਨੂੰ ਰੋਕ ਲਿਆ।”

ਪ੍ਰਧਾਨ ਮੰਤਰੀ ਟਰੂਡੋ ਨੇ ਜਗਮੀਤ ਦੀ ਇਸ ਹਿੰਮਤ ਦਿਖਾਉਣ ਲਈ ਸ਼ਲਾਘਾ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੇ ਇਸ ਵਿਸ਼ੇ ’ਤੇ ਬੋਲਣ ਨਾਲ ਹੋਰ ਪੀੜਤਾਂ ਨੂੰ ਵੀ ਹੌਂਸਲਾ ਮਿਲੇਗਾ ਕਿ ਉਹ ਇਕੱਲੇ ਨਹੀਂ ਹਨ।

ਫਰਵਰੀ ਵਿੱਚ ਜਗਮੀਤ ਕੈਨੇਡਾ ਦੇ ਹਾਊਸ ਆਫ਼ ਕਾਮਨਜ਼ ਦੇ ਮੈਂਬਰ ਚੁਣੇ ਗਏ ਸਨ। ਇਸ ਜਿੱਤ ਨਾਲ ਉਨ੍ਹਾਂ ਦੇ ਸਿਆਸੀ ਜੀਵਨ ਨੂੰ ਵੱਡਾ ਹੁੰਗਾਰਾ ਮਿਲਿਆ। ਉਹ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਉਮੀਦਵਾਰੀ ਦੀ ਦੌੜ ਵਿੱਚ ਵੀ ਹਨ।

ਕੈਨੇਡਾ ਦੀ ਪਾਰਲੀਮੈਂਟ ਵਿੱਚ 338 ਸੀਟਾਂ ਹਨ ਜਿਨ੍ਹਾਂ ਵਿੱਚੋਂ ਜਗਮੀਤ ਦੀ ਪਾਰਟੀ ਕੋਲ 41 ਸੀਟਾਂ ਹਨ। ਉਨ੍ਹਾਂ ਦੀ ਪਾਰਟੀ ਕਦੇ ਸਰਕਾਰ ਨਹੀਂ ਬਣਾ ਸਕੀ।

ਜਗਮੀਤ ਕ੍ਰਿਮੀਨਲ ਡਿਫੈਂਸ ਅਟੌਰਨੀ ਸਨ ਅਤੇ ਕੈਨੇਡਾ ਦੇ ਔਂਟਾਰੀਓ ਸੂਬੇ ਵਿੱਚ ਸਿਆਸਤ ਕਰ ਰਹੇ ਸਨ। ਸਾਲ 2017 ਵਿੱਚ ਉਨ੍ਹਾਂ ਨੂੰ ਨਿਊ ਡੈਮੋਕ੍ਰੇਟਿਕ ਪਾਰਟੀ ਨੇ ਆਪਣਾ ਆਗੂ ਚੁਣ ਲਿਆ ਸੀ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)