ਕੀ ਸ੍ਰੀ ਲੰਕਾ ਹਮਲਿਆਂ ਤੇ ਬੁਰਕਾ ਪਹਿਨੇ ਇਸ ਸ਼ਖ਼ਸ ਦਾ ਆਪਸ 'ਚ ਕੋਈ ਸਬੰਧ ਹੈ?- ਫੈਕਟ ਚੈੱਕ

  • ਫੈਕਟ ਚੈੱਕ ਟੀਮ
  • ਬੀਬੀਸੀ ਨਿਊਜ਼
ਸ੍ਰੀ ਲੰਕਾ ਹਮਲੇ, ਵਾਇਰਲ ਤਸਵੀਰ

ਤਸਵੀਰ ਸਰੋਤ, nethnews.lk

ਸੋਸ਼ਲ ਮੀਡੀਆ 'ਤੇ ਸ਼੍ਰੀਲੰਕਾ ਵਿੱਚ ਹੋਏ ਬੰਬ ਧਮਾਕਿਆਂ ਨਾਲ ਜੋੜ ਕੇ ਇੱਕ ਪੁਰਾਣਾ ਵੀਡੀਓ ਬਹੁਤ ਭਰਮ ਪੈਦਾ ਕਰਨ ਦੇ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

ਕਰੀਬ 30 ਸੈਕਿੰਡ ਦੇ ਇਸ ਵਾਇਰਲ ਵੀਡੀਓ ਵਿੱਚ ਬੁਰਕਾ ਪਹਿਨੇ ਇੱਕ ਸ਼ਖ਼ਸ ਦਿਖਾਈ ਦੇ ਰਿਹਾ ਹੈ ਜਿਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੋਇਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਸ੍ਰੀ ਲੰਕਾ ਦਾ ਹੈ ਅਤੇ ਇਸਦਾ ਸਬੰਧ ਸ੍ਰੀ ਲੰਕਾ ਵਿੱਚ ਹੋਏ ਸੀਰੀਅਲ ਬੰਬ ਧਮਾਕਿਆਂ ਨਾਲ ਹੈ।

ਜਿਨ੍ਹਾਂ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਇਹ ਵੀਡੀਓ ਸ਼ੇਅਰ ਕੀਤਾ ਹੈ, ਉਨ੍ਹਾਂ ਦਾ ਦਾਅਵਾ ਹੈ, "ਮੁਸਲਿਮ ਔਰਤਾਂ ਦਾ ਲਿਬਾਸ ਪਹਿਨੇ ਇਸ ਬੋਧੀ ਨੂੰ ਸ੍ਰੀ ਲੰਕਾ ਪੁਲਿਸ ਨੇ ਗ੍ਰਿਫ਼ਾਤਰ ਕੀਤਾ ਹੈ। ਇਹ ਸ਼ਖ਼ਸ ਸ੍ਰੀ ਲੰਕਾ ਚਰਚਾਂ ਵਿੱਚ ਧਮਾਕੇ ਕਰਨ ਵਾਲਿਆਂ ਵਿੱਚ ਸ਼ਾਮਲ ਸੀ।"

ਬੀਤੇ 48 ਘੰਟਿਆਂ ਵਿੱਚ ਇਸੇ ਦਾਅਵੇ ਦੇ ਨਾਲ ਇਹ ਵੀਡੀਓ ਹਜ਼ਾਰਾਂ ਲੋਕ ਫੇਸਬੁੱਕ 'ਤੇ ਪੋਸਟ ਕਰ ਚੁੱਕੇ ਹਨ। ਟਵਿੱਟਰ 'ਤੇ ਵੀ ਇਸ ਵੀਡੀਓ ਦੇ ਸੈਂਕੜੇ ਸ਼ੇਅਰ ਹਨ।

21 ਅਪ੍ਰੈਲ 2019 ਨੂੰ ਸ੍ਰੀ ਲੰਕਾ ਦੇ ਕਈ ਸ਼ਹਿਰਾਂ ਵਿੱਚ ਹੋਏ ਸੀਰੀਅਲ ਬੰਬ ਧਾਮਕਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੁਣ 359 ਹੋ ਚੁੱਕੀ ਹੈ ਅਤੇ 500 ਤੋਂ ਵੱਧ ਲੋਕ ਜ਼ਖ਼ਮੀ ਹਨ।

ਕੱਟੜਪੰਥੀ ਗਰੁੱਪ ਇਸਲਾਮਿਕ ਸਟੇਟ ਨੇ ਆਪਣੇ ਮੀਡੀਆ ਪੋਰਟਲ 'ਅਮਾਕ' 'ਤੇ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਕਬੂਲ ਕੀਤੀ ਹੈ।

ਇਹ ਵੀ ਪੜ੍ਹੋ:

ਪਰ ਇਸਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਆਮ ਤੌਰ 'ਤੇ ਇਸਲਾਮਿਕ ਸਟੇਟ ਹਮਲਿਆਂ ਤੋਂ ਤੁਰੰਤ ਬਾਅਦ ਹਮਲਾਵਰਾਂ ਦੀਆਂ ਤਸਵੀਰਾਂ ਪ੍ਰਕਾਸ਼ਿਤ ਕਰਕੇ ਅਜਿਹੇ ਮਾਮਲਿਆਂ ਦੀ ਜ਼ਿੰਮੇਵਾਰੀ ਲੈਂਦਾ ਰਿਹਾ ਹੈ।

ਸ੍ਰੀ ਲੰਕਾ ਹਮਲੇ, ਵਾਇਰਲ ਤਸਵੀਰ

ਤਸਵੀਰ ਸਰੋਤ, SM Viral Posts

ਉੱਥੇ ਹੀ ਸ੍ਰੀ ਲੰਕਾ ਸਰਕਾਰ ਨੇ ਇੱਕ ਸਥਾਨਕ ਜਿਹਾਦੀ ਗੁੱਟ 'ਨੈਸ਼ਨਲ ਤੋਹੀਦ ਜਮਾਤ' ਦਾ ਨਾਮ ਲਿਆ ਹੈ ਅਤੇ ਅਧਿਕਾਰੀਆਂ ਨੇ ਬੰਬ ਧਮਾਕੇ ਕਿਸੇ ਕੌਮਾਂਤਰੀ ਨੈੱਟਵਰਕ ਦੀ ਮਦਦ ਨਾਲ ਕਰਵਾਏ ਜਾਣ ਦੀ ਗੱਲ ਆਖੀ ਹੈ।

ਤਾਜ਼ਾ ਰਿਪੋਰਟਾਂ ਮੁਤਾਬਕ ਹੁਣ ਤੱਕ 38 ਲੋਕ ਹਿਰਾਸਤ ਵਿੱਚ ਲਏ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ 26 ਲੋਕਾਂ ਨੂੰ ਸੀਆਈਡੀ ਨੇ, ਤਿੰਨ ਨੂੰ ਅੱਤਵਾਦੀ ਵਿਰੋਧੀ ਦਸਤੇ ਨੇ ਅਤੇ ਨੌਂ ਨੂੰ ਸ੍ਰੀ ਲੰਕਾ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ।

ਸ੍ਰੀ ਲੰਕਾ ਹਮਲੇ

ਤਸਵੀਰ ਸਰੋਤ, Getty Images

ਪਿਛਲੇ ਕੁਝ ਸਾਲਾਂ ਤੋਂ ਸ੍ਰੀ ਲੰਕਾ ਦੇ ਬਹੁਗਿਣਤੀ ਸਿਹੰਲੀ ਭਾਈਚਾਰੇ ਅਤੇ ਮੁਸਲਮਾਨਾਂ ਵਿਚਾਲੇ ਫਿਰਕੂ ਤਣਾਅ ਰਿਹਾ ਹੈ।

ਪਿਛਲੇ ਸਾਲ ਮਾਰਚ ਵਿੱਚ ਸਿਹੰਲਾ ਬੋਧੀ ਲੋਕਾਂ ਦੀ ਭੀੜ ਨੇ ਦਿਗਾਨਾ ਸ਼ਹਿਰ ਵਿੱਚ ਮੁਸਲਮਾਨਾਂ ਦੀਆਂ 150 ਤੋਂ ਵੱਧ ਦੁਕਾਨਾਂ, ਘਰ ਅਤੇ ਮਸਜਿਦਾਂ ਨੂੰ ਸਾੜ ਦਿੱਤਾ ਸੀ ਜਿਸ ਤੋਂ ਬਾਅਦ ਦੇਸ ਵਿੱਚ ਐਮਰਜੈਂਸੀ ਦਾ ਐਲਾਨ ਕਰਨਾ ਪਿਆ ਸੀ।

ਕਈ ਲੋਕ ਦੋਵਾਂ ਭਾਈਚਾਰਿਆਂ ਵਿਚਾਲੇ ਰਹੇ ਇਸ ਤਣਾਅ ਨਾਲ ਜੋੜ ਕੇ ਵੀ ਇਹ ਵੀਡੀਓ ਸ਼ੇਅਰ ਕਰ ਰਹੇ ਹਨ।

ਇਹ ਵੀ ਪੜ੍ਹੋ:

ਪਰ ਜਿਸ ਵੀਡੀਓ ਨੂੰ ਸ੍ਰੀ ਲੰਕਾ ਵਿੱਚ ਧਮਾਕਿਆਂ ਦੇ ਸਿਲਸਿਲੇ 'ਚ ਗਿਰਫ਼ਤਾਰ ਹੋਏ 'ਬੋਧੀ ਸ਼ਖ਼ਸ' ਦਾ ਦੱਸ ਕੇ ਸ਼ੇਅਰ ਕੀਤਾ ਜਾ ਰਿਹਾ ਹੈ, ਉਸ ਵੀਡੀਓ ਦਾ ਇਸ ਹਾਦਸੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਭਾਰਤ ਦੇ ਕਈ ਸੂਬਿਆਂ ਸਮੇਤ ਸ੍ਰੀ ਲੰਕਾ ਵਿੱਚ ਵੀ ਵਾਇਰਲ ਹੋ ਰਿਹਾ ਇਹ ਵੀਡੀਓ ਅਗਸਤ 2018 ਦਾ ਹੈ।

ਵਾਇਰਲ ਵੀਡੀਓ ਦੀ ਅਸਲੀ ਜਾਣਕਾਰੀ

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਇਹ ਵੀਡੀਓ ਹੈ ਤਾਂ ਸ੍ਰੀ ਲੰਕਾ ਦਾ ਹੀ, ਪਰ ਇਸ ਵੀਡੀਓ ਨੂੰ ਸ੍ਰੀ ਲੰਕਾ ਦੇ ਸਥਾਨਕ ਮੀਡੀਆ ਨੈੱਟਵਰਕ 'ਨੇਥ ਨਿਊਜ਼' ਨੇ ਸੀਰੀਅਲ ਬੰਬ ਧਮਾਕਿਆਂ ਤੋਂ ਕਰੀਬ ਅੱਠ ਮਹੀਨੇ ਪਹਿਲਾਂ ਯੂ-ਟਿਊਬ 'ਤੇ ਪੋਸਟ ਕੀਤਾ ਸੀ।

29 ਅਗਸਤ 2018 ਨੂੰ ਪੋਸਟ ਕੀਤੀ ਗਈ ਇਹ ਵੀਡੀਓ 'ਨੇਥ ਨਿਊਜ਼' ਦੇ ਯੂ-ਟਿਊਬ ਪੇਜ 'ਤੇ ਮੌਜੂਦ ਹੈ।

ਸ੍ਰੀ ਲੰਕਾ, ਵਾਇਰਲ ਤਸਵੀਰ

ਤਸਵੀਰ ਸਰੋਤ, nethnews.lk

ਮੀਡੀਆ ਨੈੱਟਵਰਕ ਮੁਤਾਬਕ ਸ੍ਰੀ ਲੰਕਾ ਦੀ ਰਾਜਧਾਨੀ ਕੋਲੰਬੋ ਨਾਲ ਲੱਗੇ ਪੱਛਮੀ ਸੂਬੇ ਰਾਜਗਿਰੀ ਵਿੱਚ ਇਸ ਸ਼ਖ਼ਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ।

'ਨੇਥ ਨਿਊਜ਼' ਦੀ ਵੈੱਬਸਾਈਟ 'ਤੇ ਇਸ ਵੀਡੀਓ ਦੇ ਨਾਲ ਛਪੀ ਰਿਪੋਰਟ ਮੁਤਾਬਕ ਵੀਡੀਓ ਵਿੱਚ ਨਜ਼ਰ ਆ ਰਿਹਾ ਸ਼ਖ਼ਸ ਆਟੋਰਿਕਸ਼ਾ ਵਿੱਚ ਬੈਠ ਕੇ ਵੇਲੀਕਾਡਾ ਪਬਲਿਕ ਸ਼ੌਪਿੰਗ ਕੰਪਲੈਕਸ ਤੱਕ ਪਹੁੰਚਿਆ ਸੀ।

ਪਰ ਆਟੋਰਿਕਸ਼ਾ ਚਾਲਕ ਨੂੰ ਇਸ ਆਦਮੀ ਦੇ ਰਵੱਈਏ 'ਤੇ ਸ਼ੱਕ ਹੋਇਆ ਤਾਂ ਉਸ ਨੇ ਪੁਲਿਸ ਨੂੰ ਇਸਦੀ ਜਾਣਕਾਰੀ ਦਿੱਤੀ ਅਤੇ ਉਸ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ।

ਇਸ ਸ਼ਖ਼ਸ 'ਤੇ ਕੀ ਇਲਜ਼ਾਮ ਲੱਗੇ ਸਨ? ਇਸ ਬਾਰੇ ਨੇਥ ਨਿਊਜ਼ ਦੀ ਰਿਪੋਰਟ ਵਿੱਚ ਕੁਝ ਨਹੀਂ ਲਿਖਿਆ ਹੈ।

ਇਹ ਵੀ ਪੜ੍ਹੋ:

ਸ੍ਰੀ ਲੰਕਾ ਦੀ ਹੀ 'ਐਕਸਪ੍ਰੈੱਸ ਨਿਊਜ਼' ਨਾਮ ਦੀ ਵੈੱਬਸਾਈਟ ਨੇ ਨੇਥ ਨਿਊਜ਼ ਦੇ ਹਵਾਲੇ ਨਾਲ 30 ਅਗਸਤ 2018 ਨੂੰ ਇਸ ਘਟਨਾ ਦੀ ਰਿਪੋਰਟ ਪਬਲਿਸ਼ ਕੀਤੀ ਸੀ।

ਵੀਡੀਓ ਨੂੰ ਗ਼ਲਤ ਮਤਲਬ ਦੇ ਨਾਲ ਵਾਇਰਲ ਹੁੰਦਾ ਵੇਖ ਨੇਥ ਨਿਊਜ਼ ਨੇ ਆਪਣੇ ਫੇਸਬੁੱਕ ਪੇਜ 'ਤੇ ਇਸ ਵੀਡੀਓ ਬਾਰੇ ਇੱਕ ਸਪਸ਼ਟੀਕਰਨ ਜਾਰੀ ਕੀਤਾ ਹੈ।

ਉਨ੍ਹਾਂ ਨੇ ਲਿਖਿਆ ਹੈ, "ਧਿਆਨ ਦਿਓ! ਇਹ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਜਾ ਰਿਹਾ ਹੈ। ਇਹ ਵੀਡੀਓ ਕਲਿੱਪ 29 ਅਗਸਤ 2018 ਨੂੰ ਅਸੀਂ ਪਬਲਿਸ਼ ਕੀਤਾ ਸੀ।"

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)