'ਅਸੀਂ ਪੁੱਤ ਦੇ ਇਲਾਜ ਲਈ 5 ਸਾਲਾ ਕੁੜੀ ਦਾ ਵਿਆਹ ਕਰ ਕੇ ਪੈਸੇ ਲੈ ਲਏ'

  • ਇਨਾਇਤੁਲਾਹਕ ਯਾਸਿਨੀ ਤੇ ਸਵਾਮੀਨਾਥਨ ਨਟਰਾਜਨ
  • ਪੱਤਰਕਾਰ, ਬੀਬੀਸੀ
ਅਫ਼ਗਾਨਿਸਤਾਨ, ਬਾਲ ਵਿਆਹ

ਨਾਜ਼ਨੀਨ ਪੰਜ ਸਾਲਾਂ ਦੀ ਹੀ ਸੀ ਜਦੋਂ ਉਸ ਦੀ ਮੰਗਣੀ ਹੋ ਗਈ। ਜਦੋਂ ਉਹ 10 ਸਾਲਾਂ ਦੀ ਸੀ ਤਾਂ ਉਹ ਪਤਨੀ ਬਣ ਚੁੱਕੀ ਸੀ। ਛੇ ਸਾਲ ਪਹਿਲਾਂ ਉਸ ਦੇ 12 ਸਾਲਾ ਪਤੀ ਦੇ ਪਰਿਵਾਰ ਨੇ ਉਸ ਨੂੰ 3,500 ਡਾਲਰ ਵਿੱਚ ਖਰੀਦ ਲਿਆ ਸੀ।

ਨਾਜ਼ਨੀਨ ਦੇ ਮਾਪਿਆਂ ਨੇ ਬੀਮਾਰ ਪੁੱਤਰ ਦੇ ਇਲਾਜ ਲਈ ਪੈਸੇ ਵਾਸਤੇ ਉਸ ਨੂੰ ਵੇਚ ਦਿੱਤਾ।

ਪੱਛਮੀ ਅਫ਼ਗਾਨਿਸਤਾਨ ਵਿੱਚ ਹੇਰਾਤ ਦੇ ਕੋਲ ਸ਼ਹਿਰਾਕ-ਏ-ਸਬਜ਼ ਸ਼ਰਨਾਰਥੀ ਕੈਂਪ ਵਿੱਚ ਰਹਿਣ ਵਾਲੀ ਨਾਜ਼ਨੀਨ ਦੀ ਮਾਂ ਨੇ ਦੱਸਿਆ, "ਮੇਰੇ ਬੇਟੇ ਦਾ ਦਰਦ ਅਸਹਿਣਸ਼ੀਲ ਸੀ, ਜਦੋਂ ਮੈਂ ਉਸ ਦੇ ਚਿਹਰੇ ਵੱਲ ਦੇਖਿਆ, ਮੈਂ ਸੋਚਿਆ ਕਿ ਸਾਨੂੰ ਪੈਸਾ ਲੈਣਾ ਚਾਹੀਦਾ ਹੈ।"

"ਨਾਜ਼ਨੀਨ ਦੇ ਪਿਤਾ ਇਸ ਦੇ ਪੱਖ ਵਿੱਚ ਨਹੀਂ ਸਨ ਪਰ ਮੈਂ ਆਪਣੇ ਪਤੀ ਨੂੰ ਆਪਣੀ ਧੀ ਦੇ ਬਦਲੇ ਪੈਸੇ ਲੈਣ ਲਈ ਮਨਾ ਲਿਆ।"

ਨਾਜ਼ਨੀਨ ਦੀ ਮਾਂ ਅਤੇ ਪਿਤੇ ਦੇ ਸੱਤ ਬੱਚੇ ਹਨ- ਤਿੰਨ ਕੁੜੀਆਂ ਅਤੇ ਚਾਰ ਮੁੰਡੇ। ਉਹ ਕਦੇ ਵੀ ਸਕੂਲ ਨਹੀਂ ਗਏ ਅਤੇ ਨਾ ਹੀ ਪੜ੍ਹ-ਲਿਖ ਸਕਦੇ ਹਨ। ਉਨ੍ਹਾਂ ਕੋਲ ਬਿਲਕੁਲ ਵੀ ਪੈਸਾ ਨਹੀਂ ਹੈ ਅਤੇ ਨਾ ਹੀ ਕੋਈ ਨੌਕਰੀ।

ਬੀਬੀਸੀ ਪੱਤਰਕਾਰ ਇਨਾਅਤੁਲਹਕ ਯਾਸਿਨੀ ਨੇ ਉਨ੍ਹਾਂ ਨਾਲ ਆਪਣੀ ਧੀ ਨੂੰ ਵੇਚਣ ਦੇ ਫੈਸਲੇ ਬਾਰੇ ਗੱਲਬਾਤ ਕੀਤੀ।

ਕੀ ਕੋਈ ਪਛਤਾਵਾ ਹੈ?

ਨਾਜ਼ਨੀਨ ਦੇ ਪਿਤਾ ਨੇ ਕਿਹਾ, "ਸਾਡਾ ਪੁੱਤ ਜਦੋਂ ਚਾਰ ਸਾਲ ਦਾ ਸੀ ਉਦੋਂ ਤੋਂ ਹੀ ਐਪਿਲੈਪਸੀ ਤੋਂ ਪੀੜਤ ਹੈ ਅਤੇ ਸਾਡੇ ਕੋਲ ਉਸ ਦੇ ਇਲਾਜ ਲਈ ਪੈਸੇ ਨਹੀਂ ਸਨ।"

ਆਪਣੇ ਪੁੱਤਰ ਨੂੰ ਬਚਾਉਣ ਦੀ ਚਾਹਤ ਵਿੱਚ ਪਰਿਵਾਰ ਨੇ ਧੀ ਨੂੰ ਦਾਅ 'ਤੇ ਲਾਉਣ ਦਾ ਫੈਸਲਾ ਕੀਤਾ।

ਇਹ ਵੀ ਪੜ੍ਹੋ:

ਨਾਜ਼ਨੀਨ ਦੀ ਮਾਂ ਦਾ ਕਹਿਣਾ ਹੈ, "ਮੈਂ ਪੈਸੇ ਲੈ ਕੇ ਆਪਣੇ ਸਭ ਤੋਂ ਵੱਡੇ ਬੱਚੇ ਦਾ ਵਿਆਹ ਕਰਵਾਉਣ ਦਾ ਫੈਸਲਾ ਕੀਤਾ। ਮੈਂ ਪੁੱਤਰ ਦੇ ਇਲਾਜ ਵਿੱਚ ਉਹ ਪੈਸਾ ਲਾਉਣ ਦਾ ਫੈਸਲਾ ਕੀਤਾ ਪਰ ਮੇਰਾ ਬੇਟਾ ਠੀਕ ਨਹੀਂ ਹੋਇਆ ਅਤੇ ਨਾ ਹੀ ਮੈਂ ਆਪਣੀ ਧੀ ਨੂੰ ਆਪਣੇ ਕੋਲ ਰੱਖ ਸਕੀ।"

ਪਿਤਾ ਨੇ ਕਿਹਾ, "ਜੇ ਕੋਈ ਵੀ ਆਪਣੇ ਬੱਚੇ ਨੂੰ ਇਸ ਤਰ੍ਹਾਂ ਵੇਚਦਾ ਹੈ ਤਾਂ ਜ਼ਾਹਿਰ ਹੈ ਪਛਤਾਵਾ ਹੋਏਗਾ। ਮੈਨੂੰ ਵੀ ਪਛਤਾਵਾ ਹੁੰਦਾ ਹੈ ਪਰ ਇਸ ਦਾ ਕੋਈ ਫਾਇਦਾ ਨਹੀਂ ਹੈ।"

ਅਫ਼ਗਾਨਿਸਤਾਨ ਵਿੱਚ ਬਾਲ ਵਿਆਹ

ਅਫ਼ਗਾਨਿਸਤਾਨ ਵਿੱਚ ਕੁੜੀਆਂ ਦੇ ਵਿਆਹ ਦੀ ਕਾਨੂੰਨੀ ਉਮਰ 16 ਅਤੇ ਮਰਦਾਂ ਲਈ 18 ਹੈ। ਪਰ ਬਹੁਤ ਸਾਰੇ ਲੋਕ ਛੋਟੀ ਉਮਰ ਵਿੱਚ ਵਿਆਹੇ ਜਾਂਦੇ ਹਨ।

ਯੂਨੀਸੈਫ਼ ਦੀ 2018 ਦੀ ਰਿਪੋਰਟ ਮੁਤਾਬਕ 35% ਅਫ਼ਗਾਨ ਕੁੜੀਆਂ ਦਾ ਵਿਆਹ 18 ਸਾਲਾਂ ਦੀ ਉਮਰ ਤੱਕ ਹੋ ਜਾਂਦਾ ਹੈ ਅਤੇ 9% ਵਿਆਹ 15 ਤੋਂ ਪਹਿਲਾਂ ਹੀ ਵਿਆਹੀਆਂ ਜਾਂਦੀਆਂ ਹਨ।

ਇਸ ਤੋਂ ਇਲਾਵਾ ਨਾਈਜੀਰ ਸਭ ਤੋਂ ਹੇਠਲੇ ਨੰਬਰ 'ਤੇ ਹੈ ਜਿੱਥੇ 76% ਕੁੜੀਆਂ ਦਾ 18 ਸਾਲ ਤੋਂ ਪਹਿਲਾਂ ਹੀ ਵਿਆਹ ਹੋ ਜਾਂਦਾ ਹੈ। ਇੱਕ ਰਿਪੋਰਟ ਮੁਤਾਬਕ ਬੰਗਲਾਦੇਸ਼ ਜਿੱਥੇ ਹਾਲ ਹੀ ਵਿੱਚ ਵਿੱਤੀ ਤਰੱਕੀ ਹੋਈ ਹੈ, ਉੱਥੇ ਇਹ ਅੰਕੜਾ 59% ਹੈ।

'ਲਾੜੀ ਦੀ ਕੀਮਤ'

ਅਫ਼ਗਾਨਿਸਤਾਨ ਨੇ ਕਈ ਦਹਾਕਿਆਂ ਤੋਂ ਜੰਗਾਂ ਦਾ ਸਾਹਮਣਾ ਕੀਤਾ ਹੈ ਅਤੇ ਹਾਲ ਹੀ ਵਿੱਚ ਇੱਕ ਵੱਡਾ ਸੋਕਾ ਦੇਖਿਆ। ਕਾਫ਼ੀ ਪਰਿਵਾਰਾਂ ਕੋਲ ਰੁਜ਼ਗਾਰ ਦਾ ਕੋਈ ਜ਼ਰੀਆ ਨਹੀਂ ਹੈ ਅਤੇ ਗੁਰਬਤ ਦੀ ਜ਼ਿੰਦਗੀ ਹੈ।

ਮਾਂ ਨੇ ਦੱਸਿਆ, "ਸਾਡੇ ਆਦੀਵਾਸੀ ਰੀਤੀ-ਰਿਵਾਜ਼ਾਂ ਵਿੱਚ ਵਿਆਹ ਲਈ ਸੌਦੇਬਾਜ਼ੀ ਕਰਨਾ ਕੋਈ ਸਮੱਸਿਆ ਜਾਂ ਪਾਬੰਦੀ ਨਹੀਂ ਹੈ, ਭਾਵੇਂ ਕਿ ਬੱਚੇ ਬਹੁਤ ਹੀ ਛੋਟੇ ਹੋਣ। ਪਰ ਬਹੁਤ ਸਾਰੇ ਲੋਕ ਉਦੋਂ ਹੀ ਆਪਣੀਆਂ ਧੀਆਂ ਦਾ ਵਿਆਹ ਕਰਾਵਾਉਂਦੇ ਹਨ ਜਦੋਂ ਉਨ੍ਹਾਂ ਦੀਆਂ ਕੁੜੀਆਂ 18 ਸਾਲ ਦੀਆਂ ਹੋ ਜਾਂਦੀਆਂ ਹਨ।"

ਇਸਲਾਮੀ ਕਾਨੂੰਨ ਦੇ ਅਨੁਸਾਰ ਲਾੜੇ ਨੂੰ ਲਾੜੀ ਨੂੰ ਇੱਕ ਤੋਹਫ਼ਾ ਦੇਣਾ ਹੁੰਦਾ ਹੈ। ਅਕਸਰ ਵਿਆਹ ਵੇਲੇ ਪੈਸੇ ਦਿੱਤੇ ਜਾਂਦੇ ਹਨ। ਇਸਨੂੰ ਮੇਹਰ ਕਿਹਾ ਜਾਂਦਾ ਹੈ ਅਤੇ ਇਹ ਕੁੜੀ ਦਾ ਹੁੰਦਾ ਹੈ।

ਪਰ ਮੇਹਰ ਤੋਂ ਇਲਾਵਾ, ਲਾੜੀ ਦੇ ਪਿਤਾ ਜਾਂ ਸਭ ਤੋਂ ਵੱਡਾ ਭਰਾ ਵਿਆਹ ਤੋਂ ਪਹਿਲਾਂ ਲਾੜੇ ਦੇ ਪਰਿਵਾਰ ਤੋਂ 'ਲਾੜੀ ਦੇ ਮੁੱਲ' ਦੀ ਮੰਗ ਕਰ ਸਕਦੇ ਹਨ।

ਅਫ਼ਗਾਨਿਸਤਾਨ ਐਨਾਲਿਸਟਜ਼ ਨੈਟਵਰਕ ਦੇ ਰਿਸਰਚਰ ਫ਼ੈਜ਼ਲ ਮੁਜ਼ਹਾਰੀ ਅਨੁਸਾਰ 'ਲਾੜੀ ਦੀ ਕੀਮਤ' ਦੀ ਮੰਗ ਕਰਨਾ ਅਫ਼ਗਾਨ ਦੀ ਪਰੰਪਰਾ ਹੈ। ਇਸ ਦਾ ਇਸਲਾਮਿਕ ਕਾਨੂੰਨ ਵਿੱਚ ਕੋਈ ਆਧਾਰ ਨਹੀਂ ਹੈ।

ਪੈਸਾ ਵੱਖ-ਵੱਖ ਕਾਰਕਾਂ 'ਤੇ ਨਿਰਭਰ ਕਰਦਾ ਹੈ ਜਿਵੇਂ ਕਿ ਪਰਿਵਾਰਕ ਸਥਿਤੀ, ਸੁੰਦਰਤਾ, ਉਮਰ ਅਤੇ ਕੁੜੀ ਦੀ ਸਿੱਖਿਆ। ਇਹ ਕੁਝ 100 ਡਾਲਰ ਤੋਂ ਲੈ ਕੇ 1,00,000 ਡਾਲਰ ਤੱਕ ਹੋ ਸਕਦਾ ਹੈ.

ਇੱਕ ਦੇਸ ਵਿੱਚ ਜਿੱਥੇ ਸਲਾਨਾ ਜੀਡੀਪੀ $600 ਤੋਂ ਘੱਟ ਹੈ, ਉੱਥੇ 'ਲਾੜੀ ਦਾ ਮੁੱਲ' ਕੁਝ ਪਰਿਵਾਰਾਂ ਦੀ ਜ਼ਿੰਦਗੀ ਬਦਲ ਸਕਦਾ ਹੈ।

ਸੋਕੇ ਦੀ ਮਾਰ

ਨਾਜ਼ਨੀਨ ਦਾ ਪਰਿਵਾਰ ਹੋਰਨਾਂ ਵਾਂਗ ਅਫ਼ਗਾਨਿਸਤਾਨ ਵਿੱਚ ਸਾਲ 2018 ਵਿੱਚ ਪਏ ਸੋਕੇ ਦਾ ਸ਼ਿਕਾਰ ਹੋਇਆ ਸੀ।

ਨਾਜ਼ਨੀਨ ਦੇ ਪਿਤਾ ਨੇ ਕਿਹਾ, "ਅਸੀਂ ਖੇਤਾਬਾੜੀ ਦਾ ਕੰਮ ਕਰਦੇ ਸੀ ਅਤੇ ਕੁਝ ਪਸ਼ੂ ਵੀ ਸੀ ਪਰ ਸਾਨੂੰ ਸਭ ਕੁਝ ਹੀ ਛੱਡਣਾ ਪਿਆ।"

ਉਨ੍ਹਾਂ ਦੇ ਪਸ਼ੂ ਪਾਣੀ ਨਾ ਮਿਲਣ ਕਾਰਨ ਮਰ ਗਏ ਅਤੇ ਪਰਿਵਾਰ ਨੇ ਉੱਤਰ-ਪੱਛਮੀ ਅਫ਼ਗਾਨਿਸਤਾਨ ਵਿੱਚ ਬਾਦਗੀਸ ਸੂਬੇ ਵਿੱਚ ਆਪਣਾ ਪਿੰਡ ਛੱਡ ਦਿੱਤਾ।

ਫਿਰ ਉਹ ਈਰਾਨ ਸਰਹੱਦ ਨਾਲ ਲੱਗਦੇ ਅਫ਼ਗਾਨਿਸਤਾਨ ਦੇ ਤੀਜੇ ਵੱਡੇ ਸ਼ਹਿਰ ਹੇਰਾਤ ਦੇ ਇੱਕ ਕੈਂਪ ਵਿੱਚ ਪਹੁੰਚ ਗਏ।

ਸੰਯੁਕਤ ਰਾਸ਼ਟਰ ਅਨੁਸਾਰ, ਪੱਛਮੀ ਅਫ਼ਗਾਨਿਸਤਾਨ ਵਿੱਚ ਸੋਕੇ ਦੇ ਕਾਰਨ 2,75,000 ਲੋਕ ਬੇਘਰ ਹੋ ਗਏ ਹਨ।

ਬਹੁਤ ਸਾਰੀਆਂ ਸਥਾਨਕ ਅਤੇ ਕੌਮਾਂਤਰੀ ਏਜੰਸੀਆਂ ਮਦਦ ਦੇ ਰਹੀਆਂ ਹਨ ਪਰ ਨਾਜ਼ਨੀਨ ਦੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜੇ ਵੀ ਬਹੁਤ ਮਦਦ ਦੀ ਲੋੜ ਹੈ।

ਕਰਜ਼ੇ ਦੀ ਘੁੰਮਣਘੇਰੀ ਵਿੱਚ ਫਸੇ ਪਰਿਵਾਰ ਦੀਆਂ ਦੂਜੀਆਂ ਦੋ ਧੀਆਂ ਦਾ ਭਵਿੱਖ ਵੀ ਅਨਿਸ਼ਚਿਤ ਹੈ ਜੋ ਕਿ ਹਾਲੇ ਤੱਕ ਦਸ ਸਾਲ ਦੀਆਂ ਵੀ ਨਹੀਂ ਹਨ।

ਨਾਜ਼ਨੀਨ ਦੇ ਪਿਤਾ ਦਾ ਕਹਿਣਾ ਹੈ, "ਜੇ ਮੇਰੀ ਮੁਸੀਬਤ ਬਰਕਰਾਰ ਰਹਿੰਦੀ ਹੈ ਅਤੇ ਜੇ ਕੋਈ ਮੈਨੂੰ ਮੇਰੀਆਂ ਦੋਹਾਂ ਕੁੜੀਆਂ ਦੇ ਲਈ ਪੈਸੇ ਦੇਣ ਨੂੰ ਤਿਆਰ ਹੋ ਜਾਂਦਾ ਹੈ ਤਾਂ ਮੈਂ ਫਿਰ ਉਹੀ ਕਰਾਂਗਾ। ਮੇਰੇ ਲੈਣਦਾਰ ਮੈਨੂੰ ਦਿਨ ਵਿੱਚ ਦਿਨ-ਤਿੰਨ ਵਾਰ ਫ਼ੋਨ ਕਰਦੇ ਹਨ ਅਤੇ ਪੈਸੇ ਵਾਪਸ ਕਰਨ ਲਈ ਕਹਿੰਦੇ ਹਨ।"

"ਮੇਰੀਆਂ ਕੁੜੀਆਂ ਹੀ ਸਿਰਫ਼ ਮੇਰੀ ਜਾਇਦਾਦ ਹਨ।"

ਵਿਆਹ ਤੋਂ ਨਾਖੁਸ਼

ਸੋਕੇ ਦੀ ਭਾਰੀ ਮਾਰ ਅਤੇ ਮਜਬੂਰੀ ਵੱਸ ਘਰ ਛੱਡਣ ਕਾਰਨ ਪਰਿਵਾਰ ਨੇ ਖਾਣੇ ਦੇ ਖਰਚੇ ਵਿੱਚ ਕਟੌਤੀ ਲਈ ਜਲਦੀ ਵਿਆਹ ਨੂੰ ਹੀ ਹੱਲ ਸਮਝਿਆ ਹੈ।

ਪਿਛਲੇ ਸਾਲ ਜਦੋਂ ਨਾਜ਼ਨੀਨ 10 ਸਾਲਾਂ ਦੀ ਸੀ ਤਾਂ ਪਰਿਵਾਰ ਨੇ ਉਸ ਦੇ ਵਿਆਹ ਦਾ ਪ੍ਰਬੰਧ ਕੀਤਾ ਜਿਸ ਵਿੱਚ 100 ਤੋਂ ਵੱਧ ਲੋਕ ਪਹੁੰਚੇ ਸਨ।

ਉਸ ਦੇ ਪਿਤਾ ਨੇ ਕਿਹਾ, "ਮੈਂ ਆਪਣੀ ਧੀ ਨੂੰ ਜੋ ਵੀ ਦੇ ਸਕਦਾ ਸੀ ਉਹ ਦਿੱਤਾ। ਵਿਆਹ ਦੌਰਾਨ ਮਿਲਿਆ ਪੈਸਾ ਵੀ ਬਹੁਤਾ ਨਹੀਂ ਸੀ।"

ਪਰ ਇਹ ਖੁਸ਼ੀ ਦੇ ਮੌਕੇ ਤੋਂ ਕਾਫ਼ੀ ਦੂਰ ਸੀ।

"ਜੇ ਤੁਹਾਨੂੰ ਇੰਨੀ ਜ਼ਿਆਦਾ ਲੋੜ ਨਾ ਹੋਵੇ ਤਾਂ ਤੁਸੀਂ ਇੰਨੀ ਛੋਟੀ ਉਮਰ ਦੀ ਕੁੜੀ ਦਾ ਵਿਆਹ ਨਹੀਂ ਕਰਗੋ। ਮੈਂ ਸਹੁੰ ਖਾ ਕੇ ਕਹਿੰਦਾ ਹਾਂ ਕਿ ਮੈਂ ਅਜਿਹਾ ਕਦੇ ਵੀ ਨਹੀਂ ਕਰਦਾ। ਮੈਂ ਲੋੜ ਕਾਰਨ ਮਜਬੂਰ ਸੀ।"

"ਅਸੀਂ ਕੀ ਕਰ ਸਕਦੇ ਹਾਂ? ਸਾਡੇ ਕੋਲ ਇਹੀ ਇੱਕ ਬਦਲ ਸੀ। ਮੈਂ ਇਕੱਲਾ ਨਹੀਂ ਹਾਂ, ਹੋਰ ਵੀ ਕਈ ਲੋਕਾਂ ਨੇ ਸੋਕੇ ਅਤੇ ਵਿੱਤੀ ਮੁਸ਼ਕਿਲਾਂ ਕਾਰਨ ਅਜਿਹਾ ਕੀਤਾ ਹੈ।"

ਛੋਟੀ ਲਾੜੀ ਤੇ ਬਜ਼ੁਰਗ ਲਾੜਾ

ਸਾਲ 2015 ਵਿੱਚ ਨਾਰਵੇਅਨ ਰਫਿਊਜੀ ਕੌਂਸਲ ਦੀ ਇੱਕ ਰਿਪੋਰਟ ਮੁਤਾਬਕ ਉਜਾੜੇ ਤੋਂ ਬਾਅਦ ਸ਼ਹਿਰੀ ਖੇਤਰਾਂ ਵਿੱਚ ਗੈਰ-ਰਸਮੀ ਬਸਤੀਆਂ ਵਿੱਚ ਰਹਿ ਰਹੀਆਂ ਔਰਤਾਂ ਅਤੇ ਕੁੜੀਆਂ ਦਾ ਬਜ਼ੁਰਗਾਂ ਨਾਲ ਵਿਆਹ ਹੋਣ ਦਾ ਖਤਰਾ ਹੈ, ਜੋ ਕਿ 'ਲਾੜੀ ਦਾ ਮੁੱਲ' ਵਧੇਰੇ ਦੇਣ ਵਿੱਚ ਸਮਰੱਥ ਹਨ।

ਪਰ 11 ਸਾਲਾ ਨਾਜ਼ਨੀਨ ਦਾ ਵਿਆਹ ਇੱਕ ਬਿਰਧ ਆਦਮੀ ਨਾਲ ਨਹੀਂ ਕਰਵਾਇਆ ਗਿਆ ਹੈ - ਸ਼ਾਇਦ ਇੱਕ ਛੋਟਾ ਜਿਹਾ ਰਹਿਮ ਕੀਤਾ ਗਿਆ ਹੈ।

ਮਾਂ ਨੇ ਦੱਸਿਆ, "ਉਸ ਨੇ ਦੋ ਮਹੀਨੇ ਆਪਣੇ ਸਹੁਰਿਆਂ ਘਰ ਬਿਤਾਏ। ਉਨ੍ਹਾਂ ਨੇ ਉਨ੍ਹਾਂ ਦੀ ਧੀ ਨੂੰ ਆਪਣੀ ਧੀ ਵਾਂਗ ਹੀ ਰੱਖਿਆ ਸੀ। ਉਸ ਦਾ ਪਤੀ 12 ਸਾਲਾਂ ਹੈ। ਉਹ ਵੀ ਬਹੁਤ ਸ਼ਰਮੀਲੀ ਹੈ ਅਤੇ ਜ਼ਿਆਦਾ ਨਹੀਂ ਬੋਲਦੀ।"

ਵਿਆਹ ਲਈ ਧੀ ਦੀ ਸਹਿਮਤੀ ਨਹੀਂ

ਵਿਆਹ ਲਈ ਨਾਜ਼ਨੀਨ ਤੋਂ ਕੋਈ ਸਹਿਮਤੀ ਨਹੀਂ ਲਈ ਗਈ। ਉਸ ਦੇ ਮਾਪਿਆਂ ਨੇ ਨਾ ਹੀ ਉਸ ਨੂੰ ਵਿਆਹ ਦੀਆਂ ਜ਼ਿੰਮੇਵਾਰੀਆਂ ਬਾਰੇ ਦੱਸਿਆ। ਇਹ ਹੈਰਾਨੀ ਦੀ ਗੱਲ ਨਹੀਂ ਹੈ ਕਿ ਉਸ ਨੂੰ ਇਸ ਸਭ ਦੀ ਆਦਤ ਨਹੀਂ ਪੈ ਰਹੀ।

ਮਾਂ ਨੇ ਦੱਸਿਆ, "ਉਹ ਕੁਝ ਵੀ ਨਹੀਂ ਕਹਿੰਦੀ। ਸਾਨੂੰ ਲੱਗਿਆ ਕਿ ਨਾਜ਼ਨੀਨ ਸਾਡੇ ਤੋਂ ਦੂਰ ਹੋਣ ਕਾਰਨ ਖੁਸ਼ ਨਹੀਂ ਹੈ। ਅਸੀਂ ਉਨ੍ਹਾਂ ਨੂੰ ਵਿਨਤੀ ਕੀਤੀ ਕਿ ਉਹ ਕੁਝ ਹੋਰ ਸਾਲ ਸਾਡੀ ਧੀ ਨੂੰ ਸਾਡੇ ਕੋਲ ਛੱਡ ਦੇਣ।"

ਹੁਣ ਨਾਜ਼ਨੀਨ ਮਾਪਿਆਂ ਦੇ ਨਾਲ ਹੈ। ਉਸ ਦੇ ਸਹੁਰਿਆਂ ਨੇ ਵਾਅਦਾ ਕੀਤਾ ਹੈ ਕਿ ਉਹ 2-3 ਸਾਲਾਂ ਬਾਅਦ ਉਸ ਦੇ ਥੋੜ੍ਹਾ ਹੋਰ ਵੱਡਾ ਹੋਣ 'ਤੇ ਲੈ ਕੇ ਜਾਣਗੇ।

ਨਾਜ਼ਨੀਨ ਦੇ ਪਿਤਾ ਮੁਤਾਬਕ, "ਉਸ ਨੂੰ ਸਹੁਰਿਆਂ ਅਤੇ ਪਤੀ ਨਾਲ ਹੋਏ ਸਮਝੌਤੇ ਬਾਰੇ ਕੁਝ ਨਹੀਂ ਪਤਾ ਹੈ ਕਿਉਂਕਿ ਹਾਲੇ ਉਹ ਬਹੁਤ ਛੋਟੀ ਹੈ।"

"ਉਹ ਨਿਮਰੂਜ਼ ਪ੍ਰਾਂਤ ਵਿੱਚ ਰਹਿੰਦੇ ਹਨ। 10 ਦਿਨ ਪਹਿਲਾਂ ਸਾਡਾ ਜਵਾਈ ਆਇਆ ਸੀ ਅਤੇ ਸਾਡੇ ਨਾਲ ਕੁਝ ਦਿਨ ਰਿਹਾ ਸੀ।"

ਬਾਲ ਵਿਆਹ ਵਿੱਚ ਵਾਧਾ

ਯੂਨੀਸੈਫ਼ ਮੁਤਾਬਕ ਪਿਛਲੇ ਸਾਲ ਜੁਲਾਈ ਅਤੇ ਅਕਤੂਬਰ ਦੌਰਾਨ ਹੇਰਾਟ ਅਤੇ ਬਾਡੀਸ ਵਿੱਚ 161 ਬੱਚਿਆਂ ਦੀ ਮੰਗਣੀ ਅਤੇ ਵਿਆਹ ਹੋਏ। ਉਨ੍ਹਾਂ ਵਿੱਚੋਂ 155 ਕੁੜੀਆਂ ਅਤੇ ਛੇ ਮੁੰਡੇ ਸਨ।

ਅਫ਼ਗਾਨਿਸਤਾਨ ਵਿੱਚ ਯੂਨੀਸਫ ਦੇ ਸੰਚਾਰ ਵਿਭਾਗ ਦੇ ਚੀਫ ਐਲੀਸਨ ਪਾਰਕਰ ਦਾ ਕਹਿਣਾ ਹੈ, "ਦੇਸ ਦੇ ਕੁਝ ਹਿੱਸਿਆਂ ਵਿੱਚ ਬਾਲ ਵਿਆਹ ਇਕ ਸਮਾਜਿਕ ਆਦਰਸ਼ ਹੈ। ਲੜਾਈ ਅਤੇ ਸੋਕੇ ਕਾਰਨ ਸਥਿਤੀ ਹੋਰ ਵਿਗੜ ਗਈ ਹੈ।"

"ਜੁਲਾਈ ਤੋਂ ਅਕਤੂਬਰ ਬਾਲ ਵਿਆਹ ਵਿੱਚ ਵਾਧਾ ਹੋਇਆ ਪਰ ਉਦੋਂ ਤੋਂ ਹੀ ਸਰਕਾਰ ਦਾ ਦਖ਼ਲ ਵੀ ਵੱਧ ਗਿਆ ਅਤੇ ਵਿਆਹਾਂ ਵਿੱਚ ਕਟੌਤੀ ਹੋਈ ਹੈ।"

ਅਫ਼ਗਾਨ ਸਰਕਾਰ ਨੇ ਬਾਲ ਵਿਆਹ ਅਤੇ ਜ਼ਬਰੀ ਵਿਆਹ 'ਤੇ ਰੋਕ ਲਾਉਣ ਲਈ 5 ਸਾਲ ਦੀ ਮੁਹਿੰਮ ਸ਼ੁਰੂ ਕੀਤੀ ਹੈ ਤਾਂਕਿ ਸਾਲ 2021 ਤੱਕ ਇਸ ਨੂੰ ਖ਼ਤਮ ਕਰ ਦਿੱਤਾ ਜਾਵੇ। ਕੁੜੀਆਂ ਦੇ ਵਿਆਹ ਦੀ ਉਮਰ 18 ਸਾਲ ਕਰਨ ਵਾਲਾ ਬਿੱਲ ਸੰਸਦ ਵਿੱਚ ਲਟਕਿਆ ਹੋਇਆ ਹੈ।

ਮਦਦਗਾਰ ਏਜੰਸੀਆਂ

ਸਹਾਇਤਾ ਏਜੰਸੀਆਂ ਉਜੜੇ ਹੋਏ ਪਰਿਵਾਰਾਂ ਦੇ ਮੁੜ ਵਸੇਬੇ ਲਈ ਕੰਮ ਕਰ ਰਹੀਆਂ ਹਨ। ਯੂਐਨ ਦੀ ਖੁਰਾਕ ਅਤੇ ਖੇਤੀਬਾੜੀ ਸੰਸਥਾ ਖੇਤੀ ਮੁੜ ਸ਼ੁਰੂ ਕਰਵਾਉਣ ਲਈ ਕੁਝ ਸੂਬਿਆਂ ਵਿੱਚ ਮੁਫ਼ਤ ਵਿੱਚ ਬੀਜ ਵੰਡ ਰਹੀ ਹੈ।

ਯੂਨੀਸੈਫ਼ ਦੇ ਬਾਲ ਰੱਖਿਆ ਅਫ਼ਸਰ ਐਲਫਰੈਡ ਮੁਤੀਤੀ ਦਾ ਕਹਿਣਾ ਹੈ, "ਚਾਰ ਦਹਾਕਿਆਂ ਦੀ ਸਿਵਲ ਜੰਗ ਨੇ ਸਮਾਜਿਕ ਤਾਨਾ-ਬਾਨਾ ਖ਼ਤਮ ਕਰ ਦਿੱਤਾ ਹੈ। ਦੇਸ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਪੇਂਡੂ ਲੋਕਾਂ ਕੋਲ ਕੋਈ ਪਹੁੰਚ ਨਹੀਂ ਹੈ। ਇਹ ਇੱਕ ਪਰਿਵਰਤਨਸ਼ੀਲ ਵਾਤਾਵਰਨ ਹੈ ਅਤੇ ਕੋਈ ਵੀ ਨਿਵੇਸ਼ ਕਰਨ ਲਈ ਤਿਆਰ ਨਹੀਂ ਹੈ।

ਇਹ ਵੀ ਪੜ੍ਹੋ:

ਉਨ੍ਹਾਂ ਕਿਹਾ, "ਜ਼ਿਆਦਾਤਰ ਉਜੜੇ ਹੋਏ ਪਰਿਵਾਰ ਕਰਜ਼ੇ ਹੋਠ ਦੱਬੇ ਹੋਏ ਹਨ। ਉਹ ਆਪਣੇ ਕਰਜ਼ਡੇ ਦੀ ਅਦਾਇਗੀ ਕਰਨ ਵਿੱਚ ਅਸਮਰੱਥ ਹਨ। ਜੇ ਅਸੀਂ ਨਕਦੀ ਵੀ ਦੇ ਦਈਏ ਤਾਂ ਵੀ ਅਸੰਭਵ ਹੈ। ਇਹ ਸਮੁੰਦਰ ਵਿੱਚ ਇੱਕ ਬੂੰਦ ਵਾਂਗ ਹੋਏਗਾ।"

ਨਾਜ਼ਨੀਨ ਦਾ ਪਰਿਵਾਰ ਹਾਲੇ ਵੀ ਸਰਕਾਰ ਅਤੇ ਸਹਾਇਤਾ ਏਜੰਸੀਆਂ ਤੋਂ ਮਦਦ ਦੀ ਉਡੀਕ ਕਰ ਰਿਹਾ ਹੈ।

ਮਾਂ ਨੇ ਕਿਹਾ, "ਨਾਜ਼ਨੀਨ ਇੱਕ ਚਲਾਕ ਕੁੜੀ ਹੈ। ਉਸ ਨੂੰ ਅੱਖਰਾਂ ਦੀ ਪਛਾਣ ਹੈ।"

ਦੋ ਹੋਰ ਪੁੱਤਰ ਸਕੂਲ ਜਾ ਰਹੇ ਹਨ।

ਉਮੀਦ ਵਿੱਚ ਪਰਿਵਾਰ

ਪਰਿਵਾਰ ਖੁਸ਼ੀਆਂ ਤੋਂ ਕੋਹਾਂ ਦੂਰ ਹੈ ਅਤੇ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਦੀ ਮਦਦ ਕੋਈ ਨਹੀਂ ਕਰ ਰਿਹਾ। ਇਸ ਕਾਰਨ ਜਵਾਨ ਲਾੜੀ ਪਰੇਸ਼ਾਨ ਹੈ।

ਮਾਂ ਦਾ ਕਹਿਣਾ ਹੈ, "ਨਾਜ਼ਨੀਨ ਮੈਨੂੰ ਕਹਿੰਦੀ ਹੈ- ਮਾਂ ਤੁਸੀਂ ਮੈਨੂੰ ਛੋਟੀ ਉਮਰ 'ਚ ਹੀ ਵਿਆਹ ਦਿੱਤਾ ਪਰ ਮੇਰਾ ਭਰਾ ਠੀਕ ਨਹੀਂ ਹੋਇਆ। ਪਰ ਉਹ ਇਹ ਵੀ ਕਹਿੰਦੀ ਹੈ ਕਿ ਮੇਰਾ ਭਰਾ ਠੀਕ ਹੋ ਜਾਏਗਾ ਅਤੇ ਮੈਂ ਵੀ ਵੱਡੀ ਹੋ ਜਾਊਂਗੀ। ਮੈਂ ਉਸ ਦਾ ਵਿਆਹ ਕਰਨ ਤੇ ਪਛਤਾ ਰਹੀ ਹਾਂ ਪਰ ਮੈਨੂੰ ਉਮੀਦ ਹੈ ਕਿ ਸਭ ਠੀਕ ਹੋ ਜਾਵੇਗਾ।"

(ਸੁਰੱਖਿਆ ਦੇ ਮੱਦੇਨਜ਼ਰ ਨਾਜ਼ਨੀਨ ਦਾ ਨਾਮ ਬਦਲ ਦਿੱਤਾ ਗਿਆ ਹੈ।)

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)