ਸ੍ਰੀ ਲੰਕਾ ਹਮਲੇ ਦੇ ਮਾਸਟਮਾਈਂਡ ਦੀ ਭੈਣ ਧਮਾਕਿਆਂ ਬਾਰੇ ਕੀ ਸੋਚਦੀ

ਜ਼ਹਾਰਨ ਹਾਸ਼ਿਮ ਕਈ ਭੜਕਾਊ ਵੀਡੀਓ ਸੋਸ਼ਲ ਮੀਡੀਆ ’ਤੇ ਪਾਉਂਦਾ ਸੀ
ਫੋਟੋ ਕੈਪਸ਼ਨ ਜ਼ਹਾਰਨ ਹਾਸ਼ਿਮ ਕਈ ਭੜਕਾਊ ਵੀਡੀਓ ਸੋਸ਼ਲ ਮੀਡੀਆ 'ਤੇ ਪਾਉਂਦਾ ਸੀ

ਸ੍ਰੀ ਲੰਕਾ ਵਿੱਚ ਐਤਵਾਰ ਨੂੰ ਹੋਏ ਬੰਬ ਧਮਾਕਿਆਂ ਵਿੱਚ ਹੀ ਹਮਲੇ ਦੇ ਕਥਿਤ ਮਾਸਟਰਮਾਈਂਡ ਦੀ ਮੌਤ ਹੋ ਚੁੱਕੀ ਹੈ। ਇਸ ਦਾਅਵਾ ਸ੍ਰੀਲੰਕਾ ਦੇ ਰਾਸ਼ਟਰਪਤੀ ਮੈਥਰੀਪਾਲਾ ਸਿਰੀਲੇਨਾ ਨੇ ਕੀਤਾ ਹੈ।

ਸਿਰੀਸੇਨਾ ਨੇ ਕਿਹਾ ਕਿ ਇਸਲਾਮੀ ਪ੍ਰਚਾਰਕ ਹਾਸ਼ਿਮ ਦੀ ਕੋਲੰਬੋ ਦੇ ਸ਼ੰਗਰੀ-ਲਾ ਹੋਟਲ ਵਿੱਚ ਹੋਏ ਬੰਬ ਧਮਾਕਿਆਂ ਵਿੱਚ ਮੌਤ ਹੋ ਗਈ ਸੀ।

ਉਨ੍ਹਾਂ ਕਿਹਾ ਕਿ ਹਾਸ਼ਿਮ ਨੇ ਇਸ ਹੋਟਲ ’ਤੇ ਹਮਲਾ ਇੱਕ ਹੋਰ ਹਮਲਾਵਰ ਇਲਹਾਮ ਨਾਲ ਕੀਤਾ ਸੀ। ਐਤਵਾਰ ਨੂੰ ਸ੍ਰੀ ਲੰਕਾ ਵਿੱਚ ਹੋਏ ਬੰਬ ਧਮਾਕਿਆਂ ਵਿੱਚ ਘੱਟੋ-ਘੱਟ 250 ਲੋਕਾਂ ਦੀ ਮੌਤ ਹੋਈ ਹੈ।

ਹੁਣ ਪੇਸ਼ ਹੈ ਬੀਬੀਸੀ ਪੱਤਰਕਾਰ ਇਥੀਰਾਜਨ ਅਨਬਰਾਸਨ ਦੀ ਹਾਸ਼ਿਮ ਦੇ ਸ਼ਹਿਰ ਕੱਤਨਕੂਡੀ ਤੋਂ ਰਿਪੋਰਟ

ਦੋ ਬੱਚਿਆਂ ਦੀ ਮਾਂ ਸ੍ਰੀ ਲੰਕਾ ਦੇ ਤੱਟੀ ਸ਼ਹਿਰ ਕੱਤਨਕੂਡੀ ਵਿੱਚ ਬੇਚੈਨ ਹੈ।

ਮੁਹੰਮਦ ਹਾਸ਼ਿਮ ਮਦਾਨੀਆ ਦਾ ਭਰਾ ਜ਼ਹਾਰਨ ਹਾਸ਼ਿਮ ਕਥਿਤ ਤੌਰ 'ਤੇ ਉਨ੍ਹਾਂ ਸੁਸਾਈਡ ਬੌਂਬਰਜ਼ ਦਾ ਸਰਗਨਾ ਮੰਨਿਆ ਜਾ ਰਿਹਾ ਹੈ ਜਿਨ੍ਹਾਂ ਨੇ ਬੀਤੇ ਐਤਵਾਰ ਨੂੰ ਸ੍ਰੀ ਲੰਕਾ ਵਿੱਚ ਬੰਬ ਧਮਾਕੇ ਕੀਤੇ ਸਨ।

ਇਨ੍ਹਾਂ ਧਮਾਕਿਆਂ ਵਿੱਚ 300 ਤੋਂ ਵੱਧ ਲੋਕਾਂ ਦੀ ਮੌਤ ਹੋਈ ਸੀ।

ਹਾਸ਼ਿਮ ਮਦਾਨੀਆ ਦਾ ਕਹਿਣਾ ਹੈ ਕਿ ਜੋ ਵਾਪਰਿਆ ਉਸ ਨਾਲ ਉਹ ਬਹੁਤ ਘਬਰਾਈ ਹੋਈ ਹੈ ਅਤੇ ਉਸ ਨੂੰ ਭਵਿੱਖ ਦੀ ਵੀ ਫਿਕਰ ਹੈ। ਉਸ ਨੇ ਦੱਸਿਆ ਕਿ ਪੁਲਿਸ ਨੇ ਉਸ ਤੋਂ ਪੁੱਛ-ਗਿੱਛ ਕੀਤੀ ਹੈ ਪਰ ਇੱਕ ਸ਼ੱਕੀ ਵਜੋਂ ਨਹੀਂ।

ਇਹ ਵੀ ਪੜ੍ਹੋ:

ਹਾਸ਼ਿਮ 'ਤੇ ਦੋ ਅਮੀਰਾਂ ਦੇ ਬੱਚਿਆਂ ਨੂੰ ਵੀ ਇਸ ਦਸਤੇ ਵਿੱਚ ਸ਼ਾਮਿਲ ਕਰਨ ਦਾ ਇਲਜ਼ਾਮ ਹੈ।

ਕੱਤਨਕੂਡੀ ਦੀ ਗਰਮੀ ਵਿੱਚ ਮਦਾਨੀਆ ਸਿਰ ਢੱਕ ਕੇ ਬੈਠੀ ਹੈ ਪਰ ਉਹ ਬੇਚੈਨ ਹੈ। ਕੱਤਨਕੂਡੀ ਹਿੰਦ ਮਹਾਸਾਗਰ ਨੇੜੇ ਵਸਿਆ ਸ਼ਹਿਰ ਹੈ ਜਿੱਥੇ ਮੁਸਲਮਾਨ ਬਹੁਗਿਣਤੀ ਵਿੱਚ ਹਨ। ਮਦਾਨੀਆ ਖੁਦ ਨੂੰ ਮਿਲਣ ਵਾਲੀ ਤਵੱਜੋ ਕਾਰਨ ਪ੍ਰੇਸ਼ਾਨ ਹੈ।

ਆਈਐੱਸ ਪ੍ਰਤੀ ਦਿਖਾਈ ਨਿਸ਼ਠਾ

ਉਹ ਪੰਜ ਭੈਣ-ਭਰਾਵਾਂ ਵਿੱਚੋਂ ਸਭ ਤੋਂ ਛੋਟੇ ਹਨ। ਜ਼ਹਾਰਨ ਹਾਸ਼ਿਮ ਸਭ ਤੋਂ ਵੱਡਾ ਭਰਾ ਸੀ ਅਤੇ ਉਸ ਦੀ ਉਮਰ ਕਰੀਬ 40 ਸਾਲ ਸੀ। ਮਦਾਨੀਆ ਦਾ ਦਾਅਵਾ ਹੈ ਕਿ ਉਸ ਦਾ ਭਰਾ ਨਾਲ 2017 ਤੋਂ ਬਾਅਦ ਕੋਈ ਰਾਬਤਾ ਨਹੀਂ ਹੈ।

ਉਸੇ ਸਾਲ ਉਹ ਗਾਇਬ ਹੋ ਗਿਆ ਸੀ ਕਿਉਂਕਿ ਪੁਲਿਸ ਉਸ ਨੂੰ ਮੁਸਲਮਾਨ ਵਿਰੋਧੀ ਗਰੁੱਪਾਂ ਖਿਲਾਫ਼ ਹਿੰਸਾ ਕਰਨ ਦੇ ਇਲਜ਼ਾਮਾਂ ਤਹਿਤ ਗ੍ਰਿਫ਼ਤਾਰ ਕਰਨਾ ਚਾਹੁੰਦੀ ਸੀ।

ਐਤਵਾਰ ਦੇ ਹਮਲੇ ਤੋਂ ਬਾਅਦ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਜ਼ਹਾਰਨ ਹਾਸ਼ਿਮ ਇਸਲਾਮਿਕ ਸਟੇਟ ਦੇ ਆਗੂ ਅਬੁ ਬਕਰ ਅਲ ਬਗਦਾਦੀ ਪ੍ਰਤੀ ਨਿਸ਼ਠਾ ਦਿਖਾ ਰਿਹਾ ਹੈ।

ਫੋਟੋ ਕੈਪਸ਼ਨ ਕੱਤਨਕੂਡੀ ਵਿੱਚ ਮੁਸਲਮਾਨ ਸਹਿਮੇ ਹੋਏ ਹਨ

ਸ੍ਰੀ ਲੰਕਾ ਪੁਲਿਸ ਦਾ ਕਹਿਣਾ ਹੈ ਕਿ ਕੁੱਲ੍ਹ ਅੱਠ ਹਮਲਾਵਰ ਇਸ ਵਿੱਚ ਸ਼ਾਮਿਲ ਸਨ ਜਿਨ੍ਹਾਂ ਵਿੱਚ ਇੱਕ ਔਰਤ ਵੀ ਹੈ ਅਤੇ ਉਨ੍ਹਾਂ ਵਿੱਚੋਂ ਕੋਈ ਵੀ ਵਿਦੇਸ਼ੀ ਨਹੀਂ ਹੈ।

ਪੁਲਿਸ ਅਨੁਸਾਰ ਸਾਰੇ ਹਮਲਾਵਰ ਮੱਧ ਵਰਗੀ ਪਰਿਵਾਰਾਂ ਤੋਂ ਹਨ ਅਤੇ ਉਨ੍ਹਾਂ ਵਿੱਚੋਂ ਇੱਕ ਨੇ ਤਾਂ ਯੂਕੇ ਤੇ ਆਸਟਰੇਲੀਆ ਵਿੱਚ ਪੜ੍ਹਾਈ ਕੀਤੀ ਹੋਈ ਹੈ।

ਪੁਲਿਸ ਦੇ ਸੂਤਰਾਂ ਅਨੁਸਾਰ ਉਨ੍ਹਾਂ ਵਿੱਚੋਂ ਦੋ ਸ਼ੱਕੀ ਤਾਂ ਇੱਕ ਮਸ਼ਹੂਰ ਮਸਾਲਿਆਂ ਦੇ ਵਪਾਰੀ ਦੇ ਪੁੱਤਰ ਸਨ ਜੋ ਫਿਲਹਾਲ ਹਿਰਾਸਤ ਵਿੱਚ ਹੈ।

ਮਦਾਨੀਆ ਨੇ ਆਪਣੇ ਭਰਾ ਬਾਰੇ ਦੱਸਿਆ, "ਮੈਨੂੰ ਉਸ ਦੀਆਂ ਗਤੀਵਿਧੀਆਂ ਬਾਰੇ ਮੀਡੀਆ ਰਾਹੀਂ ਪਤਾ ਲਗਿਆ ਸੀ। ਮੈਂ ਇਹ ਕਦੇ ਵੀ ਨਹੀਂ ਸੋਚਿਆ ਸੀ ਕਿ ਉਹ ਅਜਿਹੀ ਹਰਕਤ ਕਰੇਗਾ।"

"ਭਾਵੇਂ ਉਹ ਮੇਰਾ ਭਰਾ ਹੈ ਪਰ ਮੈਂ ਫਿਰ ਵੀ ਉਸ ਦੇ ਕੀਤੇ ਕਾਰੇ ਦੀ ਨਿਖੇਧੀ ਕਰਦੀ ਹਾਂ। ਹੁਣ ਮੈਨੂੰ ਉਸ ਦੀ ਕੋਈ ਫਿਕਰ ਨਹੀਂ ਹੈ।"

ਮਦਾਨੀਆ ਦਾ ਭਰਾ ਇੱਕ ਕੱਟੜ ਇਸਲਾਮਿਕ ਪ੍ਰਚਾਰਕ ਸੀ। ਉਹ ਕੁਝ ਸਾਲ ਪਹਿਲਾਂ ਚਰਚਾ ਵਿੱਚ ਆਇਆ ਜਦੋਂ ਉਸ ਨੇ ਯੂ-ਟਿਊਬ ਅਤੇ ਹੋਰ ਸੋਸ਼ਲ ਮੀਡੀਆ ਪਲੈਟਫਾਰਮ ਉੱਤੇ ਇਸਲਾਮ ਨੂੰ ਨਾ ਮੰਨਣ ਵਾਲਿਆਂ ਦੀ ਨਿਖੇਧੀ ਕੀਤੀ ਸੀ।

ਇਹ ਵੀ ਪੜ੍ਹੋ:

ਇਨ੍ਹਾਂ ਵੀਡੀਓਜ਼ ਨੇ ਸ੍ਰੀ ਲੰਕਾ ਦੇ ਘੱਟ ਗਿਣਤੀ ਮੁਸਲਮਾਨਾਂ ਵਿੱਚ ਭੈਅ ਪੈਦਾ ਕਰ ਦਿੱਤਾ ਸੀ। ਸ੍ਰੀ ਲੰਕਾ ਵਿੱਚ ਬੌਧੀ ਬਹੁਗਿਣਤੀ ਹਨ।

ਮੁਸਲਮਾਨ ਭਾਈਚਾਰੇ ਦੇ ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪ੍ਰਸ਼ਾਸਨ ਨੂੰ ਇਸ ਬਾਰੇ ਕਈ ਵਾਰ ਚਿਤਾਇਆ ਸੀ ਪਰ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਅਫਸਰਾਂ ਦਾ ਕਹਿਣਾ ਹੈ ਕਿ ਉਹ ਹਾਸ਼ਿਮ ਦੀ ਭਾਲ ਕਰਨ ਵਿੱਚ ਨਾਕਾਮ ਰਹੇ ਸਨ।

‘ਦੋ ਸਾਲ ਵਿੱਚ ਸਭ ਬਦਲਿਆ’

ਪਰ ਬਹੁਤ ਘੱਟ ਲੋਕਾਂ ਨੇ ਸੋਚਿਆ ਹੋਵੇਗਾ ਕਿ ਸ੍ਰੀ ਲੰਕਾ ਦੇ ਇੱਕ ਛੋਟੇ ਸ਼ਹਿਰ ਵਿੱਚ ਇਸਲਾਮ ਦਾ ਪ੍ਰਚਾਰ ਕਰਨ ਵਾਲਾ ਵਿਅਕਤੀ ਜੰਗ ਦੀ ਤ੍ਰਾਸਦੀ ਝਲ ਚੁੱਕੇ ਦੇਸ ਵਿੱਚ ਇੱਕ ਸਭ ਤੋਂ ਮਾਰੂ ਫਿਦਾਈਨ ਹਮਲਾ ਕਰ ਸਕੇਗਾ।

ਇਸ ਹਮਲੇ ਨੇ ਨਾ ਕੇਵਲ ਪੂਰੀ ਦੁਨੀਆਂ ਦਾ ਧਿਆਨ ਖਿੱਚਿਆ ਹੈ ਬਲਕਿ ਸਥਾਨਕ ਅੱਤਵਾਦੀਆਂ ਅਤੇ ਕੌਮਾਂਤਰੀ ਪੱਧਰ ਦੇ ਗਰੁੱਪਾਂ ਦੀ ਸਾਂਝ ਵੱਲ ਵੀ ਨਜ਼ਰ ਪਾਉਣ ਨੂੰ ਮਜਬੂਰ ਕੀਤਾ ਹੈ।

ਫੋਟੋ ਕੈਪਸ਼ਨ ਮ੍ਰਿਤਕਾਂ ਦੇ ਸਨਮਾਨ ਵਿੱਚ ਕੱਤਨਕੂਡੀ ਵਿੱਚ ਲੋਕਾਂ ਨੇ ਕਾਲੇ ਤੇ ਸਫੇਦ ਰਿਬਨ ਬੰਨੇ

ਮਦਾਨੀਆ ਨੇ ਦੱਸਿਆ, "ਬਚਪਨ ਵਿੱਚ ਸਾਡੇ ਚੰਗੇ ਰਿਸ਼ਤੇ ਸਨ। ਉਸ ਦਾ ਵਤੀਰਾ ਹਰ ਕਿਸੇ ਨਾਲ ਦੋਸਤਾਨਾ ਸੀ। ਪਰ ਬੀਤੇ ਦੋ ਸਾਲਾਂ ਤੋਂ ਉਹ ਸਾਡੇ ਸੰਪਰਕ ਵਿੱਚ ਨਹੀਂ ਹੈ।"

ਇਹ ਅਜੇ ਤੱਕ ਸਾਫ ਨਹੀਂ ਹੋ ਸਕਿਆ ਹੈ ਕਿ ਹਾਸ਼ਿਮ ਆਈਐੱਸ ਦੇ ਸਿੱਧੇ ਸੰਪਰਕ ਵਿੱਚ ਸੀ ਜਾਂ ਉਹ ਕੇਵਲ ਸਥਾਨਕ ਅੱਤਵਾਦੀ ਸੀ ਜਿਸ ਨੇ ਆਈਐੱਸ ਪ੍ਰਤੀ ਨਿਸ਼ਠਾ ਜ਼ਾਹਿਰ ਕੀਤੀ ਸੀ। ਆਈਐੱਸ ਨੇ ਹੀ ਐਤਵਾਰ ਨੂੰ ਹੋਏ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ।

ਲੋਕ ਡਰੇ ਹੋਏ ਹਨ

ਕੱਤਨਕੁੱਡੀ ਬੱਤੀਕਾਲੋਆ ਸ਼ਹਿਰ ਦੇ ਨੇੜੇ ਹੈ ਜਿੱਥੋਂ ਦੀ ਜ਼ੀਓਨ ਚਰਚ ਵਿੱਚ ਬੰਬ ਧਮਾਕਾ ਹੋਇਆ ਸੀ ਅਤੇ ਧਮਾਕੇ ਵਿੱਚ 28 ਲੋਕਾਂ ਦੀ ਮੌਤ ਹੋਈ ਸੀ।

ਇਸ ਸ਼ਹਿਰ ਦੀ ਆਬਾਦੀ 50,000 ਤੋਂ ਘੱਟ ਹੈ ਪਰ ਫਿਲਹਾਲ ਇਹ ਸ਼ਹਿਰ ਚਰਚਾ ਵਿੱਚ ਹੈ।

ਜਦੋਂ ਮੈਂ ਹਾਸ਼ਿਮ ਦਾ ਜੱਦੀ ਘਰ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਕਈ ਲੋਕਾਂ ਨੇ ਜਵਾਬ ਨਹੀਂ ਦਿੱਤਾ। ਲੋਕ ਹਾਸ਼ਿਮ ਬਾਰੇ ਗੱਲ ਕਰਨ ਤੋਂ ਘਬਰਾ ਰਹੇ ਸਨ।

ਫੋਟੋ ਕੈਪਸ਼ਨ ਹਾਸ਼ਿਮ ਵੱਲੋਂ ਬਣਾਈ ਗਈ ਮਸਜਿਦ ਹੁਣ ਖਾਲੀ ਹੈ

ਐਤਵਾਰ ਦੇ ਧਮਾਕਿਆਂ ਤੋਂ ਬਾਅਦ ਮੁਸਲਮਾਨ ਭਾਈਚਾਰਾ ਡਰਿਆ ਹੋਇਆ ਹੈ।

ਫੈਡਰੇਸ਼ਨ ਆਫ ਕੱਤਨਕੂਡੀ ਮੌਸਕ ਦੇ ਲੀਡਰ ਮੁਹੰਮਦ ਇਬਰਾਹਿਮ ਜ਼ੁਬੈਰ ਨੇ ਕਿਹਾ, "ਇਹ ਸਾਡੇ ਲਈ ਫਿਕਰ ਦੀ ਗੱਲ ਹੈ ਕਿ ਸਾਡੇ ਇਲਾਕੇ ਦਾ ਵਿਅਕਤੀ ਹਮਲੇ ਨਾਲ ਜੁੜਿਆ ਹੈ। ਅਸੀਂ ਸਦਮੇ ਵਿੱਚ ਹਾਂ। ਸਾਡਾ ਭਾਈਚਾਰਾ ਕੱਟੜਵਾਦੀਆਂ ਦੀ ਹਮਾਇਤ ਨਹੀਂ ਕਰਦਾ ਹੈ। ਅਸੀਂ ਆਪਸੀ ਭਾਈਚਾਰੇ ਤੇ ਏਕਤਾ ਵਿੱਚ ਵਿਸ਼ਵਾਸ ਰੱਖਦੇ ਹਾਂ।"

ਕੱਤਨਕੂਡੀ ਦੀ ਮੇਰੀ ਫੇਰੀ ਵੇਲੇ ਹਮਲੇ ਦੇ ਵਿਰੋਧ ਵਿੱਚ ਇੱਕ ਦਿਨ ਲਈ ਬੰਦ ਸੀ। ਮੁੱਖ ਸੜਕਾਂ ਉੱਤੇ ਕਾਲੇ ਤੇ ਸਫੇਦ ਰਿਬੰਨ ਮਰਨ ਵਾਲਿਆਂ ਦੀ ਯਾਦ ਵਿੱਚ ਬੰਨੇ ਹੋਏ ਦਿਖਾਈ ਦਿੱਤੇ ਸਨ।

ਫੋਟੋ ਕੈਪਸ਼ਨ ਮੁਹੰਮਦ ਜ਼ੁਬੈਰ ਅਨੁਸਾਰ ਉਨ੍ਹਾਂ ਦਾ ਭਾਈਚਾਰਾ ਅੱਤਵਾਦੀਆਂ ਦੀ ਹਮਾਇਤ ਨਹੀਂ ਕਰਦਾ ਹੈ

ਜ਼ੁਬੈਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਭਾਈਚਾਰਾ ਹਿੰਸਾ ਦੀ ਹਮਾਇਤ ਨਹੀਂ ਕਰਦਾ ਹੈ ਅਤੇ ਉਹ ਕੋਸ਼ਿਸ਼ ਕਰ ਰਿਹਾ ਹੈ ਕਿ ਨੌਜਵਾਨਾਂ ਨੂੰ ਅੱਤਵਾਦ ਵੱਲ ਜਾਣ ਤੋਂ ਰੋਕਿਆ ਜਾਵੇ।

ਹਾਸ਼ਿਮ ਦੀ ਭੈਣ ਅਨੁਸਾਰ ਉਸ ਨੇ ਛੋਟੇ ਪੱਧਰ 'ਤੇ ਧਰਮ ਪ੍ਰਚਾਰ ਦਾ ਕੰਮ ਸ਼ੁਰੂ ਕਤਾ ਸੀ। ਹੌਲੀ-ਹੌਲੀ ਉਹ ਮਸ਼ਹੂਰ ਹੁੰਦਾ ਗਿਆ ਸੀ।

ਜਦੋਂ ਮੁੱਖ ਇਸਲਾਮੀ ਗਰੁੱਪਾਂ ਨੇ ਉਸ ਨੂੰ ਧਾਰਮਿਕ ਸਭਾਵਾਂ ਵਿੱਚ ਬੋਲਣ ਦਾ ਮੌਕਾ ਨਹੀਂ ਦਿੱਤਾ ਤਾਂ ਉਸ ਨੇ ਆਪਣੀ ਜਥੇਬੰਦੀ ਸ਼ੁਰੂ ਕਰ ਲਈ ਸੀ। ਉਸ ਦਾ ਨਾਂ ਸੀ, 'ਤੌਹੀਦ ਜਮਾਤ' (ਐਨਟੀਜੇ)।

ਉਸ ਨੇ ਇੱਕ ਮਸਜਿਦ ਵੀ ਬਣਾਈ ਸੀ ਜੋ ਸਮੁੰਦਰ ਦੇ ਨੇੜੇ ਸੀ। ਉਸੇ ਇਮਾਰਤ ਵਿੱਚ ਉਹ ਕਲਾਸਾਂ ਲੈਂਦਾ ਸੀ। ਸਥਾਨਕ ਲੋਕਾਂ ਅਨੁਸਾਰ ਜਦੋਂ ਉਸ ਦੇ ਨਫਰਤ ਫੈਲਾਉਣ ਵਾਲੇ ਭਾਸ਼ਣ ਸੋਸ਼ਲ ਮੀਡੀਆ ਉੱਤੇ ਆਏ ਤਾਂ ਉਸ ਨੂੰ ਐੱਨਟੀਜੇ ਤੋਂ ਕੱਢ ਦਿੱਤਾ ਸੀ।

ਉਹ ਗਾਇਬ ਹੋ ਗਿਆ ਪਰ ਵੀਡੀਓਜ਼ ਫਿਰ ਵੀ ਪਾਉਂਦਾ ਰਿਹਾ। ਕੁਝ ਸਥਾਨਕ ਲੋਕਾਂ ਨੂੰ ਸ਼ੱਕ ਹੈ ਕਿ ਵਾਕਈ ਉਸ ਨੇ ਆਪਣੇ ਬਣਾਏ ਗਰੁੱਪ ਤੋਂ ਸਬੰਧ ਤੋੜ ਦਿੱਤੇ ਸੀ।

ਸ੍ਰੀ ਲੰਕਾ ਦੇ ਉਪ ਰੱਖਿਆ ਮੰਤਰੀ ਰੁਵਾਨ ਵਿਜੇਵਰਧਨੇ ਅਨੁਸਾਰ ਐੱਨਟੀਜੇ ਤੋਂ ਹੀ ਇੱਕ ਨਵਾਂ ਗਰੁੱਪ ਬਣਿਆ ਸੀ।

ਪਰ ਇੱਕ ਚੀਜ਼ ਸਰਕਾਰ ਨੇ ਸਾਫ ਕੀਤੀ ਹੈ ਕਿ ਜਿਨ੍ਹਾਂ ਨੇ ਹਮਲੇ ਨੂੰ ਅੰਜਾਮ ਦਿੱਤਾ ਉਨ੍ਹਾਂ ਨੂੰ ਵਿਦੇਸ਼ੀ ਮਦਦ ਜ਼ਰੂਰ ਮਿਲੀ ਸੀ।

ਗੱਲਬਾਤ ਵਿੱਚ ਹਾਸ਼ਿਮ ਦੀ ਭੈਣ ਨੇ ਕਿਹਾ ਕਿ ਉਸ ਦੇ ਮਾਪਿਆਂ ਨੇ ਉਸੇ ਇਲਾਕੇ ਵਿੱਚ ਆਪਣਾ ਘਰ ਹਮਲੇ ਤੋਂ ਕੁਝ ਦਿਨਾਂ ਪਹਿਲਾਂ ਹੀ ਛੱਡ ਦਿੱਤਾ ਸੀ ਅਤੇ ਉਨ੍ਹਾਂ ਬਾਰੇ ਵੀ ਕੋਈ ਜਾਣਕਾਰੀ ਨਹੀਂ ਹੈ।

ਉਸ ਨੇ ਕਿਹਾ, "ਮੈਨੂੰ ਲਗਦਾ ਹੈ ਕਿ ਹਾਸ਼ਿਮ ਨੇ ਉਨ੍ਹਾਂ ਨੂੰ ਆਪਣੇ ਕੋਲ ਰੱਖਿਆ ਹੋਵੇਗਾ।"

ਪੁਲਿਸ ਹਾਸ਼ਿਮ ਦੇ ਛੋਟੇ ਭਰਾ ਦੀ ਵੀ ਭਾਲ ਕਰ ਰਹੀ ਹੈ।

ਮੁਸਲਮਾਨ ਆਗੂ ਮੰਨਦੇ ਹਨ ਕਿ ਉਨ੍ਹਾਂ ਦਾ ਭਾਈਚਾਰਾ ਹੋਰ ਸ੍ਰੀ ਲੰਕਾ ਦੇ ਨਾਗਰਿਕਾਂ ਵਾਂਗ ਹਮਲੇ ਦੀ ਨਿਖੇਧੀ ਕਰਦਾ ਹੈ।

ਪਰ ਛੋਟੇ ਸ਼ਹਿਰ ਵਿੱਚ ਬਦਲੇ ਦੀ ਹਿੰਸਾ ਹੋਣ ਦੀਆਂ ਸੰਭਾਵਨਾਵਾਂ ਕਾਫੀ ਹਨ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)