ਸ੍ਰੀ ਲੰਕਾ: ਕਿਉਂ ਡਰੇ ਹੋਏ ਹਨ ਪਾਕਿਸਤਾਨ ਤੋਂ ਆਏ ਅਹਿਮਦੀਆ ਮੁਸਲਮਾਨ

ਅਹਿਮਦੀਆ ਮੁਸਲਮਾਨ
ਫੋਟੋ ਕੈਪਸ਼ਨ ਸ਼ੋਇਬ ਦਾ ਕਹਿਣਾ ਹੈ ਧਮਾਕਿਆਂ ਤੋਂ ਬਾਅਦ ਸਥਾਨਕ ਲੋਕਾਂ ਨੇ ਉਨ੍ਹਾਂ ਪ੍ਰਤੀ ਕਾਫੀ ਨਫ਼ਰਤ ਦਿਖਾਈ

ਸ੍ਰੀ ਲੰਕਾ ਦੀ ਰਾਜਧਾਨੀ ਕੋਲੰਬੋ 'ਚ ਪਿਛਲੇ ਹਫ਼ਤੇ ਈਸਟਰ ਐਤਵਾਰ ਨੂੰ ਵੱਖ-ਵੱਖ ਗਿਰਜਾਘਰਾਂ ਅਤੇ ਹੋਟਲਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਨ੍ਹਾਂ ਧਮਾਕਿਆਂ 'ਚ ਘੱਟੋ-ਘੱਟ 250 ਲੋਕਾਂ ਦੀ ਮੌਤ ਹੋ ਗਈ ਸੀ।

ਹੁਣ ਤੱਕ ਦੀ ਜਾਂਚ ਦੇ ਆਧਾਰ 'ਤੇ ਸਾਰੇ ਹਮਲਾਵਰ ਮੁਸਲਮਾਨ ਦੱਸੇ ਜਾ ਰਹੇ ਹਨ।

ਇਸ ਤੋਂ ਬਾਅਦ ਤੋਂ ਹੀ ਨੇਗੰਬੋ ਦੇ ਸੈਂਟ ਸੈਬੇਸਟੀਅਨ ਗਿਰਜਾਘਰ ਦੇ ਕੋਲ ਰਹਿਣ ਵਾਲੇ ਸੈਂਕੜੇ ਪਾਕਿਸਤਾਨੀ ਅਹਿਮਦੀਆ ਮੁਸਲਮਾਨ ਨਜ਼ਦੀਕੀ ਮਸਜਿਦਾਂ 'ਚ ਸ਼ਰਨ ਲੈ ਰਹੇ ਹਨ।

ਨੇਗੰਬੋ ਦੇ ਸੈਂਟ ਸੈਬੇਸਟੀਅਨ ਗਿਰਜਾਘਰ 'ਚ ਬੰਬ ਧਮਾਕਿਆਂ 'ਚ ਕਈ ਲੋਕ ਮਾਰੇ ਗਏ ਸਨ।

ਹੁਣ ਇਨ੍ਹਾਂ ਅਹਿਮਦੀਆ ਮੁਸਲਮਾਨਾਂ ਨੂੰ ਡਰ ਸਤਾ ਰਿਹਾ ਹੈ ਕਿ ਸਥਾਨਕ ਲੋਕ ਧਰਮ ਕਾਰਨ ਉਨ੍ਹਾਂ 'ਤੇ ਹਮਲਾ ਕਰ ਸਕਦੇ ਹਨ।

ਹੁਣ ਤੱਕ 200 ਤੋਂ ਵੱਧ ਅਹਿਮਦੀਆ ਮੁਸਲਮਾਨਾਂ ਨੇ ਫੈਜ਼ੁਲਾ ਮਸਜਿਦ 'ਚ ਸ਼ਰਨ ਲਈ ਹੈ। ਇਹ ਮਸਜਿਦ ਸ੍ਰੀ ਲੰਕਾ 'ਚ ਮੌਜੂਦ 5 ਅਹਿਮਦੀਆ ਮਸਜਿਦਾਂ 'ਚੋਂ ਇੱਕ ਹੈ।

ਹੋਰ ਕੋਲੰਬੋ 'ਪੇਸਾਲਾਈ' ਪੁਥਲਮ ਅਤੇ ਪੋਲਾਨਾਰੁਵਾ ਵਿੱਚ ਸਥਿਤ ਹਨ।

ਇਨ੍ਹਾਂ ਵਿੱਚੋਂ ਵਧੇਰੇ ਲੋਕਾਂ ਨੇ ਜੋ ਘਰ ਕਿਰਾਏ 'ਤੇ ਲਏ ਸਨ ਉਹ ਕੈਥੋਲਿਕ ਇਸਾਈਆਂ ਦੇ ਸਨ ਪਰ ਹੁਣ ਨਿਸ਼ਾਨਾ ਬਣਾਏ ਜਾਣ ਦੇ ਡਰੋਂ ਇਹ ਲੋਕ ਮਸਜਿਦ 'ਚ ਸ਼ਰਨ ਲੈ ਰਹੇ ਹਨ।

21 ਤਰੀਕ ਨੂੰ ਹੋਏ ਲੜੀਵਾਰ ਧਮਾਕਿਆਂ ਤੋਂ ਬਾਅਦ 24 ਅਪ੍ਰੈਲ ਤੋਂ ਹੀ ਇਸ ਇਲਾਕੇ 'ਚ ਤਣਾਅ ਦਾ ਮਾਹੌਲ ਪੈਦਾ ਹੋ ਗਿਆ।

ਇਹ ਵੀ ਪੜ੍ਹੋ-

ਫੋਟੋ ਕੈਪਸ਼ਨ 21 ਅਪ੍ਰੈਲ ਨੂੰ ਹੋਏ ਸਨ ਸ੍ਰੀ ਲੰਕਾ ਵਿੱਚ ਲੜੀਵਾਰ ਬੰਬ ਧਮਾਕੇ

ਇਲਾਕੇ 'ਚ ਰਹਿਣ ਵਾਲੇ ਨੌਜਵਾਨ ਹਬਿਸ ਸ਼ੋਏਬ ਕਹਿੰਦੇ ਹਨ, "ਜਦੋਂ ਬੰਬ ਧਮਾਕੇ ਹੋਏ ਉਸ ਤੋਂ ਬਾਅਦ ਸਥਾਨਕ ਲੋਕਾਂ ਨੇ ਸਾਡੇ ਪ੍ਰਤੀ ਬਹੁਤ ਨਫ਼ਰਤ ਦਿਖਾਈ ਹੈ। ਮੇਰਾ ਘਰ ਚਰਚ ਤੋਂ ਬਸ ਕੁਝ ਦੀ ਦੂਰੀ 'ਤੇ ਹੈ। ਇਨ੍ਹਾਂ ਧਮਾਕਿਆਂ ਤੋਂ ਬਾਅਦ ਮੇਰੇ ਮਕਾਨ ਮਾਲਕ ਬਹੁਤ ਡਰੇ ਹੋਏ ਸਨ।"

"ਉਨ੍ਹਾਂ ਮੈਨੂੰ ਘਰ ਛੱਡਣ ਲਈ ਕਿਹਾ ਮੈਂ 13 ਹਜ਼ਾਰ ਰੁਪਏ ਕਿਰਾਇਆ ਦੇ ਰਿਹਾ ਸੀ। ਸਾਡੇ 'ਚੋਂ ਕਈਆਂ ਨੇ 6 ਮਹੀਨੇ ਤੇ ਕਈਆਂ ਇੱਕ ਸਾਲ ਦਾ ਕਿਰਾਇਆ ਐਂਡਵਾਸ ਵਿੱਚ ਦਿੱਤਾ ਹੋਇਆ ਹੈ। ਅਸੀਂ ਕੀ ਕਹਿ ਸਕਦੇ ਹਾਂ ਜੇਕਰ ਸਾਨੂੰ ਘਰ ਛੱਡਣ ਲਈ ਕਿਹਾ ਜਾਵੇ।"

ਸੰਯੁਕਤ ਰਾਸ਼ਟਰ ਦੀ ਮਦਦ ਨਾਲ ਇਸ ਇਲਾਕੇ 'ਚ 800 ਤੋਂ ਵੱਧ ਅਹਿਮਦੀਆ ਮੁਸਲਮਾਨ ਰਹਿੰਦੇ ਹਨ। ਨੇਗੰਬੋ ਦੇ ਇਸ ਇਲਾਕੇ ਨੂੰ ਅਹਿਮਦੀਆ ਮੁਸਲਮਾਨਾਂ ਦੇ ਯੂਰਪ ਅਤੇ ਅਮਰੀਕਾ ਜਾਣ ਦੇ ਟਰਾਂਜ਼ਿਟ ਵਜੋਂ ਦੇਖਿਆ ਜਾਂਦਾ ਹੈ।

ਪਾਕਿਸਤਾਨ ਤੋਂ ਆਉਣ ਤੋਂ ਬਾਅਦ ਇਥੋਂ ਹੀ ਉਹ ਯੂਰਪੀ ਦੇਸਾਂ ਅਤੇ ਅਮਰੀਕਾ 'ਚ ਸ਼ਰਨ ਦੀ ਮੰਗ ਕਰਦੇ ਹਨ ਅਤੇ ਇਲਾਕੇ 'ਚ ਕੁਝ ਸਾਲ ਰਹਿਣ ਤੋਂ ਬਾਅਦ ਇਹ ਯੂਰਪੀ ਦੇਸਾਂ 'ਚ ਸ਼ਰਨਾਰਥੀ ਵਜੋਂ ਚਲੇ ਜਾਂਦੇ ਹਨ।

ਇਹ ਵੀ ਪੜ੍ਹੋ-

ਫੋਟੋ ਕੈਪਸ਼ਨ ਪਾਕਿਸਤਾਨ ਤੋਂ ਆਉਣ ਤੋਂ ਬਾਅਦ ਇਥੋਂ ਹੀ ਅਹਿਮਦੀਆ ਮੁਸਲਮਾਨ ਯੂਰਪੀ ਦੇਸਾਂ ਅਤੇ ਅਮਰੀਕਾ 'ਚ ਸ਼ਰਨ ਦੀ ਮੰਗ ਕਰਦੇ ਹਨ

ਜ਼ਿਕਰਯੋਗ ਹੈ ਕਿ ਪਾਕਿਸਤਾਨ 'ਚ ਵੀ ਅਹਿਮਦੀਆ ਲੋਕਾਂ ਨੂੰ ਵਿਤਕਰੇ ਦਾ ਸਾਹਮਣਾ ਕਰਦਾ ਪੈਂਦਾ ਹੈ, ਉਨ੍ਹਾਂ ਨੂੰ ਮੁਸਲਮਾਨ ਨਹੀਂ ਮੰਨਿਆ ਜਾਂਦਾ।

ਨੇਗੰਬੋ 'ਚ ਰਹਿਣ ਵਾਲੇ ਲਾਹੌਰ ਦੇ ਵਾਸੀ ਆਮਿਰ ਪਰੇਸ਼ਾਨ ਹਨ। ਆਮਿਰ ਨੇ ਦੱਸਿਆ, "ਰਾਤ ਵੇਲੇ ਸ੍ਰੀ ਲੰਕਾ ਦੇ ਲੋਕਾਂ ਨੇ ਸਾਨੂੰ ਡਰਾਇਆ-ਧਮਕਾਇਆ। ਉਨ੍ਹਾਂ ਨੇ ਕਿਹਾ ਕਿ ਤੁਸੀਂ ਪਾਕਿਸਤਾਨੀ ਹੋ, ਇੱਥੋਂ ਚਲੇ ਜਾਓ। ਉਸ ਵੇਲੇ ਅਸੀਂ ਬੇਹੱਦ ਪਰੇਸ਼ਾਨ ਹੋਏ।"

ਆਮਿਰ ਨੇਗੰਬੋ ਇਲਾਕੇ 'ਚ 2015 ਤੋਂ ਰਹਿ ਰਹੇ ਹਨ। ਉਨ੍ਹਾਂ ਦੇ ਮਕਾਨ ਮਾਲਕ ਇਸਾਈ ਹਨ ਅਤੇ ਉਨ੍ਹਾਂ ਨੂੰ ਇਸ ਗੱਲ ਦਾ ਡਰ ਸੀ ਕਿ ਲੋਕ ਆਮਿਰ ਅਤੇ ਉਨ੍ਹਾਂ ਦੇ ਪਰਿਵਾਰ 'ਤੇ ਹਮਲਾ ਕਰ ਸਕਦੇ ਹਨ।

ਇਸ ਲਈ ਆਮਿਰ ਨੇ ਆਪਣੀ ਪਤਨੀ ਅਤੇ ਬੱਚਿਆਂ ਨਾਲ ਘਰ ਛੱਡ ਕੇ ਮਸਜਿਦ 'ਚ ਰਹਿਣ ਦਾ ਫ਼ੈਸਲਾ ਲਿਆ।

ਉਹ ਕਹਿੰਦੇ ਹਨ, "ਅੱਜ ਮੈਂ ਅਮਰੀਕੀ ਦੂਤਾਵਾਸ 'ਚ ਇੰਟਰਵਿਊ ਦਿੱਤਾ ਹੈ ਪਰ ਬੰਬ ਧਮਾਕਿਆਂ ਕਾਰਨ ਇਸ ਨੂੰ ਸਵੀਕਾਰ ਨਹੀਂ ਕੀਤਾ ਗਿਆ। ਪਤਾ ਨਹੀਂ ਅਗਲੀ ਵਾਰ ਇੰਟਰਵਿਊ ਕਦੋਂ ਹੋਵੇਗਾ।"

ਕੀ ਇਸ ਇਲਾਕੇ 'ਚ ਰਹਿਣ ਵਾਲੇ ਮੁਸਲਮਾਨਾਂ ਨੂੰ ਵੀ ਅਹਿਮਦੀਆ ਮੁਸਲਮਾਨਾਂ ਵਾਂਗ ਖ਼ਤਰਾ ਹੈ?

ਫੈਜ਼ੁਲ ਮਸਜਿਦ ਦੇ ਇਬਰਾਹਿਮ ਰਹਿਮਤੁੱਲਾ ਕਹਿੰਦੇ ਹਨ, "ਸਾਨੂੰ ਕਈ ਲੋਕ ਜਾਣਦੇ ਹਨ ਕਿਉਂਕਿ ਅਸੀਂ ਇੱਥੇ ਰਹਿੰਦੇ ਹਾਂ ਪਰ ਇਹ ਲੋਕ ਵਿਦੇਸ਼ ਤੋਂ ਆਏ ਹਨ ਤੇ ਡਰ ਦਾ ਕਾਰਨ ਇਹੀ ਹੈ।"

ਫੈਜ਼ੁਲ ਮਸਜਿਦ ਛੋਟੀ ਹੈ ਇਸ ਲਈ ਮਸਜਿਦ ਦੇ ਕਰਮੀ ਇਨ੍ਹਾਂ ਨੂੰ ਪੇਸੋਲੇ ਮਸਜਿਦ ਭੇਜ ਰਹੇ ਹਨ ਜੋ ਵਧੇਰੇ ਸੁਰੱਖਿਅਤ ਥਾਂ ਹੈ। ਹੁਣ ਇਨ੍ਹਾਂ ਦੀ ਸੁਰੱਖਿਆ ਸੈਨਾ ਅਤੇ ਪੁਲਿਸ ਕਰ ਰਹੀ ਹੈ।

ਕਦੇ-ਕਦੇ ਇਸ ਮਸਜਿਦ 'ਚ ਇਕੋ ਵੇਲੇ 65 ਲੋਕ ਬਸ ਰਾਹੀਂ ਸ਼ਰਨ ਲੈਣ ਪਹੁੰਚ ਰਹੇ ਹਨ। ਕੁੱਲ ਮਿਲਾ ਕੇ ਵਰਤਮਾਨ ਹਾਲਾਤ ਇਹ ਹਨ ਕਿ ਅਹਿਮਦੀਆ ਮੁਸਲਮਾਨ ਆਪਣੇ ਸਾਰੇ ਸਾਮਾਨ ਨੂੰ ਪਿੱਛੇ ਛੱਡ ਕੇ ਇੱਕ ਅਸਥਿਰ ਭਵਿੱਖ ਦੀ ਆਪਣੀ ਯਾਤਰਾ 'ਤੇ ਨਿਕਲ ਪਏ ਹਨ।

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।