ਪਾਕਿਸਤਾਨ ਤੋਂ ਚੀਨ ਵਿੱਚ ਦੇਹ-ਵਪਾਰ ਲਈ ਤਸਕਰੀ ਕੀਤੀਆਂ ਲਾੜੀਆਂ ਦੀਆਂ ਕਹਾਣੀਆਂ

ਸੋਫ਼ੀਆ ਦੇ ਵਿਆਹ ਦੀ ਤਸਵੀਰ, ਸਿਰਫ਼ ਕੁੜੀ ਮੁੰਡੇ ਦੇ ਹੱਥਾਂ ਵਿੱਚ ਫੜੀ ਅੰਜੀਲ ਹੀ ਦਿਖਾਈ ਦੇ ਰਹੀ ਹੈ
ਫੋਟੋ ਕੈਪਸ਼ਨ ਇੱਕ ਪਾਦਰੀ ਦੇ ਵਿਚੋਲਾ ਬਣਨ ਮਗਰੋਂ ਸੋਫ਼ੀਆ (ਸੱਜੇ) ਦਾ ਇੱਕ ਚੀਨੀ ਮੁੰਡੇ ਨਾਲ ਵਿਆਹ ਹੋਇਆ।

ਛੇ ਮਹੀਨੇ ਪਹਿਲਾਂ ਫੈਸਲਾਬਾਦ ਦੀ ਇੱਕ ਈਸਾਈ ਕੁੜੀ ਅਤੇ ਚੀਨੀ ਮੁੰਡੇ ਦੇ ਵਿਆਹ ਸਮੇਂ ਇਹ ਇੱਕ ਆਦਰਸ਼ ਜੋੜਾ ਸਮਝਿਆ ਜਾ ਰਿਹਾ ਸੀ।

ਕੁੜੀ 19 ਸਾਲਾਂ ਦੀ ਸੀ ਤੇ ਲਾੜਾ 21 ਸਾਲਾਂ ਦਾ। ਕੁੜੀ ਇੱਕ ਸਿਖਲਾਈ ਪ੍ਰਾਪਤ ਬਿਊਟੀਸ਼ਨ ਸੀ ਤੇ ਮੁੰਡਾ ਕੌਸਮੈਟਿਕ ਦਾ ਕਾਰੋਬਾਰ ਕਰਦਾ ਸੀ।

ਕੁੜੀ ਵਾਲਿਆਂ ਕੋਲ ਬਹੁਤੇ ਪੈਸੇ ਨਹੀਂ ਸਨ ਪਰ ਮੁੰਡੇ ਨੇ ਅੱਗੇ ਵੱਧ ਕੇ ਵਿਆਹ ਦਾ ਸਾਰਾ ਖ਼ਰਚਾ ਚੁੱਕਣ ਦੀ ਹਾਮੀ ਭਰ ਦਿੱਤੀ।

ਵਿਆਹ ਪਾਕਿਸਾਤਾਨੀ ਰਸਮਾਂ-ਰਿਵਾਜਾਂ ਨਾਲ ਹੋਇਆ। ਇਸ ਨਾਲ ਕੁੜੀ ਦੇ ਮਾਂ-ਬਾਪ ਨੂੰ ਬੜਾ ਹੌਂਸਲਾ ਹੋਇਆ ਕਿ ਹੋਣ ਵਾਲਾ ਚੀਨੀ ਜਮਾਈ ਸਥਾਨਕ ਰੀਤੀ-ਰਿਵਾਜ਼ਾਂ ਦੀ ਕਦਰ ਕਰਦਾ ਹੈ।

ਰਸਮੀ ਤੌਰ 'ਤੇ ਰਿਸ਼ਤੇ ਦੀ ਗੱਲ ਤੋਰੀ ਗਈ, ਕੁੜੀ ਦੇ ਮਹਿੰਦੀ ਲੱਗੀ ਅਤੇ ਫਿਰ ਬਰਾਤ ਆਈ ਅਤੇ ਕੁੜੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਲਈ ਲਾੜੇ ਨਾਲ ਵਿਦਾ ਹੋ ਗਈ।

ਇਹ ਵੀ ਪੜ੍ਹੋ:

ਇਹ ਸਭ ਚਾਰ ਦਿਨਾਂ ਦੀ ਚਾਂਦਨੀ ਹੀ ਸਾਬਤ ਹੋਇਆ ਤੇ ਇੱਕ ਮਹੀਨੇ ਦੇ ਅੰਦਰ ਹੀ ਸੋਫ਼ੀਆ (ਬਦਲਿਆ ਹੋਇਆ ਨਾਮ) ਨਾਮ ਦੀ ਇਸ ਕੁੜੀ ਬਾਰੇ ਪਤਾ ਚੱਲਿਆ ਕਿ ਮਾਪਿਆਂ ਦੇ ਘਰ ਵਾਪਸ ਆ ਗਈ ਹੈ।

ਉਹ ਇੱਕ ਦਲਦਲ ਤੋਂ ਬਚਣ ਵਿੱਚ ਕਾਮਯਾਬ ਰਹੀ ਸੀ ਜਿਸ ਬਾਰੇ ਉਸ ਦਾ ਦਾਅਵਾ ਹੈ ਕਿ ਪਾਕਿਸਤਾਨੀ ਕੁੜੀਆਂ ਦੀ ਚੀਨ ਤਸਕਰੀ ਦਾ ਰੈਕਟ ਸੀ।

ਪਾਕਿਸਤਾਨ ਵਿੱਚ ਮਨੁੱਖੀ ਅਧਿਕਾਰਾਂ ਬਾਰੇ ਕਾਰਕੁਨ ਸਲੀਮ ਇਕਬਾਲ, ਅਜਿਹੇ ਵਿਆਹਾਂ ਉੱਪਰ ਲੰਬੇ ਸਮੇਂ ਤੋਂ ਨਜ਼ਰ ਰੱਖ ਰਹੇ ਹਨ।

ਉਨ੍ਹਾਂ ਦਾ ਮੰਨਣਾ ਹੈ ਕਿ ਪਿਛਲੇ ਇੱਕ ਸਾਲ ਦੌਰਾਨ 700 ਪਾਕਿਸਤਾਨੀ ਕੁੜੀਆਂ, ਜਿਨ੍ਹਾਂ ਵਿੱਚੋਂ ਬਹੁਤੀਆਂ ਇਸਾਈ ਸਨ, ਦੇ ਚੀਨੀ ਲਾੜਿਆਂ ਨਾਲ ਵਿਆਹ ਹੋਏ।

ਹਾਲਾਂ ਕਿ ਇਨਾਂ ਕੁੜੀਆਂ ਦੀ ਹੋਣੀ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ ਪਰ ਸਲੀਮ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ "ਜਿਣਸੀ ਗੁਲਾਮ" ਬਣਾਏ ਜਾਣ ਦਾ ਖ਼ਤਰਾ ਹੈ।

ਪਿਛਲੇ ਹਫ਼ਤਿਆਂ ਦੌਰਾਨ ਦੋ ਦਰਜਨ ਤੋਂ ਵਧੇਰੇ ਚੀਨੀਆਂ ਅਤੇ ਪਾਕਿਸਤਾਨੀ ਵਿਚੋਲਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਗ੍ਰਿਫ਼ਤਾਰ ਕੀਤੇ ਲੋਕਾਂ ਵਿੱਚ ਇੱਕ ਕੈਥੋਲਿਕ ਪਾਦਰੀ ਵੀ ਸ਼ਾਮਲ ਸਨ। ਇਨ੍ਹਾਂ ਲੋਕਾਂ ਉੱਪਰ ਕਥਿਤ ਸ਼ਾਮ ਵਿਆਹ ਵਿੱਚ ਮੁਲੱਵਿਸ ਹੋਣ ਦਾ ਇਲਜ਼ਾਮ ਸੀ।

Image copyright AFP
ਫੋਟੋ ਕੈਪਸ਼ਨ ਪਾਕਿਸਤਾਨੀ ਵਿੱਚ ਇਸਾਈਆਂ ਦੀ ਜਨ ਸੰਖਿਆ ਲਗਭਗ 25 ਲੱਖ ਹੈ ਜੋ ਕਿ ਦੇਸ਼ ਦੀ ਕੁੱਲ ਵਸੋਂ ਦੀ 2 ਫ਼ੀਸਦੀ ਤੋਂ ਵੀ ਘੱਟ ਹੈ।

ਪਾਕਿਸਤਾਨ ਦੀ ਕੇਂਦਰੀ ਜਾਂਚ ਏਜੰਸੀ ਨੇ ਬੀਬੀਸੀ ਨੂੰ ਦੱਸਿਆ ਕਿ "ਵਿਆਹ ਦੇ ਪਰਦੇ ਹੇਠ ਚੀਨੀ ਮੁਜਰਮਾਂ ਦੇ ਗੈਂਗ ਪਾਕਿਸਤਾਨੀ ਕੁੜੀਆਂ ਦੀ ਚੀਨ ਤਸਕਰੀ ਕਰ ਰਹੇ ਹਨ ਤੇ ਦੇਹ ਵਪਾਰ ਵਿੱਚ ਲਾ ਰਹੇ ਹਨ"।

ਏਜੰਸੀ ਨੇ ਦੱਸਿਆ ਕਿ ਅਜਿਹਾ ਹੀ ਇੱਕ ਗੈਂਗ ਆਪਣੇ ਆਪ ਨੂੰ ਪਾਵਰ ਪ੍ਰੋਜੈਕਟ ਉੱਪਰ ਕੰਮ ਕਰਨ ਵਾਲੇ ਇੰਜੀਨੀਅਰ ਦੱਸ ਕੇ ਵਿਆਹ ਰਾਹੀਂ 12,000 ਤੋਂ 25,000 ਡਾਲਰ ਵਿੱਚ ਕੁੜੀਆਂ ਦੀ ਚੀਨ ਤਸਕਰੀ ਕਰਦਾ ਸੀ।

ਗਰੀਬ ਪਰਿਵਾਰਾਂ ਤੋਂ ਆਉਣ ਵਾਲੀਆਂ ਇਹ ਕੁੜੀਆਂ ਤਸਕਰਾਂ ਦਾ ਸੌਖਾ ਨਿਸ਼ਾਨਾ ਬਣਦੀਆਂ ਹਨ। ਤਸਕਰ ਉਨ੍ਹਾਂ ਦੇ ਮਾਪਿਆਂ ਨੂੰ ਸੈਂਕੜੇ ਤੋਂ ਹਜ਼ਾਰਾਂ ਡਾਲਰ ਤੱਕ ਦਿੰਦੇ ਹਨ।

ਚੀਨ ਨੇ ਪਾਕਿਸਤਾਨੀ ਕੁੜੀਆਂ ਦੀ ਚੀਨ ਵਿੱਚ ਤਸਕਰੀ ਕੀਤੇ ਜਾਣ ਤੇ ਦੇਹ ਵਪਾਰ ਵਿੱਚ ਲਾਏ ਜਾਣ ਦੀਆਂ ਖ਼ਬਰਾਂ ਤੋਂ ਇਨਕਾਰ ਕੀਤਾ ਹੈ ਤੇ ਕਿਹਾ ਹੈ ਕਿ "ਮੀਡੀਆ ਰਿਪੋਰਟਾਂ ਮਨਘੜਤ ਹਨ ਤੇ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ।"

Image copyright Getty Images

ਹਾਲਾਂਕਿ ਚੀਨ ਨੇ ਮੰਨਿਆ ਹੈ ਕਿ ਇਸ ਸਾਲ ਚੀਨੀ ਵੀਜ਼ੇ ਦੀ ਮੰਗ ਕਰਨ ਵਾਲੀਆਂ ਪਾਕਿਸਤਾਨੀ ਕੁੜੀਆਂ ਦੀਆਂ ਅਰਜ਼ੀਆਂ ਵਿੱਚ ਵਾਧਾ ਹੋਇਆ ਹੈ।

ਇਸ ਸਾਲ ਹੁਣ ਤੱਕ 140 ਅਰਜੀਆਂ ਲਾਈਆਂ ਗਈਆਂ ਹਨ ਜਦ ਕਿ 2018 ਵਿੱਚ ਇਹ ਗਿਣਤੀ ਪੂਰੇ ਸਾਲ ਦੀ ਸੀ।

ਪਾਕਿਸਤਾਨ ਵਿੱਚ ਚੀਨੀ ਸਫ਼ਾਰਤਖ਼ਾਨੇ ਦੇ ਅਧਿਕਾਰੀ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ 90 ਅਰਜ਼ੀਆਂ ਖ਼ਾਰਜ ਕਰ ਦਿੱਤੀਆਂ ਗਈਆਂ।

ਅਸਾਵਾਂ ਸਮਾਜ ਚੀਨੀ ਸਮਾਜ

ਪਾਕਿਸਤਾਨੀ ਕੁੜੀਆਂ ਦੀ ਚੀਨ ਵਿੱਚ ਤਸਕਰੀ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਵੱਡੀ ਗਿਣਤੀ ਵਿੱਚ ਚੀਨੀ ਲੋਕ ਪਾਕਿਸਤਾਨ ਵਿੱਚ ਆ ਰਹੇ ਹਨ। ਚੀਨ ਪਾਕਿਸਤਾਨ ਵਿੱਚ ਬਹੁਤ ਵੱਡਾ ਨਿਵੇਸ਼ ਕਰ ਰਿਹਾ ਹੈ।

ਚੀਨ ਪਾਕਿਸਤਾਨ ਵਿੱਚ ਚੀਨ-ਪਾਕਿਸਤਾਨ ਗਲਿਆਰੇ ਉੱਪਰ ਕੰਮ ਕਰ ਰਿਹਾ ਹੈ ਜੋ ਕਿ ਬੰਦਰਗਾਹਾਂ, ਸੜਕਾਂ ਰੇਲਵੇ ਅਤੇ ਬਿਜਲੀ ਪ੍ਰੋਜੈਕਟਾਂ ਦਾ ਇੱਕ ਨੈੱਟਵਰਕ ਹੈ।

Image copyright AFP
ਫੋਟੋ ਕੈਪਸ਼ਨ ਦੋ ਦਰਜਨ ਤੋਂ ਵਧੇਰੇ ਚੀਨੀਆਂ ਅਤੇ ਵਿਚੋਲਿਆਂ ਨੂੰ ਫਰਜ਼ੀ ਵਿਆਹਾਂ ਦੇ ਇਲਜ਼ਾਮਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ।

ਪਾਕਿਸਤਾਨ ਤੇ ਚੀਨ ਦੇ ਗਹਿਰੇ ਰਿਸ਼ਤੇ ਹਨ ਅਤੇ ਪਾਕਿਸਤਾਨ ਦੀ ਚੀਨੀਆਂ ਲਈ ਪਹੁੰਚਣ ਤੇ ਵੀਜ਼ੇ ਦੀ ਨੀਤੀ ਨੇ ਨਾ ਸਿਰਫ਼ ਗਲਿਆਰੇ ਨਾਲ ਜੁੜੇ ਲੋਕਾਂ ਸਗੋਂ ਹੋਰ ਚੀਨੀ ਉੱਧਮੀਆਂ ਨੂੰ ਵੀ ਪਾਕਿਸਤਾਨ ਆਉਣ ਲਈ ਉਤਸ਼ਾਹਿਤ ਕੀਤਾ ਹੈ।

ਇਨ੍ਹਾਂ ਵਿੱਚੋਂ ਕੁਝ ਬਾਰੇ ਕਿਹਾ ਜਾਂਦਾ ਹੈ ਕਿ ਉਹ ਲਾੜੀ ਦੀ ਭਾਲ ਵਿੱਚ ਆਉਂਦੇ ਹਨ। ਸਮਾਜ ਵਿਗਿਆਨੀਆਂ ਦਾ ਮੰਨਣਾ ਹੈ ਕਿ ਇਸ ਪਿੱਛੇ ਚੀਨ ਦੀ ਲੰਬੇ ਸਮੇਂ ਤੋਂ ਜਾਰੀ ਇੱਕ ਬੱਚੇ ਦੀ ਨੀਤੀ ਅਤੇ ਫਿਰ ਮੁੰਡੇ ਨੂੰ ਪਹਿਲ ਦੇਣ ਦੀ ਰਵਾਇਤ ਨੇ ਇੱਕ ਅਸਾਵਾਂ ਸਮਾਜ ਸਿਰਜ ਦਿੱਤਾ ਹੈ।

ਇਸ ਕਾਰਨ ਕਈ ਗਰੀਬ ਦੇਸ਼ਾਂ ਜਿਵੇਂ, ਵੀਅਤਨਾਮ, ਮਿਆਂਮਾਰ ਤੇ ਕੰਬੋਡੀਆ ਤੋਂ ਕੁੜੀਆਂ ਦੀ ਤਸਕਰੀ ਕੀਤੀ ਜਾਂਦੀ ਰਹੀ ਹੈ। ਕੁੜੀਆਂ ਨੂੰ ਵਾਅਦਾ ਤਾਂ ਨੌਕਰੀ ਦਾ ਕੀਤਾ ਜਾਂਦਾ ਹੈ ਪਰ ਬਾਅਦ ਵਿੱਚ ਵੇਚ ਕੇ ਵਿਆਹ ਦਿੱਤੀਆਂ ਜਾਂਦੀਆਂ ਹਨ।

ਇਹ ਵੀ ਮੰਨਿਆ ਜਾ ਰਿਹਾ ਹੈ ਕਿ ਸੰਭਵ ਤੌਰ ਤੇ ਪਾਕਿਸਤਾਨ ਦੀ ਚੀਨੀਆਂ ਪ੍ਰਤੀ ਖੁੱਲਦਿੱਲੀ ਨੇ ਤਸਕਰਾਂ ਲਈ ਨਵਾਂ ਰਾਹ ਖੋਲ੍ਹ ਦਿੱਤਾ ਹੈ।

ਫੈਡਰਲ ਇਨਵੈਸਟੀਗੇਟਿੰਗ ਏਜੰਸੀ ਦੀ ਪੜਤਾਲ ਅਤੇ ਬੀਬੀਸੀ ਦੀਆਂ ਕਾਰਕੁਨਾਂ ਤੇ ਪੀੜਤਾਂ ਦੀਆਂ ਇੰਟਰਵਿਊਜ਼ ਤੋਂ ਇਸ ਵਿੱਚ ਪਾਕਿਸਤਾਨ ਦੇ ਪਾਦਰੀਆਂ ਦੀ ਭੂਮਿਕਾ ਬਾਰੇ ਵੀ ਪਤਾ ਚੱਲਿਆ ਹੈ। ਇਹ ਪਾਦਰੀ ਕੁੜੀਆਂ ਦੀ ਪਛਾਣ ਕਰਦੇ ਹਨ ਅਤੇ ਚੀਨੀ ਲਾੜਿਆਂ ਦੇ ਧਰਮ ਦੀ 'ਪੁਸ਼ਟੀ' ਕਰਦੇ ਹਨ।

ਵਿਆਹ ਤੋਂ ਬਾਅਦ ਜੋੜੇ ਲਹੌਰ ਅਤੇ ਹੋਰ ਸ਼ਹਿਰਾਂ ਵਿੱਚ ਕਿਰਾਏ ਦੇ ਮਕਾਨਾਂ ਵਿੱਚ ਰਹਿੰਦੇ ਹਨ ਅਤੇ ਫਿਰ ਅੱਗੇ ਚੀਨ ਭੇਜ ਦਿੱਤੇ ਜਾਂਦੇ ਹਨ।

ਲਹੌਰ ਦਾ ਇੱਕ ਘਰ

ਸੋਫ਼ੀਆ ਨੂੰ ਵਿਆਹ ਤੋਂ ਪਹਿਲਾਂ ਹੀ ਇਹ ਵਿਆਹ ਕੁਝ ਠੀਕ ਨਹੀਂ ਸੀ ਲੱਗ ਰਿਹਾ। ਵਿਆਹ ਤੋਂ ਪਹਿਲਾਂ ਉਸਦੀ ਮੈਡੀਕਲ ਜਾਂਚ ਕਰਵਾਈ ਗਈ ਤੇ ਫਿਰ 'ਵਿਚੋਲਾ' ਵਿਆਹ ਛੇਤੀ ਕਰਨ ਲਈ ਦਬਾਅ ਪਾਉਣ ਲੱਗ ਪਿਆ।

"ਮੇਰੇ ਪਰਿਵਾਰ ਨੂੰ ਠੀਕ ਨਹੀਂ ਸੀ ਲੱਗ ਰਿਹਾ ਪਰ ਉਸ ਨੇ (ਵਿਚੋਲੇ) ਨੇ ਕਿਹਾ ਕਿ ਚੀਨੀ ਹੀ ਵਿਆਹ ਦਾ ਸਾਰਾ ਖਰਚਾ ਕਰਨਗੇ ਅਤੇ ਪਰਿਵਾਰ ਨੇ ਹਾਂ ਕਰ ਦਿੱਤੀ।"

ਇੱਕ ਹਫ਼ਤੇ ਮਗਰੋਂ ਉਹ ਲਹੌਰ ਦੇ ਇੱਕ ਘਰ ਵਿੱਚ ਸੀ ਜਿੱਥੇ ਹੋਰ ਵੀ ਨਵੇਂ ਵਿਆਹੇ ਜੋੜੇ ਸਨ ਜੋ ਆਪਣੇ ਸਫ਼ਰ ਦੇ ਕਾਗਜ਼ ਬਣਨ ਦੀ ਉਡੀਕ ਕਰ ਰਹੇ ਸਨ।

ਇਹ ਵੀ ਪੜ੍ਹੋ:

ਪਾਕਿਸਤਾਨੀ ਕੁੜੀਆਂ ਦਾ ਬਹੁਤਾ ਸਮਾਂ ਚੀਨੀ ਜ਼ਬਾਨ ਸਿੱਖਣ ਵਿੱਚ ਬਤੀਤ ਹੁੰਦਾ ਸੀ।

ਸੋਫ਼ੀਆ ਨੂੰ ਅਹਿਸਾਸ ਹੋਇਆ ਕਿ ਨਾ ਤਾਂ ਉਸਦੇ ਪਤੀ ਦੀ ਉਸ ਵਿੱਚ ਦਿਲਚਸਪੀ ਹੈ ਤੇ ਨਾ ਹੀ ਉਹ ਕੋਈ ਇਸਾਈ ਹੈ। ਹਾਂ, ਉਹ ਸੈਕਸ ਦੀ ਮੰਗ ਹਮੇਸ਼ਾ ਕਰਦਾ ਰਹਿੰਦਾ ਸੀ। ਭਾਸ਼ਾ ਦੀ ਅੜਚਣ ਕਾਰਨ ਉਨ੍ਹਾਂ ਵਿੱਚ ਗੱਲਬਾਤ ਵੀ ਮੁਸ਼ਕਿਲ ਨਾਲ ਹੀ ਹੁੰਦੀ

ਸੋਫ਼ੀਆ ਨੇ ਚੀਨ ਵਿੱਚ ਵਿਆਹੀ ਆਪਣੀ ਸਹੇਲੀ ਨਾਲ ਗੱਲ ਕਰਨ ਤੋਂ ਬਾਅਦ ਉੱਥੋਂ ਜਾਣ ਦਾ ਇਰਾਦਾ ਬਣਾਇਆ। ਸਹੇਲੀ ਨੇ ਸੋਫੀਆ ਨੂੰ ਦੱਸਿਆ ਕਿ ਉਸ ਨੂੰ ਆਪਣੇ ਘਰਵਾਲੇ ਦੇ ਦੋਸਤਾਂ ਨਾਲ ਸੌਣ ਲਈ ਮਜਬੂਰ ਕੀਤਾ ਜਾਂਦਾ ਸੀ।

ਜਦੋਂ ਸੋਫੀਆ ਨੇ ਇਸ ਬਾਰੇ ਵਿੱਚੋਲੇ ਨਾਲ ਗੱਲ ਕੀਤੀ ਤਾਂ ਉਸ ਨੂੰ ਸੱਤੀਂ-ਕੱਪੜੀਂ ਅੱਗ ਲੱਗ ਗਈ। ਉਸ ਨੇ ਧਮਕਾਇਆ ਕਿ ਜੇ ਸੋਫ਼ੀਆ ਗਈ ਤਾਂ ਉਸਦੇ ਮਾਂ-ਬਾਪ ਨੂੰ ਵਿਆਹ ਦਾ ਸਾਰਾ ਖ਼ਰਚਾ ਦੇਣਾ ਪਵੇਗਾ।

ਉਸਦੇ ਮਾਂ-ਬਾਪ ਨੇ ਖਰਚਾ ਦੇਣ ਤੋਂ ਮਨ੍ਹਾਂ ਕਰ ਦਿੱਤਾ ਅਤੇ ਆਪਣੀ ਧੀ ਨੂੰ ਲੈਣ ਲਹੌਰ ਪਹੁੰਚ ਗਏ। ਆਖ਼ਰ ਵਿਚੋਲੇ ਨੂੰ ਹਾਰ ਮੰਨਣੀ ਪਈ ਅਤੇ ਸੋਫ਼ੀਆ ਆਪਣੇ ਪਰਿਵਾਰ ਨਾਲ ਘਰ ਵਾਪਸ ਆ ਗਈ।

ਹਾਲਾਂ ਕਿ ਜ਼ਿਆਦਾਤਰ ਮਾਮਲੇ ਇਸਾਈ ਕੁੜੀਆਂ ਨਾਲ ਜੁੜੇ ਹੋਏ ਹਨ ਹਨ ਪਰ ਬੀਬੀਸੀ ਦੀ ਪੜਤਾਲ ਵਿੱਚ ਪਤਾ ਚੱਲਿਆ ਹੈ ਕਿ ਮੁਸਲਮਾਨ ਕੁੜੀਆਂ ਨੂੰ ਵੀ ਇਸ ਵਿੱਚ ਖਿੱਚਿਆ ਜਾ ਰਿਹਾ ਹੈ।

ਲਹੌਰ ਦੇ ਇੱਕ ਗਰੀਬ ਮੁਸਲਮਾਨ ਪਰਿਵਾਰ ਦੀ ਬੇਟੀ, ਮੀਨਾ (ਬਦਲਿਆ ਹੋਇਆ ਨਾਮ), ਮਾਰਚ ਵਿੱਚ, ਆਪਣੇ ਪਤੀ ਨਾਲ ਚੀਨ ਗਈ ਸੀ।

ਉਸ ਨੇ ਦੱਸਿਆ ਕਿ ਉਸ ਦੀ ਕੂੱਟਮਾਰ ਹੁੰਦੀ ਸੀ ਕਿਊਂਕਿ ਉਸ ਨੇ ਆਪਣੇ ਪਤੀ ਦੇ ਸ਼ਰਾਬੀ ਮਹਿਮਾਨਾਂ ਨਾਲ ਸੌਣ ਤੋਂ ਇਨਕਾਰ ਕਰ ਦਿੱਤਾ ਸੀ।

"ਮੇਰਾ ਪਰਿਵਾਰ ਕਾਫ਼ੀ ਧਾਰਮਿਕ ਵਿਚਾਰਾਂ ਦਾ ਹੈ ਇਸ ਲਈ ਜਦੋਂ ਸਾਡੇ ਨੇੜੇ ਦੇ ਮਸਜਿਦ ਤੋਂ ਰਿਸ਼ਤਾ ਆਇਆ ਤਾਂ ਉਨ੍ਹਾਂ ਨੇ ਹਾਂ ਕਰ ਦਿੱਤੀ।"

"ਚੀਨ ਪਹੁੰਚ ਕੇ ਮੈਨੂੰ ਪਤਾ ਚੱਲਿਆ ਕਿ ਮੇਰਾ ਪਤੀ ਮੁਸਲਮਾਨ ਨਹੀਂ ਸੀ ਅਤੇ ਨਾ ਹੀ ਕਿਸੇ ਧਰਮ ਵਿੱਚ ਯਕੀਨ ਰੱਖਦਾ ਸੀ। ਸਗੋਂ ਜਦੋਂ ਮੈਂ ਨਮਾਜ਼ ਪੜ੍ਹਦੀ ਤਾਂ ਉਹ ਮੇਰਾ ਮਜ਼ਾਕ ਉਡਾਉਂਦਾ ਸੀ।"

ਜਦੋਂ ਮੀਨਾ ਨੇ ਪਤੀ ਦੇ ਕਹੇ ਮੁਤਾਬਕ ਦੂਸਰੇ ਮਰਦਾ ਨਾਲ ਸੰਬੰਧ ਬਣਾਉਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਨੂੰ ਕੁੱਟਿਆ ਜਾਂਦਾ ਤੇ ਧਮਕਾਇਆ ਜਾਂਦਾ।

ਉਹ ਕਹਿੰਦਾ ਕਿ ਉਸ ਨੇ ਮੈਨੂੰ ਮੁੱਲ ਖ਼ਰੀਦਿਆ ਹੈ ਅਤੇ ਮੇਰੇ ਕੋਲ ਉਸਦੀ ਗੱਲ ਮੰਨਣ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ, ਅਤੇ ਜੇ ਮੈਂ ਅਜਿਹਾ ਨਾ ਕੀਤਾ ਤਾਂ ਉਹ ਪੈਸੇ ਵਸੂਲ ਕਰਨ ਲਈ ਮੈਨੂੰ ਮਾਰ ਕੇ ਮੇਰੇ ਅੰਗ ਵੇਚ ਦੇਵੇਗਾ।"

Image copyright AFP

'ਕੁਝ ਕੁ ਮੁਲਜ਼ਮ'

ਚੀਨ ਵਿੱਚ ਪਾਕਿਸਤਾਨੀ ਅੰਬੈਸੀ ਦੇ ਅਧਿਕਾਰੀਆਂ ਦੀ ਇਤਲਾਹ ਨਾਲ ਚੀਨ ਦੀ ਪੁਲਿਸ ਨੇ ਮੀਨਾ ਨੂੰ ਬਚਾਇਆ।

ਫੈਸਲਾਬਾਦ ਵਿੱਚ ਜਾਂਚ ਏਜੰਸੀ ਦੇ ਸੀਨੀਅਰ ਅਫ਼ਸਰ, ਜਮੀਲ ਅਹਿਮਦ ਮਾਇਓ ਨੇ ਬੀਬੀਸੀ ਨੂੰ ਦੱਸਿਆ ਕਿ ਜੋ ਔਰਤਾਂ ਦੇਹਵਪਾਰ ਨਹੀਂ ਕਰ ਸਕਦੀਆਂ ਉਨ੍ਹਾਂ ਦੇ ਅੰਗ ਵੇਚੇ ਜਾਂਦੇ ਹਨ।

ਫੈਡਰਲ ਏਜੰਸੀ ਨੇ ਇਸ ਦੇ ਪੱਖ ਵਿੱਚ ਸਬੂਤ ਨਹੀਂ ਦਿੱਤੇ ਅਤੇ ਚੀਨ ਨੇ ਇਹ ਇਲਜ਼ਾਮ ਰੱਦ ਕਰ ਦਿੱਤੇ।

ਪਾਕਿਸਤਾਨ ਵਿੱਚ ਚੀਨ ਦੇ ਸਫ਼ਾਰਤਖ਼ਾਨੇ ਨੇ ਇੱਕ ਬਿਆਨ ਵਿੱਚ ਕਿਹਾ, "ਚੀਨ ਦੇ ਜਨਤਕ ਸੁਰੱਖਿਆ ਮੰਤਰਾਲਾ ਦੀ ਜਾਂਚ ਮੁਤਾਬਕ, ਚੀਨੀਆਂ ਨਾਲ ਵਿਆਹ ਮਗਰੋਂ ਚੀਨ ਵਿੱਚ ਰਹਿ ਰਹੀਆਂ ਪਾਕਿਸਤਾਨੀ ਕੁੜੀਆਂ ਨੂੰ ਜਿਸਮ ਫਰੋਸ਼ੀ ਅਤੇ ਅੰਗ ਵੇਚਣ ਵਿੱਚ ਪਾਏ ਜਾਣ ਦੇ ਕੋਈ ਸਬੂਤ ਨਹੀਂ ਹਨ।"

ਸਫ਼ਾਰਤਖ਼ਾਨੇ ਨੇ ਕਿਹਾ ਕਿ ਇਸ ਦਿਸ਼ਾ ਵਿੱਚ ਪਾਕਿਸਤਾਨੀ ਏਜੰਸੀਆਂ ਨਾਲ ਸਾਂਝੀ ਜਾਂਚ ਜਾਰੀ ਹੈ।

ਕਿਹਾ ਗਿਆ, "ਅਸੀਂ ਕੁਝ ਮੁਲਜ਼ਮਾਂ ਨੂੰ ਚੀਨ ਤੇ ਪਾਕਿਸਤਾਨ ਦੀ ਦੋਸਤੀ ਨੂੰ ਕਮਜ਼ੋਰ ਕਰਨ ਅਤੇ ਦੋਹਾਂ ਦੇਸ਼ਾਂ ਦੇ ਲੋਕਾਂ ਦੀਆਂ ਦੋਸਤਾਨਾ ਭਾਵਾਨਾਵਾਂ ਨੂੰ ਦੁੱਖ ਪਹੁੰਚਾਉਣ ਦੀ ਆਗਿਆ ਨਹੀਂ ਦੇਵਾਂਗੇ।"

ਇਸੇ ਸਮਲੇ ਨਾਲ ਜੁੜੀ ਇੱਕ ਹੋਰ ਕਹਾਣੀ ਇਸ ਲਿੰਕ ਤੋਂ ਪੜ੍ਹੋ ਕਿ ਕਿਵੇਂ ਚੀਨੀ ਮੁੰਡੇ ਪਾਕਿਸਤਾਨੀ ਪੰਜਾਬ ਤੋਂ ਕੁੜੀਆਂ ਨਾਲ ਦੇਹ ਵਪਾਰ ਲਈ ਕਰਾ ਰਹੇ ਵਿਆਹ ਕਰਵਾ ਰਹੇ ਹਨ।

ਮੁਹੰਮਦ ਜ਼ੁਬੈਰ ਖ਼ਾਨ ਦੇ ਵੱਲੋਂ ਕੀਤੀ ਰਿਪੋਰਟਿੰਗ ਵੀ ਇਸ ਵਿੱਚ ਸ਼ਾਮਲ ਹੈ।

ਇਹ ਵੀ ਪੜ੍ਹੋ:

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)