ਚੋਣਾਂ 2019: ਆਮ ਲਾਹੌਰੀ ਭਾਰਤ ਵਿੱਚ ਹੋਣ ਵਾਲੀਆਂ ਚੋਣਾਂ ਬਾਰੇ ਕੀ ਸੋਚਦੇ ਹਨ

ਲੋਕ ਸਭਾ ਚੋਣਾਂ 2019 Image copyright Getty Images

ਪਾਕਿਸਤਾਨ ਵਿੱਚ ਇੱਕ ਦਿਨ ਦੀ ਚੋਣ ਪ੍ਰਕਿਰਿਆ ਦੇ ਉਲਟ, ਭਾਰਤ ਵਿੱਚ ਆਮ ਚੋਣਾਂ ਦੀ ਪ੍ਰਕਿਰਿਆ ਲੰਬੀ ਹੁੰਦੀ ਹੈ ਜਿਹੜੀ ਇਸ ਵਾਰ ਇੱਕ ਮਹੀਨੇ ਤੋਂ ਵੀ ਵੱਧ ਦੀ ਹੈ।

23 ਮਈ ਨੂੰ ਇਨ੍ਹਾਂ ਚੋਣਾਂ ਦੇ ਨਤੀਜੇ ਆਉਣਗੇ। ਜਿਵੇਂ-ਜਿਵੇਂ ਭਾਰਤ ਦੇ ਚੋਣ ਨਤੀਜਿਆਂ ਦਾ ਦਿਨ ਨੇੜੇ ਆ ਰਿਹਾ ਹੈ, ਓਵੇਂ-ਓਵੇਂ ਪਾਕਿਸਤਾਨ ਵਿੱਚ ਦਿਲਚਸਪੀ ਵਧ ਰਹੀ ਹੈ।

ਕਈ ਤਰ੍ਹਾਂ ਦੀਆਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਕਿਹੜੀ ਪਾਰਟੀ ਸਰਕਾਰ ਬਣਾਵੇਗੀ।

ਪਿਛਲੇ ਦਿਨੀਂ ਹੋਏ ਪੁਲਵਾਮਾ ਹਮਲੇ ਦੀ ਘਟਨਾ ਜਿਸ ਨੇ ਭਾਰਤ ਅਤੇ ਪਾਕਸਿਤਾਨ ਦਰਮਿਆਨ ਤਣਾਅ ਵਧਾ ਦਿੱਤਾ ਸੀ, ਉਸ ਕਾਰਨ ਵੀ ਲੋਕਾਂ ਦੀ ਰੂਚੀ ਵਧੀ ਹੈ।

ਭਾਰਤ ਵਿੱਚ ਨਵੀਂ ਸਰਕਾਰ ਨੇ ਪਾਕਿਸਤਾਨ ਦੇ ਮੁੱਦੇ ਉੱਤੇ ਆਪਣੀ ਪਹੁੰਚ ਤੈਅ ਕਰਨੀ ਹੈ ਅਤੇ ਦੋਵਾਂ ਮੁਲਕਾਂ ਦੇ ਸਬੰਧਾਂ ਨੂੰ ਸਰੂਪ ਦੇਣਾ ਹੈ। ਇਸੇ ਕਰਕੇ ਭਾਰਤ ਦੀਆਂ ਆਮ ਚੋਣਾਂ ਪਾਕਿਸਤਾਨ ਦੇ ਚਲੰਤ ਸਿਆਸੀ ਮਸਲਿਆਂ ਵਿੱਚ ਅਹਿਮੀਅਤ ਹਾਸਲ ਕਰ ਰਹੀਆਂ ਹਨ।

Image copyright Getty Images

ਇਹ ਵੀ ਪੜ੍ਹੋ:

ਹਾਲਾਂਕਿ ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਅਜੇ ਖ਼ਤਮ ਹੁੰਦਾ ਨਜ਼ਰ ਨਹੀਂ ਆ ਰਿਹਾ, ਦੋਵਾਂ ਦੇਸਾਂ ਦੀਆਂ ਫੌਜਾਂ ਅਜੇ ਵੀ ਹਾਈ ਅਲਰਟ 'ਤੇ ਹਨ।

ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੇਸ਼ੀ ਮੁਤਾਬਕ, "ਇਹ ਸਿਰਫ਼ ਭਾਰਤ ਵਿੱਚ ਹੋ ਰਹੀਆਂ ਚੋਣਾਂ ਤੋਂ ਬਾਅਦ ਹੀ ਸਾਫ਼ ਹੋਵੇਗਾ ਕਿ ਜੰਗ ਦਾ ਖਤਰਾ ਵਧਿਆ ਹੈ ਜਾਂ ਨਹੀਂ।"

ਪਾਕਿਸਤਾਨ ਦੇ ਲੋਕਾਂ ਨੂੰ ਭਾਰਤ ਦੀ ਚੋਣ ਪ੍ਰਕਿਰਿਆ ਬਾਰੇ ਕੁਝ ਖਾਸ ਪਤਾ ਨਹੀਂ ਹੈ। ਸਾਰੇ ਮੀਡੀਆ ਪਲੇਟਫਾਰਮ 'ਤੇ ਭਾਰਤੀ ਕੰਟੈਂਟ ਬੈਨ ਹੈ।

ਰੈਲੀਆਂ ਵੀ ਪਾਕਿਸਤਾਨੀ ਚੈੱਨਲਾਂ 'ਤੇ ਬੈਨ ਹਨ, ਖਾਸ ਕਰਕੇ ਜਿਨ੍ਹਾਂ ਵਿੱਚ ਦੋਵਾਂ ਮੁਲਕਾਂ ਨੂੰ ਲੈ ਕੇ ਕੋਈ ਸਿਆਸੀ ਗਤੀਵਿਧੀਆਂ ਹੋਣ।

ਕੁਝ ਦੂਜੇ ਪੱਖ ਬਾਰੇ ਰਿਪੋਰਟਿੰਗ ਦੇ ਸਬੰਧ ਵਿੱਚ ਮੀਡੀਆ ਦੀ ਭੂਮਿਕਾ ਅਕਸਰ ਨਿੰਦਣਯੋਗ ਰਹੀ ਹੈ।

ਪੁਲਵਾਮਾ ਹਮਲੇ ਤੋਂ ਤੁਰੰਤ ਬਾਅਦ ਦੋਵੇਂ ਮੁਲਕਾਂ ਦੇ ਨਿਊਜ਼ ਐਂਕਰਾਂ ਨੇ ਫੌਜੀ ਵਰਦੀਆਂ ਪਾ ਕੇ ਐਂਕਰਿੰਗ ਕੀਤੀ।

ਅਜਿਹੇ ਸਿਆਸੀ ਸੰਕਟ ਵਿੱਚ ਮੀਡੀਆ ਦੀ ਭੂਮਿਕਾ ਅੱਗ ਵਿੱਚ ਤੇਲ ਦਾ ਕੰਮ ਕਰਦੀ ਹੈ।

Image copyright Reuters

ਭਾਰਤੀ ਚੋਣਾਂ ਨੂੰ ਲੈ ਕੇ ਅਜੇ ਵੀ ਪਾਕਿਸਤਾਨੀ ਮੀਡੀਆ ਵਿੱਚ ਉਤਸੁਕਤਾ ਹੈ। ਕਿਵੇਂ ਪਾਕਿਸਤਾਨ ਵਿੱਚ ਹਵਾਈ ਹਮਲੇ ਨੇ ਮੋਦੀ ਨੂੰ ਭਾਰਤੀ ਚੋਣਾਂ ਵਿੱਚ ਇੱਕ ਮਜ਼ਬੂਤ ਉਮੀਦਵਾਰ ਦੀ ਥਾਂ ਦੁਆਉਣ ਵਿੱਚ ਮਦਦ ਕੀਤੀ ਹੈ।

ਗੰਭੀਰ ਚੋਣ ਮਾਨੀਟਰਿੰਗ ਦੀ ਬਜਾਏ, ਮੀਡੀਆ 'ਬਲੇਮ-ਗੇਮ' ਦੀ ਸਿਆਸਤ ਵਿੱਚ ਬਦਲ ਜਾਂਦਾ ਹੈ। ਨਿਊਜ਼ ਚੈੱਨਲ ਅਜੇ ਵੀ ਚੋਣ ਵਿਸ਼ਲੇਸ਼ਣ ਦੀ ਬਜਾਏ ਭਾਰਤੀ ਮੁਸਲਮਾਨਾਂ ਅਤੇ ਕਸ਼ਮੀਰੀ ਲੋਕਾਂ ਦੇ ਅੱਤਿਆਚਾਰ ਨੂੰ ਦਰਸਾਉਣ ਵੱਲ ਵੱਧ ਧਿਆਨ ਦੇ ਰਹੇ ਹਨ।

ਪਾਕਿਸਤਾਨੀ ਦੇ ਸੀਨੀਅਰ ਪੱਤਰਕਾਰ ਹੂਸੈਨ ਨਾਕੀ ਮੁਤਾਬਕ, "ਭਾਰਤ ਦੀਆਂ ਚੋਣਾਂ ਨੂੰ ਪਾਕਿਸਤਾਨ ਵਿੱਚ ਉੱਚਿਤ ਰੂਪ ਤੋਂ ਮਾਨੀਟਰ ਨਹੀਂ ਕੀਤਾ ਗਿਆ।"

"ਸਿਆਸਤਦਾਨਾਂ ਅਤੇ ਵਿਸ਼ਲੇਸ਼ਕਾਂ ਵੱਲੋਂ ਕੁਝ ਟਿੱਪਣੀਆਂ ਹੀ ਕੀਤੀਆਂ ਗਈਆਂ ਹਨ। ਜਦਕਿ ਇਮਰਾਨ ਖਾਨ ਮੰਨਦੇ ਹਨ ਕਿ ਜੇਕਰ ਮੋਦੀ ਮੁੜ ਜਿੱਤਦੇ ਹਨ ਤਾਂ ਸਾਂਤੀ ਲਈ ਗੱਲਬਾਤ ਅੱਗੇ ਵਧ ਸਕਦੀ ਹੈ।"

"ਕਈ ਅਜਿਹੇ ਵੀ ਹਨ ਜਿਹੜੇ ਮੋਦੀ ਦੇ ਹਿੰਦੂਤਵਾ ਮੁੱਦੇ ਨੂੰ ਸਵੀਕਾਰ ਨਹੀਂ ਕਰਦੇ।"

ਮੀਡੀਆ ਵੱਲੋਂ ਭਾਰਤ ਦਾ ਪਾਕਿਸਤਾਨ ਲਈ ਹਮਲਾਵਰ ਰੁਖ ਸਿਰਫ਼ ਚੋਣ ਫਾਇਦੇ ਦੀ ਕੋਸ਼ਿਸ਼ ਲਈ ਦਿਖਾਇਆ ਜਾਂਦਾ ਹੈ। ਪਾਕਿਸਤਾਨੀ ਮੀਡੀਆ ਦਾ ਨਜ਼ਰੀਆ ਦੇਖਿਆ ਜਾਵੇ ਤਾਂ ਭਾਰਤ ਦੀ ਨਵੀਂ ਸਰਕਾਰ ਚੋਣਾਂ ਤੋਂ ਤੁਰੰਤ ਬਾਅਦ ਸ਼ਾਂਤੀ ਗੱਲਬਾਤ ਲਈ ਪਰਤ ਆਵੇਗੀ।

Image copyright Getty Images

ਇਹ ਵੀ ਪੜ੍ਹੋ:

ਸੀਨੀਅਰ ਪੱਤਰਕਾਰ ਸਈਦ ਅਹਿਮਦ ਕਹਿੰਦੇ ਹਨ, ''ਕੋਈ ਵੀ ਚੋਣ ਜਿੱਤੇ, ਇਸਦਾ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਸਮਾਜਿਕ-ਸਿਆਸੀ ਸਨੈਰੀਓ 'ਤੇ ਕੋਈ ਅਸਰ ਨਹੀਂ ਹੋਵੇਗਾ।"

"ਇਸ ਨਾਲ ਕੋਈ ਫਰਕ ਨਹੀਂ ਪਵੇਗਾ ਜੇਕਰ ਪ੍ਰਧਾਨ ਮੰਤਰੀ ਮੋਦੀ ਹਾਰਦੇ ਹਨ ਜਾਂ ਜਿੱਤਦੇ ਹਨ। ਦੋਵਾਂ ਦੇਸਾਂ ਵਿਚਾਲੇ ਪਿਆਰ-ਨਫ਼ਰਤ ਵਾਲੇ ਰਿਸ਼ਤੇ ਜਾਰੀ ਰਹਿਣਗੇ ਅਤੇ ਸ਼ਾਂਤੀ ਦਾਅ 'ਤੇ ਲੱਗੀ ਰਹੇਗੀ।"

"ਜੇਕਰ ਦੋ ਵਿਕਾਸਸ਼ੀਲ ਦੇਸਾਂ ਕੋਲ ਪਰਮਾਣੂ ਬੰਬ ਹਨ ਅਤੇ ਉਹ ਯੁੱਧ ਸੰਧੀ 'ਤੇ ਦਸਤਖ਼ਤ ਕਰਨ ਨੂੰ ਤਿਆਰ ਨਹੀਂ, ਕਿਸੇ ਵੀ ਸ਼ਾਂਤੀ ਗੱਲਬਾਤ ਲਈ ਸੁਪਨਾ ਹੀ ਰਹਿ ਜਾਵੇਗਾ। ਚੋਣ ਨਤੀਜੇ ਵੋਟਾਂ 'ਤੇ ਨਿਰਭਰ ਨਹੀਂ ਕਰਦੇ ਜਿਵੇਂ ਕਿ ਜੋਸਫ਼ ਸਟਾਲੀਨ ਕਹਿੰਦੇ ਹਨ ਕਿ ਮਾਅਨੇ ਇਹ ਰੱਖਦਾ ਹੈ ਕਿ ਵੋਟਾਂ ਦੀ ਗਿਣਤੀ ਕੌਣ ਕਰ ਰਿਹਾ ਹੈ।''

ਪਾਕਿਸਤਾਨ ਦੀ ਜਨਤਾ ਮੋਦੀ ਦੇ ਦੂਜੀ ਵਾਰ ਸੱਤਾ ਵਿੱਚ ਆਉਣ ਦੇ ਪੱਖ ਵਿੱਚ ਨਹੀਂ ਹੈ ਅਤੇ ਇਸ ਨੂੰ ਦੁਵੱਲੇ ਸਬੰਧਾਂ ਦੀ ਸੁਭਾਵਿਕ ਉਪਲਬਧੀ ਲਈ ਝਟਕੇ ਦੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ।

ਲਾਹੌਰ ਦਾ ਇੱਕ ਦੁਕਾਨਦਾਰ ਪਾਕਿਸਤਾਨ ਵਿੱਚ ਵੱਧਦੀਆਂ ਕੀਮਤਾਂ ਬਾਰੇ ਕਹਿੰਦਾ ਹੈ, "ਭਾਰਤ ਅਤੇ ਪਾਕਿਸਤਾਨ ਵਿਚਾਲੇ ਸਿਆਸੀ ਤਣਾਅ ਕਾਰਨ ਪੈਦਾ ਹੋਈਆਂ ਵਪਾਰਕ ਰੁਕਾਵਟਾਂ ਕਾਰਨ ਸਬਜ਼ੀਆਂ ਦੀਆਂ ਕੀਮਤਾਂ ਵਧੀਆਂ ਹਨ।"

"ਟਮਾਟਰ ਦੀਆਂ ਕੀਮਤਾਂ ਜਿਹੜੀਆਂ ਬਸੰਤ ਦੀ ਰੁੱਤ ਵਿੱਚ ਕਦੇ ਨਹੀਂ ਵੱਧਦੀਆਂ ਉਹ 90-100 ਪ੍ਰਤੀ ਕਿੱਲੋਗ੍ਰਾਮ ਤੱਕ ਪਹੁੰਚੀਆਂ ਹਨ। ਇਹ ਕਿੰਨੀ ਮਾੜੀ ਗੱਲ ਹੈ ਕਿ ਸਿਆਸਤਾਦਾਨਾਂ ਕਾਰਨ ਆਮ ਆਦਮੀ ਨੂੰ ਔਖਾ ਹੋਣਾ ਪੈਂਦਾ ਹੈ।''

ਜਦਕਿ ਸਿਆਸੀ ਪੱਖੋਂ ਸੁਚੇਤ ਰਹਿਣ ਵਾਲੇ ਨੌਜਵਾਨ ਕੁਝ ਜਾਣਕਾਰੀ ਭਰੇ ਵਿਚਾਰ ਰੱਖਦੇ ਹਨ। ਕਈ ਅਜਿਹੇ ਹਨ ਜਿਹੜੇ ਸਿਆਸਤ ਵਿੱਚ ਵਾਧੂ ਦਿਲਚਸਪੀ ਨਹੀਂ ਰੱਖਦੇ।

ਲਾਹੌਰ ਵਿੱਚ ਇੱਕ 21 ਸਾਲਾ ਕਾਲਜ ਦਾ ਵਿਦਿਆਰਥੀ ਕਹਿੰਦਾ ਹੈ, ''ਮੈਂ ਖ਼ਬਰਾਂ ਵੱਲ ਜ਼ਿਆਦਾ ਧਿਆਨ ਨਹੀਂ ਦਿੰਦਾ। ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿ ਭਾਰਤ ਵਿੱਚ ਕਿਹੜੀ ਸਰਕਾਰ ਬਣ ਰਹੀ ਹੈ। ਮੈਂ ਸਿਰਫ਼ ਉਮੀਦ ਕਰਦਾ ਹਾਂ ਕਿ ਭਾਰਤੀ ਫ਼ਿਲਮਾਂ 'ਤੇ ਪਾਬੰਦੀ ਛੇਤੀ ਹਟਾਈ ਜਾਵੇ।''

ਲਾਹੌਰ ਦੇ ਇੱਕ 26 ਸਾਲਾ ਵਿਦਿਆਰਥੀ ਓਮਰ ਨੇ ਕਿਹਾ, ''ਅਸੀਂ ਉਨ੍ਹਾਂ ਦਾ ਪਿਛਲਾ ਕਾਰਜਕਾਲ ਦੇਖਿਆ ਹੈ, ਪਾਕਿਸਤਾਨ ਨਾਲ ਉਹ ਕਿੰਨੇ ਸਖ਼ਤ ਰਹੇ ਹਨ। ਜੇਕਰ ਮੋਦੀ ਮੁੜ ਸੱਤਾ ਵਿੱਚ ਆਉਂਦਾ ਹੈ ਤਾਂ ਮਾਹੌਲ ਹੋਰ ਦੁਸ਼ਮਣੀ ਭਰਿਆ ਹੋ ਜਾਵੇਗਾ ਅਤੇ ਅਸੀਂ ਚੰਗੇ ਰਿਸ਼ਤਿਆਂ ਦੀ ਉਮੀਦ ਵੀ ਨਹੀਂ ਕਰ ਸਕਦੇ।''

ਇਹ ਵੀ ਪੜ੍ਹੋ:

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਪਹਿਲਾਂ ਹੀ ਮੌਜੂਦਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਆਪਣਾ ਸਮਰਥਨ ਦਿੱਤਾ ਹੈ।

ਰੌਇਟਰਜ਼ ਦੀ ਰਿਪੋਰਟ ਮੁਤਾਬਕ ਇਮਰਾਨ ਖ਼ਾਨ ਮੰਨਦੇ ਹਨ ਕਿ ਕਾਂਗਰਸ ਦੇ ਮੁਕਾਬਲੇ ਭਾਜਪਾ ਬਿਹਤਰ ਹੈ ਜੋ ਸ਼ਾਂਤੀ ਡਾਇਲਾਗ ਨੂੰ ਅੱਗੇ ਵਧਾ ਸਕਦੀ ਹੈ।

ਉਹ ਮੰਨਦੇ ਹਨ ਕਿ ਕਾਂਗਰਸ ਇਸ ਮਾਮਲੇ ਵਿੱਚ ਡਰੀ ਹੋਈ ਹੋ ਸਕਦੀ ਹੈ ਅਤੇ ਕਸ਼ਮੀਰ ਮੁੱਦੇ 'ਤੇ ਪਾਕਿਸਤਾਨ ਨਾਲ ਸਮਝੌਤਾ ਕਰਨ ਲਈ ਵੀ ਤਿਆਰ ਨਹੀਂ ਹੋਵੇਗਾ ਅਤੇ ਇਸਦਾ ਕਾਰਨ ਹੈ ਸੱਜੇਪੱਖੀਆਂ ਦੀ ਸੁਭਾਵਿਕ ਤਿੱਖੀ ਪ੍ਰਤੀਕਿਰਿਆ।

ਪੱਤਰਕਾਰ ਅਤੇ ਕਾਰਕੁੰਨ ਮਾਰਵੀ ਸਿਰਮੇਦ ਦਾ ਕਹਿਣਾ ਹੈ ਕਿ ਉਹ ਖਾਨ ਦੇ ਇਸ ਬਿਆਨ ਨਾਲ ਸਹਿਮਤ ਹਨ ਕਿਉਂਕਿ ਜਿਹੜਾ ਸ਼ਖ਼ਸ ਪੂਰੀ ਤਰ੍ਹਾਂ ਭਾਰਤ ਵਿੱਚ ਹਿੰਦੁਤਵਾ ਦੀ ਨੁਮਾਇੰਗੀ ਕਰਦਾ ਹੈ ਉਹ ਬਿਨਾਂ ਕਿਸੇ ਡਰ ਦੇ ਸ਼ਾਂਤੀ ਬਾਰੇ ਗੱਲਬਾਤ ਕਰ ਸਕਦਾ ਹੈ ਅਤੇ ਕਦਮ ਅੱਗੇ ਵਧਾ ਸਕਦਾ ਹੈ ਕਿਉਂਕਿ ਇਸ ਮਾਮਲੇ ਵਿੱਚ ਸੱਜੇਪੱਖੀ ਘੱਟ ਬੋਲਣਗੇ।

ਅੰਦਾਜ਼ਿਆਂ ਅਤੇ ਕਿਆਸਰਾਈਆਂ ਦੇ ਬਾਵਜੂਦ ਇਹ ਕਾਫ਼ੀ ਹੱਦ ਤੱਕ ਸਪੱਸ਼ਟ ਨਹੀਂ ਹੈ ਕਿ ਭਾਰਤ ਅਤੇ ਪਾਕਿਸਤਾਨ ਸ਼ਾਂਤੀ ਵਾਰਤਾ ਲਈ ਕਦਮ ਅੱਗੇ ਵਧਾਉਣਗੇ ਜਾਂ ਨਹੀਂ। ਅਸੀਂ ਇਸ ਨੂੰ ਭਵਿੱਖ ਵਿੱਚ ਸੰਭਾਵਿਤ ਵਿਕਾਸ ਲਈ ਛੱਡ ਸਕਦੇ ਹਾਂ। ਅੱਗੇ ਲਈ ਚੰਗਾ ਤਰੀਕਾ ਇਸ ਖੇਤਰ ਵਿੱਚ ਧਾਰਮਿਕਤਾ ਅਤੇ ਫਾਸੀਵਾਦ ਦੇ ਖਿਲਾਫ਼ ਇਕੱਠੇ ਹੋ ਕੇ ਲੜਾਈ ਲੜਨਾ ਹੈ।

ਸਿਆਸੀ ਕਾਰਕੁਨ ਫਾਰੁਕ ਤਾਰਿਕ ਮੁਤਾਬਕ ਹਿੰਦੂ ਅਤੇ ਮੁਸਲਮਾਨ ਇੱਕੋ ਸਿੱਕੇ ਦੇ ਦੋ ਪਹਿਲੂ ਹਨ। ਪੂਰੇ ਦੱਖਣੀ ਏਸ਼ੀਆ ਦੀ ਤਸਵੀਰ ਬਦਲ ਜਾਵੇਗੀ ਜੇਕਰ ਭਾਰਤ ਅਤੇ ਪਾਕਿਸਸਤਾਨ ਅੱਤਵਾਦ ਦੇ ਖ਼ਿਲਾਫ਼ ਇੱਕ ਹੋ ਜਾਣ। ਪਰ ਇਸਦੇ ਲਈ ਪਾਕਿਸਤਾਨ ਨੂੰ ਅੱਤਵਾਦ ਖ਼ਿਲਾਫ਼ ਆਪਣੀ ਨੀਤੀ ਬਦਲਣੀ ਪਵੇਗੀ।

ਤੁਹਾਨੂੰ ਇਹ ਵੀਡੀਓਜ਼ ਵੀ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)