400 ਵਿਦਿਆਰਥੀਆਂ ਦਾ 280 ਕਰੋੜ ਰੁਪਏ ਦਾ ਕਰਜ਼ਾ ਚੁਕਾਉਣ ਵਾਲਾ ਅਫ਼ਰੀਕੀ ਅਮਰੀਕੀ ਅਰਬਪਤੀ

ਰੌਬਰਟ Image copyright Getty Images
ਫੋਟੋ ਕੈਪਸ਼ਨ ਰੌਬਰਟ ਫਰੈਡਰਿਕ ਸਮਿੱਥ ਆਪਣੀ ਪਤਨੀ ਹੋਪ ਨਾਲ

ਇੱਕ ਅਰਬਪਤੀ ਅਮਰੀਕੀ ਸਮਾਜ ਸੇਵੀ ਨੇ ਕਾਲਜ 'ਚ ਪੜ੍ਹਦੇ 400 ਕਾਲੇ ਵਿਦਿਆਰਥੀਆਂ ਦੇ ਸਟੂਡੈਂਟ ਲੋਨ ਚੁਕਾਏ। ਲੋਨ ਕਰੀਬ 280 ਕਰੋੜ ਰੁਪਏ ਦੇ ਸਨ।

ਵਿਦਿਆਰਥੀ ਐਟਲਾਂਟਾ ਦੇ ਮੋਰਹਾਊਜ਼ ਕਾਲਜ ਵਿੱਚ ਪੜ੍ਹਦੇ ਹਨ ਤੇ ਇਸ ਅਰਬਪਤੀ ਦਾ ਨਾਂ ਰੌਬਰਟ ਫਰੈਡਰਿਕ ਸਮਿੱਥ ਹੈ।

ਕਾਲਜ ਵਿੱਚ ਆਪਣੇ ਭਾਸ਼ਨ ਦੌਰਾਨ ਰੌਬਰਟ ਨੇ ਇਹ ਘੋਸ਼ਣਾ ਕੀਤੀ।

56 ਸਾਲਾ ਰੌਬਰਟ ਵਿਸਟਾ ਇਕਵਿਟੀ ਪਾਰਟਨਰਸ ਦੇ ਫਾਊਂਡਰ ਹਨ ਤੇ ਦੇਸ ਦੇ ਮਸ਼ਹੂਰ ਅਫਰੀਕੀ ਅਮਰੀਕੀ ਸਮਾਜ ਸੇਵੀਆਂ 'ਚੋਂ ਇੱਕ ਹਨ।

ਵਿਸਟਾ ਦੀ ਕੀਮਤ 320 ਅਰਬ ਰੁਪਏ ਹੈ ਅਤੇ ਫੋਰਬਸ ਮੁਤਾਬਕ ਇਹ ਕੰਪਨੀ ਬਿਹਤਰੀਨ ਪਰਫੌਰਮ ਕਰ ਰਹੀ ਹੈ।

ਸਮਿੱਥ ਦੀ ਕੁੱਲ ਜਾਇਦਾਦ 34 ਅਰਬ ਰੁਪਏ ਹੈ ਜੋ ਉਨ੍ਹਾਂ ਨੂੰ ਓਪਰਾਹ ਵਿਨਫਰੀ ਤੋਂ ਬਾਅਦ ਸਭ ਤੋਂ ਅਮੀਰ ਕਾਲਾ ਅਮਰੀਕੀ ਬਣਾਉਂਦਾ ਹੈ।

ਇਹ ਵੀ ਪੜ੍ਹੋ:

ਕੀ ਹੈ ਪਿਛੋਕੜ?

ਸਮਿੱਥ ਦੀ ਪਰਵਰਿਸ਼ ਕਾਲੇ ਲੋਕਾਂ ਦੇ ਮੁਹੱਲੇ ਵਿੱਚ ਹੋਈ। ਦੋਵੇਂ ਮਾਤਾ ਪਿਤਾ ਸਕੂਲ ਦੇ ਪ੍ਰਿੰਸੀਪਸਲ ਸਨ।

ਹਾਈ ਸਕੂਲ ਵਿੱਚ ਉਨ੍ਹਾਂ ਨੇ ਵਿਗਿਆਨਕ ਵਿਕਾਸ ਕੰਪਨੀ ਬੈੱਲ ਲੈਬਜ਼ ਵਿੱਚ ਇੰਟਰਨਸ਼ਿੱਪ ਕਰਨੀ ਚਾਹੀ, ਪਰ ਉਨ੍ਹਾਂ ਨੂੰ ਕਿਹਾ ਗਿਆ ਕਿ ਉਹ ਬਹੁਤ ਛੋਟੇ ਸਨ।

ਉਹ ਲਗਾਤਾਰ ਕੰਪਨੀ ਦੇ ਪਿੱਛੇ ਪਏ ਰਹੇ ਜਦੋਂ ਤੱਕ ਉਨ੍ਹਾਂ ਨੂੰ ਲਿਆ ਨਹੀਂ ਗਿਆ।

ਫਿਰ ਉਹ ਨਿਊਯਾਰਕ ਵਿੱਚ ਕੈਮਿਕਲ ਇੰਜੀਨੀਅਰਿੰਗ ਪੜ੍ਹਣ ਲਈ ਗਏ ਤੇ ਬਾਅਦ 'ਚ ਕੋਲੰਬੀਆ ਯੂਨੀਵਰਸਿਟੀ ਤੋਂ ਐਮਬੀਏ ਕੀਤੀ।

Image copyright Getty Images

ਫੇਰ ਉਨ੍ਹਾਂ ਨੇ ਐੱਪਲ, ਮਾਈਕ੍ਰੋਸੌਫਟ ਤੇ ਹੋਰਾਂ ਨਾਲ ਕੰਮ ਕੀਤਾ।

2000 ਵਿੱਚ ਉਨ੍ਹਾਂ ਨੇ ਆਪਣੀ ਕੰਪਨੀ ਵਿਸਟਾ ਖੋਲ੍ਹੀ ਤੇ ਉਸਦੇ ਸੀਈਓ ਹਨ।

ਉਨ੍ਹਾਂ ਨੇ ਇੱਕ ਵਾਰ ਆਪਣੇ ਨਾਲ ਹੁੰਦੇ ਵਿਤਕਰੇ ਬਾਰੇ ਗੱਲ ਕੀਤੀ ਸੀ। ਉਨ੍ਹਾਂ ਨਿਊਯਾਰਕ ਟਾਈਮਜ਼ ਨੂੰ 2014 ਵਿੱਚ ਕਿਹਾ ਸੀ ਕਿ ਆਪਣੇ ਰੰਗ ਕਾਰਨ ਉਨ੍ਹਾਂ ਨੂੰ ਬਾਕੀਆਂ ਤੋਂ ਦੁਗਣਾ ਕੰਮ ਕਰਨਾ ਪੈਂਦਾ ਸੀ।

'ਕਾਲੇ ਲੋਕਾਂ ਦੇ ਸੰਘਰਸ਼ ਨੂੰ ਸਲਾਮ'

ਸਮਿੱਥ ਆਪਣੀ ਪਤਨੀ ਨਾਲ ਟੈਕਸਸ ਵਿੱਚ ਰਹਿੰਦੇ ਹਨ। ਉਨ੍ਹਾਂ ਦੀ ਪਤਨੀ ਪਲੇਬੌਏ ਦੀ ਮਾਡਲ ਹੋਪ ਵੋਰੈਕਜ਼ਿੱਕ ਹੈ। ਦੋਹਾਂ ਦਾ 2015 ਵਿੱਚ ਵਿਆਹ ਹੋਇਆ ਸੀ।

2017 ਵਿੱਚ ਸਮਿੱਥ ਪਹਿਲੇ ਕਾਲੇ ਅਮਰੀਕੀ ਬਣੇ ਜਿਨ੍ਹਾਂ ਨੇ 'ਗਿਵਿੰਗ ਪਲੈਜ' ਨੂੰ ਆਪਣੀ ਦੌਲਤ ਦਾ ਵਧੇਰਾ ਹਿੱਸਾ ਦਾਨ ਕਰਨ ਦੀ ਸਹੁੰ ਖਾਧੀ।

'ਗਿਵਿੰਗ ਪਲੈਜ' ਚੈਰਿਟੀ ਬਿਲ, ਮੈਲਿੰਡਾ ਗੇਟਸ ਅਤੇ ਵੌਰਨ ਬੁਫੇ ਵੱਲੋਂ ਖੋਲ੍ਹੀ ਗਈ ਸੀ।

ਇਹ ਵੀ ਪੜ੍ਹੋ:

ਸਮਿੱਥ ਨੇ ਲਿਖਿਆ, ''ਮੈਂ ਕਦੇ ਨਹੀਂ ਭੁੱਲਾਂਗਾ ਕਿ ਇਹ ਰਾਹ ਮੈਨੂੰ ਮੇਰੇ ਮਾਪਿਆਂ, ਉਨ੍ਹਾਂ ਦੇ ਮਾਪਿਆਂ ਦੇ ਅਫਰੀਕੀ ਅਮਰੀਕੀਆਂ ਦੀਆਂ ਪੀੜ੍ਹੀਆਂ ਕਰਕੇ ਮਿਲੀ ਹੈ।''

''ਉਨ੍ਹਾਂ ਦੇ ਸੰਘਰਸ, ਹਿੰਮਤ ਤੇ ਤਰੱਕੀ ਨੇ ਮੈਨੂੰ ਕਾਮਯਾਬੀ ਦਾ ਰਾਹ ਵਿਖਾਇਆ ਹੈ।''

ਉਨ੍ਹਾਂ ਦੀ ਖੁਦ ਦੀ ਚੈਰਿਟੀ ਸੰਸਥਾ 'ਦਿ ਫੰਡ 2 ਫਾਊਂਡੇਸ਼ਨ' ਅਫਰੀਕੀ ਅਮਰੀਕੀ ਵਿਰਸੇ ਨੂੰ ਸਾਂਭਣ ਦਾ ਕੰਮ ਕਰਦੀ ਹੈ। ਨਾਲ ਹੀ ਮਨੁੱਖੀ ਅਧਿਕਾਰਾਂ ਤੇ ਚੌਗਿਰਦੇ ਦੀ ਦੇਖ-ਰੇਖ ਬਾਰੇ ਵੀ ਗੱਲ ਕਰਦੀ ਹੈ।

ਅਮਰੀਕਾ ਦੇ ਸਭ ਤੋਂ ਮਸ਼ਹੂਰ ਕੌਨਸਰਟ ਹਾਲਜ਼ 'ਚੋਂ ਇੱਕ ਕਾਰਨੇਗੀ ਹਾਲ ਦੇ ਵੀ ਉਹ ਚੇਅਰਮੈਨ ਹਨ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ