ਇਸ ਮੁਲਕ ਵਿੱਚ ਯੋਗਾ ਕਰਨਾ 30 ਲੋਕਾਂ ਦੀ ਗ੍ਰਿਫ਼ਤਾਰੀ ਦੀ ਵਜ੍ਹਾ ਬਣਿਆ

ਈਰਾਨ ਵਿੱਚ ਯੋਗਾ Image copyright Getty Images

ਇੱਕ ਰਿਪੋਰਟ ਮੁਤਾਬਕ ਈਰਾਨ ਵਿੱਚ 30 ਲੋਕਾਂ ਨੂੰ ਯੋਗਾ ਕਲਾਸ ਵਿੱਚ ਹਿੱਸਾ ਲੈਣ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਿਸ ਤੋਂ ਬਾਅਦ ਦੇਸ ਦੇ ਸੋਸ਼ਲ ਮੀਡੀਆ 'ਤੇ ਇਸ ਬਾਰੇ ਕਾਫੀ ਚਰਚਾ ਹੋ ਰਹੀ ਹੈ।

ਇਨ੍ਹਾਂ ਲੋਕਾਂ ਨੂੰ ਉੱਤਰੀ ਖੇਤਰ ਦੇ ਸ਼ਹਿਰ ਗੋਰਗਨ 'ਚ ਇੱਕ ਘਰ ਵਿਚੋਂ ਹਿਰਾਸਤ 'ਚ ਲਿਆ ਗਿਆ ਜਿੱਥੇ ਉਹ ਇਕੱਠੇ ਯੋਗਾ ਕਰ ਰਹੇ ਸਨ।

ਸਥਾਨਕ ਨਿਆਂ ਵਿਭਾਗ ਦੇ ਅਧਿਕਾਰੀ ਮਸੂਦ ਸੁਲੇਮਾਨੀ ਨੇ ਕਿਹਾ ਹੈ ਕਿ ਯੋਗਾ ਸਿਖਾਉਣ ਵਾਲੇ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ ਕਿਉਂਕਿ ਉਸ ਕੋਲ ਯੋਗਾ ਕਲਾਸਾਂ ਚਲਾਉਣ ਲਈ ਕੋਈ ਲਾਈਸੈਂਸ ਨਹੀਂ ਸੀ ਅਤੇ ਉਸ ਨੇ ਇੰਸਟਾਗਰਾਮ 'ਤੇ ਵੀ ਇਸ ਸਬੰਧੀ ਇਸ਼ਤਿਹਾਰ ਦਿੱਤਾ ਸੀ।

ਤਸਨਿਮ ਨਿਊਜ਼ ਏਜੰਸੀ ਮੁਤਾਬਕ, ਜੋ ਯੋਗਾ ਕਲਾਸ 'ਚ ਹਿੱਸਾ ਲੈ ਰਹੇ ਸਨ ਉਨ੍ਹਾਂ ਨੇ ਵੀ 'ਬੇਢੰਗੇ ਕੱਪੜੇ ਪਹਿਨੇ ਹੋਏ ਸਨ ਤੇ ਬੇਢੰਗਾ ਹੀ ਵਿਹਾਰ' ਕਰ ਰਹੇ ਸਨ।

ਇਹ ਵੀ ਪੜ੍ਹੋ-

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਯੂਰੋਪ ਦੀ ਸਭ ਤੋਂ ਉੱਚੀ ਯੋਗਾ ਕਲਾਸ

ਇਸਲਾਮਿਕ ਕਾਇਦੇ ਤਹਿਤ ਈਰਾਨ ਵਿੱਚ ਮਰਦਾਂ ਅਤੇ ਔਰਤਾਂ ਨੂੰ ਇਕੱਠੇ ਕਿਸੇ ਵੀ ਖੇਡ ਗਤੀਵਿਧੀ 'ਚ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਹੈ।

ਪੇਸ਼ੇ ਵਜੋਂ ਯੋਗਾ ਸਿਖਾਉਣਾ ਵੀ ਈਰਾਨ 'ਚ ਪਾਬੰਦੀਸ਼ੁਦਾ ਹੈ।

ਗੋਰਗਨ ਵਿੱਚ ਰੈਵੇਲਿਊਸ਼ਨਰੀ ਕੋਰਟ ਦੇ ਡਿਪਟੀ ਚੀਫ ਸੁਲੇਮਾਨੀ ਨੇ ਇਸ ਸਬੰਧੀ ਹੋਰ ਜਾਣਕਾਰੀ ਸਾਂਝੀ ਨਹੀਂ ਕੀਤੀ।

ਉਨ੍ਹਾਂ ਨੇ ਦੱਸਿਆ, "ਗ੍ਰਿਫ਼ਤਾਰੀ ਤੋਂ ਪਹਿਲਾਂ ਸੁਰੱਖਿਆ ਮੁਲਾਜ਼ਮਾਂ ਨੇ ਕੁਝ ਸਮੇਂ ਤੱਕ ਘਰ ਦੀ ਨਿਗਰਾਨੀ ਕੀਤੀ ਸੀ।"

ਕਲਾਸਾਂ ਰੱਦ

ਯੰਗ ਜਰਨਾਲਿਸਟ ਕਲੱਬ ਨੇ ਆਪਣੀ ਰਿਪੋਰਟ 'ਚ ਲਿਖਿਆ ਹੈ ਕਿ ਇਹ ਮੁੱਦਾ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣ ਗਿਆ ਹੈ।

ਇੱਕ ਯੂਜ਼ਰ ਨੇ ਟਵੀਟ ਕੀਤਾ ਹੈ, "ਉਨ੍ਹਾਂ (ਈਰਾਨੀ ਅਧਿਕਾਰੀ) ਦਾ ਸੋਚਣਾ ਹੈ ਕਿ ਯੋਗਾ ਸ਼ਬਦ ਸ਼ਰੀਆ ਦੇ ਹਿਸਾਬ ਨਾਲ ਦਿੱਕਤ ਭਰਿਆ ਹੈ।"

Image copyright Getty Images
ਫੋਟੋ ਕੈਪਸ਼ਨ ਈਰਾਨੀ ਅਧਿਕਾਰੀ ਮੁਤਾਬਕ ਯੋਗਾ ਕਰ ਰਹੇ ਲੋਕਾਂ 'ਬੇਢੰਗੇ ਕੱਪੜੇ' ਪਹਿਨੇ ਹੋਏ ਸਨ

ਇੱਕ ਹੋਰ ਟਵੀਟ ਵਿੱਚ ਇਲਾਕੇ 'ਚ ਅਮਰੀਕੀ ਜੰਗੀ ਜਹਾਜ਼ਾਂ ਦੀ ਤਾਇਨਾਤੀ ਦਾ ਜ਼ਿਕਰ ਕਰਦਿਆਂ ਲਿਖਿਆ, "ਅਜਿਹਾ ਸੰਗਠਨ ਜੋ ਯੋਗਾ ਨੂੰ ਹਾਨੀਕਾਰਕ ਮੰਨਦਾ ਹੈ, ਉਸ ਨੂੰ ਇਸ ਦੀ ਹੋਂਦ ਖ਼ਤਮ ਕਰਨ ਲਈ ਯੂਐੱਸਐੱਸ ਇਬਰਾਹਿਮ ਲਿੰਕਨ ਜਹਾਜ਼ਾਂ ਦੀ ਕੀ ਲੋੜ।"

ਹੋਰਨਾਂ ਦਾ ਕਹਿਣਾ ਹੈ ਕਿ ਗੋਰਗਨ ਵਿੱਚ ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਨੇ ਆਪਣੀ ਯੋਗਾ ਕਲਾਸਾਂ 'ਚ ਦਾਖ਼ਲੇ ਦੇ ਵਿਚਾਰ ਛੱਡ ਦਿੱਤੇ ਹਨ।

ਇੱਕ ਟਵੀਟ ਵਿੱਚ ਲਿਖਿਆ ਹੈ, "ਮੈਨੂੰ ਲਗਦਾ ਹੈ ਕਿ ਅਧਿਕਾਰੀਆਂ ਨੂੰ ਇਹ ਦੱਸਣ ਦੀ ਲੋੜ ਹੈ ਕਿ ਇਸ ਦੇਸ ਵਿੱਚ ਆਖ਼ਰਕਾਰ ਕੀ ਕਰਨ ਦੀ ਇਜ਼ਾਜਤ ਹੈ।"

ਸਾਲ 2017 ਵਿੱਚ, ਈਰਾਨੀ ਅਧਿਕਾਰੀਆਂ ਨੇ ਕੋਲੰਬੀਆ ਦੇ ਡਾਂਸ, ਐਰੋਬਿਕ ਕਸਰਤ, ਜ਼ੁੰਬਾ ਅਤੇ "ਹੋਰ ਅਜਿਹੀਆਂ ਗਤੀਵਿਧੀਆਂ 'ਤੇ ਪਾਬੰਦੀ ਲਗਾਈ ਹੈ।"

ਹਾਲਾਂਕਿ, ਪਿਛਲੇ ਕੁਝ ਸਾਲਾਂ ਦੌਰਾਨ ਯੋਗਾ ਦੇ ਪ੍ਰਸ਼ੰਸਕਾਂ ਦੀਆਂ "ਲੁਕ-ਛਿਪ ਕੇ" ਅਤੇ "ਗ਼ੈਰ-ਇਸਲਾਮਿਕ" ਕਲਾਸਾਂ 'ਤੇ ਕੁਝ ਜਨਤਕ ਸਭਾਵਾਂ ਹੋਈਆਂ ਹਨ।

ਗ੍ਰਿਫ਼ਤਾਰੀ ਬਾਰੇ ਜਾਣਕਾਰੀ ਤੋਂ ਇਲਾਵਾ ਸੁਲੇਮਾਨੀ ਨੇ ਦੇਸ 'ਚ ਸੋਸ਼ਲ ਮੀਡੀਆ ਦੀਆਂ "ਗਤੀਵਿਧੀਆਂ 'ਤੇ ਨਿਗਰਾਨੀ ਦੀ ਘਾਟ" ਬਾਰੇ ਆਲੋਚਨਾ ਕੀਤੀ।

ਦੇਸ ਵਿੱਚ ਟਵਿੱਟਰ 'ਤੇ ਆਧਿਕਾਰਤ ਤੌਰ 'ਤੇ ਪਾਬੰਦੀ ਹੈ। ਇਸ ਤੋਂ ਇਲਾਵਾ ਦੇਸ ਵਿੱਚ ਅਧਿਕਾਰੀਆਂ ਵੱਲੋਂ ਇੰਸਟਾਗਰਾਮ ਦੀ ਵਧਦੀ ਹੋਈ ਨਿਗਰਾਨੀ ਵੀ ਦੇਖੀ ਗਈ ਹੈ।

ਇਹ ਵੀ ਪੜ੍ਹੋ-

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।