VLOG: ਮੋਦੀ ਦੀ ਜਿੱਤ ਦਾ ਪਾਕਿਸਤਾਨ ਵਿੱਚ ਕੁਝ ਲੋਕ ਜਸ਼ਨ ਕਿਉਂ ਮਨਾ ਰਹੇ ਹਨ

ਨਰਿੰਦਰ ਮੋਦੀ

ਨਰਿੰਦਰ ਮੋਦੀ ਨੇ ਚੋਣ ਤਾਂ ਹਿੰਦੁਸਤਾਨ ਵਿੱਚ ਜਿੱਤੀ ਹੈ ਪਰ ਪਾਕਿਸਤਾਨ ਵਿੱਚ ਵੀ ਛੋਟਾ ਜਿਹਾ ਜਸ਼ਨ ਮਨਾਇਆ ਜਾ ਰਿਹਾ ਹੈ।

ਮੇਰੇ ਭਰਾ ਅਤੇ ਭੈਣਾਂ ਬਹੁਤ ਖੁਸ਼ ਹਨ ਕਿ ਦੁਨੀਆ ਸਾਨੂੰ ਹੀ ਇੰਤਹਾਪਸੰਦ ਸਮਝਦੀ ਸੀ ਤੇ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਨੇ ਇੱਕ ਵਾਰ ਮੁੜ ਅਜਿਹੇ ਬੰਦੇ ਨੂੰ ਵਜ਼ੀਰ-ਏ-ਆਜ਼ਮ ਬਣਾਇਆ ਹੈ ਜਿਹੜਾ ਆਪਣੀ 56 ਇੰਚ ਦੀ ਛਾਤੀ 'ਤੇ ਹੱਥ ਮਾਰ ਕੇ ਕਹਿੰਦਾ ਹੈ ,ਬਈ ਮੇਰੀ ਟ੍ਰੇਨਿੰਗ ਆਰਐੱਸਐੱਸ ਵਿੱਚ ਹੋਈ ਸੀ।

ਜਿਹੜਾ ਆਪਣੇ ਆਪ ਨੂੰ ਕਹਿੰਦਾ ਤਾਂ ਚੌਕੀਦਾਰ ਹੈ ਪਰ ਉਸ ਨੇ ਹਿੰਦੁਸਤਾਨ ਦੇ ਧਰਮ ਨਿਰਪੱਖਤਾ ਦੇ ਘਰ ਵਿੱਚ ਇਸ ਤਰ੍ਹਾਂ ਸੰਨ੍ਹ ਲਾਈ ਕਿ ਸਭ ਕੁਝ ਹੂੰਝ ਕੇ ਲੈ ਗਿਆ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
VLOG: 'ਵੋਟਰ ਕਹਿੰਦੇ ਨੇ, ਸਾਡੇ ਲਈ ਕੁਝ ਕੀਤਾ ਹੋਵੇ ਜਾਂ ਨਾ ਮੋਦੀ ਨੇ ਮੁਸਲਮਾਨਾ ਨੂੰ ਨੱਥ ਸਹੀ ਪਾਈ ਹੈ'

ਪਾਕਿਸਤਾਨੀ ਭਰਾਵਾਂ ਦਾ ਖਿਆਲ ਹੈ ਅਸੀਂ ਆਪਣੇ ਮੌਲਵੀਆਂ ਨੂੰ ਜਾਂ ਉਨ੍ਹਾਂ ਦੇ ਜਿਹਾਦੀ ਕਜ਼ਨਾ ਨੂੰ ਪੱਪੀਆਂ-ਜੱਫ਼ੀਆਂ ਤਾਂ ਕਰਦੇ ਰਹਿੰਦੇ ਹਾਂ ਪਰ ਅਸੀਂ ਉਨ੍ਹਾਂ ਨੂੰ ਕਦੇ ਵੋਟ ਨਹੀਂ ਪਾਈ। .....ਤੇ ਹੁਣ ਦੁਨੀਆਂ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਅਸੀਂ ਸ਼ਰੀਫ਼ ਹਾਂ ਤੇ ਇੰਡੀਆ ਪੂਰਾ ਬਦਮਾਸ਼।

ਗੱਲ ਐਨੀ ਸਿੱਧੀ ਵੀ ਨਹੀਂ। ਮੇਰੀ ਮਰਹੂਮ ਮਾਂ ਕਹਿੰਦੀ ਹੁੰਦੀ ਸੀ ਕਿ ਜੇ ਗੁਆਂਢੀ ਦਾ ਮੂੰਹ ਲਾਲ ਹੋਵੇ ਤਾਂ ਆਪਣੇ ਮੂੰਹ 'ਤੇ ਚਪੇੜਾਂ ਮਾਰ ਕੇ ਲਾਲ ਨਹੀਂ ਕਰੀ ਦਾ।

ਇਹ ਵੀ ਪੜ੍ਹੋ:

Image copyright Reuters

ਨੂਰਾਂ ਭੈਣਾਂ ਨੇ ਗਾਣਾ ਗਾਇਆ 'ਏ ਤਰੀਕੇ ਸਾਰੇ ਮਾਹੀਆ ਹੁਣੇ ਸਿੱਖੇ ਲਗਦੇ' ਤੇ ਮੈਨੂੰ ਲਗਦਾ ਹੈ ਮੋਦੀ ਨੇ ਸਿਆਸਤ ਦੇ ਸਾਰੇ ਤਰੀਕੇ ਸਾਡੇ ਕੋਲੋਂ ਹੀ ਸਿੱਖੇ ਨੇ।

ਪਾਕਿਸਤਾਨ ਵਿੱਚ ਅਸੀਂ 98 ਫ਼ੀਸਦ ਮੁਸਲਮਾਨ ਹਾਂ। ਇਹ ਅਜਿਹਾ ਮੁਲਕ ਹੈ ਜਿੱਥੇ ਬੰਦਾ ਪੈਦਾ ਹੋ ਕੇ ਸਾਰੀ ਜ਼ਿੰਦਗੀ ਗੁਜ਼ਾਰ ਕੇ ਮਰ ਵੀ ਜਾਵੇ ਤੇ ਹੋ ਸਕਦਾ ਹੈ ਕਿ ਕਦੇ ਕਿਸੇ ਹਿੰਦੂ ਦੀ, ਕਿਸੇ ਮਸੀਹ ਦੀ, ਕਿਸੇ ਪਾਰਸੀ ਦੀ ਸ਼ਕਲ ਹੀ ਨਾ ਵੇਖੀ ਹੋਵੇ।

ਫਿਰ ਵੀ ਪਾਕਿਸਤਾਨ ਵਿੱਚ ਕਿਹੜੀ ਸ਼ਹਿ ਹੈ ਜਿਸ ਨੂੰ ਸਭ ਤੋਂ ਵੱਧ ਖ਼ਤਰਾ ਰਹਿੰਦਾ ਹੈ, ਜੀ ਇਸਲਾਮ।

ਸਾਡੇ ਬੱਚਿਆਂ ਨੂੰ ਪੋਲੀਓ ਦੇ ਕਤਰੇ ਪਿਆਉਣ ਤੋਂ ਕੌਣ ਰੋਕਦਾ ਹੈ, ਇਸਲਾਮ ਦੇ ਦੁਸ਼ਮਣ। ਡਾਲਰ ਉੱਤੇ ਹੀ ਕਿਉਂ ਜਾ ਰਿਹਾ ਹੈ ਇਹ ਸਾਰਾ ਕਾਫ਼ਰਾਂ ਦਾ ਕੰਮ ਹੈ। ਮੋਦੀ ਨੇ ਵੀ ਹਿੰਦੁਸਤਾਨ ਵਿੱਚ ਇਹੋ ਹੀ ਸੌਦਾ ਵੇਚਿਆ ਹੈ।

ਵਈ ਹਿੰਦੁਸਤਾਨ ਵਿੱਚ ਜ਼ੁਲਮ ਕਾਹਦੇ ਨਾਲ ਹੋ ਰਿਹਾ ਹੈ? ਹਿੰਦੂਆਂ ਨਾਲ। ਤੇ ਕਰ ਕੌਣ ਰਿਹਾ ਏ ਵਈ ਉਹ 600 ਸਾਲ ਪਹਿਲਾਂ ਇੱਕ ਮੁਸਲਮਾਨ ਬਾਦਸ਼ਾਹ ਆਇਆ ਸੀ ਤਾਂ ਉਹਨੇ ਕੀਤਾ ਸੀ ਜ਼ੁਲਮ।

ਤਾਂ ਹੁਣ ਜਿਹੜੀਆਂ ਉਸਦੀਆਂ ਔਲਾਦਾਂ ਬੈਠੀਆਂ ਹਨ ਉਹ ਕਰ ਰਹੀਆਂ ਹਨ। ਪੁੱਛੋ ਵਈ ਤੁਹਾਨੂੰ ਇਹ ਪਤਾ ਕਿਵੇਂ ਲੱਗਾ ਤਾਂ ਕਹਿਣਗੇ ਇਹ ਵੇਖੋ ਵੱਟਸਐਪ 'ਤੇ ਮੈਸੇਜ ਆਇਆ ਸੀ।

ਮੋਦੀ ਤੇ ਉਸਦੇ ਭਗਤਾਂ ਨੇ ਟੈਲੀਫੋਨ ਦੀਆਂ ਸਕ੍ਰੀਨਾਂ ਨੂੰ ਹਥਿਆਰਾਂ ਵਾਂਗ ਇਸਤੇਮਾਲ ਕੀਤਾ ਹੈ ਤੇ ਹਿੰਦੁਸਤਾਨ ਦੇ ਮੀਡੀਆ ਤੇ ਦੂਜੇ ਸੇਠਾਂ ਨੂੰ ਵੀ ਸਮਝ ਆ ਗਈ ਹੈ ਕਿ ਹਰ ਵੇਲੇ ਕੋਈ ਛੋਟਾ-ਮੋਟਾ ਯੁੱਧ ਚਲਦਾ ਰਹੇ ਤਾਂ ਫਾਇਦਾ ਹੀ ਫਾਇਦਾ ਹੈ।

ਇਹ ਵੀ ਪੜ੍ਹੋ:

Image copyright Reuters

ਚੋਣਾਂ ਤੋਂ ਪਹਿਲਾਂ ਇੱਕ ਇੰਡੀਅਨ ਦੋਸਤ ਨੂੰ ਪੁੱਛਿਆ ਕਿ ਕੌਣ ਜਿੱਤੇਗਾ, ਉਸ ਨੇ ਕਿਹਾ ਮੋਦੀ ਕਿਉਂਕਿ ਹੋਰ ਤਾਂ ਕੋਈ ਹੈ ਹੀ ਨਹੀਂ। ਤਾਂ ਮੈਂ ਕਿਹਾ ਮੋਦੀ ਨੇ ਕੋਈ ਕੰਮ ਵੀ ਕੀਤਾ ਹੈ, ਕੋਈ ਵਿਕਾਸ, ਕੋਈ ਗ਼ਰੀਬਾਂ ਲਈ ਰਾਹਤ।

ਉਸ ਨੇ ਕਿਹਾ ਕੋਈ ਖਾਸ ਨਹੀਂ, ਪਰ ਵੋਟਰ ਕਹਿੰਦੇ ਨੇ ਵਈ ਸਾਡੇ ਲਈ ਕੁਝ ਕੀਤਾ ਹੋਵੇ ਜਾਂ ਨਾ, ਮੋਦੀ ਨੇ ਮੁਸਲਮਾਨਾ ਨੂੰ ਸਹੀ ਨੱਥ ਪਾਈ ਹੈ।

ਹੁਣ ਘਰ ਦਾਣੇ ਹੋਣ ਜਾ ਨਾ ਹੋਣ, ਬੱਚਿਆਂ ਦੇ ਪੈਰਾਂ ਵਿੱਚ ਜੁੱਤੀ ਹੋਵੇ ਨਾ ਹੋਵੇ, ਹੁਣ ਮਾਹਤੜ ਹਿੰਦੂ ਵੀ ਆਪਣੇ ਆਪ ਨੂੰ ਸੂਰਮਾ ਸਮਝਦਾ ਹੈ।

ਮੈਂ ਕਿਹਾ ਇਹ ਠੀਕ ਹੋ ਗਿਆ, ਅਸੀਂ ਵੀ ਇਹ ਕਰਕੇ ਦੇਖਿਆ ਸਗੋਂ ਉਸ ਤੋਂ ਬਾਅਦ ਪੰਜਾਬੀ ਵਿੱਚ ਇੱਕ ਨਵਾਂ ਨਾਅਰਾ ਵੀ ਬਣਾ ਲਿਆ ਸੀ, ਵਈ ਰੁਲ ਤਾਂ ਗਏ ਆਂ ਪਰ ਚੱਸ ਬੜੀ ਆਈ ਐ।

ਮੋਦੀ ਸਾਹਿਬ ਨੂੰ ਮੁਬਾਰਕ ਤੇ ਉਨ੍ਹਾਂ ਦੇ ਵੋਟਰਾਂ ਲਈ ਦੁਆ ਵਈ ਅਗਲੇ ਪੰਜ ਸਾਲ ਚੱਸ ਆਉਂਦੀ ਰਹੇ।

ਮੁਹੰਮਦ ਹਨੀਫ਼ ਦੇ ਹੋਰ ਵੀ ਵਲਾਗ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)