ਪਾਕਿਸਤਾਨ ਵਿੱਚ ਪਸ਼ੂਆਂ ਦੇ ਹਿੰਦੂ ਡਾਕਟਰ ’ਤੇ ਈਸ਼ ਨਿੰਦਾ ਦੇ ਇਲਜ਼ਾਮ

ਸਿੰਧ ਵਿੱਚ ਭੜਕੀ ਭੀੜ ਵੱਲੋਂ ਦੁਕਾਨ ਨੂੰ ਲਾਈ ਗਈ ਅੱਗ
ਫੋਟੋ ਕੈਪਸ਼ਨ ਚਸ਼ਮਦੀਦਾਂ ਦਾ ਕਹਿਣਾ ਹੈ ਕਿ ਪਸ਼ੂਆਂ ਦੇ ਡਾਕਟਰ ਦੇ ਕਲੀਨਿਕ ਅਤੇ ਆਸ ਪਾਸ ਦੀਆਂ ਦੁਕਾਨਾਂ ਨੂੰ ਭੀੜ ਨੇ ਨਿਸ਼ਾਨਾ ਬਣਾਇਆ।

ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਪਸ਼ੂਆਂ ਦੇ ਇੱਕ ਹਿੰਦੂ ਡਾਕਟਰ 'ਤੇ ਈਸ਼ ਨਿੰਦਾ ਕਾਨੂੰਨ ਅਧੀਨ ਇਲਜ਼ਾਮ ਲਾਏ ਗਏ ਹਨ ਕਿ ਉਨ੍ਹਾਂ ਨੇ ਇਸਲਾਮ ਦੀ ਲਿਖਤ ਵਾਲੇ ਕਿਤਾਬ ਦੇ ਪੰਨਿਆਂ ਵਿੱਚ ਦਵਾਈਆਂ ਲਪੇਟ ਕੇ ਦਿੱਤੀਆਂ।

ਗੁੱਸੇ ਵਿੱਚ ਭੀੜ ਨੇ ਮੀਰਪੁਰ ਖ਼ਾਸ ਵਿਚਲੇ ਉਨ੍ਹਾਂ ਦੇ ਕਲੀਨਿਕ ਨੂੰ ਅੱਗ ਲਾ ਦਿੱਤੀ ਤੇ ਇਲਾਕੇ ਵਿਚਲੀਆਂ ਹਿੰਦੂਆਂ ਦੀਆਂ ਦੁਕਾਨਾਂ ਲੁੱਟ ਲਈਆਂ।

ਡਾਕਟਰ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਵਰਤੇ ਗਏ ਕਾਗਜ਼ ਸਕੂਲ ਦੀ ਇਸਲਾਮਿਕ ਸਟੱਡੀਜ਼ ਦੀ ਕਿਤਾਬ ਦੇ ਸਨ ਤੇ ਗਲਤੀ ਨਾਲ ਵਰਤੇ ਗਏ ਸਨ। ਇਲਜ਼ਾਮ ਸਾਬਤ ਹੋ ਜਾਂਦੇ ਹਨ ਤਾਂ, ਉਨ੍ਹਾਂ ਨੂੰ ਉਮਰ ਕੈਦ ਹੋ ਸਕਦੀ ਹੈ।

ਇਹ ਵੀ ਪੜ੍ਹੋ:

ਪਾਕਿਸਤਾਨ ਦੇ ਈਸ਼ ਨਿੰਦਾ ਕਾਨੂੰਨਾਂ ਵਿੱਚ ਇਸਲਾਮ ਦੀ ਨਿੰਦਾ ਕਰਨ ਵਾਲੇ ਲਈ ਸਖ਼ਤ ਸਜ਼ਾ ਦਾ ਬੰਦੋਬਸਤ ਹੈ। ਆਲੋਚਕਾਂ ਦਾ ਕਹਿਣਾ ਹੈ ਇਨ੍ਹਾਂ ਕਾਨੂੰਨਾਂ ਹੇਠ ਧਾਰਮਿਕ ਘੱਟ-ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ।

ਸਕੂਲੀ ਕਿਤਾਬ ਦੇ ਸਫ਼ੇ

ਰਿਪੋਰਟਾਂ ਮੁਤਾਬਕ, ਡਾਕਟਰ ਨੇ ਆਪਣੇ ਬਿਮਾਰ ਪਸ਼ੂ ਲਈ ਦਵਾਈ ਲੈਣ ਆਏ ਵਿਅਕਤੀ ਨੂੰ ਇੱਕ ਸਕੂਲੀ ਕਿਤਾਬ ਦੇ ਪੰਨਿਆਂ ਵਿੱਚ ਦਵਾਈ ਲਪੇਟ ਕੇ ਦੇ ਦਿੱਤੀ। ਉਸ ਬੰਦੇ ਨੇ ਸਫ਼ਿਆਂ 'ਤੇ ਧਾਰਮਿਕ ਲਿਖਤ ਦੇਖ ਲਈ ਅਤੇ ਸਥਾਨਕ ਕਾਜ਼ੀ ਨੂੰ ਦੱਸਿਆ ਜਿਸ ਨੇ ਮਾਮਲੇ ਦੀ ਇਤਲਾਹ ਪੁਲਿਸ ਨੂੰ ਕਰ ਦਿੱਤੀ।

ਇੱਕ ਸਥਾਨਕ ਧਾਰਮਿਕ ਦਲ ਜਮਾਇਤ ਉਲੇਮਾ-ਏ-ਇਸਲਾਮੀ ਦੇ ਆਗੂ ਨੇ ਬੀਬੀਸੀ ਉਰਦੂ ਨੂੰ ਦੱਸਿਆ ਕਿ ਡਾਕਟਰ ਨੇ ਅਜਿਹਾ ਕੰਮ ਜਾਣ-ਬੁੱਝ ਕੇ ਕੀਤਾ ਹੈ।

Image copyright EPA

ਪੁਲਿਸ ਦਾ ਕਹਿਣਾ ਹੈ ਕਿ ਡਾਕਟਰ ਆਪਣੇ ਬਿਆਨ 'ਤੇ ਕਾਇਮ ਹਨ ਕਿ ਇਹ ਕੰਮ ਗਲਤੀ ਨਾਲ ਹੋਇਆ ਹੈ।

ਸਥਾਨਕ ਪੱਤਰਕਾਰਾਂ ਮੁਤਾਬਕ, ਡਾਕਟਰ ਦੇ ਕਲੀਨਿਕ ਦੇ ਨਾਲ ਚਾਰ ਹੋਰ ਦੁਕਾਨਾਂ ਨੂੰ ਭੀੜ ਨੇ ਆਪਣੇ ਗੁੱਸੇ ਦਾ ਨਿਸ਼ਾਨਾ ਬਣਾਇਆ ਅਤੇ ਅੱਗ ਲਾ ਦਿੱਤੀ।

"ਇਸਲਾਮ ਨਾਲ ਪਿਆਰ ਤੇ ਨਾ ਗੁਆਂਢੀਆਂ ਨਾਲ"

ਮੀਰਪੁਰ ਖ਼ਾਸ ਦੇ ਪੁਲਿਸ ਅਫ਼ਸਰ ਜਾਵੇਦ ਇਕਬਾਲ ਨੇ ਬੀਬੀਸੀ ਨੂੰ ਦੱਸਿਆ ਕਿ ਇਨ੍ਹਾਂ ਘਟਨਾਵਾਂ ਵਿੱਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਜਾਵੇਦ ਇਕਬਾਲ ਨੇ ਕਿਹਾ ਕਿ ਉਨ੍ਹਾਂ ਨੂੰ ਨਾ ਤਾਂ "ਇਸਲਾਮ ਨਾਲ ਪਿਆਰ ਹੈ ਤੇ ਨਾ ਹੀ ਆਪਣੇ ਗੁਆਂਢੀਆਂ ਨਾਲ।"

ਇਸਲਾਮ ਪਾਕਿਸਤਾਨ ਦਾ ਰਾਜ ਧਰਮ ਹੈ ਤੇ ਲੋਕਾਂ ਵਿੱਚ ਈਸ਼ ਨਿੰਦਾ ਕਾਨੂੰਨ ਦੀ ਭਰਵੀਂ ਹਮਾਇਤ ਹੈ।

ਪੱਤਰਕਾਰਾਂ ਮੁਤਾਬਕ ਕੱਟੜਪੰਥੀ ਸਿਆਸਤਦਾਨਾਂ ਨੇ ਅਕਸਰ ਇਸ ਮਾਮਲੇ ਵਿੱਚ ਸਖ਼ਤ ਸਜ਼ਾਵਾਂ ਦਾ ਪੱਖ ਲਿਆ ਹੈ। ਇਸ ਤਰ੍ਹਾਂ ਉਹ ਲੋਕਾਂ ਵਿੱਚ ਆਪਣਾ ਆਧਾਰ ਵੀ ਬਣਾਉਣ ਦੀ ਕੋਸ਼ਿਸ਼ ਕਰਦੇ ਹਨ।

ਪਾਕਿਸਤਾਨ ਦੀ ਈਸਾਈ ਨਾਗਰਿਕ ਆਸੀਆ ਬੀਬੀ ਨੂੰ ਸਾਲ 2010 ਵਿੱਚ ਈਸ਼ ਨਿੰਦਾ ਦੇ ਇਲਜ਼ਾਮਾਂ ਤਹਿਤ ਸਜ਼ਾ-ਏ-ਮੌਤ ਸੁਣਾਈ ਗਈ ਸੀ

ਸੁਪਰੀਮ ਕੋਰਟ ਵੱਲੋਂ ਉਨ੍ਹਾਂ ਨੂੰ 2018 ਵਿੱਚ ਮਾਫ਼ੀ ਦੇ ਦਿੱਤੀ ਗਈ ਸੀ ਪਰ ਆਸੀਆ ਬੀਬੀ ਉਸ ਸਮੇਂ ਤੋਂ ਹੀ ਵਿਦੇਸ਼ ਰਹਿ ਰਹੇ ਹਨ।

ਇਹ ਵੀ ਪੜ੍ਹੋ:

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।

ਸਬੰਧਿਤ ਵਿਸ਼ੇ